ਅਕਾਲੀ ਲੀਡਰਸ਼ਿਪ ਤੇ ਸ. ਕੈਰੋਂ ਦਾ ਆਖਰੀ ਤੇ ਅਸਫ਼ਲ ਹਮਲਾ


1971 ਦੀਆਂ ਸਰਦੀਆਂ ਦਾ ਵਾਕਿਆ ਹੈ। ਅੰਮ੍ਰਿਤਸਰੋਂ, ਉਸ ਸਮੇ ਦੇ ਖ਼ਜ਼ਾਨਾ ਮੰਤਰੀ ਸ. ਬਲਵੰਤ ਸਿੰਘ ਦੀ ਸਰਕਾਰੀ ਕਾਰ ਵਿਚ ਜਲੰਧਰ ਵੱਲ ਜਾ ਰਹੇ ਸਾਂ। ਪਿਛਲੀ ਸੀਟ ਤੇ, ਦਸਤੂਰ ਅਨੁਸਾਰ, ਖੱਬੇ ਹੱਥ ਸ. ਬਲਵੰਤ ਸਿੰਘ ਤੇ ਉਹਨਾਂ ਦੇ ਨਾਲ਼ ਸੱਜੇ ਹੱਥ ਸ. ਗੁਰਚਰਨ ਸਿੰਘ ਟੌਹੜਾ ਬੈਠੇ ਹੋਏ ਸਨ ਤੇ ਅਗਾੜੀ ਡਰਾਈਵਰ ਨਾਲ਼ ਮੈ ਬੈਠਾ ਸਾਂ। ਆਦਤ ਅਨੁਸਾਰ ਹੀ ਮੈ ਸਰਦਾਰ ਟੌਹੜਾ ਜੀ ਨੂੰ ਪੁੱਛ ਲਿਆ ਕਿ ਜੇ 27 ਮਈ 1964 ਨੂੰ ਪੰਡਤ ਨਹਿਰੂ ਨਾ ਮਰਦਾ ਤਾਂ ਸਿੱਖ ਲੀਡਰਸ਼ਿਪ ਦਾ ਕੀ ਸਰੂਪ ਹੁੰਦਾ! ਉਤਰ ਵਿਚ ਆਪਣੇ ਸਪੱਸ਼ਟਵਾਦੀ ਸੁਭਾ ਅਨੁਸਾਰ ਉਹਨਾਂ ਸੰਖੇਪ ਜਵਾਬ ਦਿੰਦਿਆਂ ਆਖਿਆ ਕਿ ਫਿਰ ਸਿੱਖਾਂ ਦੀ ਲੀਡਰਸ਼ਿਪ ਮੌਜੂਦਾ ਨਾ ਹੋ ਕੇ ਕੋਈ ਹੋਰ ਹੁੰਦੀ।
ਇਸ ਗੱਲ ਦਾ ਪਿਛੋਕੜ ਇਉਂ ਹੈ: 1960 ਦੇ ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਸਟਰ ਜੀ ਨੂੰ ਤਾਂ ਅਧੀ ਰਾਤ ਨੂੰ ਉਹਨਾਂ ਦੇ ਘਰੋਂ ਹੀ ਟਰੱਕ ਵਿਚ ਲੱਦ ਕੇ ਪੁਲੀਸ ਲੈ ਗਈ। ਇਹ ਵਾਕਿਆ ਮੇਰੇ ਸਾਹਮਣੇ ਹੋਇਆ। ਮੈ ਓਹਨੀਂ ਦਿਨੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਹੋਣ ਕਰਕੇ ਓਥੇ ਮੌਜੂਦਾ ਸਾਂ। ਮਾਸਟਰ ਜੀ ਦੇ ਘਰ ਤੇ ਕਾਲਜ ਦੀ ਕੰਧ ਸਾਂਝੀ ਹੈ। ਅਸੀਂ, ਇਸ ਗ੍ਰਿਫ਼ਤਾਰੀ ਵਿਰੁਧ ਰੋਸ ਵਜੋਂ, "ਜਿੰਦਾਬਾਦ, ਮੁਰਦਾਬਾਦ" ਕਰਦੇ ਹੀ ਰਹਿ ਗਏ ਤੇ ਪੁਲਸ ਦਾ ਟਰੱਕ ਮਾਸਟਰ ਜੀ ਨੂੰ ਕਾਬੂ ਕਰਕੇ, ਸਾਡੀਆਂ ਅੱਖਾਂ ਦੇ ਸਾਹਮਣੇ, "ਅਹੁ ਗਿਆ, ਅਹੁ ਗਿਆ” ਹੋ ਗਿਆ। ਅਗਲੇ ਦਿਨ ਅਖ਼ਬਾਰ ਤੋਂ ਪਤਾ ਲੱਗਾ ਕਿ ਹਜਾਰਾਂ ਹੀ ਅਕਾਲੀ
ਵਰਕਰ ਉਸ ਰਾਤ ਫੜ ਕੇ ਜੇਹਲਾਂ ਵਿਚ ਤੁੰਨ ਦਿਤੇ ਗਏ ਸਨ। ਸੋ ਸੱਠ ਵਾਲ਼ਾ ਪੰਜਾਬੀ ਸੂਬੇ ਦਾ ਮੋਰਚਾ ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਵਿਚ ਚੱਲਿਆ। ਸੰਤ ਜੀ ਨੇ ਸੂਝਵਾਨ ਸਾਥੀਆਂ ਦੀ ਸਲਾਹ ਨਾਲ਼ ਮੋਰਚੇ ਨੂੰ ਇਸ ਢੰਗ ਨਾਲ਼ ਅਫਿਰਕੂ ਰੂਪ ਦੇ ਦਿਤਾ ਕਿ ਇਸ ਦੀ ਵਿਰੋਧਤਾ ਕਰਨ ਲਈ ਕਿਸੇ ਕੋਲ਼ ਕੋਈ ਦਲੀਲ ਨਾ ਬਚੀ। ਸਿਰਫ ਦੋ ਪਾਰਟੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਤੇ ਜਥੇਬੰਦੀਆਂ ਇਸ ਦੀ ਹਮਾਇਤ ਕਰਨ ਲਗ ਪਈਆਂ। ਕਾਂਗਰਸ ਤੋਂ ਇਲਾਵਾ ਸਿਰਫ ਜਨਸੰਘ ਪਾਰਟੀ ਹੀ ਵਿਰੋਧੀ ਰਹਿ ਗਈ ਸੀ ਜੋ ਕਿ ਉਸ ਸਮੇ ਦੇ ਪੰਜਾਬ ਵਿਚ ਹਿਮਾਂਚਲ ਨੂੰ ਸ਼ਾਮਲ ਕਰਕੇ ਮਹਾਂ ਪੰਜਾਬ ਬਣਾਉਣ ਦੀ ਹਿਮਾਇਤੀ ਸੀ। ਸੰਤ ਜੀ ਦੀ ਅਗਵਾਈ ਹੇਠ ਅੱਠ ਕੁ ਮਹੀਨੇ ਦੇ ਕਰੀਬ ਇਹ ਸ਼ਾਂਤਮਈ ਮੋਰਚਾ ਚੱਲਿਆ। ਰੀਕਾਰਡ ਤੋੜ ਗਿਣਤੀ ਵਿਚ ਮਾਈ ਭਾਈ ਜੇਹਲਾਂ ਵਿਚ ਗਏ। ਕੈਰੋਂ ਸਰਕਾਰ ਨੇ ਜ਼ੁਲਮਾਂ ਦੀ ਵੀ ਹੱਦ ਮੁਕਾ ਦਿਤੀ। ਬਠਿੰਡਾ ਜੇਹਲ ਵਿਚ ਬੰਦ ਅਕਾਲੀ ਕੈਦੀਆਂ ਉਪਰ ਵੀ ਗੋਲ਼ੀ ਚਲਾ ਕੇ ਕੁਝ ਮਾਰ ਦਿਤੇ।
ਲੋਕਾਂ ਵਿਚ ਉਤਸ਼ਾਹ ਭਰਨ ਲਈ ਤੇ ਸਰਕਾਰ ਤੇ ਦਬਾ ਪਾਉਣ ਲਈ ਸੰਤ ਜੀ ਨੇ ਮਰਨ ਵਰਤ ਰੱਖ ਦਿਤਾ। ਪੰਡਤ ਨਹਿਰੂ ਦੇ ਥਾਪੜੇ ਨਾਲ਼ ਕੈਰੋਂ ਦੀ ਚਾਣਕਿਆ ਨੀਤੀ ਕੰਮ ਕਰ ਗਈ। ਉਸ ਨੇ ਮਾਸਟਰ ਜੀ ਨੂੰ ਜੇਹਲੋਂ ਅੰਮ੍ਰਿਤਸਰ ਲਿਆ ਛੱਡਿਆ ਤੇ ਮਾਸਟਰ ਜੀ ਨੇ ਸੰਤ ਜੀ ਦਾ ਵਰਤ ਛੁਡਾ ਦਿਤਾ। ਲਾਰੇ ਲੱਪੇ ਤੋਂ ਇਲਾਵਾ ਮਿਲ਼ਿਆ ਮਿਲ਼ਾਇਆ ਕੁਝ ਨਾ। ਸਭ ਕੁਰਬਾਨੀਆਂ ਭੰਗ ਦੇ ਭਾੜੇ ਗਈਆਂ। ਸਿੱਖ ਜਨਤਾ ਵਿਚ ਨਿਰਾਸਤਾ ਪੈਦਾ ਹੋ ਗਈ ਤੇ ਸਿੱਖ ਹਿਰਦਿਆਂ ਚੋਂ ਮਾਸਟਰ ਜੀ ਦੀ ਕਦਰ ਘੱਟ ਗਈ। ਸੰਤ ਜੀ ਦਾ ਸਤਿਕਾਰ ਵਧ ਗਿਆ। ਕਿਸੇ ਨਾ ਕਿਸੇ ਤਰ੍ਹਾਂ ਨੱਪ ਘੁੱਟ ਕੇ ਤੇ ਖਿੱਚ ਧੂਹ ਕੇ ਇਹ ਬਾਹਰੀ ਏਕਤਾ ਬਣੀ ਰਹੀ ਤੇ ਅਕਾਲੀ ਦਲ ਨੇ 1962 ਦੀਆਂ ਚੋਣਾਂ ਵੀ ਬਾਕੀ ਪਾਰਟੀਆਂ ਨਾਲ਼ ਰਲ਼ ਕੇ ਕਾਂਗਰਸ ਦੇ ਖਿਲਾਫ਼ ਲੜ ਲਈਆਂ। ਸੰਤ ਜੀ ਨੇ ਖ਼ੁਦ ਇਨਚਾਰਜ ਬਣ ਕੇ, ਸਰਹਾਲੀ ਤੋਂ ਸਰਦਾਰ ਕੈਰੋਂ ਨੂੰ ਤੇ ਪੱਟੀ ਤੋਂ ਉਸ ਦੇ ਜੀਜੇ, ਸ. ਹਰਦੀਪ ਸਿੰਘ ਨੂੰ ਹਰਾ ਦਿਤਾ। ਇਹ ਵੱਖਰੀ ਗੱਲ ਹੈ ਕਿ ਆਪ ਕੈਰੋਂ ਧੱਕੇ ਨਾਲ਼ 34 ਵੋਟਾਂ ਤੇ ਜਿੱਤਣ ਦਾ ਐਲਾਨ ਕਰਵਾਉਣ 'ਚ ਸਫਲ ਹੋ ਗਿਆ ਤੇ ਪੱਟੀ ਤੋਂ ਅਕਾਲੀ ਜੇਤੂ ਉਮੀਦਵਾਰ, ਸ. ਹਜਾਰਾ ਸਿੰਘ ਗਿੱਲ ਨੂੰ ਜੇਹਲ ਵਿਚੋਂ ਹੀ ਨਾ ਨਿਕਲਣ ਦਿਤਾ।
ਅਕਾਲੀਆਂ ਦੀ ਅੰਦਰੇ ਅੰਦਰ ਖਿਚੜੀ ਰਿਝਦੀ ਰਹੀ। ਅਖੀਰ ਜ. ਜੀਵਨ ਸਿੰਘ ਉਮਰਾਨੰਗਲ਼ ਤੇ ਸ. ਲਛਮਣ ਸਿੰਘ ਗਿੱਲ ਨੇ ਬਿੱਲੀ ਥੈਲਿਉਂ ਬਾਹਰ ਲੈ ਆਂਦੀ ਤੇ ਬੀਂਡੀ ਜੁੱਪ ਕੇ ਦਲ ਨੂੰ ਦੋਫਾੜ ਕਰ ਲਿਆ। ਇਸ ਧੜੇ ਦੀ ਅਗਵਾਈ ਸੰਤ ਫ਼ਤਿਹ ਸਿੰਘ ਨੇ ਕਰਨ ਲਈ ਸਹਿਮਤੀ ਦੇ ਦਿਤੀ ਤੇ ਸ਼੍ਰੋਮਣੀ ਕਮੇਟੀ ਤੇ ਕਬਜੇ ਦੀ ਦੌੜ ਸ਼ੁਰੂ ਹੋ ਗਈ। ਆਮ ਵਾਂਗ ਹੀ ਕਾਂਗਰਸ ਤੇ ਉਸ ਦੀ ਸਰਕਾਰ ਨੇ ਸਥਾਪਤ ਲੀਡਰਸ਼ਿਪ ਦੇ ਉਲ਼ਟ ਸੰਤ ਗਰੁਪ ਦੀ ਗੁਪਤ ਸਹਾਇਤਾ ਕੀਤੀ। 2 ਅਕਤੂਬਰ 1962 ਨੂੰ ਮਾਸਟਰ ਜੀ ਦੇ ਗਰੁਪ ਦੇ ਪ੍ਰਧਾਨ, ਸ. ਕ੍ਰਿਪਾਲ ਸਿੰਘ ਚੱਕ ਸ਼ੇਰਾ ਨੂੰ ਸੰਤ ਜੀ ਦੇ ਉਮੀਦਵਾਰ, ਸੰਤ ਚੰਨਣ ਸਿੰਘ ਜੀ ਨੇ, ਦੋ ਵੋਟਾਂ ਤੇ ਹਾਰ ਦੇ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਖੋਹ ਲਈ। ਇਉਂ ਸਿੱਖਾਂ ਦੇ ਆਗੂ ਬਣ ਕੇ, ਮਾਸਟਰ ਜੀ ਦੀ ਥਾਂ, ਸੰਤ ਫ਼ਤਿਹ ਸਿੰਘ ਪਰਗਟ ਤੌਰ ਤੇ ਸਾਹਮਣੇ ਆ ਗਏ।
ਕਾਂਗਰਸ ਵਿਰੋਧੀ ਸਾਰੀਆਂ ਪਾਰਟੀਆਂ ਦਾ ਸਮਝੌਤਾ ਸੀ ਕਿ ਜਿਥੇ ਜਿਸ ਪਾਰਟੀ ਦਾ ਮੌਜੂਦਾ ਐਮ. ਐਲ. ਏ. ਹੈ ਜਾਂ ਜਿਸ ਪਾਰਟੀ ਦੇ ਉਮੀਦਵਾਰ ਨੇ ਬਾਕੀਆਂ ਤੋਂ ਵਧ ਵੋਟਾਂ ਲਈਆਂ ਹੋਣ ਓਥੇ ਸਾਰੀਆਂ ਪਾਰਟੀਆਂ ਦਾ ਉਹ ਸਾਂਝਾ ਉਮੀਦਵਾਰ ਹੋਵੇਗਾ। ਇਸ ਦੌਰਾਨ ਜ਼ਿਲਾ ਸੰਗਰੂਰ ਵਿਚ ਕਮਿਊਨਿਸਟ ਐਮ. ਐਲ. ਏ. ਸ. ਸੰਪੂਰਨ ਸਿੰਘ ਧੌਲਾ ਦੀ ਮੌਤ ਕਾਰਨ ਖਾਲੀ ਹੋਈ ਸੀਟ ਤੇ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਦੀ ਹਿਮਾਇਤ ਕੀਤੀ ਗਈ। ਪਦਵੀ ਤੇ ਸੁਭਾ ਅਨੁਸਾਰ ਹੀ ਸੰਤ ਫ਼ਤਿਹ ਸਿੰਘ ਜੀ ਇਸ ਮੁਹਿਮ ਦੇ ਆਗੂ ਸਨ। ਉਹਨਾਂ ਦਾ ਡੇਰਾ ਕਾਰ ਵਿਚ ਹੀ ਹੁੰਦਾ ਸੀ। ਕਾਰ ਵਿਚ ਖਾ ਲੈਣਾ ਤੇ ਕਾਰ ਵਿਚ ਹੀ ਲੱਤਾਂ ਕਠੀਆਂ ਕਰਕੇ ਸੌਂ ਜਾਣਾ। ਮੈਨੂੰ ਸੰਤ ਜੀ ਨੇ ਆਪਣੀ ਜ਼ਬਾਨੀ ਦੱਸਿਆ ਕਿ ਚੋਣ ਜਲਸਿਆਂ ਵਾਸਤੇ ਸਰਕਾਰੀ ਸਾਧਨਾਂ ਨਾਲ਼ ਸਜਾਈ ਸਟੇਜ ਤੇ, ਅਖੀਰਲੀ ਸਪੀਚ ਸਰਦਾਰ ਕੈਰੋਂ ਦੀ ਹੋਣੀ ਤੇ ਮੈ ਆਪਣੀ ਕਾਰ ਉਸ ਦੀ ਸਪੀਚ ਦੌਰਾਨ, ਹੌਲ਼ੀ ਹੌਲ਼ੀ ਉਸ ਦੀ ਸਟੇਜ ਦੇ ਪਿਛੇ ਲੈ ਜਾਣੀ। ਉਸ ਦੀ ਸਪੀਚ ਦੇ ਅਖੀਰ ਜਿਹੇ ਤੇ ਹੌਲ਼ੀ ਜਿਹੀ ਸਟੇਜ ਤੇ ਜਾ ਚੜ੍ਹਨਾ ਤੇ ਉਸ ਦੇ 'ਜੈ ਹਿੰਦ' ਆਖਣ ਪਿਛੋਂ ਮਾਈਕ ਤੇ ਜਾ ਕੇ ਆਖਣਾ, "ਭਾਈਓ, ਤੁਸੀਂ ਸਰਕਾਰੀ ਪੱਖ ਸੁਣ ਲਿਆ ਹੈ। ਹੁਣ ਮੇਰੀ ਗੱਲ ਵੀ ਜਾਂਦੇ ਜਾਂਦੇ ਸੁਣ ਜਾਇਓ।" ਲੋਕਾਂ ਨੇ ਹੈਰਾਨੀ ਨਾਲ਼ ਬੈਠੇ ਰਹਿਣਾ ਤੇ ਮੈ ਕੈਰੋਂ ਦੀ ਸਾਰੀ ਸਪੀਚ ਤੇ ਕਾਂਟਾ ਫੇਰ ਦੇਣਾ।
ਖੈਰ, ਸੀਟ ਤਾਂ ਕਾਂਗਰਸ ਨੇ ਸਰਕਾਰੀ ਸਾਧਨਾਂ ਨਾਲ਼ ਜਿੱਤ ਹੀ ਜਾਣੀ ਸੀ, ਸੋ ਜਿੱਤ ਲਈ ਪਰ ਇਸ ਤੋਂ ਸਰਦਾਰ ਕੈਰੋਂ ਗੁੱਸਾ ਖਾ ਗਿਆ। ਉਸ ਨੇ ਸੋਚਿਆ, "ਮੇਰੀ ਬਿੱਲੀ ਮੈਨੂੰ ਹੀ ਮਿਆਊਂ!" ਅਰਥਾਤ ਮੈ ਮਾਸਟਰ ਦੇ ਮੁਕਾਬਲੇ ਸੰਤ ਨੂੰ ਸਿੱਖਾਂ ਦਾ ਲੀਡਰ ਬਣਾਇਆ ਤੇ ਇਹ ਸਾਧ ਮੇਰੀਆਂ ਹੀ ਲੱਤਾਂ ਨੂੰ ਪੈ ਗਿਆ! ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਕਰਕੇ ਉਹ ਸੰਤ ਜੀ ਤੋਂ ਔਖਾ ਸੀ ਪਰ ਮਾਸਟਰ ਜੀ ਨਾਲ਼ ਨਿਜੀ ਵਿਰੋਧ ਕਰਕੇ ਉਹ ਗੁਪਤ ਤੌਰ ਤੇ ਸੰਤ ਗਰੁਪ ਦੀ ਸਹਾਇਤਾ ਕਰਦਾ ਸੀ ਤਾਂ ਕਿ ਮਾਸਟਰ ਜੀ ਮੁੜ ਅੱਗੇ ਨਾ ਆ ਜਾਣ। ਇਸ ਦੇ ਇਵਜ ਵਿਚ ਸੰਤ ਜੀ ਦੀ ਸਵੱਲੀ ਨਜਰ ਦਾ ਚਾਹਵਾਨ ਸੀ ਪਰ ਸੰਤ ਜੀ ਆਪਣੇ ਬੇਪਰਵਾਹ ਸੁਭਾ ਅਨੁਸਾਰ ਉਸ ਨੂੰ ਪੱਠੇ ਨਹੀ ਸਨ ਪਾਉਂਦੇ। ਪਹਿਲਾਂ ਤਾਂ ਸੰਤ ਜੀ ਨੇ ਦੋਹਾਂ ਹਲਕਿਆਂ ਦੇ ਇਨਚਾਰਜ ਬਣ ਕੇ ਉਸ ਨੂੰ ਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਹਰਾ ਦਿਤਾ। ਬੜੀ ਤਿਕੜਮ ਨਾਲ਼ ਉਸ ਨੇ ਆਪਣੀ ਜਿੱਤ ਨੂੰ ਭਾਵੇਂ ਡਿਕਲੇਅਰ ਤਾਂ ਕਰਵਾ ਲਿਆ ਪਰ ਦੇਸ਼ ਵਿਚ ਉਸ ਦੀ ਗੁੱਡੀ ਪਹਿਲੀ ਉਚਾਈ ਉਪਰ ਨਾ ਚੜ੍ਹੀ ਰਹਿ ਸਕੀ।
1962 ਦੀਆਂ ਚੋਣਾਂ ਵਿਚ ਅਕਾਲੀ 20 ਜਿੱਤੇ। ਇਕ ਨੂੰ ਅਨਾਊਂਸ ਨਹੀ ਹੋਣ ਦਿਤਾ ਤੇ ਦੂਜੇ ਨੂੰ ਜੇਹਲ ਵਿਚੋਂ ਨਿਕਲ਼ ਕੇ ਸਹੁੰ ਹੀ ਨਾ ਚੁੱਕਣ ਦਿਤੀ। ਇਸ ਤਰ੍ਹਾਂ ਅਕਾਲੀ ਮੈਬਰ 18 ਰਹਿ ਗਏ। ਪੰਜਾਬ ਕਾਂਗਰਸ ਦਾ ਮੀਤ ਪ੍ਰਧਾਨ, ਚੌਧਰੀ ਦੇਵੀ ਲਾਲ ਟਿਕਟਾਂ ਦੀ ਵੰਡ ਤੋਂ, ਕੈਰੋਂ ਨਾਲ਼ ਨਾਰਾਜ ਹੋ ਕੇ ਵੱਖਰੀ ਪਾਰਟੀ ਬਣਾ ਕੇ, ਮੌਜੂਦਾ ਹਰਿਆਣੇ ਦੇ ਏਰੀਏ ਦੀਆਂ ਸੀਟਾਂ ਤੇ  ਇਲੈਕਸ਼ਨ ਲੜਿਆ। ਸੀਟਾਂ ਤਾਂ ਭਾਵੇਂ ਥੋਹੜੀਆਂ ਹੀ ਉਸ ਨੇ ਜਿੱਤੀਆਂ ਪਰ ਨਿੱਕੀਆਂ ਨਿੱਕੀਆਂ ਪਾਰਟੀਆਂ ਤੇ ਆਜ਼ਾਦਾਂ ਨੂੰ ਮਿਲ਼ਾ ਕੇ ਉਸ ਨੇ 23 ਦਾ ਗਰੁਪ ਬਣਾ ਕੇ, ਪ੍ਰਵਾਨਤ ਅਪੋਜ਼ੀਸਨ ਲੀਡਰ ਦਾ ਦਰਜਾ ਹਾਸਲ ਕਰ ਲਿਆ। ਕੈਰੋਂ ਪੰਜਾਬ ਅਸੈਂਬਲੀ ਵਿਚ ਪ੍ਰਵਾਨਤ ਅਪੋਜ਼ੀਸ਼ਨ ਨਹੀ ਸੀ ਬਣਨ ਦਿੰਦਾ। ਜੇ ਬਣ ਜਾਵੇ ਤਾਂ ਬਣੀ ਰਹਿਣ ਨਹੀ ਸੀ ਦਿੰਦਾ। ਉਸ ਨੇ ਇਕ ਇਕ ਕਰਕੇ ਉਸ ਦੇ ਮੈਬਰ ਤੋੜਨੇ ਸ਼ੁਰੂ ਕਰ ਦਿਤੇ ਤੇ ਇਸ ਤਰ੍ਹਾਂ ਉਸ ਦੇ ਨਾਲ਼ ਲੋੜੀਂਦੇ 16 ਮੈਬਰ ਨਾ ਰਹਿ ਸਕੇ। ਓਹਨੀਂ ਦਿਨੀਂ ਅਕਾਲੀ ਅਸੈਂਬਲੀ ਪਾਰਟੀ ਵੀ ਦਲ ਵਾਂਗ ਦੋ ਫਾੜ ਸੀ। ਛੇ ਮੈਬਰੀ ਗਰੁਪ ਦਾ ਆਗੂ ਸ. ਗੁਰਨਾਮ ਸਿੰਘ ਮਾਸਟਰ ਜੀ ਨਾਲ਼ ਸੀ ਤੇ 10 ਮੈਬਰੀ ਗਰੁਪ ਦਾ ਆਗੂ ਸ. ਲਛਮਣ ਸਿੰਘ ਗਿੱਲ ਸੰਤ ਜੀ ਨਾਲ਼ ਸੀ। ਸੰਤ ਜੀ ਨੇ ਚੁੱਪ ਚੁਪੀਤੇ ਆਪਣੇ ਦਸਾਂ ਨੂੰ ਵੀ ਗੁਰਨਾਮ ਸਿੰਘ ਨਾਲ਼ ਜੋੜ ਕੇ 16 ਦਾ ਗਰੁਪ ਬਣਾ ਕੇ ਪ੍ਰਵਾਨਤ ਅਪੋਜ਼ੀਸ਼ਨ ਬਣਵਾ ਦਿਤੀ ਤੇ ਸ. ਗੁਰਨਾਮ ਸਿੰਘ ਨੂੰ ਅਪੋਜ਼ੀਸ਼ਨ ਲੀਡਰ ਦਾ ਦਰਜਾ ਮਿਲ਼ ਗਿਆ। ਇਹ ਵੇਖ ਕੇ ਵੀ ਕੈਰੋਂ ਨੂੰ ਬਹੁਤ ਖਿਝ ਚੜ੍ਹੀ ਕਿ ਇਹ ਸਾਧ ਹਰ ਥਾਂ ਹੀ ਉਸ ਨੂੰ ਚਕਮਾ ਦੇ ਜਾਂਦਾ ਹੈ!  ਇਸ ਤੋਂ ਵੀ ਪਹਿਲਾਂ ਇਕ ਹੋਰ ਵਾਕਿਆ ਵੀ ਵਿਚਾਰਨ ਯੋਗ ਹੋਇਆ। ਹਰੇਕ ਵਾਰ ਅਕਾਲੀ, ਆਜ਼ਾਦ ਤੇ ਬਾਕੀ ਪਾਰਟੀਆਂ ਦੇ ਮੈਬਰ ਹੌਲ਼ੀ ਹੌਲ਼ੀ ਕਾਂਗਰਸ ਵਿਚ ਸ਼ਾਮਲ ਹੋ ਜਾਇਆ ਕਰਦੇ ਸਨ ਤੇ ਕੋਈ ਰੌਲ਼ਾ ਰੱਪਾ ਨਹੀ ਸੀ ਪੈਂਦਾ। ਇਸ ਵਾਰੀਂ ਜਦੋਂ ਦੋ ਅਕਾਲੀ ਮੈਬਰਾਂ, ਚੌਧਰੀ ਲੱਖੀ ਸਿੰਘ ਮਿਆਣੀ ਤੇ ਸ. ਦਲੀਪ ਸਿੰਘ ਸਾਹਕੋਟ, ਨੂੰ ਕੈਰੋਂ ਨੇ ਕਾਂਗਰਸ ਵਿਚ ਸ਼ਾਮਲ ਕਰ ਲਿਆ ਤਾਂ ਸੰਤ ਜੀ ਨੇ ਜਾ ਕੇ ਸਾਥੀਆਂ ਨਾਲ਼ ਉਹਨਾਂ ਦੇ ਬੂਹਿਆਂ ਅੱਗੇ ਧਰਨੇ ਮਾਰੇ ਤੇ ਬੜਾ ਚੀਕ ਚਿਹਾੜਾ ਪਾ ਕੇ, ਪ੍ਰੈਸ ਰਾਹੀਂ ਕੈਰੋਂ ਦੀ ਬਦਨਾਮੀ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਪਾਰਟੀ ਨੇ ਆਪਣੇ ਮੈਬਰਾਂ ਦੀ ਗ਼ਦਾਰੀ ਉਪਰ ਰੌਲ਼ਾ ਪਾਇਆ ਹੋਵੇ! ਇਹ ਗੱਲ ਵੀ ਕੈਰੋਂ ਨੂੰ ਬੜੀ ਚੁਭੀ ਸੀ।
ਸੰਤ ਜੀ ਵੱਲੋਂ ਕੀਤੇ ਗਏ ਏਨੇ 'ਵਾਧਿਆਂ' ਨੂੰ ਬਰਦਾਸ਼ਤ ਨਾ ਕਰਦੇ ਹੋਏ, ਉਸ ਨੇ ਮਾਸਟਰ ਜੀ ਨੂੰ ਆਖ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਿਰੁਧ ਬੇਪ੍ਰਤੀਤੀ ਦਾ ਨੋਟਿਸ ਦਿਵਾ ਦਿਤਾ। ਸਾਰੇ ਸਰਕਾਰੀ ਵਸੀਲੇ ਪਰਗਟ ਹੋ ਕੇ ਮਾਸਟਰ ਜੀ ਦੇ ਹੱਕ ਵਿਚ ਤੇ ਸੰਤ ਜੀ ਦੇ ਵਿਰੋਧ ਵਿਚ ਝੋਕ ਦਿਤੇ ਗਏ। "ਸਈਆਂ ਭਏ ਕੋਤਵਾਲ਼, ਅਬ ਡਰ ਕਾਹੇ ਕਾ!" ਭਾਵੇਂ ਕਿ ਸਰਕਾਰੀ ਤੌਰ ਤੇ ਇਸ ਪ੍ਰਧਾਨਗੀ ਦੇ ਝਗੜੇ ਵਿਚ ਦਖ਼ਲ ਦੇਣਾ ਗ਼ੈਰ ਕਾਨੂੰਨੀ ਸੀ ਪਰ ਦੇਸ਼ ਦੇ ਮਾਲਕ ਪੰਡਤ ਨਹਿਰੂ ਦਾ ਥਾਪੜਾ ਹੋਣ ਕਰਕੇ ਕੌਣ ਕੈਰੋਂ ਨੂੰ ਆਖੇ, "ਇੰਜ ਨਹੀ ਤੇ ਇੰਜ ਕਰ!" ਸਰਦਾਰ ਕੈਰੋਂ ਨੇ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਉਪਰ ਲਾ ਮਿਸਾਲ ਦਬਾ ਪਾ ਦਿਤਾ। ਜਿਸ ਦਾ ਵੀ ਕੋਈ ਟਰੱਕ, ਬੱਸ ਜਾਂ ਕੋਈ ਹੋਰ ਵਹੀਕਲ ਸੀ, ਠਾਣੇਦਾਰਾਂ ਨੂੰ ਹੁਕਮ ਦੇ ਕੇ ਜਿਥੇ ਵੀ ਸੀ, ਉਸ ਦੇ ਨਜ਼ਦੀਕੀ ਠਾਣੇ ਵਿਚ ਖਲਿਹਾਰ ਲਿਆ ਤੇ ਆਖਿਆ, "ਮਾਸਟਰ ਧੜੇ ਨੂੁੰ ਵੋਟ ਪਾਉਣ ਪਿਛੋਂ ਤਿੰਨ ਜੂਨ ਨੂੰ ਆ ਕੇ ਲੈ ਜਾਇਓ।" ਜਿਸ ਕਿਸੇ ਵੀ ਮੈਬਰ ਦਾ ਕੋਈ ਰਿਸ਼ਤੇਦਾਰ ਸਰਕਾਰੀ ਨੌਕਰ ਸੀ, ਉਸ ਨੂੰ ਡਿਊਟੀ ਤੋਂ ਘਰ ਨੂੰ ਇਹ ਆਖ ਕੇ ਤੋਰ ਦਿਤਾ ਕਿ ਆਪਣੇ ਫਲਾਣੇ ਦੀ ਵੋਟ ਦੋ ਜੂਨ ਨੂੰ ਮਾਸਟਰ ਜੀ ਦੇ ਧੜੇ ਦੇ ਹੱਕ ਵਿਚ ਪੁਆ ਕੇ, 3 ਜੂਨ ਨੂੰ ਡਿਊਟੀ ਤੇ ਆ ਜਾਵੀਂ। ਇਸ ਤਰ੍ਹਾਂ, "ਦੋਹੀਂ ਦਲੀਂ ਮੁਕਾਬਲਾ ਰਣ ਮਚਿਆ ਭਾਰੀ॥" ਵਾਲ਼ੀ ਹਾਲਤ ਬਣੀ ਪਈ ਸੀ। ਹਰ ਰੋਜ ਪ੍ਰੈਸ ਵਿਚ ਦੋਹਾਂ ਧਿਰਾਂ ਵੱਲੋਂ ਆਪਣੀ ਆਪਣੀ ਜਿੱਤ ਦੇ ਦਾਹਵੇ ਕੀਤੇ ਜਾ ਰਹੇ ਸਨ। ਇਕ ਦਿਨ ਮਾਸਟਰ ਦਲ ਦੇ ਪ੍ਰਧਾਨ, ਗਿ. ਭੂਪਿੰਦਰ ਸਿੰਘ ਜੀ ਦਾ ਬਿਆਨ ਆਇਆ. "ਬਹੂਮੱਤ ਸਾਡੇ ਨਾਲ਼ ਹੈ।" ਗਿਆਨੀ ਜੀ ਕਸ਼ਮੀਰ ਦੇ ਵਾਸੀ ਹੋਣ ਕਰਕੇ 'ਬਹੁ' ਨੂੰ 'ਬਹੂ' ਉਚਾਰਦੇ ਸਨ। ਅਗਲੇ ਦਿਨ ਸੰਤ ਫ਼ਤਿਹ ਸਿੰਘ ਜੀ ਦਾ ਬਿਆਨ ਆ ਗਿਆ, "ਗਿਆਨੀ ਜੀ ਬਿਲਕੁਲ ਠੀਕ ਫੁਰਮਾ ਰਹੇ ਹਨ। ਉਹਨਾਂ ਦੀ ਬਹੂ ਦਾ ਮੱਤ ਉਹਨਾਂ ਦੇ ਨਾਲ਼ ਹੀ ਹੈ। ਜਿਥੋਂ ਤੱਕ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦਾ ਸਬੰਧ ਹੈ, ਉਹਨਾਂ ਦਾ ਮੱਤ ਸਾਡੇ ਨਾਲ਼ ਹੈ।"
ਇਸ ਯੁਧ ਵਿਚ ਮਾਸਟਰ ਤਾਰਾ ਸਿੰਘ, ਮਹਾਰਾਜਾ ਸਾਹਿਬ ਪਟਿਆਲਾ, ਗਿਆਨੀ ਕਰਤਾਰ ਸਿੰਘ, ਸ. ਗਿਆਨ ਸਿੰਘ ਰਾੜੇਵਾਲਾ, ਸਾਰੇ ਹੀ ਸਰਦਾਰ ਕੈਰੋਂ ਦੀ ਅਗਵਾਈ ਹੇਠ, ਸੰਤ ਜੀ ਦੀਆਂ ਬੁਢਾ ਜੌਹੜ ਨੂੰ ਪਦੀੜਾਂ ਪੁਆਉਣ ਲਈ ਇਕੱਠੇ ਸਨ। ਕੈਰੋਂ ਨੇ ਤਾਂ ਸਿਰ ਧੜ ਦੀ ਬਾਜੀ ਲਾਈ ਹੋਈ ਸੀ ਕਿ ਇਸ ਸਾਧ ਦਾ ਕੂੰਡਾ ਕਰਕੇ ਹੀ ਦਮ ਲੈਣਾ ਹੈ। ਇਸ ਪ੍ਰਾਪੇਗੰਡੇ, ਭੱਜ ਦੌੜ, ਫੜੋ ਫੜਾਈ ਆਦਿ ਦੇ ਮਹਾਂਯੁਧ ਵਿਚ ਦੋਹਾਂ ਧਿਰਾਂ ਦਾ ਪੱਲੜਾ ਤਕਰੀਬਨ ਬਰਾਬਰ ਜਿਹਾ ਹੀ ਸਮਝਿਆ ਜਾ ਰਿਹਾ ਸੀ। ਇਸ ਵਾਕਿਆ ਨੂੰ ਬਿਆਨ ਕਰਦਿਆਂ ਇਕ ਭਾਈ ਸੰਤੋਖ ਸਿੰਘ ਨਾਮੀ ਕਮੇਟੀ ਦੇ ਮੁਲਾਜ਼ਮ ਨੇ ਲੰਮੇਰੀ ਕਵਿਤਾ ਵੀ ਲਿਖ ਦਿਤੀ ਜਿਸ ਵਿਚ ਇਕ ਲਾਈਨ ਸੀ, "ਅਧੇ ਅਧੇ ਏਧਰ ਓਧਰ ਗੁੰਨਾ ਵਿਚਕਾਰੇ।" ਮੋਗੇ ਤੋਂ ਇਕ ਸ. ਲਾਭ ਸਿੰਘ ਗੁੰਨਾ ਨਾਮੀ ਮੈਬਰ ਸੀ। ਉਸ ਦਾ ਪਤਾ ਨਹੀ ਸੀ ਕਿ ਉਹ ਕੇਹੜੇ ਪਾਸੇ ਵੋਟ ਪਾਵੇਗਾ।
ਸ. ਪ੍ਰਤਾਪ ਸਿੰਘ ਕੈਰੋਂ ਦੇ ਵੀ ਇਹ ਆਖਰੀ ਦਿਨ ਹੀ ਸਨ। ਉਸ ਨੇ ਸਾਢੇ ਅੱਠ ਸਾਲ ਪੰਜਾਬ ਤੇ ਡੰਡੇ ਨਾਲ਼ ਰਾਜ ਕੀਤਾ ਸੀ। ਜੋ ਵੀ ਉਠਿਆ ਉਸ ਨੇ ਕੁਚਲ਼ ਕੇ ਰੱਖ ਦਿਤਾ। ਪੰਜਾਬ ਵਿਚ ਚਾਰ ਚੁਫੇਰੇ ਉਸ ਦਾ ਹੀ ਡੰਕਾ ਵੱਜਦਾ ਸੀ। ਅਕਾਲੀ, ਜਨਸੰਘੀ, ਕਮਿਊਨਿਸਟ, ਪਟਵਾਰੀ, ਅਧਿਆਪਕ, ਸਰਕਾਰੀ ਮੁਲਾਜ਼ਮ ਆਦਿ ਜੋ ਵੀ ਬੋਲਿਆ ਉਸ ਦੀ ਬੋਲਤੀ ਬੰਦ ਕਰਕੇ ਰੱਖ ਦਿਤੀ। ਇਹ ਸਭ ਕੁਝ ਪੰਡਤ ਨਹਿਰੂ ਦੀ ਕਿਰਪਾ ਨਾਲ਼ ਹੀ ਹੋ ਰਿਹਾ ਸੀ।
ਇਸ ਭੱਖਵੇਂ ਯੁਧ ਦੇ ਆਖਰੀ ਦਿਨ ਤੋਂ ਛੇ ਦਿਨ ਪਹਿਲਾਂ, ਕੈਰੋਂ ਦੀ ਸ਼ਕਤੀ ਦਾ ਸੋਮਾ, ਪ੍ਰਧਾਨ ਮੰਤਰੀ ਪੰਡਤ ਨਹਿਰੂ, ਇਸ ਦੁਨੀਆ ਤੋਂ ਚੁੱਕਿਆ ਗਿਆ। ਇਹ ਮਨਹੂਸ ਖ਼ਬਰ ਸੁਣਦਿਆਂ ਹੀ ਕੈਰੋਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਉਸ ਦੇ ਖ਼ਿਲਾਫ਼ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਪੜਤਾਲ ਲਈ ਸ਼ਾਹ ਕਮਿਸ਼ਨ ਬੈਠਾ ਹੋਇਆ ਸੀ। ਉਸ ਨੂੰ ਸਿਰਫ ਨਹਿਰੂ ਤੇ ਹੀ ਆਸ ਸੀ ਜਿਸ ਦੀ ਕਿਰਪਾ ਨਾਲ਼ ਉਹ ਪੰਜਾਬ ਵਿਚ ਚੰਮ ਦੀਆਂ ਚਲਾ ਰਿਹਾ ਸੀ। "ਹੁਣ ਹੋਰੀ ਨੂੰ ਹੋਰੀ ਦੀ ਤੇ ਅੰਨ੍ਹੇ ਨੂੰ ਡੰਗੋਰੀ ਦੀ।" ਲੋਕੋਕਤੀ ਅਨੁਸਾਰ ਉਸ ਨੂੰ ਆਪਣੀ ਗੱਦੀ ਦਾ ਫਿਕਰ ਪੈ ਗਿਆ।
ਫਿਰ ਵੀ ਦੋ ਜੂਨ ਵਾਲੇ ਦਿਨ ਸਾਰੇ ਆਗੂਆਂ ਨੇ ਅੰਮ੍ਰਿਤਸਰ ਡੇਰੇ ਲਾਏ ਹੋਏ ਸਨ। ਮਾਸਟਰ ਜੀ ਤੇ ਗਿਆਨੀ ਕਰਤਾਰ ਸਿੰਘ ਫ਼ਕੀਰ ਸੁਭਾ ਦੇ ਹੋਣ ਕਰਕੇ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਮੌਜੂਦ, ਸ੍ਰੀ ਗੁਰੂ ਰਾਮ ਦਾਸ ਹਸਪਤਾਲ ਦੀ ਉਪਰਲੀ ਮਨਜ਼ਲ ਉਪਰ, ਮਾਸਟਰ ਧੜੇ ਦੇ ਦਲ ਦੇ ਦਫ਼ਤਰ ਵਿਚ ਮੌਜੂਦ ਸਨ। ਸਰਦਾਰ ਕੈਰੋਂ ਸਰਕਟ ਹਾਊਸ ਤੇ ਇਸ ਤਰ੍ਹਾਂ ਮਹਾਰਾਜਾ ਪਟਿਆਲਾ ਸਾਹਿਬ ਤੇ ਸ. ਗਿਆਨ ਸਿੰਘ ਰਾੜੇਵਾਲ਼ਾ ਵੀ ਆਪਣੇ ਆਪਣੇ ਸਟੇਟਸ ਮੁਤਾਬਿਕ ਢੁਕਵੇਂ ਸਥਾਨਾਂ ਤੇ ਸੁਸ਼ੋਭਤ ਸਨ। ਸਦਾ ਵਾਂਗ, ਦੋ ਜੂਨ ਵਾਲ਼ੇ ਦਿਨ ਦੁਪਹਿਰ ਤੋਂ ਬਾਅਦ ਪ੍ਰਧਾਨ ਦੇ ਖ਼ਿਲਾਫ਼ ਬੇਪ੍ਰਤੀਤੀ ਨੋਟਿਸ ਤੇ ਵਿਚਾਰ ਕਰਨ ਲਈ ਕਮੇਟੀ ਦਾ ਜਨਰਲ ਇਜਲਾਸ ਸ਼ੁਰੂ ਹੋਇਆ। ਕਾਬਜ ਗਰੁਪ ਵੱਲੋਂ ਦੋਹੀਂ ਪਾਸੀਂ ਉਪਰ ਚੜ੍ਹਨ ਵਾਲੀਆਂ ਪੌੜੀਆਂ ਦੇ ਕਿਨਾਰਿਆਂ ਤੇ ਬਰਛਿਆਂ ਵਾਲੇ ਸਾਵਧਾਨ ਕਰਕੇ, ਉਹਨਾਂ ਨੂੰ ਮਾਸਟਰ ਧੜੇ ਦੇ ਦੋ ਪੱਕੇ ਮੈਬਰਾਂ ਨੂੰ ਉਪਰ ਆਉਣ ਤੋਂ ਰੋਕਣ ਲਈ ਹਿਦਾਇਤ ਕਰ ਦਿਤੀ ਗਈ। ਸੰਤ ਗਰੁਪ ਨੂੰ ਪੱਕਾ ਪਤਾ ਨਹੀ ਸੀ ਕਿ ਉਹ ਜਰੂਰ ਹੀ ਜਿੱਤ ਜਾਵੇਗਾ। ਇਕ ਦੋ ਵੋਟਾਂ ਏਧਰ ਓਧਰ ਵਧ ਸਕਦੀਆਂ ਸਨ। ਇਸ ਲਈ ਆਪਣੀ ਜਿੱਤ ਯਕੀਨੀ ਕਰਨ ਵਾਸਤੇ ਉਹਨਾਂ ਨੇ ਵਿਰੋਧੀਆਂ ਦੇ ਦੋ ਪੱਕੇ ਮੈਬਰਾਂ ਨੂੰ ਇਜਲਾਸ ਵਿਚ ਸ਼ਾਮਲ ਹੋਣ ਤੋਂ ਰੋਕ ਦਿਤਾ।
ਜਦੋਂ ਇਹ ਖ਼ਬਰ ਅੰਦਰ ਮਾਸਟਰ ਧੜੇ ਦੇ ਆਗੂ ਸ. ਕ੍ਰਿਪਾਲ ਸਿੰਘ ਚੱਕ ਸ਼ੇਰਾ, ਕੋਲ਼ ਗਈ ਤਾਂ ਉਸ ਨੇ ਉਠ ਕੇ ਇਹ ਸਵਾਲ ਉਠਾਇਆ ਕਿ ਉਹਨਾਂ ਦੇ ਮੈਬਰਾਂ ਨੂੰ ਅੰਦਰ ਆਉਣੋ ਕਿਉਂ ਰੋਕਿਆ ਜਾ ਰਿਹਾ ਹੈ! ਤਾਂ ਉਤਰ ਵਿਚ ਪ੍ਰਧਾਨ ਜੀ ਨੇ ਆਖਿਆ ਕਿ ਉਹ ਤਿੰਨ ਮੀਟਿੰਗਾਂ ਤੇ ਹਾਜਰ ਨਹੀ ਹੋਏ; ਇਸ ਲਈ ਨਿਯਮਾਂ ਅਨੁਸਾਰ ਉਹ ਮੈਬਰ ਨਹੀ ਰਹੇ। ਅਗਲੇ ਸਵਾਲ ਦੇ ਜਵਾਬ ਵਿਚ ਉਤਰ ਮਿਲ਼ਿਆ, "ਜਾ ਕੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿਚੋਂ ਉਹਨਾਂ ਦੀ ਬਹਾਲੀ ਦਾ ਆਰਡਰ ਲੈ ਆਵੋ।" ਇਹ ਕੰਮ ਛੇਤੀ ਹੋ ਸਕਣ ਵਾਲ਼ਾ ਨਹੀ ਸੀ। ਓਦੋਂ ਨੂੰ ਤਾਂ ਸਾਰਾ ਕਾਰਜ ਹੀ ਸਮਾਪਤ ਹੋ ਜਾਣਾ ਸੀ। ਗੁੱਸੇ ਵਿਚ ਆਏ ਸ. ਕ੍ਰਿਪਾਲ ਸਿੰਘ ਨੇ ਆਖਿਆ, "ਨਹੀ ਤਾਂ ਅਸੀਂ ਵਾਕ ਆਊਟ ਕਰਦੇ ਹਾਂ।" ਵਾਕ ਅਜੇ ਪੂਰਾ ਵੀ ਨਹੀ ਸੀ ਹੋਇਆ ਕਿ ਪਹਿਲਾਂ ਹੀ ਬਣੀ ਸਕੀਮ ਅਨੁਸਾਰ ਵਿਰੋਧੀਆਂ ਨੂੰ ਧੱਕੇ ਮਾਰ ਮਾਰ ਪੌੜੀਆਂ ਤੋਂ ਥੱਲੇ ਉਤਰਨ ਲਈ ਮਜਬੂਰ ਕਰ ਦਿਤਾ ਗਿਆ। ਵਿਰੋਧੀ ਦਲ ਦੀ ਗੈਰ ਹਾਜਰੀ ਵਿਚ, ਬੇਪਰਤੀਤੀ ਵਾਲ਼ਾ ਮਤਾ ਸਰਬ ਸੰਮਤੀ ਨਾਲ਼ ਰੱਦ ਕਰ ਦਿਤਾ ਗਿਆ। ਇਸ ਸਮੇ ਪ੍ਰਧਾਨਗੀ ਸੰਤ ਚੰਨਣ ਸਿੰਘ ਜੀ ਕਰ ਰਹੇ ਸਨ ਤੇ ਮੰਚ ਸੰਚਾਲਣ ਸ. ਲਛਮਣ ਸਿੰਘ ਗਿੱਲ ਕਰ ਰਿਹਾ ਸੀ। ਸਰਕਾਰੀ ਨੁਮਾਇੰਦਾ, ਕਾਨੂੰਨ ਅਨੁਸਾਰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ, ਸ. ਸੁੰਦਰ ਸਿੰਘ ਮੌਜੂਦ ਸੀ। ਇਸ ਕਰਵਾਈ ਤੇ ਉਸ ਦੇ ਦਸਤਖ਼ਤ ਲੈ ਲਏ ਗਏ। ਦਫ਼ਤਰ ਦੇ ਸਾਹਮਣੇ ਘਾਹ ਦੇ ਮੈਦਾਨ ਵਿਚ ਵਿਰੋਧੀਆਂ ਨੇ ਮੀਟਿੰਗ ਕਰਕੇ ਆਪਣਾ ਪ੍ਰਧਾਨ ਸ. ਜਸਬੀਰ ਸਿੰਘ ਹਿਸਾਰ ਨੂੰ ਚੁਣ ਲਿਆ। ਥੱਲੇ ਉਤਰ ਕੇ ਬਾਹਰ ਜਾ ਰਹੇ ਡਿਪਟੀ ਕਮਿਸ਼ਨਰ ਨੂੰ ਉਹਨਾਂ ਨੇ ਆਪਣੀ ਕਾਰਵਾਈ ਦੱਸ ਕੇ ਸਹਿਮਤ ਕਰਨਾ ਚਾਹਿਆ। ਉਹ "ਹਾਂ ਜੀ, ਹਾਂ ਜੀ" ਆਖਦਾ ਗੋਂਗਲ਼ੂਆਂ ਤੋਂ ਮਿੱਟੀ ਝਾੜਦਾ ਆਪਣੇ ਰਾਹ ਲੱਗਾ। ਇਹ ਸ. ਸੁੰਦਰ ਸਿੰਘ ਡੀ. ਸੀ., ਪ੍ਰਸਿਧ ਸਿੱਖ ਧਾਰਮਿਕ ਵਿਦਵਾਨ ਅਤੇ ਨੀਤੀਵਾਨ, ਡਾ. ਭਾਈ ਜੋਧ ਸਿੰਘ ਜੀ ਦੇ ਸਪੁਤਰ ਸਨ।
ਪੂਰਾ ਯਕੀਨ ਕੀਤਾ ਜਾਂਦਾ ਸੀ ਕਿ ਸਰਦਾਰ ਕੈਰੋਂ ਸਾਦੇ ਕੱਪੜਿਆਂ ਵਿਚ ਪੁਲੀਸ ਤੇ ਹੋਰ ਮਾਰ ਖੋਰੇ ਬੰਦੇ ਭੇਜ ਕੇ, ਜਬਰਦਸਤੀ ਦਫ਼ਤਰ ਉਪਰ ਮਾਸਟਰ ਜੀ ਦਾ ਕਬਜ਼ਾ ਕਰਵਾ ਦੇਵੇਗਾ; ਜਿਵੇਂ ਕਿ ਉਸ ਨੇ ਆਪ ਚੌਤੀ ਵੋਟਾਂ ਤੇ ਜਿੱਤਣ ਦਾ ਐਲਾਨ ਕਰਵਾ ਕੇ ਪੰਜਾਬ ਦਾ ਰਾਜ ਸਾਂਭੀ ਰੱਖਿਆ ਸੀ। ਪਰ ਲੋਕਾਂ ਨੂੰ ਹੈਰਾਨੀ ਹੋਈ ਕਿ ਅਜਿਹਾ ਕੁਝ ਨਾ ਵਾਪਰਿਆ। ਕਾਰਨ ਏਹੀ ਸੀ ਕਿ ਪੰਡਤ ਨਹਿਰੂ ਦੀ ਮੌਤ ਹੋ ਜਾਣ ਕਰਕੇ ਸਰਦਾਰ ਕੈਰੋਂ ਵਿਚਲੀ ਉਹ ਜੁਰਅਤ ਸਮਾਪਤੀ ਦੇ ਰਾਹ ਵੱਲ ਰੇਹੜੇ ਪੈ ਗਈ ਸੀ ਤੇ ਹੁਣ ਉਹ ਅਜਿਹਾ ਧੱਕਾ ਕਰਨ ਦੀ ਸ਼ਕਤੀ ਨਹੀ ਸੀ ਰੱਖਦਾ।
ਇਉਂ ਪੰਡਿਤ ਨਹਿਰੂ ਦੀ ਮੌਤ ਹੋ ਜਾਣ ਕਰਕੇ ਸੰਤ ਫ਼ਤਿਹ ਸਿੰਘ ਜੀ ਸ਼੍ਰੋਮਣੀ ਕਮੇਟੀ ਉਪਰ ਆਪਣਾ ਕਬਜਾ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ ਤੇ ਮਾਸਟਰ ਜੀ ਸਿੱਖਾਂ ਦੇ ਲੀਡਰ ਵਜੋਂ ਮੁੜ ਇਕ ਨੰਬਰ ਤੇ ਨਾ ਆ ਸਕੇ।
ਇਹ ਸਾਰਾ ਕੁਝ ਵਾਪਰਨ ਦੇ ਦੌਰਾਨ ਮੈ ਜੀਂਦ ਤੋਂ ਪਟਿਆਲ਼ੇ ਆਇਆ ਸਾਂ। ਉਪ੍ਰੋਕਤ ਸਾਰੀ ਜਾਣਕਾਰੀ ਮੈਨੂੰ ਉਸ ਸਮੇ ਦੀਆਂ ਅਖ਼ਬਾਰਾਂ ਵਿਚੋਂ ਤੇ ਸੰਤ ਫ਼ਤਿਹ ਸਿੰਘ ਜੀ, ਸੰਤ ਚੰਨਣ ਸਿੰਘ ਜੀ ਤੇ ਉਹਨਾਂ ਦੇ ਗੜਵਈ, ਇਕ ਉਚ ਆਤਮਾ, ਸੰਤ ਅਜਾਇਬ ਸਿੰਘ ਜੀ ਤੋਂ ਪ੍ਰਾਪਤ ਹੋਈ ਸੀ।


****

No comments:

Post a Comment