ਜਨਮ
ਗੁਰੂ ਕੀ ਨਗਰੀ, ਅੰਮ੍ਰਿਤਸਰ ਤੋਂ, ਸ੍ਰੀ ਹਰਿ ਗੋਬਿੰਦਪੁਰ ਨੂੰ ਜਾਣ ਵਾਲ਼ੀ ਸੜਕ ਦੇ ਉਤੇ, ਬਾਈਵੇਂ ਮੀਲ ਅਤੇ ਮਹਿਤਾ ਚੌਂਕ ਤੋਂ ਚਾਰ ਕਿਲੋ ਮੀਟਰ ਪਹਿਲਾਂ, ਇਕ ਨਿੱਕਾ ਜਿਹਾ ਪਿੰਡ ਹੈ, ਸੂਰੋ ਪੱਡਾ। ਇਸ ਦੇ ਚਾਰ ਪਾਸੇ ਹਨ: ਤਿੰਨ ਜੱਟਾਂ ਦੇ ਤੇ ਇਕ ਮਜ਼ਹਬੀਆਂ ਦਾ। ਮੇਰੇ ਚਾਚਾ ਸ. ਬਚਨ ਸਿੰਘ ਜੀ ਨੇ ਇਕ ਵਾਰੀਂ ਦੱਸਿਆ ਸੀ ਕਿ ਮੁਰੱਬੇਬੰਦੀ ਸਮੇ, ਪੁਰਾਣੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਪਤਾ ਨਹੀ ਕਿੰਨੀਆਂ ਸਦੀਆਂ ਪਹਿਲਾਂ, ਜਿਲਾ ਜਲੰਧਰ ਅਤੇ ਕਪੂਰਥਲਾ ਦੀ ਹੱਦ ਉਪਰ ਵਸੇ ਪਿੰਡ, ਦਿਆਲਪੁਰ ਤੋਂ, ਸਾਡੇ ਬਜ਼ੁਰਗ ਨੇ ਆ ਕੇ ਇਹ ਪਿੰਡ, ਇਕ ਮੀਲ ਤੇ ਸਥਿਤ, ਵੱਡੇ ਪਿੰਡ ਨੰਗਲ਼ ਦੀ ਜ਼ਮੀਨ ਤੇ ਵਸਾਇਆ ਸੀ। ਇਸ ਪਿੰਡ ਦੇ ਇਕ ਪਾਸੇ ਮਲਕ ਮੰਗਲ, ਉਦੋ ਨੰਗਲ, ਫਿਰ ਜ਼ਿਲਾ ਗੁਰਦਾਸਪੁਰ ਵਿਚ ਪੈਣ ਵਾਲਾ ਬੂੜੇ ਨੰਗਲ਼, ਅਤੇ ਮੇਰੇ ਚਾਚੀ ਜੀ ਦਾ ਪਿੰਡ ਵੈਰੋ ਨੰਗਲ਼ (ਦੋਵੇਂ), ਅੱਗੇ ਮਾਂਗਾ, ਫਿਰ ਚੰਨਣ ਕੇ, ਨਾਥ ਵਾਲ਼ੀ ਖੂਹੀ, ਜਲਾਲ, ਉਸਮਾ, ਨਵਾਬਪੁਰਾ, ਘਵਾਟਵਿੰਡ ਦੇ ਵਿਚਾਲੇ ਇਹ ਪਿੰਡ ਵਾਕਿਆ ਹੈ ।ਇਸ ਦਾ ਜ਼ਿਲਾ ਅੰਮ੍ਰਿਤਸਰ ਹੈ। ਦੱਸਦੇ ਨੇ ਕਿ ਇਸ ਪਿੰਡ ਵਿਚ ਪਾਕਿਸਤਾਨ ਬਣਨ ਤੋਂ ਪਹਿਲਾਂ ਤਿੰਨ ਘਰ ਮੁਸਲਮਾਨਾਂ ਦੇ ਵੀ ਹੁੰਦੇ ਸਨ: ਇਕ ਲੁਹਾਰਾਂ ਦਾ, ਇਕ ਤੇਲੀਆਂ ਦਾ ਤੇ ਇਕ ਮਰਾਸੀਆਂ ਦਾ, ਜੋ ਕਿ ਪਾਕਿਸਤਾਨ ਚਲੇ ਗਏ। ਓਧਰੋਂ ਇਕ ਘਰ ਹਿੰਦੂ ਖੱਤਰੀਆਂ ਦਾ ਪਿੰਡ ਆ ਵਸਿਆ ਜਿਸ ਦੇ ਦੋਹਾਂ ਭਰਾਵਾਂ ਨੇ ਦੋ ਹੱਟੀਆਂ ਪਾ ਲਈਆ, ਨਹੀ ਤਾਂ ਪਹਿਲਾਂ ਨੰਗਲ਼ ਦਾ ਦਾਦਾ ਬ੍ਰਾਹਮਣ ਹੀ ਏਥੇ ਆ ਕੇ ਹੱਟੀ ਕਰਿਆ ਕਰਦਾ ਸੀ।
ਦੂਜੀ ਸੰਸਾਰ ਜੰਗ ਦੇ ਭਖਵੇਂ ਯੁਧ ਸਮੇ, ਇਸ ਨਿੱਕੇ ਜਿਹੇ ਪਿੰਡ ਵਿਚ, 1943 ਦੇ ਜੁਲਾਈ ਮਹੀਨੇ ਦੀ 11 ਤਰੀਕ ਨੂੰ, ਮਾਤਾ ਜਸਵੰਤ ਕੌਰ ਜੀ ਤੇ ਪਿਤਾ ਭਾਈ ਗਿਆਨ ਸਿੰਘ ਜੀ ਦੇ ਗ੍ਰਿਹ ਵਿਖੇ, ਰੱਬ ਦੀ ਰਜਾ ਅਨੁਸਾਰ, ਇਸ ਦੁਨੀਆ ਵਿਚ ਮੈ ਵੀ ਉਤਰ ਆਇਆ। (ਇਹ ਹੁਣ ਯਾਦ ਨਹੀ ਰਿਹਾ ਕਿ ਉਸ ਸਮੇ ਦੇ ਰਿਵਾਜ ਅਨੁਸਾਰ ਮੈ ਆਪਣੇ ਨਾਨਕੇ ਪਿੰਡ ਉਦੋਕੇ ਵਿਚ ਜੰਮਿਆ ਸਾਂ ਜਾਂ ਕਿ ਏਥੇ। ਉਸ ਸਮੇ ਦੇ ਰਿਵਾਜ਼ ਅਨੁਸਾਰ ਨਾਨਕੇ ਪਿੰਡ ਹੀ ਜੰਮਣ ਦੀ ਜ਼ਿਆਦਾ ਸੰਭਾਵਨਾ ਹੈ।) ਜਨਮ ਦੀ ਮਾਤਾ ਤਾਂ ਭਾਵੇਂ ਜਸਵੰਤ ਕੌਰ ਜੀ ਸਨ ਪਰ ਪਾਲ਼ਿਆ ਦਾਦੀ ਮਾਂ ਇੰਦਰ ਕੌਰ ਜੀ ਨੇ ਸੀ। ਘਰ ਵਿਚ ਉਸ ਸਮੇ ਪੜਦਾਦਾ ਜੀ ਸ. ਵਧਾਵਾ ਸਿੰਘ ਜੀ ਤੇ ਉਹਨਾਂ ਦੇ ਛੋਟੇ ਭਰਾ ਅਰਥਾਤ ਛੋਟੇ ਪੜਦਾਦਾ ਜੀ, ਸ. ਕੇਸਰ ਸਿੰਘ ਜੀ ਤੇ ਘਰ ਦੀ ਮੁਖਤਾਰ ਦਾਦੀ ਮਾਂ ਇੰਦਰ ਕੌਰ ਜੀ, ਪਿਤਾ ਭਾਈ ਗਿਆਨ ਸਿੰਘ ਜੀ, ਚਾਚਾ ਸ. ਬਚਨ ਸਿੰਘ ਜੀ, ਚਾਚਾ ਸ. ਕੁੰਦਨ ਸਿੰਘ ਜੀ, ਵਿਆਹੀ ਜਾ ਚੁੱਕੇ ਭੂਆ ਜੀ ਚਰਨ ਕੌਰ, ਮਾਂ ਜਸਵੰਤ ਕੌਰ ਜੀ, ਚਾਚੀ ਤੇਜ ਕੌਰ ਜੀ ਤੇ ਕੁਝ ਸਾਲਾਂ ਪਿਛੋਂ ਦੂਜੇ ਚਾਚੀ ਜੀ ਸ਼ਿੰਦੋ ਜੀ ਤੇ ਛੋਟੇ ਭਰਾ ਭੈਣਾਂ ਤੇ ਚਚੇਰੇ ਭੈਣ ਭਰਾ। ਸਤਿਕਾਰ ਯੋਗ ਬਾਬਾ ਜੀ, ਸ. ਅਮਰ ਸਿੰਘ ਹੋਰੀਂ ਜਵਾਨੀ ਵੇਲ਼ੇ ਹੀ ਚਾਲੇ ਪਾ ਗਏ ਸਨ। ਉਹਨਾਂ ਦੇ ਦੋ ਵੱਡੇ ਭਰਾ ਸ. ਭਾਨ ਸਿੰਘ ਜੀ, ਹੌਲਦਾਰ ਹਰਨਾਮ ਸਿੰਘ ਜੀ ਤੇ ਇਕ ਛੋਟੇ ਭਰਾ ਸ. ਈਸ਼ਰ ਸਿੰਘ ਜੀ, ਆਪਣੇ ਪਰਵਾਰਾਂ ਸਮੇਤ ਨਾਲ਼ ਲੱਗਵੇਂ ਘਰਾਂ ਵਿਚ ਵੱਖਰੇ ਰਹਿੰਦੇ ਸਨ। ਘਰ ਸਾਡਾ ਪਹਿਲਾਂ ਪਿੰਡ ਦੇ ਐਨ ਵਿਚਕਾਹੇ, ਜਿੱਥੇ ਜਾ ਕੇ ਗਲ਼ੀ ਮੁਕ ਜਾਂਦੀ ਸੀ, ਓਥੇ ਸੀ ਤੇ ਫਿਰ ਅਸੀਂ ਪਿੰਡੋਂ ਬਾਹਰਵਾਰ ਆਪਣੀ ਹਵੇਲੀ, ਜਿਸ ਦਾ ਬੂਹਾ ਬਿਲਕੁਲ ਪਿੰਡ ਵਿਚਲੇ ਗੁਰਦੁਆਰੇ ਦੇ ਬੂਹੇ ਨੂੰ ਸਾਹਮਣਾ ਸੀ, ਆ ਕੇ ਰਹਿਣ ਲੱਗ ਪਏ ਸਾਂ।
ਆਪਣੀ ਪੀਹੜੀ ਦਾ ਸਭ ਤੋਂ ਪਲੇਠੀ ਦਾ ਬੱਚਾ ਤੇ ਫਿਰ ਰੱਜੇ ਪੁੱਜੇ ਘਰ ਵਿਚ, ਦਾਦੀ ਮਾਂ ਜੀ ਦੀ ਘਰ ਵਿਚ ਸਚਿਆਰੀ ਮੁਖਤਿਆਰੀ ਦੌਰਾਨ ਪੈਦਾ ਹੋਣ ਕਰਕੇ, ਖ਼ੁਸ਼ੀਆਂ ਤੇ ਆਮ ਨਾਲ਼ੋਂ ਵਧ ਹੀ ਹੋਈਆਂ ਹੋਣਗੀਆਂ ਜਿੰਨ੍ਹਾਂ ਨੂੰ ਮੈ ਖ਼ੁਦ ਤਾਂ ਯਾਦ ਨਹੀ ਕਰ ਸਕਦਾ ਤੇ ਨਾ ਹੀ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਵਾਂਗ ਕਲਪਨਾ ਦੇ ਸਹਾਰੇ ਬਿਆਨ ਕਰ ਸਕਦਾ ਹਾਂ। ਏਨਾ ਕੁ ਯਾਦ ਹੈ ਕਿ ਮੇਰੇ ਵਾਸਤੇ ਲੱਕੜ ਦਾ ਇਕ ਗੱਡਾ ਖਿਡਾਉਣੇ ਦੇ ਰੂਪ ਵਿਚ ਪਿੰਡ ਦੇ ਮੁਸਲਮਾਨ ਲੁਹਾਰ ਤੋਂ ਬਣਵਾਇਆ ਗਿਆ ਸੀ ਜਿਸ ਵਿਚ ਮੈ ਬੈਠ ਸਕਦਾ ਸਾਂ ਤੇ ਉਸ ਨੂੰ ਰੇਹੜਿਆ ਵੀ ਜਾ ਸਕਦਾ ਸੀ। ਓਹੀ ਗੱਡਾ ਫਿਰ ਮੇਰੇ ਚਾਚੇ ਦੇ ਪੁੱਤਰ, ਮਨੋਹਰ ਸਿੰਘ ਤੇ ਫਿਰ ਮੇਰੇ ਛੋਟੇ ਭਰਾ, ਦਲਬੀਰ ਸਿੰਘ ਦੇ ਕੰਮ ਵੀ ਆਇਆ। ਮੈਨੂੰ ਨਹੀ ਯਾਦ ਕਿ ਮੇਰੇ ਪਿੰਡ ਦੇ ਹੋਰ ਕਿਸੇ ਬੱਚੇ ਨੂੰ ਅਜਿਹਾ ਕੁਝ ਵੀ ਨਸੀਬ ਹੋਇਆ ਹੋਵੇ!
ਜਦੋਂ ਦੀ ਮੈਨੂੰ ਸਮਝ ਆਉਣ ਲੱਗੀ ਹੈ ਓਦੋਂ ਸਾਡਾ ਪਰਵਾਰ ਮੇਰੀ ਸੂਝਵਾਨ ਦਾਦੀ ਜੀ ਦੀ ਘਰੇਲੂ ਅਗਵਾਈ ਹੇਠ ਪਿੰਡ ਵਿਚ ਸਭ ਤੋਂ ਵਧ ਖਾਂਦਾ ਪੀਂਦਾ ਸੀ। ਭਾਈਏ ਹੋਰੀਂ ਤਿੰਨ ਭਰਾ, ਦੋ ਉਹਨਾਂ ਦੇ ਬਾਬੇ, ਨਾਲ਼ ਇਕ ਮਜ਼ਹਬੀ ਰੱਖਦੇ ਸਨ ਤੇ ਇਸ ਤਰ੍ਹਾਂ ਵਾਹੀ ਦਾ ਚੰਗਾ ਠਕ ਠਕਾ ਚੱਲਦਾ ਸੀ। ਛੋਟੇ ਪੜਦਾਦਾ ਜੀ ਦੀ ਕੁਝ ਪੈਨਸ਼ਨ ਵੀ ਆਉਂਦੀ ਸੀ ਜਿਸ ਸਦਕਾ ਛੋਟੇ ਮੋਟੇ ਕਾਰਜ ਸੁਖੈਨਤਾ ਨਾਲ਼ ਹੀ ਰਾਸ ਹੁੰਦੇ ਰਹਿੰਦੇ ਸਨ।
ਫਿਰ ਸਮਾ ਆਇਆ ਅੱਡ ਹੋ ਜਾਣ ਦਾ। ਭਾਵੇਂ ਕਿ ਦਾਦੀ ਮਾਂ ਜੀ ਨੇ ਬੜਾ ਹੀ ਯਤਨ ਕੀਤਾ ਪਰਵਾਰ ਨੂੰ ਇਕ ਮੁਠ ਰੱਖਣ ਦਾ ਪਰ ਇਕ ਸਮਾ ਅਜਿਹਾ ਆ ਹੀ ਜਾਂਦਾ ਹੈ ਜਦੋਂ ਕਿ ਹਰੇਕ ਵੱਡੇ ਪਰਵਾਰ ਨੇ ਛੋਟੇ ਯੂਨਿਟਾਂ ਵਿਚ ਵੰਡੇ ਹੀ ਜਾਣਾ ਹੁੰਦਾ ਹੈ। ਭਾਵੇਂ ਕਿ ਅਸੀਂ ਸਾਰੇ ਹੀ ਇਹ ਭਲੀ ਭਾਂਤ ਜਾਣਦੇ ਹਾਂ ਕਿ ਇਕਠੇ ਵੱਡੇ ਪਰਵਾਰ ਨਾਲ਼ ਦੇ ਲਾਭ ਵੱਖ ਹੋ ਕੇ ਨਹੀ ਮਿਲ਼ ਸਕਦੇ ਪਰ ਇਹਨਾਂ ਸਾਰੇ ਲਾਭਾਂ ਦੇ ਮੁਕਾਬਲੇ ਨਿਜੀ ਆਜ਼ਾਦੀ ਸਭ ਤੋਂ ਭਾਰੂ ਹੋ ਜਾਂਦੀ ਹੈ। "ਸੁਕ ਪੁਕੇ ਨਾਲ਼ ਦੀ ਰੀਸ ਨਹੀ ਪਰ ਮੀਹ ਤੋਂ ਬਿਨਾ ਸਰਦਾ ਨਹੀ।" ਜੇਕਰ ਕੋਈ ਜਥੇਬੰਦੀ, ਦੇਸ਼, ਪਰਵਾਰ, ਧਰਮ ਇਕੱਠਾ ਹੈ ਤਾਂ ਸਿਰਫ ਡੰਡੇ ਦੇ ਜੋਰ ਹੀ ਇਕਠਾ ਹੋਇਆ ਸੀ ਤੇ ਇਸ ਦੇ ਜੋਰ ਨਾਲ਼ ਹੀ ਕਾਇਮ ਰੱਖਿਆ ਜਾ ਸਕਦਾ ਹੈ। ਹੋਰ ਕੋਈ ਵੀ ਚਾਰਾ ਨਹੀ। ਹਰੇਕ ਇਕ ਦੂਜੇ ਤੋਂ ਆਜ਼ਾਦ ਰਹਿਣਾ ਚਾਹੁੰਦਾ ਹੈ। ਕੋਈ ਵੀ ਨਹੀ ਚਾਹੁੰਦਾ ਕਿ ਕੋਈ ਹੋਰ ਉਸ ਨੂੰ ਹਿਦਾਇਤ ਦੇਵੇ ਤੇ ਕਿਸੇ ਪਾਸੋਂ ਪੁੱਛ ਕੇ ਹੀ ਤੁਰਨਾ ਪਵੇ ਜਾਂ ਕਿਸੇ ਦੀ ਆਗਿਆ ਨਾਲ਼ ਕੋਈ ਖ਼ਰਚ ਜਾਂ ਕੰਮ ਕਰਨ ਦੀ ਮੁਥਾਜੀ ਹੋਵੇ। ਜੇਕਰ ਦਾਦੀ ਮਾਂ ਜੀ ਆਪਣੀ ਸੋਚ ਵਿਚ ਕਾਮਯਾਬ ਹੋ ਵੀ ਜਾਂਦੇ ਤਾਂ ਖਿੱਚ ਧੂਹ ਕੇ ਹੋਰ ਕੁਝ ਸਾਲ ਕੱਠਿਆਂ ਦੇ ਨਿਕਲ਼ ਜਾਂਦੇ ਪਰ ਆਖਰ ਹੋਣਾ ਤਾਂ ਵੱਖ ਹੈ ਹੀ ਸੀ।
ਰੋਜ ਰੋਜ ਦੀ ਘੈਂਸ ਘੈਂਸ ਤੋਂ ਅੱਕ ਕੇ ਇਕ ਦਿਨ ਵੱਡੇ ਚਾਚਾ ਜੀ ਨੇ ਪੀਪਾ ਫੜਿਆ ਤੇ ਕਣਕ ਦੀਆਂ ਤਿੰਨ ਢੇਰੀਆਂ ਲਾਉਣੀਆਂ ਸ਼ੁਰੂ ਕਰ ਦਿਤੀਆਂ। ਦਾਦੀ ਮਾਂ ਜੀ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਟੱਬਰ ਤਿੰਨਾਂ ਹਿੱਸਿਆਂ ਵਿਚ ਵੰਡਿਆ ਗਿਆ। ਇਕ ਹਿੱਸੇ ਵਿਚ ਵੱਡੇ ਚਾਚਾ ਜੀ ਸ. ਬਚਨ ਸਿੰਘ, ਦੂਜੇ ਹਿੱਸੇ ਵਿਚ ਮੇਰੇ ਪਿਤਾ ਭਾਈ ਗਿਆਨ ਸਿੰਘ। ਤੀਜੀ ਧਿਰ ਬਣੀ: ਦਾਦੀ ਮਾਂ ਜੀ, ਛੋਟੇ ਤੇ ਅਜੇ ਅਣਵਿਆਹੇ ਚਾਚਾ ਜੀ ਸ. ਕੁੰਦਨ ਸਿੰਘ ਜੀ, ਛੋਟੇ ਪੜਦਾਦਾ ਸ. ਕੇਸਰ ਸਿੰਘ ਜੀ ਤੇ ਮੈ, ਜੋ ਕਿ ਦਾਦੀ ਮਾਂ ਦਾ ਪਹਿਲਾ ਲਾਡਲਾ ਪੋਤਾ, ਆਪਣੀ ਪੀਹੜੀ ਦੇ ਸਾਰੇ ਭੈਣ ਭਰਾਵਾਂ ਵਿਚੋਂ ਵੱਡਾ ਹੋਣ ਕਰਕੇ, ਸਭ ਦਾ ਭਾਊ ਤੇ ਫਿਰ ਸਭ ਦਾ ਜੇਠ ਤੇ ਅੰਤ ਵਿਚ ਸਭ ਦਾ ਤਾਇਆ ਹੋਣ ਤੇ ਮਾਣ ਕਰਦਾ ਹਾਂ। ਮੇਰੇ ਪੜਦਾਦਾ ਜੀ ਸ. ਵਧਾਵਾ ਸਿੰਘ ਜੀ ਦੀ ਰੋਟੀ ਦਾ ਪ੍ਰਬੰਧ ਇਸ ਤਰ੍ਹਾਂ ਹੋਇਆ ਕਿ ਉਹ ਆਪਣੀ ਵੱਡੀ ਪੋਤ ਨੂੰਹ ਅਰਥਾਤ ਮੇਰੇ ਬੀਬੀ ਜੀ ਦੇ ਚੌਂਕੇ ਤੋਂ ਇਕ ਮਹੀਨਾ ਤੇ ਦੂਜਾ ਮਹੀਨਾ ਵਾਰੀ ਨਾਲ਼ ਦੂਜੀ ਪੋਤ ਨੂੰਹ, ਮੇਰੇ ਚਾਚੀ ਜੀ ਦੇ ਚੌਂਕੇ ਤੋਂ ਖਾਣਗੇ।
ਕੁਝ ਸਮਾ ਸਾਂਝੀ ਵਾਹੀ ਦਾ ਵੀ ਠਕ ਠਕਾ ਜਿਹਾ ਚਲਾਉਣ ਦਾ ਯਤਨ ਜਾਰੀ ਰੱਖਿਆ ਗਿਆ ਪਰ ਗਿ. ਹੀਰਾ ਸਿੰਘ ਦਰਦ ਦੇ ਸ਼ਬਦਾਂ ਵਿਚ, "ਵੱਖੋ ਵੱਖ ਜੇ ਹੋ ਜਾਣ ਚੁਲ੍ਹਾਂ, ਉਹ ਗੱਲ ਨਾ ਰਹਿੰਦੀ ਵੇਹੜੇ ਦੀ।" ਅਨੁਸਾਰ ਕਿੰਨਾ ਕੁ ਚਿਰ ਇਹ ਗੰਢ ਚਿਤਰਾਵਾ ਜਿਹਾ ਨਿਭਣਾ ਸੀ। ਆਖਰ 'ਕਟਰੂ ਵਛਰ'ੂ ਵੰਡ ਵੰਡਾ ਲਏ ਗਏ। ਇਕ ਸਾਂਝੇ ਘਰ ਵਿਚ ਛੇ ਜਣੇ ਕੰਮ ਕਰਨ ਵਾਲੇ ਬਾਹਰ, ਤੇ ਘਰ ਅੰਦਰ ਸੁਘੜ ਦਾਦੀ ਮਾਂ ਜੀ ਤੇ ਉਸਦੇ ਅਧੀਨ ਦੋ ਸਚਿਆਰੀਆਂ ਨੋਹਾਂ ਸਨ। ਇਸ ਤੋਂ ਇਲਾਵਾ ਜਦੋਂ ਚਾਹੋ ਪਿੰਡ ਵਿਚੋਂ ਜਿਸ ਵੀ ਬੀਬੀ ਨੂੰ ਘਰ ਕੰਮ ਕਰਨ ਲਈ, ਵਗਾਰ ਵਜੋਂ ਸੱਦ ਲਵੋ। ਘਰ ਭਰਿਆ ਭਕੁੰਨਾ ਸੀ ਜੋ ਕਿ ਖੱਖੜੀਆਂ ਜਿਹੀਆਂ ਹੋ ਗਿਆ ਪਰ ਇਹ ਕੋਈ ਅਲੋਕਾਰੀ ਨਹੀ ਸੀ ਹੋਈ। ਸਾਰੇ ਪਰਵਾਰਾਂ ਨਾਲ਼ ਤਕਰੀਬਨ ਇੰਜ ਹੀ ਹੁੰਦਾ ਹੈ। "ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨ॥
ਕੁਝ ਸਮਾ ਵੱਖ ਵੱਖ ਵਾਹੀ ਵੀ ਤਿੰਨੀ ਥਾਈਂ ਹੁੰਦੀ ਰਹੀ। ਸ਼ਰੀਕਾਂ ਨੇ ਮੁਕੱਦਮਾ ਵੀ ਜਮੀਨ ਵੰਡਾਉਣ ਲਈ ਕਰ ਦਿਤਾ ਜੋ ਕਿ ਸਾਲਾਂ ਬਧੀ ਚੱਲਦਾ ਰਿਹਾ। ਛੋਟੇ ਲਾਵਲਦ ਪੜਦਾਦਾ ਜੀ ਕਿਉਂਕਿ ਸਾਡੇ ਨਾਲ਼ ਰਹਿੰਦੇ ਸਨ ਤੇ ਇਸ ਲਈ ਉਹਨਾਂ ਦੀ ਜ਼ਮੀਨ ਵੀ ਸਾਡੇ ਕੋਲ਼ ਸੀ। ਉਹਨਾਂ ਦੀ ਪੈਨਸ਼ਨ ਵੀ ਆਉਂਦੀ ਸੀ ਤੇ ਕੰਮ ਵੀ ਉਹ ਬੰਦੇ ਜਿੰਨਾ ਕਰਦੇ ਸਨ। ਭਾਵੇਂ ਕਿ ਗੁੱਸੇ ਖੋਰਾ ਸੁਭਾ ਹੋਣ ਕਰਕੇ ਘਰਦਿਆਂ ਬਾਹਰਦਿਆਂ ਨੂੰ ਸਦਾ ਗਾਹਲਾਂ ਦੇ ਤੋਹਫ਼ੇ ਦਾ, ਬਿਨਾ ਵਿਤਕਰੇ ਦੇ, ਖੁਲ੍ਹਾ ਗੱਫਾ ਵਰਤਾਇਆ ਕਰਦੇ ਸਨ। ਕਈ ਸਾਲਾਂ ਦੀ ਖੱਜਲ਼ ਖੁਆਰੀ ਪਿਛੋਂ ਅਖੀਰ ਅਦਾਲਤ ਨੇ ਫੈਸਲਾ ਦਿਤਾ ਕਿ ਜਿੰਨਾ ਚਿਰ ਬਜ਼ੁਰਗ ਜੀਂਦੇ ਹਨ ਓਨਾ ਚਿਰ ਜਮੀਨ ਓਥੇ ਜਿਥੇ ਉਹ ਰਹਿੰਦੇ ਹਨ ਤੇ ਮਰਨ ਪਿਛੋਂ ਸਾਰਿਆਂ ਵਾਰਸਾਂ ਨੂੰ ਵੰਡ ਕੇ ਮਿਲ਼ੇ। ਸਕੇ ਤੇ ਵੱਡੇ ਪੜਦਾਦਾ ਜੀ ਦੀ ਜ਼ਮੀਨ ਕਿਉਂਕਿ ਚੌਹਾਂ ਪੁੱਤਰਾਂ ਵਿਚ ਪਹਿਲਾਂ ਹੀ ਵੰਡੀ ਗਈ ਹੋਈ ਸੀ ਪਰ ਰਹਿੰਦੇ ਉਹ ਸਾਡੇ ਨਾਲ਼ ਸਨ; ਇਸ ਲਈ ਛੋਟੇ ਪੜਦਾਦਾ ਜੀ ਹਮੇਸ਼ਾਂ ਉਹਨਾਂ ਨੂੰ ਬੁਰੇ ਵਾਕਾਂ ਨਾਲ਼ ਸੰਬੋਧਨ ਕਰਿਆ ਕਰਦੇ ਸਨ, "ਪੈਲ਼ੀ ਬੰਨਾ ਉਹਨਾਂ ਪਿਆਂ ਨੂੰ ਦੇ ਕੇ ਆਪ ਰੋਟੀ ਖਾਣ ਏਥੇ ਆ ਜਾਂਦਾ!" ਕਈ ਵਾਰੀਂ ਉਹ ਅਜਿਹੇ ਵਾਕ ਸੁਣ ਕੇ ਬਾਹਰਲੇ ਬੂਹੇ ਤੋਂ ਹੀ ਪਿਛੇ ਮੁੜ ਜਾਇਆ ਕਰਦੇ ਸਨ।
ਮੈ ਸਿਆਲ਼ ਦੀਆਂ ਰਾਤਾਂ ਨੂੰ ਦਾਦੀ ਮਾਂ ਜੀ ਨਾਲ਼ ਜਾਂ ਫਿਰ ਆਪਣੇ ਪੜਦਾਦਾ 'ਬਾਪੂ ਜੀ' ਨਾਲ਼ ਸੌਂਇਆ ਕਰਦਾ ਸਾਂ ਤੇ ਬਾਪੂ ਜੀ ਦੀਆਂ ਸੁਣਾਈਆਂ ਬਾਤਾਂ ਮੈਨੂੰ ਅਜੇ ਤੱਕ ਯਾਦ ਹਨ। ਮੈਨੂੰ ਯਾਦ ਹੈ ਕਿ ਦੋਵੇਂ ਬਾਪੂ ਜੀ ਅਤੇ ਮੈ ਪੈਲ਼ੀਆਂ ਵਿਚੋਂ ਪੱਠੇ ਵੀ ਇਕੱਠੇ ਵਢਿਆ ਕਰਦੇ ਸਾਂ ਅਤੇ ਹੋਰ ਵੀ ਨਿੱਕੇ ਮੋਟੇ ਕੰਮ ਕਰਿਆ ਕਰਦੇ ਸਾਂ। ਵੱਡੇ ਬਾਪੂ ਜੀ ਨੂੰ ਦਿਸਣੋ ਹਟ ਗਿਆ ਸੀ ਤੇ ਉਹਨਾਂ ਨੂੰ ਬਾਹਰ ਅੰਦਰ ਮੈ ਹੀ ਖੜਿਆ ਕਰਦਾ ਸਾਂ। ਫਿਰ ਬਾਬੇ ਬਕਾਲ਼ੇ ਤੋਂ ਉਹਨਾਂ ਦੀਆਂ ਅੱਖਾਂ 'ਬਣਵਾ' ਲਿਆਂਦੀਆਂ ਸਨ ਤੇ ਉਹਨਾਂ ਨੂੰ ਦਿਸਣ ਲੱਗ ਪਿਆ ਸੀ ਪਰ ਉਸ ਤੋਂ ਪਿੱਛੋਂ ਨਹੀ ਮੈਨੂੰ ਯਾਦ ਕਿ ਅਸੀਂ ਇਕੱਠਿਆਂ ਕੋਈ ਕੰਮ ਕੀਤਾ ਹੋਵੇ!
ਬਾਕੀ ਦੋਵੇਂ ਧਿਰਾਂ ਤਾਂ ਪਿੰਡ ਵਿਚਕਾਰਲੇ ਘਰ ਵਿਚ ਹੀ, ਅਧੋ ਅਧ ਵੰਡ ਕੇ ਕੁਝ ਸਮੇ ਲਈ ਟਿਕੀਆਂ ਰਹੀਆਂ ਤੇ ਸਾਡੀ ਅਰਥਾਤ ਦਾਦੀ ਮਾਂ ਜੀ ਵਾਲ਼ੀ ਤੀਜੀ ਧਿਰ ਹਵੇਲੀ ਵਿਚ ਆ ਬਿਰਾਜੀ। ਫਿਰ ਹੌਲ਼ੀ ਹੌਲ਼ੀ ਪਰਵਾਰਕ ਸਹੂਲਤ ਨੂੰ ਮੁਖ ਰੱਖਦਿਆਂ ਹੋਇਆਂ ਮੇਰੇ ਭਾਈਆ ਜੀ ਵਾਲ਼ੀ ਧਿਰ ਅਤੇ ਫਿਰ ਕੁਝ ਸਮਾ ਪਿਛੋਂ ਚਾਚਾ ਜੀ ਹੋਰੀਂ ਵੀ ਹਵੇਲੀ ਵਿਚ ਹੀ ਆ ਗਏ। ਚਾਚਾ ਜੀ ਦਾ ਪਰਵਾਰ ਬਾਅਦ ਵਿਚ ਚਾਚੀ ਜੀ ਦੇ ਪੇਕੇ ਤੇ ਸਾਡੇ ਗਵਾਂਢੀ ਪਿੰਡ ਵੈਰੋਨੰਗਲ ਦੇ ਹੀ ਕਿਨਾਰੇ ਤੇ, ਪਿੱਪਲ਼ ਵਾਲ਼ੇ ਖੂਹ ਤੇ ਚਲੇ ਗਏ। ਇਹ ਖੂਹ, ਦੋਹਾਂ ਵੈਰੋ ਨੰਗਲ਼ਾਂ ਦੇ ਵਿਚਕਾਰ ਵਾਕਿਆ, ਇਤਿਹਾਸਕ ਗੁਰਦੁਆਰਾ 'ਗੁਰੂਆਣਾ' ਦੇ ਬਿਲਕੁਲ ਲਾਗੇ ਹੈ। ਇਹ ਖੂਹ ਚਾਚੀ ਜੀ ਦੇ ਪੇਕਿਆਂ ਦਾ ਹੈ ਜੋ ਕਿ ਹੁਣ ਚਾਚਾ ਜੀ ਦੇ ਸਾਰੇ ਪਰਵਾਰ ਦੀ ਰਿਹਾਇਸ਼ ਬਣ ਚੁੱਕਿਆ ਹੈ। ਚਾਚੀ ਜੀ ਥੋਹੜਾ ਸਮਾ ਹੋਇਆ ਰੱਬ ਨੂੰ ਪਿਆਰੇ ਹੋ ਗਏ ਸਨ।
***
No comments:
Post a Comment