Showing posts with label ਮਿਲਣਾ ਮੇਰਾ ਤਿੰਨ ਵਾਰੀ. Show all posts
Showing posts with label ਮਿਲਣਾ ਮੇਰਾ ਤਿੰਨ ਵਾਰੀ. Show all posts

ਮਿਲਣਾ ਮੇਰਾ ਤਿੰਨ ਵਾਰੀ, ਪ੍ਰੋ. ਸਤਿਬੀਰ ਸਿੰਘ ਜੀ ਨੂੰ

ਸਵੱਰਗੀ ਪ੍ਰੋਫ਼ੈਸਰ ਸਤਿਬੀਰ ਸਿੰਘ ਜੀ ਬਹੁਤ ਹੀ ਸਫ਼ਲ ਪੰਥਕ ਧਾਰਮਿਕ ਸਟੇਜੀ ਬੁਲਾਰੇ, ਇਤਿਹਾਸ ਦੇ ਪ੍ਰੋਫ਼ੈਸਰ, ਸਫ਼ਲ ਵਿਦਿਅਕ ਪ੍ਰਬੰਧਕ ਅਤੇ ਵਧੀਆ ਇਤਿਹਾਸ ਲ਼ਿਖਾਰੀ, ਸਾਡੇ ਸਮੇ ਵਿਚ ਹੀ ਹੋ ਗੁਜਰੇ ਹਨ। ਪੰਜਾਹਵਿਆਂ ਵਾਲ਼ੇ ਦਹਾਕੇ ਦੇ ਅਖੀਰਲੇ ਸਾਲਾਂ ਵਿਚ ਤਾਂ ਇਹਨਾਂ ਨੂੰ, ਪੰਥਕ ਹਲਕਿਆਂ ਵਿਚ, ਮਾਸਟਰ ਤਾਰਾ ਸਿੰਘ ਜੀ ਦਾ ਬਹੁਤ ਹੀ ਨਜ਼ਦੀਕੀ ਸਮਝਿਆ ਜਾਂਦਾ ਸੀ। ਇਹਨਾਂ ਦੇ ਲੈਕਚਰਾਂ ਵਿਚ ਅਜਿਹੀ ਜਾਦੂ ਬਿਆਨੀ ਸੀ ਕਿ ਇਹਨਾਂ ਦੇ ਸਟੇਜ ਉਪਰ ਬੋਲਣ ਸਮੇ ਸ੍ਰੋਤਿਆਂ ਵਿਚ ਇਕਾਗਰਤਾ ਤੇ ਖ਼ਾਮੋਸ਼ੀ ਛਾ ਜਾਂਦੀ ਸੀ।
1960 ਦੇ ਪੰਜਾਬੀ ਸੂਬੇ ਦੇ ਮੋਰਚੇ ਸਮੇ ਹਰ ਰੋਜ਼ ਹੀ ਰਾਤ ਨੂੰ, ਮੰਜੀ ਸਾਹਿਬ ਵਿਖੇ ਸਜਦੇ ਦੀਵਾਨ ਵਿਚ ਸਭ ਤੋਂ ਅਖੀਰ ਵਿਚ ਇਹਨਾਂ ਦੀ ਤਕਰੀਰ ਹੁੰਦੀ ਸੀ ਜਿਸ ਵਿਚ ਭਾਰਤ ਦੇ ਪੁਰਾਤਨ ਇਤਿਹਾਸ/ਮਿਥਿਹਾਸ ਦੇ ਰਾਮਾਇਣ, ਮਹਾਂਭਾਰਤ ਆਦਿ ਧਾਰਮਿਕ ਗ੍ਰੰਥਾਂ ਵਿਚੋਂ ਕਿਸੇ ਵਾਕਿਆ ਨੂੰ ਲੈ ਕੇ, ਅਜੋਕੀ ਭਾਰਤ ਸਰਕਾਰ ਨਾਲ਼ ਸਿੱਖ ਪੰਥ ਵੱਲੋਂ ਕੀਤੀ ਜਾ ਰਹੀ ਜਦੋ ਜਹਿਦ ਨਾਲ਼ ਜੋੜਿਆ ਕਰਦੇ ਸਨ। ਹਰੇਕ ਰਾਤ ਦੀਵਾਨ ਦੀ ਸਮਾਪਤੀ ਤੇ ਮੈ ਇਹਨਾਂ ਦੀ ਤਕਰੀਰ ਸੁਣ ਕੇ ਹੀ ਜਾਇਆ ਕਰਦਾ ਸਾਂ। ਸੌਣਾ ਆਰਾਮਣਾ ਤਾਂ ਉਹਨਾਂ ਜਵਾਨੀ ਦੇ ਦਿਨਾਂ ਵਿਚ ਕਦੀ ਗੌਲ਼ਿਆ ਹੀ ਨਹੀ ਸੀ।