ਆਲਾ ਹੋਂਹ ਭੜੀਂ (ਸ. ਆਲਾ ਸਿੰਘ)

ਸ. ਆਲਾ ਸਿੰਘ ਸਾਡੇ ਨਿੱਕੇ ਜਿਹੇ ਪਿੰਡ, ਸੂਰੋ ਪੱਡੇ ਦਾ ਇਕ ਬਜ਼ੁਰਗ, ਸ਼ਰੀਫ ਤੇ ਕਿਸੇ ਦਾ ਦਿਲ ਨਾ ਦੁਖਾਉਣ ਵਾਲ਼ਾ ਵਿਅਕਤੀ ਸੀ। ਇਹ ਮੇਰੇ ਪੜਦਾਦਾ ਜੀ ਦੀ ਪੀਹੜੀ ਦੇ ਬਰਾਬਰ ਸੀ ਤੇ ਪਿੰਡ ਦੇ ਸ਼ਾਹਕਿਆਂ ਵਾਲ਼ੇ ਪਾਸੇ 'ਚੋਂ ਸੀ। ਸਾਡੇ ਨਿੱਕੇ ਜਿਹੇ ਪਿੰਡ ਦੇ ਚੌਹਾਂ ਪਾਸਿਆਂ ਦੇ ਵੱਖ ਵੱਖ ਨਾਂ ਸਨ। ਸਾਡੇ ਪਾਸੇ ਨੂੰ ਜੱਟਾਂ ਦਾ ਪਾਸਾ ਕਿਹਾ ਜਾਂਦਾ ਸੀ। ਇਕ ਸ਼ਾਹਕਿਆਂ ਦਾ ਪਾਸਾ ਸੀ, ਉਸ ਤੋਂ ਅਗਲਾ ਮਜ਼ਹਬੀਆਂ ਦਾ ਪਾਸਾ ਤੇ ਉਸ ਤੋਂ ਅਗਲੇ ਨੂੰ ਜਾਵਿਆਂ ਵਾਲ਼ਾ ਪਾਸਾ ਆਖਦੇ ਸਨ। ਫਿਰ ਗੁਰਦੁਆਰਾ ਤੇ ਗੁਰਦੁਆਰੇ ਤੋਂ ਫਿਰ ਸਾਡਾ ਪਾਸਾ ਸ਼ੁਰੂ ਹੋ ਜਾਂਦਾ ਸੀ। ਸਾਡਾ ਪਾਸਾ ਆਬਾਦੀ ਵਿਚ ਵੱਡਾ ਹੋਣ ਕਰਕੇ ਹੀ ਸ਼ਾਇਦ ਪਿੰਡ ਦਾ ਸਰਪੰਚ ਹੁਣ ਤੱਕ ਇਸ ਪਾਸੇ ਦਾ ਹੀ ਬਣਦਾ ਆ ਰਿਹਾ ਹੈ। ਪਤਾ ਨਹੀ ਇਹ ਨਾਂ 'ਸ਼ਾਹ ਕੇ' ਤੇ 'ਜਾਵੇ' ਕਿਉਂ ਪਿਆ ਸੀ; ਹੈ ਤਾਂ ਉਹਨਾਂ ਦੋਹਾਂ ਪਾਸਿਆਂ ਦੇ ਵਸਨੀਕ ਵੀ ਸਾਰੇ ਜੱਟ ਹੀ।

ਇਹ ਬਜ਼ੁਰਗ, ਜਿਸ ਦਾ ਨਾਂ ਸ. ਆਲਾ ਸਿੰਘ ਸੀ, ਨੂੰ ਪਿੰਡ ਦੀ ਮੁੰਢੀਰ 'ਭੜੀਂ' ਪਤਾ ਕਿਉਂ ਆਖਦੀ ਸੀ! ਸਿੰਘ ਦੇ ਥਾਂ ਤਾਂ ਮਾਝੇ ਦੇ ਪਿੰਡਾਂ ਦੇ ਵਸਨੀਕ ਆਮ ਹੀ ਸੋਂਹ ਜਾਂ ਹੋਂਹ ਆਖ ਦਿੰਦੇ ਹਨ ਇਸ ਗੱਲ ਦਾ ਤਾਂ ਪਤਾ ਸੀ ਪਰ 'ਭੜੀਂ' ਦਾ ਨਹੀ ਸੀ ਪਤਾ। ਇਹ ਵੀ ਪਿੰਡਾਂ ਵਿਚ ਆਮ ਹੀ ਰਿਵਾਜ਼ ਸੀ ਕਿ ਵਿਅਕਤੀਆਂ ਦੀ ਤੇ ਪਰਵਾਰਾਂ ਦੀ ਕੋਈ ਨਾ ਕੋਈ ਅੱਲ ਪਾ ਛੱਡਦੇ ਸਨ। ਸਾਡੇ ਪਿੰਡ ਦੇ ਇਕ ਟੱਬਰ ਦੀ ਅੱਲ ਅਮਲੀ ਸੀ, ਇਕ ਦੀ ਕਾਂ ਤੇ ਸਾਡੇ ਟੱਬਰ ਦੀ ਅੱਲ ਭਾਈ ਸੀ। ਏਸੇ ਤਰ੍ਹਾਂ ਹੋਰ ਵੀ ਟੱਬਰਾਂ ਦੀਆਂ ਅੱਲਾਂ ਸਨ। ਏਸੇ ਤਰ੍ਹਾਂ ਵਿਅਕਤੀਆਂ ਦੀਆਂ ਵੀ ਅੱਲਾਂ ਪਾਈਆਂ ਹੋਈਆਂ ਹੁੰਦੀਆਂ ਸਨ। ਮੇਰੇ ਵੱਡੇ ਬਾਬਾ ਜੀ ਦੀ ਅੱਲ ਖੈਰਸੱਲਾ, ਨੰਬਰ ਦੋ ਦੀ ਫੌਜ ਵਿਚ ਹੋਣ ਕਰਕੇ ਹੌਲਦਾਰ ਤੇ ਸਭ ਤੋਂ ਛੋਟੇ ਦੀ ਅੱਲ ਭਗਤ ਸੀ। ਮੇਰੇ ਸਕੇ ਬਾਬਾ ਜੀ ਜਵਾਨੀ ਵਿਚ ਹੀ ਚਾਲੇ ਪਾ ਗਏ ਸਨ ਇਸ ਲਈ ਉਹਨਾਂ ਦੀ ਅੱਲ ਬਾਰੇ ਮੈਨੂੰ ਪਤਾ ਨਹੀ ਲੱਗਿਆ। ਪਿੰਡ ਦੇ ਹੋਰ ਬਜ਼ੁਰਗਾਂ ਦੀਆਂ ਵੀ ਕੁਝ ਇਹੋ ਜਿਹੀਆਂ ਅੱਲਾਂ ਸਨ; ਜਿਵੇਂ ਕਿ ਚੂਹਾ, ਭਲਵਾਨ, ਪੈਂਚ, ਆਦਿ। ਏਸੇ ਤਰ੍ਹਾਂ ਇਸ ਬਜ਼ੁਰਗ ਦਾ ਨਾਂ ਵੀ ਲੋਕਾਂ ਨੇ 'ਭੜੀਂ' ਪਾਇਆ ਹੋਇਆ ਸੀ।

ਸਾਡੀ ਹਵੇਲੀ, ਜੋ ਕਿ ਹੁਣ ਸਾਡਾ ਘਰ ਬਣ ਚੁੱਕੀ ਸੀ, ਦੇ ਸਾਹਮਣੇ ਗੁਰਦੁਅਰੇ ਦਾ ਪ੍ਰਵੇਸ਼ ਦੁਆਰ ਤੇ ਬਰਾਂਡਾ ਸੀ ਤੇ ਬਰਾਂਡੇ ਤੋਂ ਪਹਿਲਾਂ ਇਕ ਥੜ੍ਹਾ ਸੀ। ਅਸੀਂ ਨਿੱਕੇ ਮੁੰਡਿਆਂ ਦੀ ਨਿੱਕੀ ਢਾਣੀ, ਜਿਸ ਵਿਚ ਮੈ, ਮੇਰੇ ਚਾਚਾ ਜੀ ਦਾ ਵੱਡਾ ਮੁੰਡਾ, ਮੇਰਾ ਛੋਟਾ ਭਰਾ, ਤੇ ਸ਼ਰੀਕੇ ਵਿਚੋਂ ਪ੍ਰੀਤੂ, ਸੀਸੋ, ਭਜੋ ਆਦਿ ਹੁੰਦੇ ਸਨ, ਬੱਚਿਆਂ ਵਾਲ਼ੇ ਸੁਭਾ ਅਤੇ ਆਪਣੀ ਹੈਸੀਅਤ ਮੁਤਾਬਿਕ ਨੇੜੇ ਨੇੜੇ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਜਿਹੀਆਂ ਕਰਿਆ ਕਰਦੇ ਸਾਂ। ਗੁਰਦੁਆਰੇ ਤੇ ਘਰ ਦੇ ਵਿਚਕਾਰੋਂ ਦੀ ਸੜਕ ਤੇ ਸਥਿਤ ਖੂਹਾਂ ਤੋਂ ਪਹਿਆ ਪਿੰਡ ਨੂੰ ਆਉਂਦਾ ਸੀ। ਅਸੀਂ ਕਈ ਵਾਰ ਗੁਰਦੁਆਰੇ ਦੇ ਥੜ੍ਹੇ ਉਪਰ ਖਲੋਤੇ ਹੋਣਾ। ਬਾਕੀ ਪਿੰਡ ਦੇ ਲੋਕਾਂ ਵਾਂਗ ਹੀ ਜਦੋਂ ਸ. ਆਲਾ ਸਿੰਘ ਜੀ ਨੇ ਆਪਣਾ ਡੰਗਰ ਵੱਛਾ ਲੈ ਕੇ ਓਥੋਂ ਦੀ ਲੰਘਣਾ ਤਾਂ ਉਸ ਨੇ ਰੁਕ ਕੇ ਸਾਡੇ ਵੱਲ ਆਪਣੇ ਹੱਥ ਵਿਚਲੀ ਪ੍ਰਾਣੀ ਸਿਧੀ ਕਰਕੇ, ਆਪਣੇ ਹਸਮੁਖੀ ਸੁਭਾ ਅਨੁਸਾਰ ਲਾਡ ਜਿਹੇ ਨਾਲ਼, ਸਾਡੇ ਤੇ ਹਰ ਰੋਜ ਹੀ ਇਹ ਸਵਾਲ ਕਰਨਾ, "ਦੱਸੋ, ਤੁਹਾਡੇ ਵਿਚੋਂ ਚੋਰ ਕੌਣ ਆ?"। ਅਸੀਂ 'ਹੀਂ ਹੀਂ, ਖੀਂ ਖੀਂ' ਕਰਕੇ ਹੱਸ ਪੈਣਾ।

ਇਕ ਦਿਨ ਸਾਡੀ ਢਾਣੀ ਫਿਰਦੀ ਫਿਰਾਂਦੀ ਸ਼ਾਹ ਕਿਆਂ ਦੇ ਬਾਗ ਵਿਚ ਕੱਚੀਆਂ ਅੰਬੀਆਂ ਖਾਣ ਤੁਰ ਗਈ। ਸਾਡੇ ਖੂਹ ਤੇ ਵੀ ਸਾਡੇ ਵਿਸਥਾਰਤ ਪਰਵਾਰ ਦੇ ਸਾਂਝੇ ਅੰਬਾਂ ਦੇ ਦੋ ਕੁ ਦਰੱਖਤ ਸਨ। ਸੜਕ ਦੇ ਦੂਜੇ ਪਾਸੇ ਨੰਬਰਦਾਰਾਂ ਦਾ ਬਾਗ ਸੀ ਤੇ ਉਸ ਵਿਚ ਵੀ ਅੰਬਾਂ ਦੇ ਦਰੱਖਤ ਸਨ। ਫਿਰ ਕੁਝ ਦੂਰ ਜਾ ਕੇ ਦੋ ਕੁ ਅੰਬਾਂ ਦੇ ਵਿਸ਼ਾਲ ਦਰੱਖਤ ਸਨ; ਉਹਨਾਂ ਨੂੰ ਸੌਣੀ ਦੇ ਅੰਬ ਕਹਿੰਦੇ ਸਨ ਕਿਉਂਕਿ ਉਹਨਾਂ ਦੇ ਮਾਲਕ ਦਾ ਨਾਂ ਸ. ਸੌਣ ਸਿੰਘ ਸੀ। ਉਸ ਤੋਂ ਅੱਗੇ ਫਿਰ ਇਹ ਬਾਗ ਸੀ। ਇਸ ਵਿਚ ਕੁਝ ਅੰਬਾਂ ਦੇ ਅਜਿਹੇ ਦਰੱਖ਼ਤ ਸਨ ਜਿਨ੍ਹਾਂ ਨੂੰ ਕੁਝ ਖੱਟੇ ਜਿਹੇ ਰੰਗ ਦੇ ਅੰਬ ਵੀ ਲੱਗਦੇ ਸਨ ਤੇ ਇਹ ਪੱਕੇ ਹੋਣ ਦਾ ਭੁਲੇਖਾ ਵੀ ਪਾਉਂਦੇ ਸਨ। ਸ਼ਾਇਦ ਅਸੀਂ ਏਸੇ ਲਾਲਚ ਵੱਸ ਓਥੇ ਚਲੇ ਗਏ ਹੋਈਏ! ਵੈਸੇ ਸਾਡੇ ਘਰ ਦੇ ਸਾਹਮਣੇ ਗੁਰਦੁਆਰੇ ਦਾ ਬਾਗ ਵੀ ਵਾਹਵਾ ਵਿਸ਼ਾਲ ਸੀ ਤੇ ਉਸ ਵਿਚ ਹੋਰ ਫਲਦਾਰ ਦਰੱਖਤਾਂ ਤੋਂ ਇਲਾਵਾ ਅੰਬਾਂ ਦੇ ਬਿਰਛ ਵੀ ਸਨ ਪਰ ਭਾਈ ਜੀ, ਵਰਗੇ ਡਾਹਡੇ ਰਾਖੇ ਤੇ ਉਹਨਾਂ ਦੇ ਡਰ ਕਰਕੇ ਅਤੇ ਨਾਲ਼ ਹੀ ਉਸ ਦੁਆਲੇ ਕੰਡਿਆਲ਼ੀ ਵਾੜ ਹੋਣ ਕਰਕੇ, ਉਹ ਸਾਡੀ ਪਹੁੰਚ ਤੋਂ ਪਰੇ ਸੀ।

ਉਸ ਬਾਗ ਤੋਂ ਮੁੜਦਿਆਂ ਤੇ ਸੌਣੀ ਦੇ ਅੰਬਾਂ ਵੱਲ ਨੂੰ ਆਉਂਦਿਆਂ ਇਕ ਜਵਾਰ ਦਾ ਖੇਤ ਸੀ। ਉਸ ਵਿਚ ਸਾਡੇ ਗੋਡਿਆਂ ਨਾਲੋਂ ਉਚੀ ਖੇਤੀ ਹੋਈ ਹੋਈ ਸੀ। ਸਾਨੂੰ ਨਹੀ ਸੀ ਪਤਾ ਕਿ ਇਹ ਕਿਸ ਦਾ ਖੇਤ ਹੈ! ਅਸੀਂ ਸਾਰੇ ਛੋਕਰ ਵਾਧੇ ਨੇ, ਵੇਖੋ ਵੇਖੀ ਕੜੱਕ ਕੜੱਕ ਕਰਕੇ ਉਸ ਦੇ ਟਾਂਡੇ ਆਪਣੇ ਪੈਰਾਂ ਨਾਲ ਮਿਧ ਮਿਧ ਕੇ ਭੰਨਣੇ ਸ਼ੁਰੂ ਕਰ ਦਿਤੇ। ਜਿਵੇਂ ਜਿਵੇਂ ਉਹ ਟੁੱਟਣ ਸਮੇ ਖੜਾਕ ਕਰਨ ਸਾਨੂੰ ਓਵੇਂ ਹੀ ਮਜਾ ਜਿਹਾ ਆਵੇ। ਇਸ ਨਾਲ਼ ਸਾਨੂੰ ਬੱਚਿਆਂ ਨੂੰ ਬੜੀ 'ਐਕਸਾਈਟਮੈਂਟ' ਮਹਿਸੂਸ ਹੋਵੇ। ਅਸੀਂ ਵੇਖੋ ਵੇਖੀ ਇਕ ਦੂਜੇ ਤੋਂ ਵਧ ਵਧ ਕੇ ਉਹਨਾਂ ਨੂੰ ਭੰਨੀਏ ਤੇ ਖ਼ੁਸ਼ ਹੋਈਏ। ਇਹ ਸਾਡੀ ਸਮਝ ਤੋਂ ਬਾਹਰ ਦੀ ਬਾਤ ਸੀ ਕਿ ਅਸੀਂ ਇਕ ਗਰੀਬ ਕਿਸਾਨ ਦੀ ਕਮਾਈ ਦਾ ਸੱਤਿਆਨਾਸ ਪੁੱਟ ਰਹੇ ਹਾਂ ਤੇ ਕਿਸਾਨ ਵੀ ਉਹ ਜੋ ਵਿਚਾਰਾ ਛੜਾ ਹੈ ਤੇ ਖ਼ੁਦ ਰੋਟੀ ਪਕਾ ਕੇ ਫਿਰ ਖੇਤਾਂ ਵਿਚ ਆਪਣਾ ਖ਼ੂਨ ਪਸੀਨਾ ਇਕ ਕਰਦਾ ਹੈ। ਅਸੀਂ ਤਾਂ ਆਪਣੀ ਜਾਚੇ ਇਹ 'ਬਹਾਦਰੀ' ਦਾ ਕਾਰਜ ਕਰ ਰਹੇ ਸਾਂ। ਇਹ ਜਵਾਰ ਦੀ ਪੈਲ਼ੀ ਸ. ਆਲਾ ਸਿੰਘ ਦੀ ਸੀ। ਸਦਾ ਵਾਂਗ ਹੀ ਤਕਾਲਾਂ ਨੂੰ ਜਦੋਂ ਸ. ਆਲਾ ਸਿੰਘ ਫਿਰ ਓਸੇ ਸਮੇ ਆਪਣੇ ਡੰਗਰਾਂ ਨੂੰ ਲੈ ਕੇ ਪਿੰਡ ਨੂੰ ਆਇਆ ਤਾਂ ਅਸੀਂ ਓਥੇ ਹੀ ਸਦਾ ਵਾਂਗ ਖਲੋਤੇ ਸਾਂ। ਮੈਨੂੰ ਅਜੇ ਤੱਕ ਯਾਦ ਹੈ ਉਹ ਦ੍ਰਿਸ਼। ਉਸ ਭਲੇ ਪੁਰਸ਼ ਦਾ ਚੇਹਰਾ ਗੁੱਸੇ ਤੇ ਮਾਯੂਸੀ ਨਾਲ ਲਾਲ ਹੋਇਆ ਹੋਇਆ ਸੀ ਤੇ ਉਸ ਨੇ ਸਾਡੇ ਵਲ ਬੇਵਸੀ ਜਿਹੀ ਤੇ ਗੁੱਸੇ ਨਾਲ ਵੇਖਿਆ ਤੇ ਕੁਝ ਬੋਲਿਆ ਵੀ ਜੋ ਹੁਣ ਯਾਦ ਨਹੀ। ਉਸ ਤੋਂ ਬਾਅਦ ਉਸ ਸ਼ਰੀਫ ਆਦਮੀ ਨੇ ਕਦੀ ਸਾਡੇ ਨਾਲ਼ ਗੱਲ ਨਾ ਕੀਤੀ। ਨਾ ਸਾਨੂੰ ਕੁਝ ਆਖਿਆ ਤੇ ਨਾ ਹੀ ਸਾਡੇ ਮਾਪਿਆਂ ਨੂੰ ਕੋਈ ਉਲ਼ਾਹਮਾ ਦਿਤਾ। ਬੱਸ ਸਾਡੇ ਨਾਲ ਚੁੱਪ ਹੀ ਵੱਟ ਲਈ। ਇਹ ਸੀ ਉਸ ਦਾ ਰੋਸਾ ਜ਼ਾਹਰ ਕਰਨ ਦਾ ਨਿਮਾਣਾ ਜਿਹਾ ਢੰਗ।

1955 ਦੇ ਵੱਡੇ ਹੜ੍ਹਾਂ ਵਿਚ ਉਸ ਦਾ ਕਚਾ ਕੋਠਾ ਢਹਿਣ ਨਾਲ਼, ਥੱਲੇ ਆ ਕੇ ਉਸ ਦੀ ਮੌਤ ਹੋ ਗਈ ਸੁਣੀ ਸੀ। ਅਸੀਂ ਉਹਨਾਂ ਦਿਨਾਂ ਵਿਚ ਸਮੇਤ ਪਰਵਾਰ ਤਰਨ ਤਾਰਨ ਵਿਖੇ ਰਹਿੰਦੇ ਸਾਂ ਤੇ ਮੈ ਓਥੇ ਚੀਫ਼ ਖ਼ਾਲਸਾ ਦੀਵਾਨ ਵੱਲੋਂ ਚੱਲਦੇ 'ਖ਼ਾਲਸਾ ਪ੍ਰ੍ਰਚਾਰਕ ਵਿਦਿਆਲਾ' ਵਿਚ ਵਿੱਦਿਆ ਪ੍ਰਾਪਤ ਕਰਦਾ ਸਾਂ। ਇਹ ਹੜ ਵੀ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਆਖੇ ਜਾਂਦੇ ਹਨ। ਕਈ ਦਿਨਾਂ ਤੱਕ ਮੈ ਵਿਦਿਆਲੇ ਤੋਂ ਘਰ ਨਾ ਜਾ ਸਕਿਆ ਤੇ ਭਾਈਆ ਜੀ ਤੇ ਬੀਬੀ ਜੀ ਬੜੇ ਫਿਕਰ ਵਿਚ ਰਹੇ। ਭਾਈਆ ਜੀ ਕੁਝ ਦਿਨਾਂ ਬਾਅਦ ਹੜ ਦਾ ਪਾਣੀ ਹੇਠਾਂ ਹੋਏ ਤੋਂ ਹੀ ਮੇਰੀ ਖ਼ਬਰ ਲੈਣ ਲਈ ਵਿਦਿਆਲੇ ਵਿਖੇ ਪੁੱਜ ਸਕੇ; ਹਾਲਾਂ ਕਿ ਇਹ ਵਿਦਿਆਲਾ ਜੰਡਿਆਲ਼ੇ ਨੂੰ ਜਾਣ ਵਾਲ਼ੀ ਪੱਕੀ ਸੜਕ ਉਤੇ ਹੀ ਸੀ। ਓਦੋਂ ਇਹ ਵਿਦਿਆਲਾ ਸ਼ਹਿਰੋਂ ਵਾਹਵਾ ਦੂਰ ਜਾਪਦਾ ਹੁੰਦਾ ਸੀ ਪਰ ਹੁਣ ਸ਼ਹਿਰ ਵਧ ਜਾਣ ਕਰਕੇ ਅਤੇ ਨਵਾਂ ਬੱਸ ਅੱਡਾ ਇਸ ਤੋਂ ਵੀ ਪਰ੍ਹੇ ਬਣ ਜਾਣ ਕਰਕੇ, ਸ਼ਹਿਰ ਦੇ ਵਿਚ ਹੀ ਘਿਰ ਗਿਆ ਹੈ।

ਬਚਪਨ ਵਿਚ ਪਤਾ ਨਹੀ ਲੱਗਦਾ ਕਿ ਅਸੀਂ ਆਪਣੀ ਨਿੱਕੀ ਜਿਹੀ ਖ਼ੁਸ਼ੀ ਪਿੱਛੇ ਕਿਸੇ ਦਾ ਕਿੰਨਾ ਨੁਕਸਾਨ ਕਰ ਦਿੰਦੇ ਹਾਂ। ਸਾਡੀ ਇਸ ਨਿੱਕੀ ਜਿਹੀ ਐਕਸਾਈਟਮੈਂਟ ਕਰਕੇ ਉਸ ਵਿਚਾਰੇ ਗਰੀਬ ਕਿਸਾਨ ਦੀ ਸੌਣੀ ਦੀ ਫਸਲ ਲਈ ਕੀਤੀ ਗਈ ਮੇਹਨਤ ਗੁੱਲ ਹੋ ਗਈ। ਜਦੋਂ ਇਸ ਗੱਲ ਦਾ ਚੇਤਾ ਆਉਂਦਾ ਹੈ ਤਾਂ ਬੜਾ ਪਛਤਾਵਾ ਜਿਹਾ ਹੋ ਜਾਦਾ ਹੈ।

****

No comments:

Post a Comment