ਸ੍ਰੀ ਦਰਬਾਰ ਸਾਹਿਬ ਉਪਰ ਕਾਂਗਰਸ ਸਰਕਾਰ ਦਾ ਪਹਿਲਾ ਪੁਲਸ ਹਮਲਾ

ਗੱਲ ਇਹ ਪੰਜ ਜੁਲਾਈ 1955 ਦੇ ਲੌਢੇ ਵੇਲੇ ਦੀ ਹੈ ਜਦੋਂ ਕਿ ਮੈ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਦੀਆਂ ਪਰਕਰਮਾ ਵਿਚ, ਗਿ: ਹਰੀ ਸਿੰਘ ਜੀ ਮੁਖ ਗ੍ਰੰਥੀ ਪਾਸੋਂ, ਸੰਗਤ ਵਿਚ ਨਾਨਕ ਪ੍ਰਕਾਸ਼ ਦੀ ਕਥਾ ਸੁਣ ਰਿਹਾ ਸਾਂ। ਕਥਾ ਦੀ ਸਮਾਪਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਇਕ ਪ੍ਰਚਾਰਕ, ਗਿ: ਹਰਿਭਜਨ ਸਿੰਘ ਜੀ, ਨੇ ਉਠ ਕੇ ਸੰਗਤਾਂ ਨੂੰ ਮੁਖ਼ਾਤਬ ਕੀਤਾ। ਗਿਆਨੀ ਜੀ ਨੇ ਜੋ ਦੱਸਿਆ ਉਸ ਦਾ ਸਾਰ ਕੁਝ ਇਸ ਪ੍ਰਕਾਰ ਸੀ:
ਪਿਛਲੀ ਅਧੀ ਰਾਤ ਨੂੰ ਪੁਲ਼ਸ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿਤਾ ਹੈ। ਹਾਜਰ ਵਿਅਕਤੀਆਂ ਨੂੰ ਭੈ ਭੀਤ ਕਰਨ ਵਾਸਤੇ ਪਹਿਲਾਂ ਗੋਲ਼ੀ ਚਲਾਈ ਤੇ ਫੇਰ ਟੀਅਰ ਗੈਸ ਛੱਡੀ। ਸ੍ਰੀ ਗੁਰੂ ਰਾਮਦਾਸ ਸਰਾਂ, ਲੰਗਰ, ਦਫ਼ਤਰ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦੀਵਾਨ ਸਥਾਨ ਸ੍ਰੀ ਮੰਜੀ ਸਾਹਿਬ ਆਦਿ ਸਥਾਨਾਂ ਉਪਰ ਪੁਲਸ ਨੇ ਕਬਜ਼ਾ ਕਰ ਲਿਆ ਹੈ। ਉਸ ਸਮੇ ਜਿੰਨੇ ਵੀ ਯਾਤਰੂ, ਵਾਲੰਟੀਅਰ, ਸੇਵਾਦਾਰ, ਆਗੂ ਆਦਿ ਮੌਜੂਦ ਸਨ, ਸਭ ਨੂੰ ਪੁਲਸ ਗ੍ਰਿਫ਼ਤਾਰ ਕਰਕੇ ਲੈ ਗਈ ਹੈ। ਕੁਝ ਵਿਅਕਤੀ ਗੋਲ਼ੀਆਂ ਅਤੇ ਟੀਅਰ ਗੈਸ ਸਦਕਾ ਜ਼ਖਮੀ ਵੀ ਹੋ ਗਏ ਹਨ।

ਅੱਜ ਦੁਨੀਆਂ ਅਤੇ ਸਾਰਾ ਸੰਸਾਰ ਇਸ ਦੁਖਾਂਤ ਨੂੰ ਆਪਣੀ ਯਾਦ 'ਚੋਂ ਕਢ ਚੁਕਾ ਹੈ। ਇਸ ਦੇ ਦੋ ਕਾਰਨ ਹਨ: ਇਕ ਤਾਂ ਵੈਸੇ ਹੀ ਆਖਿਆ ਜਾਂਦਾ ਹੈ ਕਿ ਜਨਤਾ ਦੀ ਯਾਦਦਾਸ਼ਤ ਥੋਹੜ ਚਿਰੀ ਹੁੰਦੀ ਹੈ ਤੇ ਦੂਸਰਾ ਕਾਰਨ ਇਹ ਹੈ ਕਿ ਜੋ 1984 ਵਿਚ ਇੰਦਰਾ ਨੇ ਜੱਗੋਂ ਤੇਹਰਵੀਂ ਕਰ ਵਿਖਾਈ ਉਸ ਦੇ ਸਾਹਮਣੇ ਉਸ ਦੇ ਪਿਉ ਦੇ ਸਮੇ ਦੀ ਇਹ ਕਰਤੂਤ ਤੁੱਛ ਜਿਹੀ ਜਾਪਦੀ ਹੈ।
ਸੰਖੇਪ ਵਿਚ ਇਸ ਦਾ ਪਿਛੋਕੜ ਇਹ ਹੈ:
ਅਗੱਸਤ 1947 ਵਿਚ ਅੰਗ੍ਰੇਜ਼ਾਂ ਦੇ ਚਲੇ ਜਾਣ ਪਿਛੋਂ ਰਾਜ, ਕਾਂਗਰਸ ਦੇ ਬੁਰਕੇ ਹੇਠ ਛੁਪੇ ਫਿਰਕਾਪ੍ਰਸਤ ਹਿੰਦੂਆਂ ਦਾ ਹੋ ਗਿਆ। ਸਿੱਖਾਂ ਦੇ ਆਗੂਆਂ ਨੂੰ ਸਦਾ ਦੀ ਤਰ੍ਹਾਂ ਸਮਾ ਲੰਘੇ ਤੇ ਪਤਾ ਲੱਗਾ ਕਿ ਸਾਡੇ ਹੱਥ ਤਾਂ 'ਘੁਗੂ' ਵੀ ਨਹੀ ਆਇਆ। ਇਹ ਹਾਲਤ ਵੇਖ ਕੇ ਇਕ ਸ਼ਕਤੀਸ਼ਾਲੀ ਗਰੁਪ ਅਕਾਲੀਆਂ ਦਾ, ਜਿਸ ਨੂੰ 'ਨਾਗੋਕੇ ਗਰੁਪ' ਕਿਹਾ ਜਾਂਦਾ ਸੀ, ਮਹਾਂਰਾਜਾ ਪਟਿਆਲਾ ਰਾਹੀਂ ਕਾਂਗਰਸ ਦੇ 'ਪਟੇਲ ਗਰੁਪ' ਨਾਲ਼ ਮਿਲ਼ ਕੇ, ਬਖਸ਼ੀਸ਼ ਵਜੋਂ ਮਿਲ਼ੀ ਕੁਝ ਕੁ ਰਾਜਸੀ ਤਾਕਤ ਦਾ ਆਨੰਦ ਮਾਨਣ ਲੱਗ ਪਿਆ। ਇਸ ਗਰੁਪ ਵਿਚ ਜ. ਊਧਮ ਸਿੰਘ ਨਾਗੋਕੇ, ਜ. ਮੋਹਨ ਸਿੰਘ ਨਾਗੋਕੇ, ਸ. ਈਸ਼ਰ ਸਿੰਘ ਮਝੈਲ, ਜ. ਦਰਸ਼ਨ ਸਿੰਘ ਫੇਰੂਮਾਨ, ਜ. ਸੋਹਨ ਸਿੰਘ ਜਲਾਲ ਉਸਮਾ, ਗਿ. ਸੋਹਣ ਸਿੰਘ ਸੀਤਲ, ਆਦਿ ਸ਼ਾਮਲ ਸਨ ਤੇ ਮੁਖੀ ਇਹਨਾਂ ਦਾ ਸੀ ਜ. ਊਧਮ ਸਿੰਘ ਨਾਗੋਕੇ। 'ਜਥੇਦਾਰ ਗਰੁਪ', 'ਮਝੈਲ ਗਰੁਪ' ਵੀ ਏਸੇ ਧੜੇ ਦੇ ਹੀ ਨਾਂ ਸਨ।
ਦੂਜੇ ਬੰਨੇ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਵਾਲ਼ਾ ਗਰੁਪ ਸੀ। ਮਾਸਟਰ ਤਾਰਾ ਸਿੰਘ ਜੀ ਵਿਚਾਰਧਾਰਕ ਪੱਖੋਂ ਤਾਂ ਭਾਵੇਂ ਗਿਆਨੀ ਗਰੁਪ ਨਾਲ਼ ਸਨ ਪਰ ਲਗਦੀ ਵਾਹ ਸਦਾ ਹੀ ਦੋਹਾਂ ਗਰੁਪਾਂ ਦੇ ਸਾਂਝੇ ਆਗੂ ਬਣੇ ਰਹਿਣ ਦੇ ਯਤਨਾਂ ਵਿਚ ਰਹਿੰਦੇ ਸਨ। ਨਾਗੋਕੇ ਗਰੁਪ ਦਾ ਵਿਚਾਰ ਸੀ, ਕਿਉਂਕਿ ਹੁਣ ਸਾਂਝੀਆਂ ਚੋਣਾਂ ਹੋਣ ਕਾਰਨ ਅਸੀਂ ਸਿੱਖ, ਆਪਣੀ ਤਾਕਤ ਦੇ ਸਹਾਰੇ ਸਰਕਾਰ ਵਿਚ ਹਿੱਸੇਦਾਰ ਨਹੀ ਬਣ ਸਕਦੇ। ਇਸ ਲਈ ਹਾਲਾਤ ਬਦਲਣ ਕਾਰਨ ਅਸੀਂ ਰਾਜਸੀ ਤਾਕਤ ਵਿਚ ਭਾਈਵਾਲ਼ ਸਿਰਫ ਕਾਂਗਰਸ ਰਾਹੀਂ ਹੀ ਬਣ ਸਕਦੇ ਹਾਂ। ਦੂਜਾ ਗਰੁਪ ਇਸ ਵਿਚਾਰ ਦਾ ਸੀ ਕਿ ਕਾਂਗਰਸ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ ਤੇ ਕੀਤੇ ਗਏ ਵਾਅਦਿਆਂ ਤੋਂ ਕਾਂਗਰਸੀ ਆਗੂ ਮੁੱਕਰ ਗਏ ਹਨ; ਇਸ ਲਈ ਸਾਨੂੰ ਆਜ਼ਾਦ ਪੰਥਕ ਹਸਤੀ ਕਾਇਮ ਰੱਖਣ ਲਈ ਜਦੋ ਜਹਿਦ ਕਰਨੀ ਚਾਹੀਦੀ ਹੈ। ਮਾਸਟਰ ਤਾਰਾ ਸਿੰਘ ਜੀ ਇਸ ਵਿਚਾਰਧਾਰਾ ਦੇ ਹਾਮੀ ਸਨ।
ਉਸ ਸਮੇ ਪੰਜਾਬ ਕਾਂਗਰਸ ਵਿਚ ਦੋ ਧੜੇ ਸਨ। ਡਾ: ਗੋਪੀ ਚੰਦ ਭਾਰਗੋ, ਜੋ ਕਿ ਉਸ ਸਮੇ ਪੰਜਾਬ ਦਾ ਮੁਖ ਮੰਤਰੀ ਸੀ, ਦੀ ਅਗਵਾਈ ਵਾਲ਼ਾ ਧੜਾ, ਹਿੰਦ ਦੇ ਹੋਮ ਮਿਨਿਸਟਰ ਸਰਦਾਰ ਪਟੇਲ ਦਾ ਧੜਾ ਸੀ ਤੇ ਦੂਜੇ ਬੰਨੇ ਲਾਲਾ ਭੀਮ ਸੈਨ ਸੱਚਰ ਦਾ ਧੜਾ, ਪ੍ਰਧਾਨ ਮੰਤਰੀ ਪੰਡਤ ਨਹਿਰੂ ਦੀ ਸਰਪ੍ਰਸਤੀ ਹੇਠ ਸੀ। ਸ: ਪਰਤਾਪ ਸਿੰਘ ਕੈਰੋਂ ਵੀ ਇਸ ਧੜੇ ਵਿਚ ਸ਼ਾਮਲ ਸੀ। ਸਰਦਾਰ ਪਟੇਲ ਦੀ ਮੌਤ ਹੋ ਜਾਣ ਕਰਕੇ ਡਾਕਟਰ ਭਾਰਗੋ ਦਾ ਧੜਾ ਕਮਜੋਰ ਹੋ ਗਿਆ। ਗੋਪੀ ਚੰਦ ਭਾਰਗੋ ਨੂੰ ਲਾਹ ਕੇ ਮੁਖ ਮੰਤਰੀ ਦੀ ਕੁਰਸੀ ਤੇ, ਪੰਡਤ ਨਹਿਰੂ ਦੀ ਕਿਰਪਾ ਸਦਕਾ, ਲਾਲਾ ਭੀਮ ਸੈਨ ਸੱਚਰ ਜੀ ਸਜ ਗਏ। ਸ: ਪਰਤਾਪ ਸਿੰਘ ਕੈਰੋਂ ਇਸ ਸੱਚਰ ਵਜ਼ਾਰਤ ਵਿਚ ਵਿਕਾਸ ਮੰਤਰੀ ਬਣ ਗਏ।
1955 ਦੀਆਂ ਗੁਰਦੁਆਰਾ ਚੋਣਾਂ, ਜੋ ਕਿ ਆਜ਼ਾਦੀ ਉਪ੍ਰੰਤ ਪਹਿਲੀ ਵਾਰ ਹੋਈਆਂ, ਕਾਂਗਰਸ ਨੇ ਨਾਗੋਕੇ ਗਰੁਪ ਦੀ ਅਗਵਾਈ ਹੇਠ 'ਖ਼ਾਲਸਾ ਦਲ' ਬਣਾ ਕੇ ਲੜੀਆਂ। ਨਾਗੋਕੇ ਗਰੁਪ ਦਾ ਉਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਬਜ਼ਾ ਸੀ। ਦੂਸਰੇ ਬੰਨੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਸੀ, ਜਿਸ ਨੇ ਪੰਜਾਬੀ ਸੂਬੇ ਨੂੰ ਆਪਣਾ ਚੋਣ ਮਨੋਰਥ ਬਣਾ ਕੇ ਚੋਣਾਂ ਲੜੀਆਂ। ਕਮਿਊਨਿਸਟਾਂ ਦੇ 'ਦੇਸ਼ ਭਗਤ ਬੋਰਡ' ਨੇ ਸ਼੍ਰੋਮਣੀ ਅਕਾਲੀ ਦਲ ਨਾਲ਼ ਸਮਝੌਤਾ ਕਰਕੇ ਇਸ ਚੋਣ ਵਿਚ ਹਿੱਸਾ ਲਿਆ ਤੇ 25 ਸੀਟਾਂ ਜਿੱਤੀਆਂ। ਸਰਕਾਰੀ ਤਾਕਤ ਅਤੇ ਗੁਰਦੁਆਰਿਆਂ ਦੇ ਵਸੀਲੇ ਵਰਤਣ ਦੇ ਬਾਵਜੂਦ ਵੀ ਸਰਕਾਰੀ 'ਖ਼ਾਲਸਾ ਦਲ' ਦੇ ਹਥ ਕੇਵਲ 'ਤਿੰਨ ਕਾਣੇ' ਹੀ ਆਏ। 140 ਵਿਚੋਂ ਤਿੰਨ ਸੀਟਾਂ ਹੀ ਉਸ ਗਰੁਪ ਦੇ ਹੱਥ ਲਗੀਆਂ ਤੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਨਦਾਰ ਸਫ਼ਲਤਾ ਬਖ਼ਸ਼ ਕੇ, ਕੌਮ ਨੇ ਆਪਣਾ ਆਗੂ ਸਵੀਕਾਰ ਕਰ ਲਿਆ।
ਪੰਜਾਬੀ ਸੂਬੇ ਦੇ ਮੁੱਦੇ ਤੇ ਲੜੀ ਗਈ ਇਲੈਕਸ਼ਨ ਜਿੱਤਣ ਉਪ੍ਰੰਤ, ਇਸ ਦੀ ਪ੍ਰਾਪਤੀ ਹਿਤ ਉਦਮ ਕਰਨਾ ਵੀ ਜ਼ਰੂਰੀ ਸੀ। ਸੋ ਸ਼੍ਰੋਮਣੀ ਅਕਾਲੀ ਦਲ ਨੇ "ਪੰਜਾਬੀ ਸੂਬਾ ਜਿੰਦਾਬਾਦ" ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ ਤੇ ਸਰਕਾਰ ਨੇ ਅਕਾਲੀ ਫੜ ਫੜ ਜੇਲ੍ਹਾਂ ਵਿਚ ਤੁੰਨਣੇ ਸ਼ੁਰੂ ਕਰ ਦਿਤੇ। ਇਸ ਤਰ੍ਹਾਂ ਮੋਰਚਾ ਆਰੰਭ ਹੋ ਗਿਆ ਜਿਸ ਨੂੰ "ਪੰਜਾਬੀ ਸੂਬਾ ਜਿੰਦਾਬਾਦ" ਵਾਲ਼ਾ ਮੋਰਚਾ ਆਖਿਆ ਜਾਂਦਾ ਹੈ। ਬਾਰਾਂ ਹਜ਼ਾਰ ਅਕਾਲੀ ਸੱਤਿਆਗ੍ਰਹੀ, ਕੁਝ ਹਫ਼ਤਿਆਂ ਵਿਚ ਹੀ ਜੇਲ੍ਹਾਂ ਅੰਦਰ ਜਾ ਬਿਰਾਜਮਾਨ ਹੋਏ। ਇਹ ਵੇਖ ਕੇ ਸਰਕਾਰ ਬੁਖ਼ਲਾ ਗਈ ਤੇ ਉਸ ਨੇ ਚਾਰ ਤੇ ਪੰਜ ਜੁਲਾਈ ਦੀ ਰਾਤ ਨੂੰ, ਡੀ. ਆਈ. ਜੀ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਪੁਲਸ ਐਕਸ਼ਨ ਕਰਕੇ, ਮੋਰਚਾ ਬੰਦ ਕਰਨਾ ਚਾਹਿਆ। ਉਸ ਨੇ ਸੋਚਿਆ ਕਿ ਵਾਲੰਟੀਅਰਾਂ ਦੇ ਤੁਰਨ ਦੀ ਥਾਂ, ਟਿਕਣ ਦੀ ਥਾਂ, ਲੰਗਰ ਛਕਣ ਦੀ ਥਾਂ ਉਪਰ ਕਬਜ਼ਾ ਕਰਕੇ ਅਤੇ ਆਏ ਹੋਏ ਵਾਲੰਟੀਅਰਾਂ ਨੂੰ ਇਕ ਦਮ ਫੜ ਕੇ, ਗੋਲ਼ੀ ਚਲਾ ਕੇ, ਲੰਗਰ ਆਦਿ ਬੰਦ ਕਰਕੇ ਮੋਰਚਾ ਫੇਹਲ ਕਰ ਦਿਆਂਗੇ ਪਰ ਹੋਇਆ ਇਸ ਤੋਂ ਉਲ਼ਟ। ਜਿਉਂ ਹੀ ਸਿੱਖ ਸੰਗਤਾਂ ਵਿਚ ਇਹ ਦੁਖਦਾਈ ਖ਼ਬਰ ਪੁਜੀ, ਸੰਗਤਾਂ ਵਿਚ ਅਥਾਹ ਜੋਸ਼ ਤੇ ਰੋਸ ਫੈਲ ਗਿਆ। ਥਾਂ ਥਾਂ ਸੰਗਤਾਂ ਮੋਰਚੇ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਉਠ ਖਲੋਤੀਆਂ। ਲੰਗਰ ਤੇ ਸਰਕਾਰੀ ਕਬਜ਼ੇ ਦੀ ਖ਼ਬਰ ਸੁਣ ਕੇ, ਅੰਮ੍ਰਿਤਸਰ ਸ਼ਹਿਰ ਦੀਆਂ ਬੀਬੀਆਂ ਨੇ ਘਰਾਂ ਤੋਂ ਲੰਗਰ ਪਕਾ ਕੇ ਕੋਠਿਆਂ ਉਪਰੋਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਪੁਚਾਉਣਾ ਸ਼ੁਰੂ ਦਿਤਾ। ਸਰਕਾਰ ਨੂੰ "ਲੇਨੇ ਕੇ ਦੇਨੇ ਪੜ ਗਏ।" ਸਰਕਾਰ ਘਬਰਾ ਗਈ ਤੇ ਉਸ ਨੇ "ਪੰਜਾਬੀ ਸੂਬਾ ਜਿੰਦਾਬਾਦ" ਦੇ ਨਾਹਰੇ ਤੋਂ ਪਾਬੰਦੀ ਵਾਪਸ ਲੈ ਲਈ। ਸਰਕਾਰ ਦਾ ਮੁਖੀ, ਮੁਖ ਮੰਤਰੀ ਲਾਲਾ ਭੀਮ ਸੈਨ ਸੱਚਰ, ਆਪ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਹਾਜਰ ਹੋਇਆ। ਉਸ ਨੇ ਭਰੀ ਸੰਗਤ ਵਿਚ ਦੋਵੇਂ ਹੱਥ ਜੋੜ ਕੇ, ਗਿੜਗੜਾ ਕੇ ਮੁਆਫ਼ੀ ਮੰਗੀ। ਪਸਚਾਤਾਪ ਵਜੋਂ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ। 1984 ਵਿਚ ਏਨਾ ਕੁਝ ਹੋਇਆ ਪਰ ਸਰਕਾਰ ਵੱਲੋਂ, ਅਜੇ ਤੱਕ ਕਾਲ਼ੀ ਕੁੱਤੀ ਨੇ ਵੀ ਮੁਆਫ਼ੀ ਦਾ ਲਫ਼ਜ਼ ਵਰਤਣ ਦੀ ਲੋੜ ਨਹੀ ਸਮਝੀ। (ਉਸ ਦੀ ਉਸ ਸਮੇ ਮੁਆਫ਼ੀ ਮੰਗਦੇ ਦੀ ਫੋਟੋ, ਦਿੱਲੀ ਤੋਂ ਛਪਦੇ 'ਸਚਿਤਰ ਕੌਮੀ ਏਕਤਾ' ਵਿਚ ਛਪੀ ਸੀ ਜੋ ਕਿ ਮੈ ਆਪਣੇ ਪਾਸ ਰੱਖੀ ਹੋਈ ਸੀ ਪਰ ਹੁਣ ਲਭ ਨਹੀ ਰਹੀ।)
ਇਹ ਇਕ ਵੱਖਰੀ ਕਹਾਣੀ ਹੈ ਕਿ ਉਸ ਨੂੰ ਉੜੀਸਾ ਦਾ ਗਵਰਨਰ ਲਗਾ ਦਿਤਾ ਗਿਆ ਤੇ ਉਸ ਦੀ ਥਾਂ, ਪੰਡਤ ਨਹਿਰੂ ਨੇ ਸ: ਪਰਤਾਪ ਸਿੰਘ ਕੈਰੋਂ ਨੂੰ ਥਾਪੜਾ ਦੇ ਕੇ, ਮੁਖ ਮੰਤਰੀ ਥਾਪ ਦਿਤਾ ਜਿਸ ਨੇ ਫਿਰ ਪੰਡਤ ਨਹਿਰੂ ਦੀ ਮੌਤ ਤਕ ਚੰਮ ਦੀਆਂ ਚਲਾਈਆਂ। ਜੋ ਵੀ ਉਠਿਆ ਉਸ ਨੇ ਰਗੜ ਕੇ ਰੱਖ ਦਿਤਾ। 27 ਮਈ 1964, ਅਰਥਾਤ ਪੰਡਤ ਨਹਿਰੂ ਦੀ ਮੌਤ ਤਕ, ਤਕਰੀਬਨ ਸਾਢੇ ਅੱਠ ਸਾਲ, ਉਸ ਨੇ ਕਿਸੇ ਨੂੰ ਕੁਸਕਣ ਨਹੀ ਦਿਤਾ। ਚਾਰ ਚੁਫੇਰੇ ਓਸੇ ਦੀ ਤੂਤੀ ਹੀ ਬੋਲਦੀ ਰਹੀ। "ਕੁਚਲ ਦੂੰ, ਕੁਚਲ ਦੂੰ" ਪੰਜਾਬ ਵਿਚ ਹੁੰਦੀ ਰਹੀ। ਨਹਿਰੂ ਦੇ ਸਿਰ ਤੇ ਹੀ ਇਹ ਸਭ ਛਾਲ਼ਾਂ ਵੱਜਦੀਆਂ ਸਨ। ਨਹਿਰੂ ਨਾ ਰਿਹਾ ਤਾਂ ਕਾਬਲੀਅਤ, ਵਿਦਿਆ, ਚੁਸਤੀ, ਚਲਾਕੀ, ਧਕੇਸ਼ਾਹੀ ਆਦਿ ਸਭ ਧਰੀਆਂ ਧਰਾਈਆਂ ਰਹਿ ਗਈਆਂ। ਸੱਚ ਹੈ, "ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥" (ਜਪੁ ਜੀ) ਵਿਰੋਧੀਆਂ ਨੇ ਪਹਿਲਾਂ ਉਸਦੀ ਸਰਕਾਰ ਖੋਹੀ ਤੇ ਫਿਰ ਉਸ ਦੀ ਜਾਨ ਵੀ ਖੋਹ ਲਈ। ਪਹਿਰਾਂ ਬਧੀ ਲਾਸ਼ ਜੀ. ਟੀ. ਰੋਡ ਤੇ ਲਾਵਾਰਸ ਪਈ ਰਹੀ।

***

No comments:

Post a Comment