"ਬੜੇ ਬੇਆਬਰੂ ਹੋਕਰ ਤੇਰੇ ਕੂਚਾ ਸੇ ਹਮ ਨਿਕਲ਼ੇ।" ਵਾਲੀ ਗੱਲ ਤਾਂ ਭਾਵੇਂ ਨਹੀ ਸੀ ਤੇ ਨਾ ਹੀ ਬਾਬੇ ਆਦਮ ਦਾ ਜੱਨਤ ਚੋਂ ਨਿਕਲਣਾ ਇਸ ਨਾਲ਼ ਕਿਸੇ ਤਰ੍ਹਾਂ ਕੋਈ ਮੇਚ ਆਉਂਦਾ ਸੀ; ਪਰ ਮਜਬੂਰੀ ਕੁਝ ਏਹੋ ਜਿਹੀ ਹੀ ਸੀ। ਬੱਸ ਰੁਜਗਾਰ ਦੀ ਖੋਜ ਨੇ ਭਾਈਆ ਜੀ ਨੂੰ ਪਿੰਡੋਂ ਨਿਕਲਣ ਲਈ ਮਜਬੂਰ ਕਰ ਦਿਤਾ ਤੇ ਉਹ ਅੰਮ੍ਰਿਤਸਰ ਆ ਕੇ ਸੰਤ ਭੂਰੀ ਵਾਲ਼ਿਆਂ ਦੇ ਡੇਰੇ ਵਿਚ, ਸੇਵਾ ਕਰਨ ਲੱਗ ਪਏ। ਜੇਕਰ ਕੋਈ ਪਾਠ ਸ਼ਹਿਰ ਜਾਂ ਡੇਰੇ ਵਿਚ ਆ ਜਾਣਾ ਤਾਂ ਉਸ ਦੀ ਮਿਲਣ ਵਾਲ਼ੀ ਭੇਟਾ ਦਾ ਰਾਸ਼ਨ ਪਾਣੀ ਖ਼ਰੀਦ ਕੇ ਪਿੰਡ ਦੇ ਆਉਣਾ ਤੇ ਜਾਣਾ ਵੀ ਪਿੰਡ ਕਰਾਏ ਦਾ ਸਾਈਕਲ ਲੈ ਕੇ। ਬੱਸ ਤੇ ਨਾ ਜਾਣਾ ਕਿਉਂਕਿ ਉਸ ਦਾ ਕਿਰਾਇਆ ਸਾਈਕਲ ਦੇ ਕਿਰਾਏ ਨਾਲ਼ੋਂ ਜ਼ਿਆਦਾ ਲੱਗਦਾ ਸੀ। ਏਸੇ ਸਮੇ ਦੌਰਾਨ ਹੀ, 1952 ਦੀ ਦੀਵਾਲ਼ੀ ਸਮੇ ਮੈਨੂੰ ਵੀ ਸਾਈਕਲ ਤੇ ਬੈਠਾ ਕੇ ਆਪਣੇ ਨਾਲ਼ ਲੈ ਗਏ। ਰਸਤੇ ਵਿਚ ਮੇਰਾ ਇਕ ਪੈਰ ਸਾਈਕਲ ਦੇ ਅਗਲੇ ਪਹੀਏ ਵਿਚ ਅੜ ਗਿਆ। ਮੈ ਸਾਈਕਲ ਤੋਂ ਥੱਲੇ ਪੱਕੀ ਸੜਕ ਤੇ ਡਿਗ ਪਿਆ। ਪੈਰ ਤੇ ਵਾਹਵਾ ਸੱਟ ਲੱਗੀ। ਲਾਗੇ ਡੰਗਰ ਚਾਰਨ ਵਾਲ਼ੇ ਲੋਕ ਭੱਜ ਕੇ ਆਏ। ਅਜਿਹੇ ਸਮੇ ਭੀੜ ਨੂੰ ਮੌਕਾ ਮਿਲ਼ ਜਾਂਦਾ ਹੈ ਇਕੱਲੇ ਵਿਅਕਤੀ ਉਪਰ ਫੋਕਾ ਰੋਹਬ ਪਾਉਣ ਦਾ ਪਰ ਭਾਈਆ ਜੀ ਦਾ ਸਰੀਰਕ ਬਲ ਇਕੱਲੇ ਵਿਅਕਤੀ ਨਾਲ਼ੋਂ ਵਧ ਵੇਖ ਕੇ ਅਤੇ ਸ਼ਾਇਦ ਉਹਨਾਂ ਦੇ ਗਾਤਰੇ ਵੱਡੀ ਕ੍ਰਿਪਾਨ ਪਾਈ ਹੋਈ ਹੋਣ ਕਰਕੇ, ਉਹ ਝਿਜਕ ਜਿਹੇ ਗਏ ਤੇ ਇਹ ਸਮਾ ਸੁਖ ਨਾਲ਼ ਹੀ ਬੀਤ ਗਿਆ। ਡੇਰੇ ਵਿਚ ਇਕ ਕਮਰੇ ਵਿਚ ਭਾਈਆ ਜੀ ਰਹਿੰਦੇ ਸਨ ਤੇ ਪ੍ਰਕਰਮਾਂ ਵਿਚ ਸੇਵਾ ਕਰਦੇ ਸਨ। ਲੌਢੇ ਕੁ ਵੇਲ਼ੇ ਪ੍ਰਕਰਮਾਂ ਵਿਚ ਸ਼ਹੀਦ ਬੁੰਗੇ ਕੋਲ਼ ਦਰੀਆਂ ਇਕੱਠੀਆਂ ਕਰਨ ਦੀ ਸੇਵਾ ਕਰ ਰਹੇ ਸਨ ਤੇ ਮੇਰੀ ਨਿਗਾਹ ਹਰਿਮੰਦਰ ਸਾਹਿਬ ਤੇ ਪਈ ਤੇ ਮੈ ਪੁਛਿਆ, "ਭਾਈਆ ਜੀ, ਅਹੁ ਕੀ ਏ?" ਤਾਂ ਉਹਨਾਂ ਆਖਿਆ, "ਉਹ ਹਰਿਮੰਦਰ ਸਾਹਿਬ ਹੈ। ਅਸੀਂ ਸੇਵਾ ਮੁਕਾ ਕੇ ਦਰਸ਼ਨਾਂ ਨੂੰ ਚੱਲਾਂਗੇ। ਓਥੇ ਬੜਾ ਸੋਹਣਾ ਕੀਰਤਨ ਹੁੰਦਾ ਹੈ।" ਸੁਣਿਆ ਤੇ ਮਨ ਵਿਚ ਵੱਸਿਆ ਹਰਿਮੰਦਰ ਸਾਹਿਬ ਹੋਰ ਸੀ ਤੇ ਇਸ ਨੇ ਉਸ ਮਨ ਵਿਚ ਵਸੀ ਤਸਵੀਰ ਨਾਲ਼ ਪੂਰਾ ਮੇਲ਼ ਨਾ ਖਾਧਾ। ਮੱਥਾ ਟੇਕਣ ਗਏ ਤਾਂ ਅੰਦਰ ਕੀਰਤਨ ਜੇਹੜਾ ਹੋ ਰਿਹਾ ਸੀ ਉਹ ਮੈਨੂੰ ਕੀਰਤਨ ਨਾ ਲੱਗਾ ਤੇ ਮੈ ਮਨ ਹੀ ਮਨ ਸੋਚਿਆ ਕਿ ਸ਼ਾਇਦ ਰਾਗੀ ਸਾਹ ਲੈ ਰਹੇ ਹੋਣ, ਕਿਉਂਕਿ ਗੁਰੂਆਣੇ ਤੇ ਬਾਬੇ ਬਕਾਲ਼ੇ ਦੀ ਮੱਸਿਆ ਤੇ ਸੁਣੇ ਕੀਰਤਨ ਨਾਲ਼ ਇਸ ਕੀਰਤਨ ਦਾ ਕੋਈ ਮੇਲ਼ ਨਹੀ ਸੀ।
ਇਸ ਯਾਤਰਾ ਦੇ ਦੌਰਾਨ ਹੀ, ਰਾਤ ਸਮੇ ਪ੍ਰਕਰਮਾਂ ਦੀ ਸੰਤ ਗੁਰਮੁਖ ਸਿੰਘ ਵਾਲ਼ੀ ਬਾਹੀ ਤੇ ਸਜੇ ਦੀਵਾਨ ਵਿਚ, ਪਹਿਲੀ ਵਾਰ ਢਾਡੀ ਜਥੇ ਪਾਸੋਂ ਪੰਜ ਪਿਆਰੇ ਸਾਜਣ ਦਾ ਪ੍ਰਸੰਗ ਸੁਣਿਆ ਜਿਸ ਵਿਚ ਉਹਨਾਂ ਨੇ ਦੱਸਿਆ ਕਿ ਤੰਬੂ ਦੇ ਅੰਦਰ ਪੰਜ ਬੱਕਰੇ ਝਟਕਾਏ ਗਏ ਸਨ ਤੇ ਇਹ ਤਸਵੀਰ ਓਨਾ ਚਿਰ ਸੋਚ ਵਿਚ ਟਿਕੀ ਹੀ ਰਹੀ ਜਿੰਨਾ ਚਿਰ 1958 ਵਿਚ, ਪ੍ਰਿੰ. ਸਾਹਿਬ ਸਿੰਘ ਜੀ ਹੋਰਾਂ ਕੋਲ਼ੋਂ ਇਹ ਨਾ ਸੁਣ ਲਿਆ, "ਜਦੋਂ ਗੁਰੂ ਜੀ ਨੇ ਪੜਦਾ ਰਖਿਆ ਹੈ ਤਾਂ ਅਸੀਂ ਕੌਣ ਹੁੰਦੇ ਹਾਂ ਝੀਤਾਂ ਥਾਣੀ ਅੰਦਰ ਝਾਕਣ ਵਾਲ਼ੇ!"
ਪਹਿਲਾਂ ਦੱਸਿਆ ਗਿਆ ਹੈ ਕਿ ਤਿੰਨੀ ਥਾਂਈਂ ਟੱਬਰ ਦੇ ਵੰਡੇ ਜਾਣ ਨਾਲ਼ ਵਸੀਲੇ ਵੀ ਵੰਡੇ ਗਏ। ਛੋਟੇ ਪੜਦਾਦਾ ਜੀ ਵੀ ਚਾਲੇ ਪਾ ਗਏ। ਪੈਨਸ਼ਨ ਵੀ ਬੰਦ ਤੇ ਉਹਨਾਂ ਦੇ ਹਿੱਸੇ ਦੀ ਜ਼ਮੀਨ ਵੀ ਵੰਡੀ ਗਈ ਤੇ ਸਾਲਾਂ ਬਧੀ ਚੱਲੇ ਮੁਕੱਦਮੇ ਉਪਰ, ਜੋ ਗਵਾਂਢੀ ਪਿੰਡ, ਜਲਾਲ ਦੇ ਸੁਨਿਆਰੇ ਕੋਲ਼ੋਂ ਬਿਆਜੀ ਕਰਜਾ ਚੁੱਕ ਕੇ ਲਾਇਆ ਸੀ, ਉਹ ਵੀ ਭਾਈਆ ਜੀ ਨੂੰ ਆਪਣੇ ਨਾਂ ਲਿਖਵਾਉਣਾ ਪਿਆ। ਇਸ ਤੋਂ ਇਲਾਵਾ ਚਾਚਾ ਜੀ ਦਾ ਪਰਵਾਰ ਪਿੰਡ ਵਿਚ ਇਸ ਲਈ ਵੱਸਦਾ ਰਿਹਾ ਕਿ ਦੋ ਮੀਲਾਂ ਤੇ ਵੱਸਦੇ ਚਾਚੀ ਜੀ ਦੇ ਪੇਕੇ ਹਰ ਤਰ੍ਹਾਂ ਉਹਨਾਂ ਦੀ ਸਹਾਇਤਾ ਕਰਦੇ ਰਹੇ। ਚਾਰ ਭਰਾ ਤੇ ਪੰਜਵਾਂ ਭਾਈਆ (ਪਿਓ) ਹਰ ਸਮੇ ਹਰ ਪ੍ਰਕਾਰ ਦੀ ਸਹਾਇਤਾ ਲਈ ਹਾਜਰ। ਇਸ ਦੇ ਉਲ਼ਟ ਸਾਡੇ ਬਜ਼ੁਰਗ ਨਾਨਾ ਜੀ ਦੀਆਂ ਤਿੰਨ ਧੀਆਂ ਤੇ ਇਕੋ ਇਕ ਪੁੱਤਰ, ਜਵਾਨੀ ਸਮੇ ਹੀ ਬੀਮਾਰ ਰਹਿ ਕੇ ਚਾਲੇ ਪਾ ਗਿਆ। ਜਵਾਨੀ ਸਮੇ ਚੋਰਾਂ ਨਾਲ਼ ਟਾਕਰਾ ਹੋ ਜਾਣ ਤੇ ਗਿੱਟੇ ਵਿਚ ਵੀ ਸੱਟ ਲੱਗਣ ਨਾਲ਼ ਪੱਕਾ ਨੁਕਸ ਪੈ ਗਿਆ ਤੇ ਸਾਰੀ ਉਮਰ ਇਸ ਹੱਥੋਂ ਤੰਗ ਰਹੇ। ਗੱਲ ਕੀ, ਸਾਡੇ ਨਾਨਕੇ ਸਾਡੀ ਸਹਾਇਤਾ ਕਰਨ ਯੋਗ ਨਾ ਹੋਣ ਕਰਕੇ, ਭਾਈਆ ਜੀ ਨੂੰ ਪਰਵਾਰ ਦੇ ਰੁਜ਼ਗਾਰ ਹਿਤ ਪਿੰਡ ਛੱਡਣਾ ਪਿਆ। ਉਹ ਸਮਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਠੇਕੇ ਤੇ ਪੈਲ਼ੀ ਲੈ ਕੇ, ਭੈਣ ਤੋਂ ਬੀ ਵਾਸਤੇ ਕਰਜਾ ਲੈ ਕੇ ਕਮਾਦ ਬੀਜਿਆ ਤੇ ਆਪਣੇ ਛੋਟੇ ਭਰਾ ਦੀ ਸਲਾਹ ਤੇ, ਭਾਈਆ ਜੀ ਨੇ, ਹਮੀਰੇ ਮਿੱਲ ਵਿਚ ਟਰੱਕ ਰਾਹੀਂ ਸੁੱਟਾ ਦਿਤਾ। ਪੈਸੇ ਪਤਾ ਨਹੀ ਭਰਾ ਲੈ ਗਿਆ ਜਾਂ ਟਰੱਕ ਵਾਲਾ ਜਾਂ ਮਿੱਲ ਵਾਲਿਆਂ ਹੀ ਨਹੀ ਦਿਤੇ! ਕਣਕ ਜਿੰਨੀ ਹੋਈ ਉਹ ਠੇਕੇ ਵਿਚ ਚਲੀ ਗਈ। ਭੈਣ ਦਾ ਕਰਜਾ ਤੇ ਸੁਨਿਆਰੇ ਦਾ ਬਿਆਜੀ ਕਰਜਾ ਸਿਰ ਤੇ। ਘਰ ਖਾਣ ਨੂੰ ਕੁਝ ਨਹੀ। ਭਾਈਆ ਜੀ ਨੇ ਵਾਹੀ ਛੱਡ ਦੇਣ ਦਾ ਪੱਕਾ ਵਿਚਾਰ ਬਣਾ ਲਿਆ। ਸਹੁਰੀਂ ਪੇਕੀਂ ਬੜਾ ਕੁਹਰਾਮ ਮਚਿਆ ਕਿਉਂਕਿ ਜੱਟਾਂ ਵਿਚ ਖੇਤੀ ਹੀ ਰੁਜ਼ਗਾਰ ਦਾ ਸਾਧਨ ਹੁੰਦੀ ਸੀ ਤੇ ਜਾਂ ਫਿਰ ਫੌਜ ਵਿਚ ਭਰਤੀ, ਜਿਸ ਨੂੰ ਓਦੋਂ ਨੌਕਰ ਹੋਣਾ, ਆਖਿਆ ਜਾਂਦਾ ਸੀ ਤੇ ਜਾਂ ਸਾਡੇ ਪਿੰਡੋਂ ਕੁਝ ਬੰਦੇ ਸਿੰਘਾਪੁਰ ਮਲਾਇਆ ਵਿਚ ਵੀ ਸਨ, ਜਿਸ ਨੂੰ ਬਾਹਰ ਜਾਣਾ ਕਿਹਾ ਜਾਂਦਾ ਸੀ। ਭਾਈਆ ਜੀ ਇਹਨਾਂ ਦੋਹਾਂ ਸ਼੍ਰੇਣੀਆਂ ਵਿਚ ਨਹੀ ਸਨ ਆਉਂਦੇ ਤੇ ਖੇਤੀ ਛੱਡ ਦਿਤੀ। ਟੱਬਰ ਅੱਠ ਜੀਆਂ ਦਾ ਕਿਥੋਂ ਤੇ ਕੀ ਖਾਊਗਾ! ਪਿਛੋਂ ਗੋਡਿਆਂ ਤੋਂ ਉਚਾ ਹੋਇਆ ਹਰਿਆ ਕਚੂਰ ਮੂਢਾ ਕਮਾਦ ਮੈ ਤੇ ਮੇਰਾ ਛੋਟਾ ਭਰਾ, ਬ੍ਹੀਰੋ (ਹੁਣ ਸੂਬੇਦਾਰ ਦਲਬੀਰ ਸਿੰਘ) ਵਢ ਵਢ ਕੇ ਤੇ ਕੁਤਰ ਕੁਤਰ ਕੇ ਡੰਗਰਾਂ ਨੂੰ ਪਾਈ ਜਾਈਏ। ਜੇਹੜਾ ਵੀ ਸਾਨੂੰ ਇਹ ਕੁਝ ਕਰਦਿਆਂ ਨੂੰ ਵੇਖੇ, ਆਖੇ, "ਕੀ ਤੁਹਾਡੀ ਮੱਤ ਮਾਰੀ ਗਈ ਆ ਓਇ! ਸ਼ਦਾਈਓ ਏਨਾ ਮੱਲਿਆ ਹੋਇਆ ਹਰਿਆ ਕਚੂਰ ਕਮਾਦ ਵਢ ਵਢ ਗਵਾਈ ਜਾਂਦੇ ਓ!" ਉਹਨਾਂ ਨੂੰ ਕੀ ਪਤਾ ਕਿ ਸਾਡੇ ਘਰ ਦੀ ਕੀ ਹਾਲਤ ਹੈ! ਇਹ ਗੱਲ 1952 ਦੀ ਹੈ। ਓਦੋਂ ਹੀ ਮੈਨੂੰ ਪਤਾ ਲੱਗਾ ਕਿ 'ਸੰਨ, ਸੰਮਤ' ਵਰਗੀ ਵੀ ਕੋਈ ਚੀਜ ਹੁੰਦੀ ਹੈ; ਜਦੋਂ ਜਾਮਨੂੰ ਹੇਠ ਬੈਠੇ, ਕਿਸੇ ਪੜ੍ਹੇ ਹੋਏ ਸੱਜਣ ਨੇ, ਤਿੰਨ ਪੈਸਿਆਂ ਵਾਲ਼ਾ ਕਾਰਡ ਲਿਖਦਿਆਂ, ਮੂਹੋਂ ਬੋਲ ਕੇ ਤਰੀਕ ਪਾਈ ਤੇ ਨਾਲੇ ਦੱਸਿਆ ਕਿ 52 ਵਾਂ ਸਾਲ ਹੋ ਗਿਆ।
1952 ਦੇ ਅੰਤ ਵਿਚ ਮੈਨੂੰ ਇਕ ਮੇਰਾ ਹਾਣੀ, ਬਲਬੀਰ ਸਿੰਘ ਮਿਲ਼ਿਆ। ਹੋਇਆ ਇਉਂ ਕਿ ਉਸ ਦੇ ਪਿਤਾ ਜੀ ਉਸ ਨੂੰ ਮੇਰੇ ਭਾਈਆ ਜੀ ਕੋਲ਼ੋਂ ਗੁਰਬਾਣੀ ਦੇ ਪਾਠ ਦੀ ਸੰਥਿਆ ਕਰਵਾਇਆ ਕਰਦੇ ਸਨ। ਇਸ ਕਾਰਜ ਵਾਸਤੇ ਉਹ ਬਾਪ ਬੇਟਾ ਮੇਰੇ ਭਾਈਆ ਜੀ ਕੋਲ਼ ਹੀ ਰਹਿ ਰਹੇ ਸਨ। ਉਸ ਨੂੰ ਸਿੱਖ ਇਤਿਹਾਸ ਦੀ, ਮੇਰੀ ਉਸ ਸਮੇ ਦੀ ਸਮਝ ਅਨੁਸਾਰ, ਬਹੁਤ ਜਾਣਕਾਰੀ ਸੀ; ਖਾਸ ਕਰਕੇ ਇਸ ਦੇ ਸੂਰਬੀਰਤਾ ਵਾਲ਼ੇ ਖਾਸੇ ਦੀ। ਉਸ ਦੀ ਪ੍ਰੇਰਨਾ ਨਾਲ਼ ਮੈ ਗਿਆਨੀ ਕਰਤਾਰ ਸਿੰਘ ਕਲਾਸਵਾਲ਼ੀਏ ਦਾ ਲਿਖਿਆ, ਬੰਦਾ ਸਿੰਘ ਬਹਾਦਰ, ਬੈਂਤਾਂ ਵਾਲ਼ਾ ਗ੍ਰੰਥ ਪੜ੍ਹਿਆ ਤੇ ਏਸੇ ਸਮੇ ਹੀ ਭਾਈ ਬਾਲੇ ਵਾਲ਼ੀ ਜਨਮ ਸਾਖੀ ਵੀ ਪੜ੍ਹ ਲਈ ਤੇ ਭਾਈਆ ਜੀ ਦੀ ਪ੍ਰੇਰਨਾ ਨਾਲ਼ ਨਿਤਨੇਮ ਵੀ ਕੰਠ ਕਰ ਲਿਆ।
****
No comments:
Post a Comment