ਡੂਮਣਾ

ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਨੂੰ ਡੂਮਣਾ ਆਖਦੇ ਹਨ। ਇਹ ਮੱਖੀਆਂ ਆਲ਼ੇ ਦੁਆਲੇ ਦੀ ਫੁਲਵੰਤ ਬਨਾਸਪਤੀ ਵਿਚੋਂ ਸ਼ਹਿਦ ਚੂਸ ਚੂਸ ਕੇ ਅੰਮ੍ਰਿਤ ਇਕੱਠਾ ਕਰਦੀਆਂ ਹਨ, ਜੋ ਕਿ ਮਿੱਠਾ ਹੋਣ ਦੇ ਨਾਲ ਨਾਲ਼ ਕਈ ਬੀਮਾਰੀਆਂ ਦੇ ਇਲਾਜ ਵਾਸਤੇ ਦਵਾਈ ਦਾ ਕੰਮ ਵੀ ਕਰਦਾ ਹੈ। ਹੋਰ ਵੀ ਕੁਦਰਤ ਵੱਲੋਂ ਲੱਗੇ ਕਈ ਕਾਰਜ ਇਹ ਮੱਖੀਆਂ ਕਰਦੀਆਂ ਹੋਣਗੀਆਂ ਪਰ ਮੇਰੀ ਜਾਣਕਾਰੀ ਵਿਚ ਸ਼ਹਿਦ ਇਕੱਤਰ ਕਰਨ ਤੋਂ ਇਲਾਵਾ ਬਨਾਸਪਤੀ ਦੇ ਫੁੱਲਾਂ ਉਪਰ ਵਿਚਰ ਕੇ, ਆਪਣੇ ਪੈਰਾਂ ਰਾਹੀਂ, ਨਰ ਦੇ ਪਰਾਗ ਨੂੰ ਮਦੀਨ ਤੱਕ ਪੁਚਾ ਕੇ, ਫੁੱਲਾਂ ਤੋਂ ਫਲਾਂ ਦੀ ਸਿਰਜਣਾ ਦਾ ਮਹਾਨ ਕਾਰਜ ਵੀ ਇਹ ਕਰਦੀਆਂ ਹਨ। ਇਹਨਾਂ ਦੇ ਫੂਹੀ ਫੂਹੀ ਕਰਕੇ ਸ਼ਹਿਦ ਇਕੱਠਾ ਕਰਨ ਦੀ ਮਿਸਾਲ ਭਗਤ ਕਬੀਰ ਜੀ ਨੇ ਗੁਰਬਾਣੀ ਵਿਚ ਕੰਜੂਸ ਵਿਅਕਤੀ ਨੂੰ ਸਮਝਾਉਣ ਵਾਸਤੇ ਇਉਂ ਦਿਤੀ ਹੈ:
ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨ ਕੀਆ॥
ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਿਨ ਕਿਉ ਦੀਆ ॥ 2॥  (654)
ਇਕ ਹੋਰ ਥਾਂ ਨਾਮਦੇਉ ਜੀ ਦੀ ਰਸਨਾ ਦੁਆਰਾ ਇਸ ਤਰ੍ਹਾਂ ਵੀ ਅੰਕਤ ਹੈ:
ਜਿਉ ਮਧੁ ਮਾਖੀ ਸੰਚੈ ਅਪਾਰ॥ ਮਧੁ ਲੀਨੋ ਮੁਖਿ ਦੀਨੀ ਛਾਰੁ॥ (1252)
ਸ਼ਹਿਦ ਚੋਣ ਵਾਲ਼ੇ ਰਾਤ ਦੇ ਹਨੇਰੇ ਸਮੇ ਅੱਗ ਬਾਲ਼ ਕੇ ਡੂਮਣੇ ਦੀਆਂ ਮੱਖੀਆਂ ਨੂੰ ਸਾੜਦੇ ਹਨ। ਅਜਿਹਾ ਕਰਦੇ ਸਮੇ ਕੁਝ ਸੜ ਜਾਂਦੀਆਂ ਹਨ ਤੇ ਕੁਝ ਉਡ ਜਾਂਦੀਆਂ ਹਨ। ਇਸ ਤਰ੍ਹਾਂ ਮੱਖੀਆਂ ਤੋਂ ਖਾਲੀ ਹੋਏ ਛੱਤੇ ਵਿਚੋਂ ਸ਼ਹਿਦ ਚੋ ਲਿਆ ਜਾਂਦਾ ਹੈ। ਬਾਣੀ ਵਿਚ ਆਖਿਆ ਗਿਆ ਹੈ ਕਿ ਮੱਖੀਆਂ ਦੁਆਰਾ ਭੋਰਾ ਭੋਰਾ ਜੋੜਿਆ ਹੋਇਆ ਸ਼ਹਿਦ ਉਹਨਾਂ ਨੂੰ ਅੱਗ ਨਾਲ਼ ਸਾੜ ਕੇ ਲੁੱਟ ਲਿਆ ਜਾਂਦਾ ਹੈ ਤੇ ਮੱਖੀਆਂ ਦੇ ਮੁਖ ਵਿਚ ਸਵਾਹ ਹੀ ਰਹਿ ਜਾਦੀ ਹੈ। ਏਸੇ ਤਰ੍ਹਾਂ ਹੀ ਕੰਜੂਸ ਦਾ ਧਨ ਜੋ ਹੁੰਦਾ ਹੈ ਉਸ ਨੂੰ ਵਰਤਣ ਦਾ ਹੁਕਮ ਨਹੀ ਹੁੰਦਾ। ਉਹ ਦੂਸਰਿਆਂ ਲਈ ਜੋੜਦਾ ਹੀ ਰਹਿ ਜਾਂਦਾ ਹੈ। ਕੰਜੂਸ "ਦਮੜਾ ਤਿਸੀ ਕਾ ਜੋ ਖਰਚੈ ਅਰ ਖਾਇ॥" ਵਾਲੀ ਨਸੀਹਤ ਵੱਲ ਕੰਨ ਨਹੀ ਧਰਦਾ।
ਇਹਨਾਂ ਮਧੂ ਮੱਖੀਆਂ ਦਾ ਸਮਾਜਕ ਵਰਤਾਰਾ, ਕੰਮ ਕਰਨ ਦਾ ਤਰੀਕਾ, ਬਸਤੀ ਦਾ ਪ੍ਰਬੰਧ  ਆਦਿ ਬਾਰੇ ਤਾਂ ਜੀਵ ਵਿਗਿਆਨੀ ਹੀ ਚਾਨਣਾ ਪਾ ਸਕਦੇ ਹਨ। ਮੈ ਤਾਂ ਏਥੇ ਸਿਰਫ ਖ਼ੁਦ ਨਾਲ਼ ਵਾਪਰੀ ਇਕ ਭਿਆਨਕ ਤੇ ਮਾਰੂ ਸ਼ਕਲ ਅਖ਼ਤਿਆਰ ਕਰ ਜਾ ਸਕਣ ਵਾਲ਼ੀ ਘਟਨਾ ਦਾ ਜ਼ਿਕਰ ਹੀ ਕਰਨਾ ਹੈ। ਅੰਮ੍ਰਿਤਸਰੋਂ ਮਹਿਤੇ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਮੌਜੂਦ, ਸਾਡੇ ਪਿੰਡੋਂ ਪਹਿਲਾਂ ਹੀ ਖੱਬੇ ਹੱਥ ਆਉਣ ਵਾਲਾ ਖੂਹ ਸਾਡਾ ਹੁੰਦਾ ਸੀ। ਹੁਣ ਇਸ ਸਾਰੇ ਥਾਂ ਉਪਰ ਹੁਣ ਕਈ ਸਾਲਾਂ ਤੋਂ, ਸ਼ਾਇਦ ਦਹਾਕਿਆਂ ਤੋਂ ਹੀ, ਸਕੂਲ ਬਣ ਚੁਕਾ ਹੈ। ਇਸ ਦੇ ਨਾਲ਼ੋਂ ਹੀ, ਜੋ ਪਹਿਲਾਂ ਪਹਿਆ ਆਖਿਆ ਜਾਂਦਾ ਹੁੰਦਾ ਸੀ, ਹੁਣ ਪਿੰਡ ਵਿਚ ਪ੍ਰਵੇਸ਼ ਕਰਨ ਵਾਲਾ, ਅੰਮ੍ਰਿਤਸਰ ਵਾਲੇ ਪਾਸੇ ਤੋਂ, ਪਹਿਲਾ ਰਾਹ ਹੈ। ਇਸ ਖੂਹ ਵਾਲੇ ਥਾਂ ਵਿਚੋਂ ਜੇਹੜਾ ਸਾਡੇ ਹਿੱਸੇ ਆਉਂਦਾ ਸੀ ਓਥੇ ਅਸੀਂ ਖੁਰਲੀ ਬਣਾ ਕੇ ਆਪਣੇ ਡੰਗਰ ਬੰਨ੍ਹਿਆ ਕਰਦੇ ਸਾਂ। ਉਸ ਖੁਰਲੀ ਉਪਰ ਇਕ ਪੁਰਾਣਾ ਤੇ ਵਿਸ਼ਾਲ ਤੂਤ ਦਾ ਦਰੱਖ਼ਤ ਹੁੰਦਾ ਸੀ। ਇਸ ਤੂਤ ਦੇ ਉਪਰ ਹਰੇਕ ਗਰਮੀਆਂ ਦੇ ਸਮੇ ਇਕ ਜਾਂ ਇਕ ਤੋਂ ਵਧ ਡੂਮਣੇ ਲੱਗਿਆ ਕਰਦੇ ਸਨ। ਇਕ ਵਾਰੀ ਇਕ ਸਰਦੀਆਂ ਦੇ ਸਮੇ ਇਸ ਵਿਚੋਂ ਚੋਏ ਸ਼ਹਿਦ ਨੂੰ, ਪਿੱਤਲ ਦੀ ਬਾਟੀ ਵਿਚ ਪਾ ਕੇ ਮੇਰੇ ਪੜਦਾਦਾ ਜੀ ਖਾ ਰਹੇ, ਮੇਰੀ ਯਾਦ ਵਿਚ ਅਜੇ ਵੀ ਸਮਾਏ ਹੋਏ ਹਨ।
ਡੂਮਣੇ ਤੇ ਇਸ ਦੀਆਂ ਮੱਖੀਆਂ ਬਾਰੇ ਲੋਕਾਂ ਤੋਂ ਬਚਪਨ ਵਿਚ ਕੁਝ ਦੰਦ ਕਥਾਵਾਂ ਸੁਣਦੇ ਹੁੰਦੇ ਸਾਂ। ਉਹਨਾਂ ਵਿਚੋਂ ਕੁਝ ਇਹ ਵੀ ਸਨ: ਡੂਮਣਾ ਜਿਸ ਦੇ ਮਗਰ ਪੈ ਜਾਵੇ ਉਸ ਨੂੰ ਛੱਡਦਾ ਨਹੀ; ਭਾਵੇਂ ਕਿੰਨਾ ਵੀ ਕੋਈ ਲੁਕ ਲਵੇ। ਹਾਂ, ਹਨੇਰੇ ਤੇ ਧੂੰਏ ਨਾਲ਼ ਇਸ ਤੋਂ ਬਚਾ ਹੋ ਸਕਦਾ ਹੈ। ਇਸ ਵੱਲ ਉਂਗਲ ਕਰੋ ਤਾਂ ਵੀ ਆ ਪੈਂਦਾ ਹੈ। ਜੇਕਰ ਤੁਹਾਡੇ ਤੋਂ ਮਾਰ ਖਾ ਕੇ ਕੋਈ ਮੱਖੀ ਜੀਂਦੀ ਆਪਣੇ ਡੂਮਣੇ ਵਿਚ ਵਾਪਸ ਚਲੀ ਜਾਵੇ ਤਾਂ ਸਾਰਾ ਡੂਮਣਾ ਹੀ ਤੁਹਾਨੂੰ ਆ ਚੰਬੜਦਾ ਹੈ। ਕਈ ਬੰਦਿਆਂ ਕੋਲ਼ ਇਸ ਦਾ ਡੰਗ ਬੰਨ੍ਹ ਲੈਣ ਦਾ ਮੰਤਰ ਹੁੰਦਾ ਹੈ। ਉਹ ਡੰਗ ਬੰਨ੍ਹ ਕੇ ਇਸ ਦਾ ਸ਼ਹਿਦ ਚੋ ਲੈਂਦੇ ਹਨ ਤੇ ਉਹਨਾਂ ਨੂੰ ਮੱਖੀਆਂ ਨਹੀ ਲੜਦੀਆਂ। ਇਹਨਾਂ ਗੱਲਾਂ ਦੀ ਸੱਚਾਈ ਇਹ ਜਾਣਕਾਰੀ ਦੇਣ ਵਾਲ਼ੇ ਹੀ ਜਾਣਦੇ ਹਨ।
ਸ਼ਹਿਦ ਵਾਲ਼ਾ ਡੂਮਣਾ ਤਕਰੀਬਨ ਵੀਹ ਹਜ਼ਾਰ ਕਿਸਮਾਂ ਵਿਚੋਂ ਇਕ ਕਿਸਮ ਹੈ ਇਹਨਾਂ ਮੱਖੀਆਂ ਦੀ।
ਸ਼ਹਿਦ ਇਕੱਤਰ ਕਰਨ ਵਾਲ਼ੀਆਂ ਛੋਟੀਆਂ ਮੱਖੀਆਂ ਵੀ ਹੁੰਦੀਆਂ ਹਨ। ਇਹਨਾਂ ਦੇ ਛੱਤੇ ਨੂੰ ਮਾਖੀਆ ਕਹਿੰਦੇ ਹਨ। ਇਹ ਘਟ ਹੀ ਲੜਦੀਆਂ ਹਨ ਤੇ ਜੇ ਕੋਈ ਲੜੇ ਵੀ ਤਾਂ ਉਸ ਦੀ ਬਹੁਤੀ ਪੀੜ ਨਹੀ ਹੁੰਦੀ। ਇਹ ਝਾੜੀਆਂ ਜਾਂ ਕਪਾਹ ਦੀਆਂ ਛਿਟੀਆਂ ਦੇ ਢੇਰ ਵਰਗੇ ਥਾਵਾਂ ਤੇ ਲੱਗਦਾ ਹੈ। ਇਸ ਨੂੰ ਤਾਂ ਇਕ ਤੋਂ ਵਧ ਵਾਰ ਮੈ ਵੀ ਚੋਇਆ ਹੈ।
ਇਕ ਦਿਨ ਦੁਪਹਿਰ ਤੋਂ ਬਾਅਦ ਅਸੀਂ ਡੰਗਰ ਚਾਰ ਕੇ ਵਾਪਸ ਖੂਹ ਤੇ ਆ ਗਏ। ਉਸ ਤੂਤ ਥੱਲੇ ਕੁਝ ਮੁੰਡੇ ਗੁੱਲੀ ਡੰਡਾ ਖੇਡਣ ਲੱਗ ਪਏ ਜਿਨ੍ਹਾਂ ਵਿਚ ਮੇਰੇ ਚਾਚਾ ਜੀ ਦਾ ਪੁੱਤਰ ਮਨੋਹਰ ਸਿੰਘ ਤੇ ਮੇਰਾ ਛੋਟਾ ਭਰਾ ਦਲਬੀਰ ਸਿੰਘ ਵੀ ਸ਼ਾਮਲ ਸੀ। ਇਕ ਸਾਡੇ ਸ਼ਰੀਕੇ ਵਿਚੋਂ ਸ਼ਰਾਰਤੀ ਮੁੰਡਾ ਪ੍ਰੀਤੂ ਡੂਮਣੇ ਨੂੰ ਢੀਮਾਂ ਮਾਰੀ ਜਾਵੇ। ਇਸ ਦੀ ਖ਼ਤਰਨਾਕਤਾ ਦਾ ਪਤਾ ਹੋਣ ਦੇ ਬਾਵਜੂਦ ਓਥੋਂ ਮੈ ਦੂਰ ਨਾ ਜਾ ਸਕਿਆ; ਪਤਾ ਨਹੀ ਕਿਉਂ ਪਰ ਉਸ ਨੂੰ ਜਰੂਰ ਦੋ ਚਾਰ ਵਾਰ ਇਉਂ ਨਾ ਕਰਨ ਲਈ ਮੈ ਕਿਹਾ। ਡਰ ਸੀ ਕਿ ਇਹ ਡੂਮਣਾ ਕਿਤੇ ਸਾਡੇ ਪਿੱਛੇ ਨਾ ਪੈ ਜਾਵੇ। ਅਖੀਰ ਉਸ ਦੀ ਇਕ ਢੀਮ ਡੂਮਣੇ ਦੇ ਵਿਚ ਜਾ ਵੱਜੀ ਤੇ ਓਥੋਂ ਮੱਖੀਆਂ ਉਡ ਕੇ ਸਾਡੇ ਵੱਲ ਨੂੰ ਆਈਆਂ। ਇਹ ਦ੍ਰਿਸ਼ ਅਜੇ ਵੀ ਮੇਰੀ ਯਾਦ ਦੀ ਕਿਸੇ ਨੁੱਕਰ ਵਿਚ ਸਾਂਭਿਆ ਪਿਆ ਹੈ। ਉਸ ਦੀ ਢੀਮ ਡੂਮਣੇ ਦੇ ਵਿਚ ਖੁਭਦੀ ਤੇ ਹੌਲ਼ੀ ਹੌਲ਼ੀ ਮੱਖੀਆਂ ਦਾ ਸਾਡੇ ਵੱਲ ਨੂੰ ਉਲਰਨਾ ਮੈਨੂੰ ਹੁਣ ਵੀ ਦਿਖਾਈ ਦਿੰਦੇ ਹਨ। ਸਗੋਂ ਇਸ ਗੱਲ ਦੀ ਯਾਦ ਵੀ ਹੈ ਕਿ ਮੇਰੀ ਆਸ ਦੇ ਉਲ਼ਟ ਮੱਖੀਆਂ ਨੇ ਸਾਡੇ ਵੱਲ ਉਲਰਨ ਲਈ ਵਧ ਚਿਰ ਲਾਇਆ। ਸ਼ਾਇਦ ਉਹਨਾਂ ਵੀ ਅਗਲੀ ਕਾਰਵਾਈ ਕਰਨ ਵਾਸਤੇ ਸੋਚ ਕੇ ਫੈਸਲਾ ਕਰਨ ਵਿਚ ਕੁਝ ਸੈਕਿੰਡ ਲਾਏ ਹੋਣ! ਅਸੀਂ ਸਾਰੇ ਮੁੰਢੀਰਵਾਧਾ ਭੱਜ ਉਠੇ। ਜਿਧਰ ਕਿਸੇ ਦਾ ਮੂੰਹ ਆਇਆ ਵਾਹੋ ਦਾਹੀ ਨੱਠ ਗਿਆ। ਮੈਨੂੰ ਏਨਾ ਚੇਤਾ ਹੈ ਕਿ ਖੂਹ ਦੇ ਪਾਣੀ ਦੀ ਆਡ ਦੇ ਨਾਲ਼ ਨਾਲ਼ ਅਸੀਂ ਚੰਨਣ ਕੇ ਪਿੰਡ ਵਾਲ਼ੇ ਪਾਸੇ ਨੂੰ ਭੱਜੇ ਜਾ ਰਹੇ ਸਾਂ। ਕੁਝ ਮੁੰਡੇ ਮੇਰੇ ਤੋਂ ਅੱਗੇ ਸਨ ਤੇ ਕੁਝ ਨਾਲ਼ ਨਾਲ਼। ਇਕ ਦਮ ਮੈਨੂੰ ਪਿਛੋਂ ਕਿਸੇ ਦੀ ਚੀਕ ਸੁਣਾਈ ਦਿਤੀ। ਪਿੱਛੇ ਮੁੜ ਕੇ ਵੇਖਿਆ ਤਾਂ ਮੇਰੀ ਭੈਣ ਸੱਤੋ ਖੂਹ ਦੇ ਔਲ਼ੂ ਦੇ ਨੇੜੇ ਚੀਕਾਂ ਮਾਰ ਰਹੀ ਸੀ ਕਿਉਂਕਿ ਉਸ ਨੂੰ ਮੱਖੀਆਂ ਨੇ ਘੇਰਿਆ ਹੋਇਆ ਸੀ ਤੇ ਕੁਝ ਉਸ ਨੂੰ ਲੜੀਆਂ ਵੀ ਹੋਣਗੀਆਂ। ਮੇਰੇ ਵਾਸਤੇ ਧਰਮ ਸੰਕਟ ਪੈਦਾ ਹੋ ਗਿਆ। ਇਕ ਪਾਸੇ ਤਾਂ ਮੱਖੀਆਂ ਤੋਂ ਖ਼ੁਦ ਨੂੰ ਬਚਾਉਣ ਦਾ ਫਿਕਰ ਤੇ ਦੂਜੇ ਪਾਸੇ ਮੱਖੀਆਂ ਵਿਚ ਘਿਰੀ ਭੈਣ ਦੀ ਸਹਾਇਤਾ ਕਰਨੀ। ਸਮਾ ਵਿਚਾਰਨ ਦਾ ਨਹੀ ਸੀ। ਫੌਰਨ ਮੈ ਪਿਛੇ ਨੂੰ ਭੱਜਾ ਤੇ ਸੱਤੋ ਨੂੰ ਆਖਿਆ ਕਿ ਉਹ ਆਡੇ ਆਡ ਅੱਗੇ ਨੂੰ ਜਿੰਨੀ ਛੇਤੀ ਨਾਲ਼ ਹੋ ਸਕੇ ਤੁਰੀ ਚੱਲੇ। ਖ਼ੁਦ ਉਸ ਦੇ ਮਗਰ ਮਗਰ ਆਡ ਦਾ ਪਾਣੀ ਬੁੱਕਾਂ ਨਾਲ਼ ਉਸ ਦੇ ਉਪਰ ਨੂੰ ਝੱਟੀ ਗਿਆ। ਥੋਹੜੇ ਥੋਹੜੇ ਚਿਰ ਪਿਛੋਂ ਇਕ ਬੁੱਕ ਆਪਣੇ ਉਪਰ ਵੀ ਸੁੱਟ ਲੈਣਾ। ਖੂਹ ਤਾਂ ਭਾਵੇਂ ਉਸ ਸਮੇ ਵਗਦਾ ਨਹੀ ਸੀ ਪਰ ਪਹਿਲਾਂ ਦੇ ਵਗਣ ਸਮੇ ਦਾ ਪਾਣੀ ਆਡ ਵਿਚ ਖਲੋਤਾ ਹੋਇਆ ਸੀ। ਆਸ ਦੇ ਉਲ਼ਟ ਇਹ ਕਰਾਮਾਤ ਹੀ ਹੋ ਗਈ ਆਖਣੀ ਚਾਹੀਦੀ ਹੈ ਕਿ ਕੁਝ ਸਮੇ ਬਾਅਦ ਮੱਖੀਆਂ ਸਾਡਾ ਪਿਛਾ ਛੱਡ ਗਈਆਂ। ਅਸੀਂ ਤਾਂ ਬਚਪਨ ਤੋਂ ਬੜਾ ਕੁਝ ਇਹਨਾਂ ਮੱਖੀਆਂ ਬਾਰੇ ਸੁਣ ਰੱਖਿਆ ਸੀ। ਕਿਸੇ ਦੇ ਮਗਰ ਡੂਮਣਾ ਪਿਆ। ਉਸ ਨੇ ਛੱਪੜ ਵਿਚ ਚੁੰਭੀ ਮਾਰ ਲਈ ਪਰ ਮੱਖੀਆਂ ਨੇ ਉਸ ਦਾ ਪਿਛਾ ਨਾ ਛਡਿਆ। ਉਸ ਦੇ ਕੋਲ਼ ਬਾਲਟੀ ਸੀ। ਉਸ ਨੇ ਆਪਣੇ ਸਿਰ ਉਪਰ ਬਾਲ਼ਟੀ ਮੂਧੀ ਮਾਰ ਕੇ ਬਾਲ਼ਟੀ ਦੇ ਅੰਦਰ ਹੀ ਪਾਣੀ ਤੋਂ ਆਪਣਾ ਸਿਰ ਉਚਾ ਕਰੀ ਰੱਖਿਆ ਕਿਉਂਕਿ ਪਾਣੀ ਦੇ ਅੰਦਰ ਤਾਂ ਬਹੁਤਾ ਸਮਾ ਚੁੰਭੀ ਮਾਰ ਕੇ ਰਿਹਾ ਨਹੀ ਜਾ ਸਕਦਾ। ਪਰ ਮੱਖੀਆਂ ਉਸ ਬਾਲ਼ਟੀ ਉਪਰ ਹੀ ਬੈਠ ਗਈਆਂ ਤਾਂ ਕਿ ਜਦੋਂ ਵੀ ਉਹ ਸਿਰ ਬਾਹਰ ਕਢੇ ਉਸ ਦੀ ਭੁਗਤ ਸਵਾਰੀ ਜਾ ਸਕੇ। ਏਸੇ ਤਰ੍ਹਾਂ ਦੀ ਇਕ ਹੋਰ ਕਹਾਣੀ ਵੀ ਸੁਣੀ ਹੋਈ ਸੀ ਕਿ ਫਲਾਣੇ ਬੰਦੇ ਦੇ ਮਗਰ ਡੂਮਣਾ ਪੈ ਗਿਆ। ਉਸ ਨੇ ਪਾਣੀ ਨਾਲ਼ ਭਰੀ ਹੋਈ ਢਾਬ ਵਿਚ ਛਾਲ਼ ਮਾਰ ਕੇ ਜਿਉਂ ਚੁਭੀ ਮਾਰੀ ਅਗਲੇ ਪਾਸੇ ਜਾ ਸਿਰ ਕਢਿਆ। ਮੱਖੀਆਂ ਫਿਰ ਉਸ ਦੇ ਦੁਆਲ਼ੇ ਹੋ ਗਈਆਂ। ਏਹੋ ਜਿਹੀਆਂ ਗੱਲਾਂ ਦਿਮਾਗ ਵਿਚ ਬਚਪਨ ਤੋਂ ਵਸੀਆਂ ਹੋਈਆਂ ਹੋਣ ਕਰਕੇ, ਇਸ ਤਰ੍ਹਾਂ ਆਡ ਦਾ ਪਾਣੀ ਝੱਟਣ ਨਾਲ਼ ਹੀ ਸਾਡਾ ਦੋਹਾਂ ਭੈਣ ਭਰਾਵਾਂ ਦਾ ਬਚਾ ਹੋ ਜਾਣਾ, ਰੱਬੀ ਸ਼ਕਤੀ ਵਾਲੀ ਕੋਈ ਗੱਲ ਹੀ ਮੈ ਓਦੋਂ ਸਮਝੀ ਅਤੇ ਹੁਣ ਤੱਕ ਵੀ ਮੇਰੀ ਇਸ ਸਮਝ ਵਿਚ ਕੋਈ ਅੰਤਰ ਨਹੀ ਆਇਆ।

****

No comments:

Post a Comment