ਪਤਾ ਨਹੀ ਕਦੋਂ ਤੇ ਕਿਵੇਂ ਦਾਦੀ ਮਾਂ ਜੀ ਨੇ ਗਵਾਂਢੀ ਪਿੰਡ ਨੰਗਲ਼ ਵਿਚਲੇ ਸਕੂਲ ਵਿਚ ਪੜ੍ਹਨ ਲਈ ਘੱਲਿਆ ਕਿਉਂਕਿ ਆਪਣੇ ਪਿੰਡ ਓਦੋਂ ਸਕੂਲ ਨਹੀ ਸੀ ਹੁੰਦਾ। ਇਕੋ ਹੀ ਗੱਲ ਮੈਨੂੰ ਯਾਦ ਹੈ ਕਿ ਖੰਡ ਘਿਓ ਨਾਲ਼ ਮਾਂ ਜੀ ਨੇ ਰੋਟੀ ਦਿਤੀ ਸੀ ਜੋ ਕਿ ਮੇਰੇ ਨਾਲ਼ੋਂ ਵਾਹਵਾ ਵੱਡੀ ਉਮਰ ਦੇ ਇਕ ਮੁੰਡੇ ਨੇ ਆਪਣੀ ਉਂਗਲ਼ ਨਾਲ਼ ਖੰਡ ਘਿਓ ਰਲ਼ਾ ਕੇ ਮੈਨੂੰ ਫੜਾਈ ਤੇ ਖੰਡ ਘਿਓ ਨਾਲ਼ ਲਿਬੜੀ ਆਪਣੀ ਉਂਗਲ਼ ਆਪਣੇ ਮੂੰਹ ਵਿਚ ਪਾ ਲਈ। ਇਹ ਵੇਖ ਕੇ ਦੂਜੇ ਮੁੰਡੇ ਹੱਸਣ ਲੱਗ ਪਏ। ਫੇਰ ਪਤਾ ਨਹੀ ਕਦੋਂ ਮੈ ਸਕੂਲੋਂ ਹਟ ਗਿਆ ਪਰ ਪੈਂਤੀ ਮੈਨੂੰ ਪਤਾ ਨਹੀ ਕਿਵੇਂ ਯਾਦ ਹੋ ਗਈ। ਪੜ੍ਹਨੀ ਭਾਵੇਂ ਨਹੀ ਸੀ ਅਉਂਦੀ। ਇਕ ਦਿਨ ਮੇਰਾ ਕਜ਼ਨ ਚਾਚਾ ਜੋ ਕਿ ਦੋ ਕੁ ਸਾਲ ਮੈਥੋਂ ਵੱਡਾ ਸੀ, ਸ. ਜਰਨੈਲ ਸਿੰਘ (ਓਦੋਂ ਜੈਲੋ), ਪੜ੍ਹਨ ਬਾਰੇ ਗੱਲਾਂ ਕਰਦਿਆਂ ਜਦੋਂ ਮੈ ਉਸ ਨੂੰ ਦੱਸਿਆ ਕਿ ਮੈਨੂੰ ਪੈਂਤੀ ਆਉਂਦੀ ਹੈ ਤਾਂ ਆਂਹਦਾ. "ਤੈਨੂੰ ਮੂੰਹ ਜਬਾਨੀ ਆਉਂਦੀ ਆ?" ਮੈਨੂੰ ਪਤਾ ਨਹੀ ਸੀ ਕਿ ਮੂੰਹ ਜਬਾਨੀ ਕੀ ਹੁੰਦਾ ਹੈ ਤੇ ਮੈ ਕੁਝ ਝਿਜਕਦਿਆਂ ਜਿਹਾ ਆਖ ਦਿਤਾ, "ਮੂੰਹ ਜਬਾਨੀ ਤਾਂ ਨਹੀ ਮੈਨੂੰ ਆਉਂਦੀ।" ਹਾਲਾਂ ਕਿ ਆਉਂਦੀ ਸੀ।
ਹੁਣ ਵਾਂਗ ਹੀ ਬਚਪਨ ਵਿਚ ਵੀ ਮੇਰਾ ਸੁਭਾ ਸੀ ਕਿ ਐਵੇਂ ਹੀ ਦੂਰ ਦੁਰਾਡੇ ਫਿਰਦੇ ਰਹਿਣਾ। ਆਪਣਾ ਪਰਾਇਆ, ਮਾੜਾ ਚੰਗਾ ਨਾ ਵੇਖਣਾ। ਸਭੇ ਆਪਣੇ ਹੀ ਲੱਗਣੇ। ਕਿਸੇ ਦਾ ਖੂਹ ਵਗਦਾ ਹੋਵੇ ਜਾਂ ਵੇਲਣਾ, ਫਲ੍ਹੇ ਵਗਦੇ ਹੋਣ ਜਾਂ ਹਲ਼, ਐਵੇਂ ਹੀ ਉਹਨਾਂ ਦੇ ਆਲ਼ੇ ਦੁਆਲ਼ੇ ਤੁਰੇ ਫਿਰਨਾ। ਏਸੇ ਤਰ੍ਹਾਂ ਇਕ ਵਾਰੀਂ ਤਿਲੋਕੇ ਹੋਰਾਂ ਦਾ ਰੋਹੀ ਵਾਲਾ ਖੂਹ ਵਗਦਾ ਸੀ ਤੇ ਮੈ ਉਹਨਾਂ ਨਾਲ਼ ਪਤਾ ਨਹੀ ਕਿਵੇਂ ਓਥੇ ਚਲਿਆ ਗਿਆ। ਦੁਪਹਿਰ ਤੋਂ ਪਿਛੋਂ ਮੈ ਭਾਈਆ ਜੀ ਨੂੰ ਆਪਣੇ ਵੱਲ ਆਉਂਦਿਆਂ ਦੂਰੋਂ ਵੇਖਿਆ ਜੋ ਕਿ ਮੈਨੂੰ ਹੀ ਲੈਣ ਵਾਸਤੇ ਆ ਰਹੇ ਸਨ। ਉਹਨਾਂ ਨੇ ਮੈਨੂੰ ਕੁਝ ਨਹੀ ਆਖਿਆ ਪਰ ਕੰਧਾੜੇ ਚੁੱਕ ਕੇ ਹਵੇਲੀ ਵਾਲ਼ੇ ਘਰ, ਮਾਂ ਜੀ ਕੋਲ਼ ਛੱਡ ਦਿਤਾ। ਅਗਲੇ ਦਿਨ ਭਾਈਆ ਜੀ ਆਏ। ਦੋਹਾਂ ਮਾਂ ਪੁੱਤ ਦਰਮਿਆਨ ਮੇਰੇ ਬਾਰੇ ਕੁਝ ਗੱਲ ਏਦਾਂ ਦੀ ਹੋਈ ਜਿਸ ਵਿਚ ਮਾਂ ਜੀ ਨੇ ਆਖਿਆ, "ਆਖਿਆ ਤਾਂ ਮੈ ਇਸ ਨੂੰ ਕੁਝ ਨਹੀ ਪਰ ਬਾਹਰ ਕਿਤੇ ਨਹੀ ਜਾਣ ਦਿਤਾ। ਆਪਣੇ ਕੋਲ਼ ਹੀ ਸਾਰਾ ਦਿਨ ਬਿਠਾਈ ਰੱਖਿਆ ਵਾ।"
ਉਸ ਤੋਂ ਅਗਲੇ ਦਿਨ ਮਾਂ ਜੀ ਨੇ ਘਰੋਂ ਕੁਝ ਲਿਆ ਤੇ ਮੈਨੂੰ ਗਵਾਂਢੀ ਪਿੰਡ, ਨੰਗਲ਼ ਪਹਿਲੀ ਜਮਾਤ ਵਿਚ ਦਾਖਲ ਕਰਵਾ ਆਏ। ਬੜਾ ਭਾਰੀ ਮੁਸ਼ਕਲ ਮੇਰੇ ਵਾਸਤੇ ਦਿਨ ਕੱਟਣਾ ਲੱਗਿਆ। ਕਿਸੇ ਮੁੰਡੇ ਨੇ ਮੈਨੂੰ ਹੋਰ ਡਰਾ ਦਿਤਾ ਇਹ ਆਖ ਕੇ, "ਅੱਜ ਤਾਂ ਸਕੂਲ ਸਾਰਾ ਦਿਨ ਹੀ ਲੱਗਣਾ ਹੈ।" ਮੈ ਸੁੱਖਣਾ ਸੁਖਾਂ ਕਿ ਜੇ ਅੱਜ ਪਹਿਲਾਂ ਛੁਟੀ ਹੋ ਜਾਵੇ ਤਾਂ ਮੈ ਪਿੰਡ ਵਾਲ਼ੇ ਗੁਰਦੁਆਰੇ ਇਕ ਪੈਸਾ ਮੱਥਾ ਟੇਕਾਂ। ਰੱਬ ਰੱਬ ਕਰਕੇ ਦੁਪਹਿਰੇ ਜਿਹੇ ਛੁੱਟੀ ਹੋ ਗਈ। ਗਰਮੀਆਂ ਦੇ ਦਿਨ ਸਨ।
ਪਹਿਲੀ ਜਮਾਤ ਵਾਲ਼ਾ ਮਾਸਟਰ ਜੀ ਵਿਚਾਰਾ ਬਹੁਤ ਹੀ ਭਲਾ ਲੋਕ ਸੀ। ਸ਼ਾਇਦ ਮੇਰੇ ਵੱਲੋਂ ਕਦੀ ਖਰਬੂਜੇ ਜਾਂ ਹੋਰ ਕੁਝ ਲਿਜਾ ਕੇ ਦਿਤੀ ਗਈ ਚੀਜ ਦਾ ਸਦਕਾ, ਮੇਰੇ ਨਾਲ਼ ਬਾਕੀਆਂ ਨਾਲ਼ੋਂ ਬਹੁਤ ਹੀ ਨਰਮੀ ਨਾਲ਼ ਪੇਸ਼ ਆਉਂਦਾ ਸੀ। ਮੈਨੂੰ ਯਾਦ ਹੈ ਇਕ ਵਾਰੀਂ, "ਚੱਲ ਓਇ ਘਗਾ ਰਾਰਾ ਘਰ ਵਾਲੇ ਸਬਕ ਤੇ!" ਇਸ ਤਰ੍ਹਾਂ ਬਾਕੀਆਂ ਨਾਲ਼ ਮੈਨੂੰ ਵੀ ਇਹ ਸਬਕ ਪੜ੍ਹਨ ਲਾ ਦਿਤਾ ਜਿਸ ਨੂੰ ਮੈ ਆਪਣੀ ਯੋਗਤਾ ਤੋਂ ਵਧ, ਮਾਸਟਰ ਜੀ ਦੇ ਲਿਹਾਜ ਸਦਕਾ, ਪ੍ਰਮੋਸ਼ਨ ਸਮਝ ਕੇ ਅੰਦਰੋ ਅੰਦਰੀ ਖ਼ੁਸ਼ ਹੋ ਗਿਆ।
ਫਿਰ ਇਕ ਦਿਨ ਉਸ ਮਾਸਟਰ ਜੀ ਦੀ ਗ਼ੈਰ ਹਾਜਰੀ ਵਿਚ, ਦੂਜੀ ਜਮਾਤ ਦੇ ਮਾਸਟਰ ਜੀ ਨੇ, ਮੇਰੀ ਮੂਰਖਤਾ ਤੇ ਕਿਸੇ ਗ਼ਲਤ ਫਹਿਮੀ ਕਾਰਨ, ਇਕ ਹੋਰ ਮੁੰਡੇ ਦੇ ਨਾਲ ਨਾਲ ਮੇਰੀ ਵੀ ਖੁੰਬ ਠੱਪ ਦਿਤੀ ਤੇ ਮੈ ਸਕੂਲ ਜਾਣਾ ਛੱਡ ਦਿਤਾ। ਪਹਿਲੀ ਵਾਲ਼ੇ ਮਾਸਟਰ ਜੀ ਇਕ ਤੋਂ ਵਧ ਵਾਰ ਸਾਡੇ ਘਰ ਆ ਕੇ ਵੀ ਮੈਨੂੰ ਸਕੂਲੇ ਘੱਲਣ ਬਾਰੇ ਮਾਂ ਜੀ ਨੂੰ ਪ੍ਰੇਰਨਾ ਕਰਦੇ ਰਹੇ। ਇਕ ਵਾਰੀਂ ਸ਼ਾਮਾਂ ਜਿਹੀਆਂ ਨੂੰ ਆਏ। ਓਦੋਂ ਅਸੀਂ ਹਵੇਲੀ ਵਿਚ ਪੱਠੇ ਕੁਤਰ ਰਹੇ ਸਾਂ ਤੇ ਮੈ ਚੀਰਨੀਆਂ ਲਾ ਰਿਹਾ ਸਾਂ; ਪਰ ਮੈ ਮੁੜ ਸਕੂਲੇ ਨਾ ਗਿਆ। ਮੈਨੂੰ ਯਾਦ ਹੈ ਓਦੋਂ ਸਕੂਲੇ ਜਾਣਾ ਹਾਣੀਆਂ ਵਿਚ ਘਟੀਆ ਕੰਮ ਸਮਝਿਆ ਜਾਂਦਾ ਸੀ। ਇਕ ਵਾਰੀਂ ਨੰਬਰਦਾਰ ਦਾ ਮੁੰਡਾ ਜੈਲੋ (ਹੁਣ ਹੌਲਦਾਰ ਜਰਨੈਲ ਸਿੰਘ) ਮੈਨੂੰ ਆਂਹਦਾ, "ਤੂੰ ਵੀ ਸਕੂਲੇ ਪੜ੍ਹਨ ਲੱਗ ਪਿਆਂ?" ਮੈ ਉਤਰ ਦਿਤਾ, "ਬੱਸ ਥੋਹੜੇ ਦਿਨ ਜਾਣਾ ਫਿਰ ਹਟ ਜਾਣਾ ਏਂ।" ਮੈ ਤਾਂ ਆਪਣੇ ਇਕਰਾਰ ਤੇ ਪੂਰਾ ਰਿਹਾ ਪਰ ਉਹ ਪੜ੍ਹਨੇ ਪੈ ਕੇ ਪੁਲਸ ਵਿਚ ਹੌਲਦਾਰ ਜਰਨੈਲ ਸਿੰਘ ਬਣ ਕੇ, ਸੇਵਾ ਮੁਕਤ ਹੋਇਆ।
ਫਿਰ ਸੋਚੋਗੇ ਕਿ ਜੇ ਉਸ ਤੋਂ ਪਿਛੋਂ ਸਕੂਲੇ ਨਹੀ ਗਿਆ ਤਾਂ ਫਿਰ ਏਨੀਆਂ ਗੱਲਾਂ ਬੋਲਣ ਤੇ ਲਿਖਣ ਕਿਵੇਂ ਸਿੱਖ ਗਿਆ! ਇਸ ਬਾਰੇ ਬੇਨਤੀ ਇਉਂ ਹੈ ਕਿ ਭਾਈਆ ਜੀ ਨੇ ਖੇਤੀ ਕਰਦਿਆਂ ਹੀ ਨਾਲ਼ ਨਾਲ਼ ਮੈਨੂੰ ਪੰਜਾਬੀ ਦਾ ਕਾਇਦਾ ਪੜ੍ਹਾ ਦਿਤਾ ਤੇ ਫਿਰ ਆਪਣੇ ਸ਼ੌਕ ਦੀ ਪੂਰਤੀ ਕਰਦਿਆਂ, ਗੁਰਦੁਆਰਿਉਂ ਇਕ ਗੁਟਕਾ ਲਿਆ ਕੇ ਮੈਨੂੰ ਜਪੁ ਜੀ ਸਾਹਿਬ ਪੜ੍ਹਾਉਣ ਦਾ ਯਤਨ ਸ਼ੁਰੂ ਕੀਤਾ। ਅਜੇ ਵੀ ਮੈਨੂੰ ਯਾਦ ਹੈ ਕਿ ਉਸ ਗੁਟਕੇ ਵਿਚ ਪਹਿਲੀ ਲਾਈਨ ਮੋਟੇ ਅਖਰਾਂ ਦੀ ਤੇ ਫਿਰ ਬਰੀਕ ਅੱਖਰਾਂ ਦੀ ਸੀ। ਪਿਛੋਂ ਪਤਾ ਲੱਗਾ ਕਿ ਮੋਟੇ ਅੱਖਰ ਅਸਲੀ ਪਾਠ ਤੇ ਬਰੀਕ ਅੱਖਰ ਉਸ ਦੇ ਅਰਥ ਸਨ। ਮੈ ਭਾਈਆ ਜੀ ਨੂੰ ਜਦੋਂ ਪੁਛਿਆ ਤਾਂ ਉਹਨਾਂ ਆਖਿਆ ਕਿ ਛੋਟੇ ਨਹੀ ਸਿਰਫ ਵੱਡੇ ਅੱਖਰ ਹੀ ਪੜ੍ਹਨੇ ਹਨ। ਪਰ ਮੈਥੋਂ ਉਹ ਪਾਠ ਉਠਾਲ਼ ਨਾ ਹੋਇਆ ਤੇ ਉਹਨਾਂ ਨੇ ਕਿਹਾ, "ਅਜੇ ਨਹੀ ਤੂੰ ਇਹ ਪੜ੍ਹ ਸਕਦਾ; ਇਸ ਲਈ ਮੁਹਾਰਨੀ ਪਕਾਇਆ ਕਰ।" ਮੈ ਅੰਦਰ ਬਾਹਰ ਫਿਰਦੇ, ਡੰਗਰ ਵੱਛਾ ਚਾਰਦੇ ਨੇ, "ਅ ਆ ਇ ਈ" ਜਾਂ "ਐੜਾ ਮੁਕਤਾ ਆ ਕੰਨਾ ਇ ਸਿਹਾਰੀ ਈ ਬਿਹਾਰੀ" ਕਰਦੇ ਫਿਰਨਾ। ਪੰਦਰਾਂ ਵੀਹ ਵਾਰ ਦਿਹਾੜੀ ਵਿਚ ਇਹ 'ਪਾਠ' ਕਰ ਛੱਡਣਾ। ਓਹਨੀਂ ਦਿਨੀਂ ਮਲੇਰੀਏ ਦਾ ਮੌਸਮ ਹੋਣ ਕਰਕੇ ਮੈਨੂੰ ਮਲੇਰੀਆ ਵੀ ਹੋ ਗਿਆ ਤੇ ਘਰ ਦੇ ਦੱਸਦੇ ਨੇ ਕਿ ਮੈ ਬੀਮਾਰੀ ਦੀ ਘੂਕੀ ਵਿਚ ਵੀ ਮੁਹਾਰਨੀ ਬੋਲੀ ਜਾਣੀ। ਫਿਰ ਕੁਝ ਸਮਾ ਚੁੱਪ ਚਾਪ ਲੰਘ ਗਿਆ। ਇਕ ਦਿਨ ਸ਼ਰੀਕੇ ਚੋਂ, ਮੇਰੇ ਨਾਲ਼ੋਂ ਥੋਹੜਾ ਕੁ ਵੱਡੀ ਉਮਰ ਦਾ ਮੁੰਡਾ, ਸੰਤੋਖ ਸਿੰਘ, ਜਿਸ ਨੂੰ ਓਦੋਂ ਸਾਰੇ ਸੋਖਾ ਆਂਹਦੇ ਸਨ ਤੇ ਦੂਜੀ ਜਮਾਤ ਵਿਚ ਪੜ੍ਹਦਾ ਸੀ; ਪਤਾ ਨਹੀ ਕਿਉਂ ਬਿਨਾ ਕਿਸੇ ਗੱਲ ਦੇ ਇਕ ਦਿਨ ਮੈਨੂੰ ਖੂਹ ਤੇ ਬੈਠੇ ਨੂੰ, ਲਾਗਿਉਂ ਲੰਘਦਾ ਆਖਣ ਲੱਗਾ, "ਤੂੰ ਦੂਜੀ ਜਮਾਤ ਦੀ ਕਿਤਾਬ ਲੈ ਕੇ ਪੜ੍ਹਨਾ ਸ਼ੁਰੂ ਕਰ ਦੇ!" ਮੈ ਘਰ ਆ ਕੇ ਭਾਈਆ ਜੀ ਨੂੰ ਆਖਿਆ ਤਾਂ ਉਹਨਾਂ ਨੇ ਦਾਣੇ ਚੁੱਕੇ ਤੇ ਨੰਗਲ਼ੋਂ ਜਾ ਕੇ ਦੂਜੀ ਜਮਾਤ ਦੀ ਕਿਤਾਬ ਲਿਆ ਕੇ ਮੈਨੂੰ ਪੜ੍ਹਾਉਣੀ ਸ਼ੁਰੂ ਕਰ ਦਿਤੀ। ਉਸ ਕਿਤਾਬ ਵਿਚਲੀਆਂ ਕੁਝ ਕਹਾਣੀਆਂ ਤੇ ਤਸਵੀਰਾਂ ਅੱਜ ਵੀ ਯਾਦ ਹਨ: ਕਰ ਭਲਾ ਹੋ ਭਲਾ, ਇਹ ਮੇਰੇ ਖਿਡਾਉਣੇ, ਸ਼ੇਰ ਆਇਆ ਆਦਿ। ਮਜੇਦਾਰ ਗੱਲ ਇਹ ਕਿ ਮੈ 'ਖਿਡਾਉਣੇ' ਨੂੰ 'ਖੇਹਡਾਉਣੇ' ਉਚਾਰਿਆ ਕਰਾਂ ਤੇ ਮੇਰਾ ਕਜ਼ਨ ਚਾਚਾ ਜੈਲੋ ਇਕ ਦਿਨ ਆਂਹਦਾ 'ਖੇਹਡਾਉਣੇ' ਨਹੀ 'ਖਿਡਾਉਣੇ' ਪਰ ਮੈ ਆਪਣੀ ਇਸ 'ਮੂਰਖਤਾ' ਤੇ ਅੜਿਆ ਹੀ ਰਿਹਾ ਤੇ ਅਖੀਰ ਉਹ ਵੀ ਫਿਰ ਕੁਝ ਮੰਨਣ ਜਿਹੇ ਦੇ ਅੰਦਾਜ ਵਿਚ, ਕਿਤਾਬ ਵਿਚਲੀ ਫੋਟੋ ਵੱਲ ਨੀਝ ਨਾਲ਼ ਵੇਖ ਕੇ ਆਖਣ ਲੱਗਾ, "ਹਾਂਅਅਅ, ਇਹਨਾਂ ਵਿਚ ਇਕ ਬਾਂਦਰ ਵੀ ਆ। ਬਾਂਦਰ ਖੇਹ ਉਡਾਉਂਦਾ ਹੁੰਦਾ ਏ। ਇਸ ਲਈ ਖੇਹਡਾਉਣੇ ਈ ਹੋਣਗੇ!"
ਮੈਨੂੰ ਯਾਦ ਏ ਕਣਕ ਗੋਡਦਿਆਂ, ਪੱਠੇ ਕੁਤਰਦਿਆਂ ਨਾਲ਼ ਨਾਲ਼ ਮੈਨੂੰ ਭਾਈਆ ਜੀ ਨੇ ਪੁੱਛਦੇ ਰਹਿਣਾ ਫਲਾਣੇ ਦਾ ਨਾਂ ਕਿੱਦਾਂ ਲਿਖਿਆ ਜਾਊ ਤੇ ਫਲਾਣੇ ਦਾ .......। ਮੈ ਜ਼ਬਾਨੀ ਅੱਖਰ ਜੋੜ ਜੋੜ ਕੇ ਦੱਸੀ ਜਾਣਾ। ਇਕ ਸਾਲ ਸੇਂਜੀ ਦੀ ਫਸਲ ਬਹੁਤ ਹੋ ਜਾਣ ਕਾਰਨ ਉਸ ਦੇ ਹਰੇ ਪੱਠੇ ਡੰਗਰਾਂ ਕੋਲ਼ੋਂ ਮੁੱਕੇ ਨਾ ਤੇ ਉਹ ਪੱਕ ਗਈ। ਉਸ ਦਾ ਬੀ ਪਾਣੀ ਵਿਚ ਭਿਉਂ ਕੇ ਪੱਠਿਆਂ ਵਿਚ ਰਲ਼ਾ ਕੇ ਡੰਗਰਾਂ ਨੂੰ ਪਾਉਂਦੇ ਰਹੇ ਤੇ ਉਹ ਬੀ ਡੰਗਰਾਂ ਦੇ ਗੋਹੇ ਵਿਚ ਆ ਗਏ। ਉਸ ਗੋਹੇ ਦੀ ਰੂੜੀ ਕਣਕ ਨੂੰ ਪਾਈ ਤਾਂ ਉਸ ਵਿਚ ਸੇਂਜੀ ਦੀ ਸੰਘਣੀ ਫਸਲ ਹੋ ਗਈ। ਮੈ ਤੇ ਮੇਰੇ ਭਾਈਆ ਜੀ ਉਸ ਕਣਕ ਵਿਚੋਂ ਸੇਂਜੀ ਨੂੰ, ਕਣਕ ਗੋਡਣ ਦੇ ਨਾਲ਼ ਨਾਲ਼, ਪੁੱਟ ਕੇ ਡੰਗਰਾਂ ਨੂੰ ਪਾਇਆ ਕਰਦੇ ਸਾਂ। ਇਕ ਦਿਨ ਬਘਿਆੜਾਂ ਵਾਲ਼ੀ ਪੈਲ਼ੀ ਵਿਚ, ਕਣਕ ਗੋਡਦਿਆਂ ਭਾਈਆ ਜੀ ਨੇ ਪੁੱਛਿਆ, "ਦੱਸ ਵਰਿਆਮ ਸੋਂਹ ਕਿਦਾਂ ਲਿਖਿਆ ਜਾਊ!" ਮੈ ਕਿਹਾ ਵਵਾ ਮੁਕਤਾ ਵ, ਰਾਰੇ ਨੂੰ ਰਿ ਸਿਹਾਰੀ ਰਿ, ਐੜੇ ਨੂੰ ਆ ਕੰਨਾ ਆ, ਮਮਾ ਮੁਕਤਾ ਮ, ਵਰਿਆਮ। ਸੱਸੇ ਨੂੰ ਸੋ ਹੋੜਾ ਉਤੇ ਬਿੰਦੀ ਸੋਂ, ਹਾਹਾ ਮੁਕਤਾ ਹ ਸੋਂਹ।" ਉਹਨਾਂ ਆਖਿਆ, "ਸੋਂਹ ਨਹੀ ਸਿੰਘ।" ਮੈ ਆਖਿਆ, "ਸੱਸੇ ਨੂੰ ਸਿ ਸਿਹਾਰੀ ਉਤੇ ਟਿੱਪੀ ਸਿੰ ਘੱਗਾ ਮੁਕਤਾ ਘ ਸਿੰਘ।"
ਇਸ ਕਿਤਾਬ ਦੀ ਸਮਾਪਤੀ ਤੇ ਮੈਨੂੰ ਫਿਰ ਜਪੁ ਜੀ ਸਾਹਿਬ ਪੜ੍ਹਨ ਲਾਇਆ ਗਿਆ। ਉਹ ਦਿਨ ਮੈਨੂੰ ਯਾਦ ਏ ਜਿਸ ਦਿਨ ਕਵਾਣੇ ਵਿਚ ਭਾਈਆ ਜੀ ਬੈਠੇ ਪੱਠੇ ਰਲ਼ਾ ਰਹੇ ਸਨ ਤੇ ਮੈ ਰੁਮਾਲ ਰਾਹੀਂ ਫੜੇ ਗੁਟਕੇ ਤੋਂ "ਕੇਤੀ ਛੁਟੀ ਨਾਲਿ॥" ਪੜ੍ਹਿਆ ਤਾਂ ਭਾਈਆ ਜੀ ਨੇ ਫ਼ਤਿਹ ਬੁਲਾਉਣ ਲਈ ਆਖਿਆ ਤੇ ਮੈ ਆਖੀ ਜਾਵਾਂ ਇਹ ਤਾਂ ਏਥੇ ਲਿਖਿਆ ਨਹੀ। ਰਹਰਾਸਿ ਆਦਿ ਕੁਝ ਹੋਰ ਬਾਣੀਆਂ ਪੜ੍ਹਾ ਕੇ ਫੇਰ ਪੰਜ ਗ੍ਰੰਥੀ ਨੂੰ ਲਾਇਆ ਗਿਆ। ਲਿਖਣਾ ਤਾਂ ਨਾ ਭਾਈਆ ਜੀ ਨੂੰ ਆਉਂਦਾ ਸੀ ਤੇ ਨਾ ਹੀ ਉਹਨਾਂ ਨੇ ਮੈਨੂੰ ਸਿਖਾਇਆ। ਹਾਂ, ਏਨਾ ਜਰੂਰ ਕਦੀ ਕਦੀ ਆਖਦੇ, "ਲਿਖਾਈ ਤੋਂ ਬਿਨਾ ਬੰਦਾ ਅਧਾ ਪੜ੍ਹਿਆ ਹੁੰਦਾ ਏ।" ਨਾ ਹੀ ਮੈਨੂੰ ਗਿਣਤੀ ਕਰਨੀ ਆਈ। ਹਾਂ, ਉਂਜ ਹਿੰਦਸੇ ਦਸ ਤੱਕ ਦੀ ਪਛਾਣ ਹੋ ਗਈ ਸੀ ਤੇ ਇਸ ਕਰਕੇ ਕਈ ਸਾਲਾਂ ਤੱਕ ਮੈ 101 ਨੂੰ ਦਸ ਇਕ ਯਾਰਾਂ ਹੀ ਪੜ੍ਹਦਾ ਰਿਹਾ।
ਏਸੇ ਦੌਰਾਨ ਕੁਝ ਸਮਾ ਕਿਸੇ ਕਾਰਨ ਕਰਕੇ ਮੈਨੂੰ ਆਪਣੇ ਚਾਚੀ ਜੀ ਦੇ ਪਿੰਡ ਵੈਰੋ ਨੰਗਲ਼ ਵਿਚ ਸਥਿਤ, ਗੁਰਦੁਆਰਾ ਗੁਰੂਆਣਾ ਵਿਚ, ਪੰਜ ਗ੍ਰੰਥੀ ਪੜ੍ਹਨ ਲਈ ਜਾਣਾ ਪਿਆ। ਏਥੇ ਬਹੁਤ ਸਾਰੇ ਹੋਰ ਵਿਦਿਆਰਥੀ ਵੀ ਪੜ੍ਹਦੇ ਸਨ, ਜਿਨ੍ਹਾਂ ਨੂੰ ਭਾਈ ਪਿਆਰਾ ਸਿੰਘ ਜੀ ਪੜ੍ਹਾਉਂਦੇ ਸਨ ਪਰ ਮੈਨੂੰ, ਮੇਰੇ ਭਾਈਆ ਜੀ ਦੇ ਸਨੇਹੀ ਮਿੱਤਰ, ਬਾਬਾ ਦਰਸ਼ਨ ਸਿੰਘ ਜੀ, ਖ਼ੁਦ ਹੀ ਪੜ੍ਹਾਇਆ ਕਰਦੇ ਸਨ। ਬਾਬਾ ਦਰਸ਼ਨ ਸਿੰਘ ਜੀ ਸਾਰੇ ਕੁਝ ਦੇ ਇਨਚਾਰਜ ਆਖ ਲਓ ਜਾਂ ਮਹੰਤ ਜਾਂ ਗ੍ਰੰਥੀ ਸਨ। ਇਹ ਏਸੇ ਪਿੰਡ ਦੇ ਵਸਨੀਕ ਸਨ ਤੇ ਘਰ ਦੇ ਤਿੰਨੇ ਜੀ, ਉਹਨਾਂ ਦੇ ਪਿਤਾ ਜੀ, ਤਾਇਆ ਜੀ ਤੇ ਖ਼ੁਦ, ਸਦਾ ਲਈ ਇਸ ਗੁਰਦੁਆਰੇ ਵਿਚ ਹੀ ਸਾਰੀ ਸੇਵਾ ਕਰਿਆ ਕਰਦੇ ਸਨ। ਗੁਰਦੁਆਰੇ ਦੀ ਜਮੀਨ ਹੋਣ ਕਰਕੇ ਖੇਤੀ ਵੀ ਖ਼ੁਦ ਕਰਿਆ ਕਰਦੇ ਸਨ। ਮੈ ਦਿਨੇ ਗੁਰਦੁਆਰੇ ਵਿਚ ਰਹਿ ਕੇ ਪੜ੍ਹਨ ਤੋਂ ਇਲਾਵਾ, ਬਾਕੀ ਵਿਦਿਆਰਥੀਆਂ ਦੇ ਨਾਲ਼ ਮੇਰੇ ਤੋਂ ਹੋ ਸਕਣ ਵਾਲ਼ਾ ਖੇਤੀ ਦਾ ਕੰਮ ਵੀ ਕਰਵਾਉਦਾ ਤੇ ਰਾਤ ਨੂੰ ਚਾਚੀ ਜੀ ਦੇ ਪੇਕਿਆਂ ਦੇ ਘਰ ਆ ਕੇ ਸੌਂਦਾ ਤੇ ਸਵੇਰੇ ਫੇਰ ਜਾਂਦਾ। ਇਹ ਬਾਬਾ ਦਰਸ਼ਨ ਸਿੰਘ ਜੀ ਬੜੇ ਧਾਰਮਿਕ ਤੇ ਸਾਊ ਬਿਰਤੀ ਵਾਲ਼ੇ ਸਨ। ਮੈ ਕਦੀ ਇਹਨਾਂ ਨੂੰ ਗੁੱਸੇ ਵਿਚ ਨਹੀ ਸੀ ਵੇਖਿਆ। ਇਸ ਗੁਰਦੁਆਰੇ ਵਿਚ ਹੋਰ ਸਾਧੂ, ਸੰਤ, ਵਿਰੱਕਤ ਆਦਿ ਆਉਂਦੇ ਜਾਂਦੇ ਰਹਿੰਦੇ ਸਨ ਤੇ ਜਿੰਨਾ ਚਿਰ ਚਾਹੁਣ ਏਥੇ ਰਹਿ ਕੇ ਫੇਰ ਅੱਗੇ ਚਾਲੇ ਪਾ ਦਿਆ ਕਰਦੇ ਸਨ।
ਅਖੀਰਲੇ ਦਿਨਾਂ ਵਿਚ ਇਹ ਬਾਬਾ ਦਰਸ਼ਨ ਸਿੰਘ ਜੀ ਆਪਣੀ ਪਿੰਡ ਵਾਲ਼ੀ ਜਮੀਨ ਵੇਚ ਕੇ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਵਿਖੇ ਆ ਟਿਕੇ ਸਨ ਤੇ ਉਹਨਾਂ ਪੈਸਿਆਂ ਦੀ ਏਥੇ ਗੁਰਦੁਆਰੇ ਦੇ ਨਾਂ ਹੀ ਜਮੀਨ ਖ੍ਰੀਦ ਕੇ, ਏਥੇ ਖੇਤੀ ਦੇ ਕੰਮ ਦੀ ਸੇਵਾ ਕਰਿਆ ਕਰਦੇ ਸਨ ਤੇ ਫੇਰ 1978 ਦੀ ਵੈਸਾਖੀ ਤੇ ਅੰਮ੍ਰਿਤਸਰ ਦੇ ਨਿਰੰਕਾਰੀ ਕਾਂਡ ਵਿਚ ਸ਼ਹੀਦੀ ਪਾ ਗਏ ਸਨ।
ਇਹਨਾਂ ਤੋ ਇਲਾਵਾ ਏਥੇ ਪੱਕੇ ਤੌਰ ਤੇ ਇਕ ਹੋਰ ਬਜ਼ੁਰਗ ਰਿਹਾ ਕਰਦੇ ਸਨ ਜਿਨ੍ਹਾਂ ਦਾ ਨਾਂ ਤਾਂ ਭਾਈ ਬਹਾਦਰ ਸਿੰਘ ਸੀ ਪਰ ਸਾਰੇ ਉਹਨਾਂ ਨੂੰ 'ਬਾਬਾ ਥੜ੍ਹੇ ਬੰਨ੍ਹ' ਹੀ ਆਖਿਆ ਕਰਦੇ ਸਨ। ਉਹਨਾਂ ਦਾ ਕੰਮ ਸੀ ਭਾਰੇ ਬਿਰਛਾਂ ਦੇ ਥੱਲੇ, ਉਹਨਾਂ ਦੇ ਤਣੇ ਦੇ ਆਲ਼ੇ ਦੁਆਲ਼ੇ ਥੜ੍ਹਾ ਬੰਨ੍ਹ ਦੇਣਾ ਤਾਂ ਕਿ ਦਰੱਖ਼ਤ ਦੀ ਸੰਭਾਲ਼ ਦੇ ਨਾਲ਼ ਨਾਲ਼ ਉਸ ਥੜ੍ਹੇ ਉਪਰ ਆਦਮੀ ਵੀ ਬੈਠ ਸਕਣ। ਨਾਲ਼ ਉਹ ਗੁਰਦੁਆਰੇ ਦੇ ਤਲਾ ਵਿਚੋਂ ਖ਼ੁਦ ਵੀ ਮਿੱਟੀ ਕਢਿਆ ਕਰਦੇ ਸਨ ਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਇਸ ਸੇਵਾ ਵਿਚ ਲਾਇਆ ਕਰਦੇ ਸਨ। ਇਕ ਦਿਨ ਤਲਾ ਦੇ ਕੱਚੇ ਕੰਢੇ ਉਪਰ ਬੈਠਿਆਂ ਮੈਨੂੰ ਆਖਣ ਲੱਗੇ, "ਸੁਣਿਆ ਏ ਤੈਨੂੰ ਸਾਰਾ ਜਪੁ ਜੀ ਸਾਹਿਬ ਜ਼ਬਾਨੀ ਯਾਦ ਏ!" ਮੇਰੇ, "ਹਾਂ ਜੀ" ਆਖਣ ਤੇ ਆਂਹਦੇ, "ਤੇ ਸ਼ਬਦ ਹਜਾਰੇ ਨਹੀ ਯਾਦ?" ਫਿਰ ਮੈਨੂੰ ਇਹਨਾਂ ਦੇ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰੇ ਜਾਣ ਦੀ ਟ੍ਰੈਡੀਸ਼ਨਲ ਸਾਖੀ ਤੇ ਇਹਨਾਂ ਦਾ ਪੂਰਾ ਪਾਠ ਸੁਣਾ ਕੇ ਆਖਿਆ, "ਬੱਸ ਏਨਾ ਈ ਕੰਮ ਏ; ਤੂੰ ਬੱਸ ਇਹਨਾਂ ਨੂੰ ਯਾਦ ਕਰਨ ਲੈ।" ਮੈ "ਚੰਗਾ ਜੀ", ਆਖ ਕੇ ਖਹਿੜਾ ਛੁਡਾਉਣਾ ਠੀਕ ਸਮਝਿਆ।
ਏਥੇ ਕਿਸੇ ਆਏ ਸਾਧੂ ਤੋਂ ਪਤਾ ਲੱਗਾ ਕਿ ਜਵਾਰ ਨੂੰ ਮੱਕੀ ਆਖਦੇ ਹਨ। ਆਪਣੇ ਬਾਰੋਂ ਆਏ ਕਜ਼ਨ ਚਾਚਿਆਂ ਦੇ ਮੂਹੋਂ ਮਕੱਈ ਤਾਂ ਸੁਣਿਆ ਸੀ ਪਰ ਇਹ ਗਿਆਨ ਵਿਚ ਨਵਾਂ ਹੀ ਵਾਧਾ ਹੋਇਆ। ਪਹਿਲਾਂ ਤਾਂ ਮੈ ਇਸ ਨੂੰ ਮੱਖੀ ਹੀ ਸਮਝਦਾ ਰਿਹਾ ਪਰ ਉਸ ਸੰਤ ਜੀ ਵੱਲੋਂ ਬਹੁਤੀ ਵਾਰੀਂ ਬੋਲ ਕੇ ਤੇ ਫਿਰ ਇਸ ਦੇ ਦਾਣਿਆਂ ਉਪਰ ਹੱਥ ਲਾ ਕੇ ਦੱਸਣ ਤੇ ਹੀ ਮੈਨੂੰ ਸਮਝ ਲੱਗੀ।
ਏਥੇ ਕੁਝ ਕੁੱਤੇ ਤੇ ਇਕ ਕੁੱਕੜ ਵੀ ਹੁੰਦਾ ਸੀ। ਇਸ ਕੁੱਕੜ ਅਤੇ ਇਕ ਚਿੱਟੇ ਰੰਗ ਦੇ ਜਵਾਨ ਕੁੱਤੇ ਦੀ ਕਈ ਵਾਰੀਂ ਲੜਾਈ ਹੋਣੀ ਤੇ ਕੁੱਕੜ ਨੇ ਕੁੱਤੇ ਦੀ 'ਭਿਆਂ ਬੁਲਾ' ਦੇਣੀ। ਹਰੇਕ ਵਾਰ ਦੀ ਲੜਾਈ ਵਿਚ ਕੁੱਕੜ ਦਾ ਹੱਥ ਉਤੇ ਹੀ ਰਹਿਣਾ।
ਦੋ ਮਾਮੂਲੀ ਜਿਹੀਆਂ ਘਟਨਾਵਾਂ ਮੇਰੀ 'ਵਿੱਦਿਆ' ਨਾਲ਼ ਸਬੰਧਤ ਹੋਰ ਵੀ ਏਥੇ ਵਰਨਣ ਯੋਗ ਵਰਤੀਆਂ। ਇਕ ਦਿਨ ਇਕ ਵਿਅਕਤੀ ਚੰਗੇ ਕੱਪੜੇ ਪਹਿਨੇ, ਚੰਗੇ ਸਾਈਕਲ ਦਾ ਮਾਲਕ, ਗੱਲ ਗੱਲ ਵਿਚ ਸ਼ਬਦ 'ਬਜ਼ੁਰਗ' ਵਰਤੇ। ਮੈ ਸੋਚਾਂ ਕਿ ਜ਼ ਤਾਂ ਅੱਖਰ ਈ ਕੋਈ ਨਹੀ, ਇਹ ਕੇਹੜਾ ਅੱਖਰ ਬੋਲੀ ਜਾਂਦਾ ਹੈ। ਬਹੁਤ ਚਿਰ ਪਿਛੋਂ ਜਾ ਕੇ ਸਮਝ ਆਈ ਕਿ ਜ ਦੇ ਪੈਰ ਵਿਚ ਬਿੰਦੀ ਲਾਈਏ ਤਾਂ ਜ਼ ਹੀ ਬੋਲਿਆ ਜਾਂਦਾ ਹੈ। ਭਾਈਆ ਜੀ ਨੂੰ ਪੈਂਤੀ ਤੋਂ ਬਾਹਰਲੇ ਪੰਜ ਅੱਖਰ ਸ਼ਾਇਦ ਆਉਂਦੇ ਨਹੀ ਸਨ ਤੇ ਜਾਂ ਸ਼ਾਇਦ ਗੁਰਬਾਣੀ ਵਿਚ ਇਹਨਾਂ ਦੀ ਵਰਤੋਂ ਨਾ ਹੋਣ ਕਰਕੇ, ਉਹਨਾਂ ਨੇ ਮੈਨੂੰ ਸਿਖਾਉਣ ਦੀ ਲੋੜ ਹੀ ਨਹੀ ਸੀ ਸਮਝੀ।
ਇਕ ਦੂਜੀ ਘਟਨਾ ਚੇਤੇ ਆ ਕੇ ਤਾਂ ਮੈਨੂੰ ਉਸ ਬਜ਼ੁਰਗ ਤੇ ਤਰਸ ਅਤੇ ਖ਼ੁਦ ਤੇ ਗੁੱਸਾ ਆਉਂਦਾ ਹੈ। ਇਕ ਦਿਨ ਇਕ ਬਜ਼ੁਰਗ ਨੇ ਮੈਨੂੰ ਪੁੱਛਿਆ, "ਕੀ ਤੈਨੂੰ ਗੁਰਮੁਖੀ ਦੇ ਸਾਰੇ ਅੱਖਰ ਆਉਂਦੇ ਨੇ?" ਮੇਰੇ ਹਾਂ ਆਖਣ ਤੇ ਉਸ ਨੇ ਜ਼ਮੀਨ ਤੇ ਸ ਲਿਖ ਕੇ ਪੈਰ ਵਿਚ ਬਿੰਦੀ ਪਾਕੇ ਸ਼ ਬਣਾ ਕੇ ਪੁੱਛਿਆ, "ਇਹ ਕੇਹੜਾ ਅੱਖਰ ਹੈ?" ਮੈ ਫੌਰਨ ਤੋਂ ਵੀ ਪਹਿਲਾਂ ਤਿੜ ਕੇ ਆਖਿਆ ਸੱਸੇ ਪੈਰ ਬਿੰਦੀ। ਉਹ ਆਖੇ ਨਹੀ ਇਹ ਸ਼ ਹੈ ਤੇ ਮੈ ਜਿਦੀ ਜਾਵਾਂ ਕਿ ਨਹੀ; ਉਹ ਤੇ ਛ ਹੁੰਦਾ ਹੈ। ਵਿਚਾਰੇ ਨੇ ਬਹੁਤ ਹੀ ਜੋਰ ਤੇ ਸਮਾ ਲਾਇਆ ਮੈਨੂੰ ਸਮਝਾਉਣ ਤੇ; ਪਰ ਮੈ ਟੱਸ ਤੋਂ ਮੱਸ ਨਾ ਹੋਇਆ। ਅਖੀਰ ਵਿਚਾਰੇ ਨੂੰ ਅਣਸੁਖਾਵੀਂ ਜਿਹੀ ਚੁੱਪ ਹੀ ਧਾਰਨੀ ਪਈ। ਜਦੋਂ ਵੀ ਮੈਨੂੰ ਇਹ ਸੀਨ ਤੇ ਉਸ ਬਜ਼ੁਰਗ ਦਾ ਮਾਯੂਸ ਚੇਹਰਾ ਚੇਤੇ ਆਉਂਦਾ ਏ ਤਾਂ ਆਪਣੇ ਆਪ ਤੇ ਬੜੀ ਗ਼ਿਲਾਨੀ ਜਿਹੀ ਮਹਿਸੂਸ ਹੁੰਦੀ ਏ। ਮੈ ਏਨਾ ਮੂਰਖ ਸੀ ਕਿ ਥੋਹੜੀ ਸਮਝ ਕਾਰਨ ਗ਼ਲਤ ਗੱਲ ਤੇ ਅੜ ਕੇ, ਉਸ ਬਜ਼ੁਰਗ ਨੂੰ ਮੈ ਕਿੰਨਾ ਨਿਰਾਸ ਕੀਤਾ!
ਏਸੇ ਇਤਿਹਾਸਕ ਧਾਰਮਿਕ ਸਥਾਨ ਤੇ ਹੀ, ਹਰ ਮਹੀਨੇ ਲੱਗਣ ਵਾਲ਼ੇ ਮੱਸਿਆ ਦੇ ਮੇਲੇ ਸਮੇ ਆਉਣ ਵਾਲ਼ੇ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਪਾਸੋਂ ਸਿੱਖਾਂ ਦੇ ਪ੍ਰਸੰਗ ਸੁਣਨ ਨੂੰ ਪਹਿਲੀ ਵਾਰ ਮਿਲ਼ੇ। ਰਾਗੀ ਜਥੇ ਦਾ ਮਤਲਬ ਅੱਜ ਦਾ ਰਾਗੀ ਜਥਾ ਨਹੀ ਬਲਕਿ ਉਸ ਸਮੇ ਇਕ ਮੁਖੀ ਸੱਜਣ ਖਲੋ ਕੇ ਟੇਬਲ ਉਤੇ ਵਾਜਾ ਰੱਖ ਕੇ ਗਾਇਆ ਕਰਦਾ ਸੀ ਤੇ ਥੱਲੇ ਬੈਠੇ, ਇਕ ਢੋਲਕੀ ਵਾਲਾ ਤੇ ਦੋ ਚਿਮਟਿਆਂ ਵਾਲ਼ੇ, ਉਸ ਦੇ ਮਗਰ ਬੋਲਿਆ ਕਰਦੇ ਸਨ ਤੇ ਮੁਖੀ ਵਾਜੇ ਵਾਲ਼ਾ ਢਾਡੀ ਸਿੰਘਾਂ ਵਾਂਗ ਪ੍ਰਸੰਗ ਸੁਣਾਇਆ ਕਰਦਾ ਸੀ। ਸਿੱਖਾਂ ਦੇ ਦੋ ਵੱਡੇ ਲੀਡਰ, ਸੰਤ ਫ਼ਤਿਹ ਸਿੰਘ ਜੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ਼ ਵੀ, ਆਪਣੇ ਸਮੇ, ਇਸ ਪ੍ਰਕਾਰ ਦਾ ਹੀ ਕੀਰਤਨ ਕਰਿਆ ਕਰਦੇ ਸਨ।
****
No comments:
Post a Comment