ਜਦੋਂ ਅਸੀਂ ਡੰਗਰ ਚਾਰਿਆ ਕਰਦੇ ਸਾਂ ਉਸ ਸਮੇ ਸਾਡੇ ਪਿੰਡ ਦੇ ਆਲ਼ੇ ਦੁਆਲ਼ੇ, ਖੇਤਾਂ, ਝਾੜਾਂ, ਰੋਹੀ, ਝਿੜੀਆਂ, ਬਾਗਾਂ ਆਦਿ ਵਿਚ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦੇ ਬੋਲ ਸੁਣੀਦੇ ਸਨ, ਤੇ ਉਹ ਖ਼ੁਦ ਵੀ ਵਿਖਾਈ ਦੇ ਜਾਂਦੇ ਸਨ। ਸਹੇ, ਲੂੰਬੜ, ਗੋਹਾਂ, ਨਿਉਲੇ, ਸੱਪ, ਗਿੱਦੜ, ਏਥੋਂ ਤੱਕ ਕਿ ਸੌਣ ਭਾਦੋਂ ਦੇ ਦਿਨੀਂ ਡੰਗਰ ਚਾਰਦਿਆਂ ਹੋਇਆਂ ਸਾਨੂੰ ਹਿਰਨਾਂ ਦੀਆਂ ਡਾਰਾਂ ਵੀ ਕਦੀ ਕਦੀ ਦਿਸ ਪੈਂਦੀਆਂ ਸਨ। ਇਹ ਸਾਰਾ ਕੁਝ 1950 ਦੇ ਏੜ ਗੇੜ ਦਾ ਵਾਕਿਆ ਹੈ। ਜਾਨਵਰਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਉਸ ਸਮੇ ਪੰਜਾਬ ਵਿਚ ਆਮ ਪਾਏ ਜਾਣ ਵਾਲ਼ੇ ਪੰਛੀਆਂ ਦੇ ਨਾਲ਼ ਨਾਲ਼ ਤਿੱਤਰ, ਬਟੇਰੇ ਤੇ ਮੌਸਮ ਅਨੁਸਾਰ ਕੂੰਜਾਂ, ਤਿਲੀਅਰ ਆਦਿ ਵੀ ਸਮੇ ਸਮੇ ਵੇਖੇ ਜਾ ਸਕਦੇ ਸਨ। ਇਹਨਾਂ ਜਾਨਵਰਾਂ ਤੇ ਪੰਛੀਆਂ ਦੇ ਸ਼ਿਕਾਰ ਵਾਸਤੇ ਸ਼ਿਕਾਰੀਆਂ ਦੀਆਂ ਟੋਲੀਆਂ ਵੀ ਘੁੰਮਿਆ ਕਰਦੀਆਂ ਸਨ। ਮੁਰੱਬੇਬੰਦੀ ਹੋਣ, ਆਬਾਦੀ ਦਾ ਵਾਧਾ ਅਤੇ ਮਸ਼ੀਨਰੀ, ਖਾਦਾਂ, ਬੀਜਾਂ ਆਦਿ ਦੇ ਕਾਰਨ ਪੰਜਾਬ ਦੇ ਕਿਸਾਨਾਂ ਦੁਆਰਾ ਚੱਪਾ ਚੱਪਾ ਜ਼ਮੀਨ ਵਾਹੀ ਦੇ ਸੰਦਾਂ ਹੇਠ ਲੈ ਆਉਣ ਕਰਕੇ ਹੁਣ ਉਹ ਪੁਰਾਣਾ ਕੁਦਰਤੀ ਵਾਤਾਵਰਣ ਨਹੀ ਰਿਹਾ। ਇਹ ਨਾ ਸਮਝ ਲੈਣਾ ਕਿਤੇ ਕਿ ਮੈ ਇਸ ਨਵੀਨੀਕਰਣ ਦਾ ਵਿਰੋਧ ਕਰ ਰਿਹਾ ਹਾਂ। ਬਦਲਾਉ ਕੁਦਰਤ ਦਾ ਅਸੂਲ਼ ਹੈ ਤੇ ਹਰੇਕ ਦਿਸ ਆਉਣ ਵਾਲ਼ੀ ਸ਼ੈ ਬਦਲ ਰਹੀ ਹੈ। ਸਭ ਕੁਝ ਹੀ ਬਦਲਣਹਾਰ ਵਿਚ ਹੈ ਤੇ ਇਸ ਕਰਕੇ ਬਦਲ ਰਿਹਾ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਦਾ ਇਸ ਪ੍ਰਥਾਇ ਫੁਰਮਾਨ ਇਉਂ ਹੈ:
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ॥8॥17॥ (64)
ਗੱਲ ਕਰਨ ਲੱਗਾ ਸੀ ਮੈ ਗਿੱਦੜ ਮਾਰਨ ਦੀ। ਸਾਡੇ ਪਾਸ ਬੌਲ਼ਦਾਂ ਜੀ ਜੋਗ ਹੁੰਦੀ ਸੀ। ਇਕ ਲਾਖਾ ਤੇ ਇਕ ਬੱਗਾ। ਲਾਖਾ ਬੱਗੇ ਨਾਲ਼ੋਂ ਉਮਰ ਵਿਚ ਕੁਝ ਵੱਡਾ ਤੇ ਸ਼ਾਇਦ ਏਸੇ ਕਰਕੇ ਕੁਝ ਮੱਠਾ ਹੋਣ ਕਰਕੇ ਥੱਲੇ (ਅੰਦਰਵਾਰ) ਜੋਇਆ ਜਾਂਦਾ ਸੀ ਤੇ ਬੱਗਾ ਉਤੇ (ਬਾਹਰਵਾਰ) ਥੱਲੇ ਉਤੇ ਦਾ ਮਤਲਬ ਇਕ ਦੂਜੇ ਦੇ ਉਪਰ ਹੇਠਾਂ ਨਹੀ। ਕਿਸਾਨੀ ਬੋਲੀ ਵਿਚ ਇਸ ਉਤੇ ਥੱਲੇ ਦਾ ਮਤਲਬ ਹੈ ਕਿ ਖੱਬੇ ਪਾਸੇ ਤੇ ਸੱਜੇ ਪਾਸੇ। ਜੇਹੜਾ ਡੰਗਰ ਜੋਣ ਸਮੇ ਖੱਬੇ ਹਥ ਰੱਖਿਆ ਜਾਵੇ ਉਸ ਨੂੰ ਹੇਠਲਾ ਤੇ ਜੇਹੜਾ ਸੱਜੇ ਪਾਸੇ ਜੋਇਆ ਜਾਵੇ ਉਸ ਨੂੰ ਉਤਲਾ ਆਖਿਆ ਜਾਂਦਾ ਸੀ ਤੇ ਸ਼ਾਇਦ ਹੁਣ ਵੀ ਏਸੇ ਤਰ੍ਹਾਂ ਹੀ ਆਖਦੇ ਹੋਣ! ਜੇਹੜਾ ਬਲ਼ਦ ਜੋਗ ਵਿਚੋਂ ਵਧ ਤੇਜ ਤੁਰਨ ਵਾਲ਼ਾ ਹੋਵੇ ਉਸ ਨੂੰ ਉਤੇ ਜੋਇਆ ਜਾਂਦਾ ਸੀ। ਪਿੰਡ ਦੀ ਇਸ ਫੇਰੀ ਦੌਰਾਨ, ਮੇਰੇ ਚਾਚਾ ਜੀ ਨੇ ਦੱਸਿਆ ਕਿ ਮੇਰੇ ਨਾਨਕਿਆਂ ਨੇ ਮੇਰੀ ਬੀਬੀ ਜੀ ਨੂੰ ਜੇਹੜੀ ਗਾਂ ਦਿਤੀ ਸੀ, ਇਹ ਬੌਲ਼ਦ ਉਸ ਦਾ ਵੱਛਾ ਸੀ ਤੇ ਉਸ ਸਮੇ ਦੇ ਕਿਸਾਨਾਂ ਦੀ ਰਵੈਤ ਅਨੁਸਾਰ, ਇਸ ਨੂੰ ਬੜੀ ਰੀਝ ਨਾਲ਼ ਪਾਲ਼ਿਆ ਗਿਆ ਸੀ। ਇਹ ਬੱਗਾ ਬੌਲ਼ਦ ਸਿਆਲ ਵਿਚ ਇਕ ਦਿਨ ਸਵੇਰੇ ਖ਼ੁਦ ਉਠ ਨਾ ਸਕਿਆ। ਸਿਆਲੂ ਰਾਤ ਸਮੇ ਕਿਤੇ ਇਸ ਤੇ ਅਧਰੰਗ ਦਾ ਹਮਲਾ ਹੋ ਗਿਆ ਤੇ ਇਸ ਦਾ ਸੱਜਾ ਪਾਸਾ ਮਾਰਿਆ ਗਿਆ ਸੀ। ਵਲ਼ੀਆਂ ਪਾ ਪਾ ਕੇ ਇਸ ਨੂੰ ਖੜ੍ਹਾ ਕਰਿਆ ਕਰਨਾ ਪਰ ਇਸ ਨੇ ਫਿਰ ਡਿਗ ਪਿਆ ਕਰਨਾ।
ਓਹਨੀਂ ਦਿਨੀਂ ਕਣਕਾਂ ਨਿੱਸਰੀਆਂ ਹੋਈਆਂ ਸਨ ਤੇ ਕਮਾਦ ਵੀ ਅਜੇ ਖੇਤਾਂ ਵਿਚ ਖੜ੍ਹੇ ਸਨ। ਸੰਘਣਾ ਸਿਆਲ਼ ਲੰਘ ਚੁੱਕਾ ਸੀ ਤੇ ਮੌਸਮ ਬਹੁਤ ਸੁਹਾਵਣਾ ਹੋ ਗਿਆ ਸੀ। ਬਸੰਤ ਦਾ ਮੌਕਾ ਹੋਣ ਕਰਕੇ ਚਾਰ ਚੁਫੇਰੇ ਹਰਿਆਲੀ ਹੀ ਹਰਿਆਲੀ ਵਿਖਾਈ ਦੇ ਰਹੀ ਸੀ। ਕਣਕਾਂ ਨਿੱਸਰੀਆਂ ਹੋਈਆਂ ਸਨ ਤੇ ਸਰਹੁੰਆਂ ਫੁੱਲੀਆਂ ਹੋਈਆਂ ਸਨ। ਜਲਾਲ ਉਸਮਾ ਪਿੰਡ ਵਾਲ਼ੇ ਪਾਸੇ ਦੀਆਂ ਪੈਲ਼ੀਆਂ ਵਿਚ, ਦੁਪਹਿਰ ਜਹੀ ਨੂੰ ਪਿੰਡ ਦੇ ਤੇ ਕੁਝ ਬਾਹਰ ਦੇ ਵੀ ਸ਼ਿਕਾਰੀ, ਕੁੱਤਿਆਂ ਨਾਲ਼, ਕਮਾਦਾਂ ਵਿਚ ਹਲਾ ਹਲਾ ਕਰਦੇ ਫਿਰਦੇ ਸਨ। ਨਿੱਕੇ ਤੇ ਨਿਕੰਮੇ ਹੋਣ ਕਰਕੇ ਮੇਰੇ ਵਰਗੇ ਬਹੁਤ ਛੋਟੀ ਉਮਰ ਦੇ ਮੁੰਡੇ ਵੀ ਇਸ 'ਰੌਣਕ ਮੇਲੇ' ਨੂੰ ਵੇਖਣ ਦੀ ਉਤਸੁਕਤਾ ਨਾਲ਼ ਧੂੜ 'ਚ ਟੱਟੂ ਰਲਾਈ ਫਿਰਦੇ ਸਨ। ਤਾਂਹੀਓਂ ਮੈ ਕੀ ਵੇਖਦਾ ਹਾਂ ਕਿ ਮੇਰੇ ਲਾਗੋਂ ਦੀ ਕਣਕ ਦੇ ਖੇਤ ਵਿਚ ਗਿੱਦੜ ਜੀ ਭਿਆਣਾ ਭੱਜਾ ਜਾ ਰਿਹਾ ਹੈ ਤੇ ਮਗਰ ਉਸ ਦੇ ਕਈ ਕੁੱਤੇ ਲੱਗੇ ਹੋਏ ਹਨ। ਉਹ ਨਿੱਸਰੀ ਤੇ ਮੱਲੀ ਹੋਈ ਕਣਕ ਵਿਚ ਭੱਜ ਕੇ ਕੁੱਤਿਆਂ ਦੇ ਦੰਦਾਂ ਦੀ ਪਹੁੰਚ ਤੋਂ ਅੱਗੇ ਜਾਣ ਲਈ ਨਿਸਫਲ ਜਿਹਾ ਯਤਨ ਕਰ ਰਿਹਾ ਸੀ। ਸਿੱਟਿਆਂ ਨਾਲ਼ ਭਰੇ ਕਣਕ ਦੇ ਬੂਟੇ ਉਸ ਦੇ ਸਰੀਰ ਨਾਲ਼ ਖਹਿ ਕੇ ਪਾਸਿਆਂ ਨੂੰ ਉਲਰ ਰਹੇ ਸਨ। ਮੇਰੇ ਵੇਖਦਿਆਂ ਹੀ ਵੇਖਦਿਆਂ ਕੁੱਤਿਆਂ ਨੇ ਉਸ ਨੂੰ ਢਾਹ ਲਿਆ। ਇਸ ਤੋਂ ਬਾਅਦ ਆਪਣੇ ਦਿਲ ਦੀ ਕਮਜੋਰੀ ਕਾਰਨ ਮੈ ਹੋਰ ਕੁਝ ਨਾ ਵੇਖ ਸਕਿਆ। ਇਹ ਮਾਰਿਆ ਹੋਇਆ ਗਿੱਦੜ ਸਾਡੀ ਹਵੇਲੀ ਵਿਚ ਹੀ ਲਿਆਂਦਾ ਗਿਆ। ਹਵੇਲੀ ਦੇ ਬੂਹੇ ਦੇ ਸਾਹਮਣੇ, ਗੁਰਦੁਆਰੇ ਦੇ ਦਰਵਾਜੇ ਦੇ ਬਾਹਰਵਾਰ ਬਣੇ ਥੜ੍ਹੇ ਉਪਰ ਇਸ ਨੂੰ ਸਾਫ਼ ਕੀਤਾ ਗਿਆ। ਮੈਨੂੰ ਪਿੱਛੋਂ ਪਤਾ ਲੱਗਾ ਕਿ ਕਿਸੇ 'ਸਿਆਣੇ' ਦੇ ਆਖੇ ਇਹ ਗਿੱਦੜ ਕੇਵਲ ਸਾਡੇ ਬੌਲ਼ਦ ਵਾਸਤੇ ਹੀ ਮਾਰਿਆ ਗਿਆ ਸੀ। ਵੈਸੇ ਆਮ ਕਿਸਾਨ ਗਿੱਦੜ ਖ਼ੁਦ ਨਹੀ ਸਨ ਖਾਇਆ ਕਰਦੇ।
ਸਾਡੇ ਪਿੰਡ ਦਾ ਇਕ ਮਜ਼ਹਬੀ ਲੱਛੂ ਹੁੰਦਾ ਸੀ ਜਿਸ ਨੂੰ ਪਿੱਛੋਂ ਜਾ ਕੇ ਮੇਰੇ ਨੰਬਰਦਾਰ ਚਾਚੇ ਨੇ ਉਸ ਨੂੰ ਪਿੰਡ ਦਾ ਚੌਕੀਦਾਰ ਲਾਇਆ ਸੀ। ਓਹਨੀਂ ਦਿਨੀਂ ਚੌਕੀਦਾਰ ਨੂੰ ਰਪਟੀਆ ਵੀ ਆਖਿਆ ਜਾਂਦਾ ਸੀ ਕਿਉਂਕਿ ਉਹ ਠਾਣੇ ਜਾ ਕੇ ਪਿੰਡ ਵਿਚ ਵਾਪਰੀ ਹਰੇਕ ਚੰਗੀ ਮਾੜੀ ਘਟਨਾ ਦੀ ਰਪਟ (ਰਿਪੋਰਟ) ਲਿਖਾਇਆ ਕਰਦਾ ਸੀ। ਉਸ ਨੇ ਉਸ ਨੂੰ ਵਢ ਟੁੱਕ ਕੇ ਤਿਆਰ ਕੀਤਾ। ਦੋ ਹਿੱਸਿਆਂ ਵਿਚ ਬਰਾਬਰ ਉਸ ਦੀ ਵੰਡ ਕਰ ਦਿਤੀ। ਇਹ ਸਾਰਾ ਕਾਰਜ ਕਰਕੇ ਉਹ ਗਿੱਦੜ ਦੀ ਇਕ ਲੱਤ, ਦੂਜਿਆਂ ਵੱਲੋਂ ਰੋਕਦਿਆਂ ਰੋਕਦਿਆਂ ਵੀ ਆਪਣੇ ਘਰ ਲਈ ਲੈ ਗਿਆ।
ਵਲਟੋਹੀ ਵਿਚ ਪਾ ਕੇ ਅੱਧਾ ਗਿੱਦੜ ਹਵੇਲੀ ਵਿਚ ਭੱਠੀ ਪੁੱਟ ਕੇ ਰਿਝਣਾ ਧਰਿਆ। ਹਿਦਾਇਤ ਸੀ ਕਿ ਇਸ ਦੀ ਭਾਫ ਬਾਹਰ ਨਾ ਨਿਕਲ਼ੇ। ਇਸ ਲਈ ਵਲਟੋਹੀ ਦੇ ਮੂੰਹ ਉਪਰ ਢੱਕਣ ਦੇਣ ਤੋਂ ਬਾਅਦ ਉਸ ਉਤੇ ਵੇਲਣੇ ਦਾ ਲੋਹੇ ਦਾ ਬੁੱਗ ਰੱਖਿਆ ਗਿਆ। ਬੁੱਗ ਉਤੇ ਸੁਹਾਗਾ ਰੱਖਿਆ ਗਿਆ। ਸਮਝਿਆ ਜਾਂਦਾ ਸੀ ਕਿ ਉਸ ਦੀ ਭਾਫ ਵਿਚ ਏਨੀ ਤਾਕਤ ਹੈ ਕਿ ਉਹ ਏਨਾ ਭਾਰ ਵੀ ਚੁੱਕ ਕੇ ਪਰ੍ਹੇ ਵਗਾਹ ਕੇ ਮਾਰ ਸਕਦੀ ਹੈ। ਮੈਨੂੰ ਯਾਦ ਹੈ ਕਿ ਉਸ ਦੇ ਰਿਝਣ ਸਮੇ ਜਿਥੋਂ ਵੀ ਜਰਾ ਕੁ ਭਾਫ ਨਿਕਲ਼ਨੀ, ਕੋਲ ਸਾਵਧਾਨੀ ਨਾਲ਼ ਬੈਠੇ ਝੀਵਰ ਸ. ਭੋਲ਼ਾ ਸਿੰਘ ਨੇ, ਪਹਿਲਾਂ ਹੀ ਤਿਆਰ ਕਰਕੇ ਕੋਲ਼ ਰੱਖਿਆ ਹੋਇਆ ਗਾਰਾ, ਫੱਟ ਉਸ ਥਾਂ ਤੇ ਥੱਪ ਕੇ ਉਸ ਨੂੰ ਬਾਹਰ ਨਿਕਲ਼ਨ ਤੋਂ ਰੋਕ ਦੇਣਾ। ਸਾਰੀ ਰਾਤ ਉਹ ਰਿਝਦਾ ਰਹਿਣਾ ਤੇ ਸਵੇਰ ਵੇਲ਼ੇ ਠੰਡਾ ਕਰਕੇ ਉਸ ਨੂੰ ਵਾਂਸ ਦੀ ਬਣੀ ਨਾਲ਼ ਵਿਚ ਪਾ ਕੇ ਬੌਲ਼ਦ ਦੇ ਮੂੰਹ ਵਿਚ ਉਲੱਦਣਾ। ਰਿਝੇ ਹੋਏ ਮਾਸ ਨੂੰ ਮਲ਼ ਮਲ਼ ਕੇ, ਉਸ ਦੀਆਂ ਹੱਡੀਆਂ ਨੂੰ ਵੱਖ ਕਰਕੇ, ਪਤਲੀ ਤੇ ਸੰਘਣੀ ਤਰੀ ਜਿਹੀ ਬਣਾ ਕੇ, ਵਾਂਸ ਦੀ ਬਣੀ ਹੋਈ ਨਾਲ਼ ਵਿਚ ਪਾ ਕੇ ਬੌਲ਼ਦ ਦੇ ਸੰਘ ਵਿਚ ਉਲੱਦਣ ਦੀ ਸਾਰੀ ਕਾਰਵਾਈ, ਦੋਵੇਂ ਦਿਨ ਸ. ਕਰਨੈਲ ਸਿੰਘ ਨੇ ਕੀਤੀ ਸੀ। ਇਹ ਸੱਜਣ ਪਿੰਡ ਦਾ ਹੋਣ ਦੇ ਨਾਲ਼ ਨਾਲ਼, ਗੁਰਦਾਸਪੁਰ ਜ਼ਿਲੇ ਦੇ ਪਿੰਡ ਹਰਚੋਵਾਲ਼ ਵਿਚ ਸਾਡੀ ਪੁਰਾਣੀ ਰਿਸ਼ਤੇਦਾਰੀ ਵਿਚ ਵਿਆਹਿਆ ਹੋਇਆ ਸੀ ਤੇ ਇਹ ਸਾਕ ਸਤਿਕਾਰ ਯੋਗ ਮੇਰੇ ਦਾਦੀ ਮਾਂ ਜੀ ਨੇ ਕਰਵਾਇਆ ਸੀ। ਇਸ ਲਈ ਪਿੰਡ ਦਾ ਵਸਨੀਕ ਹੋਣ ਦੇ ਨਾਲ਼ ਇਹ ਇਸ ਤਰ੍ਹਾਂ ਸਾਕਾਦਾਰੀ ਵਿਚ ਵੀ ਸਾਡੇ ਨੇੜਿਉਂ ਲੱਗਦਾ ਸੀ। ਬਹੁਤ ਸਮਾ ਬਾਅਦ ਇਹ ਪਿੰਡ ਦਾ ਸਰਪੰਚ ਵੀ ਚੁਣਿਆਂ ਗਿਆ। ਇਹ ਜਵਾਨੀ ਵਿਚ ਸ਼ਿਕਾਰ ਖੇਡਿਆ ਕਰਦਾ ਸੀ ਤੇ ਉਸ ਗਿੱਦੜ ਦਾ ਸ਼ਿਕਾਰ ਕਰਨ ਸਮੇ ਇਹ ਆਪਣੇ ਕੁੱਤਿਆਂ ਸਮੇਤ ਮੋਹਰੀ ਸੀ। ਦੋ ਦਿਨ ਇਹ ਕਾਰਜ ਕੀਤਾ ਗਿਆ। ਬੌਲ਼ਦ ਉਪਰ ਇਸ ਦਾ ਕਰਾਮਾਤ ਵਰਗਾ ਅਸਰ ਹੋਇਆ। ਉਹ ਨਾ ਕੇਵਲ਼ ਆਪਣੇ ਆਪ ਉਠਣ ਹੀ ਲੱਗ ਪਿਆ ਬਲਕਿ ਹਲ਼ੇ, ਖੂਹੇ, ਖਰਾਸੇ ਵਗਣ ਵੀ ਲੱਗ ਪਿਆ। ਮੇਰੀ ਯਾਦ ਵਿਚ ਹੁਣ ਵੀ ਉਹ ਸੀਨ ਮੌਜੂਦ ਹੈ ਜਦੋਂ ਇਕ ਦਿਨ ਮੈ ਉਸ ਨੂੰ ਖਰਾਸੇ ਜੁੱਪਿਆ ਹੋਇਆ ਵੇਖਿਆ ਸੀ। ਇਕ ਲੱਤੋਂ ਲੰਙ ਉਹ ਜ਼ਰੂਰ ਮਾਰਦਾ ਰਿਹਾ ਸੀ ਪਰ ਵਗਦਾ ਪੂਰੀ ਸ਼ਕਤੀ ਨਾਲ਼ ਸੀ।
****
No comments:
Post a Comment