ਰੱਸੀ ਦਾ ਸੱਪ

ਧਾਰਮਿਕ ਵਿਦਵਾਨ ਆਖਦੇ ਨੇ ਕਿ ਹਨੇਰੇ ਦੀ ਉਪਾਧੀ ਕਰਕੇ ਸਾਨੂੰ ਰੱਸੀ ਸੱਪ ਦਾ ਰੂਪ ਭਾਸਦੀ ਹੈ। ਗੁਰਬਾਣੀ ਵੀ ਇਸ ਬਾਤ ਦੀ ਪ੍ਰੋੜ੍ਹਤਾ ਵਜੋਂ ਇਉਂ ਆਖਦੀ ਹੈ:
ਰਾਜ ਭੁਇਅੰਗ ਪਰਸੰਗ ਜੈਸੇ ਹਹਿ ਅਬ ਕਛੁ ਮਰਮ ਜਨਾਇਆ॥
ਪਰ ਅਸੀਂ ਤਾਂ ਚੰਗੇ ਭਲੇ ਦੋਵੇਂ ਭਰਾ ਦਿਨ ਦੇ ਪੂਰਨ ਉਜਾਲੇ ਵਿਚ ਹੀ ਧੋਖਾ ਖਾ ਗਏ ਤੇ ਉਹ ਵੀ ਪੂਰੀ ਤਰ੍ਹਾਂ ਹੀ। 1962 ਵਿਚ ਸਾਡੀ ਮਰਜ਼ੀ ਦੇ ਵਿਰੁਧ ਤਰਨ ਤਾਰਨ ਤੋਂ ਸਾਡੀ ਬਦਲੀ ਹੁਣ ਦੇ ਹਰਿਆਣੇ ਦੇ ਇਕ ਜ਼ਿਲੇ, ਜੋ ਕਿ ਓਦੋਂ ਪੰਜਾਬ ਦੇ ਜ਼ਿਲਾ ਸੰਗਰੂਰ ਦਾ ਇਕ ਸਬ ਡੀਵੀਜ਼ਨ ਹੁੰਦਾ ਸੀ ਤੇ ਸਾਬਕ ਰਿਆਸਤ ਜੀਂਦ (ਸੰਗਰੂਰ) ਦੀ ਰਾਜਧਾਨੀ, ਜੀਂਦ ਵਿਚ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਚ ਹੋ ਗਈ। ਸੇਵਾ ਤੇ ਮੈ ਭਾਵੇਂ ਕੀਰਤਨ ਦੀ ਕਰਦਾ ਸਾਂ ਪਰ ਰੁਚੀ ਤੇ ਧਿਆਨ ਮੇਰਾ, ਜੋ ਵੀ ਹੱਥ ਆਵੇ ਉਸ ਕਿਤਾਬ ਜਾਂ ਅਖ਼ਬਾਰ ਨੂੰ ਪੜ੍ਹਨ ਵੱਲ ਹੀ ਹੁੰਦਾ ਸੀ। ਜਲੰਧਰੋਂ ਦੂਰ ਹੋਣ ਕਰਕੇ ਓਥੇ ਪੰਜਾਬੀ ਦੀਆਂ ਅਖ਼ਬਾਰਾਂ ਮਿਲਦੀਆਂ ਨਹੀ ਸਨ। ਪਟਿਆਲੇ ਤੋਂ ਛਪਣ ਵਾਲ਼ੀ ਇਕ ਅਖ਼ਬਾਰ 'ਰਣਜੀਤ' ਆਇਆ ਕਰਦੀ ਸੀ ਪਰ ਉਸ ਨਾਲ਼ ਮੇਰੀ ਤਸੱਲੀ ਸੀ ਹੁੰਦੀ। ਮੈਨੂੰ ਉਹ ਫਿੱਕੀ ਫਿੱਕੀ ਜਿਹੀ ਲੱਗਿਆ ਕਰਨੀ। ਇਸ ਕਰਕੇ ਅੰਮ੍ਰਿਤ ਵੇਲ਼ੇ ਆਸਾ ਦੀ ਵਾਰ ਦਾ ਕੀਰਤਨ ਕਰਨ ਉਪ੍ਰੰਤ, ਛਾਹ ਵੇਲ਼ਾ ਖਾ ਕੇ, ਸ਼ਹਿਰ ਦੀ ਲਾਇਬ੍ਰੇਰੀ ਵਿਚ ਜਾ ਕੇ, ਦਿੱਲੀ ਤੋਂ ਛਪ ਕੇ ਆਉਣ ਵਾਲੀਆਂ ਹਿੰਦੀ ਦੀਆਂ ਅਖ਼ਬਾਰਾਂ: ਨਵ ਭਾਰਤ ਟਾਈਮਜ਼,
ਹਿੰਦੁਸਤਾਨ ਆਦਿ ਪੜ੍ਹਿਆ ਕਰਦਾ ਸਾਂ। ਮੇਰਾ ਤੇ ਤਕਰੀਬਨ ਸਾਰਿਆਂ ਦਾ ਮਨ ਪਸੰਦ ਸਪਤਾਹਿਕ 'ਧਰਮਯੁਗ' ਤਾਂ ਅੰਮ੍ਰਿਤਸਰ ਵੀ ਮਿਲ਼ਦਾ ਸੀ ਤੇ ਏਥੇ ਵੀ ਮਿਲ਼ ਜਾਂਦਾ ਸੀ। ਸ਼ਾਇਦ ਏਸੇ ਕਰਕੇ ਹੀ ਮੇਰਾ ਹਿੰਦੀ ਪੜ੍ਹਨ ਦਾ (ਲਿਖਣ ਦਾ ਨਹੀ) ਅਭਿਆਸ ਹੋ ਗਿਆ ਸੀ।
ਮੇਰੀ ਪਹਿਲੀ ਪਸੰਦ ਦੀ ਅਖ਼ਬਾਰ ਅਕਾਲੀ ਸੀ ਜੋ ਕਿ ਸਰਦਾਰ ਕੈਰੋਂ ਦੀ ਕਿਰਪਾ ਨਾਲ਼ ਅਕਾਲੀ ਤੋਂ ਜਥੇਦਾਰ ਬਣਨ ਲਈ ਮਜਬੂਰ ਹੋ ਗਈ ਸੀ। ਇਸ ਅਖ਼ਬਾਰ ਵਿਚ ਛਪਣ ਵਾਲ਼ੇ ਕਾਲਮਾਂ, ਖੜਗਧਾਰੀ ਦੀ ਕਲਮ ਤੋਂ, ਗੜਗੱਜ ਦੀਆਂ ਗੱਜਦੀਆਂ ਗੂੰਜਾਂ, ਕਵਿਤਾਵਾਂ, ਚੁਟਕਲੇ, ਗੱਲਾਂ 'ਚੋਂ ਗੱਲਾਂ, ਆਤਿਸ਼ਬਾਜੀ ਆਦਿ ਵਾਰਤਕ ਰਚਨਾਵਾਂ ਪੜ੍ਹ ਪੜ੍ਹ ਕੇ, ਪੜ੍ਹਨ ਵਿਚ ਮੇਰੀ ਰੁਚੀ ਬਣ ਗਈ ਸੀ। ਜਨਵਰੀ 1958 ਤੋਂ ਲੈ ਕੇ 1960 ਤਕ ਮੈ ਇਹ ਅਖ਼ਬਾਰ ਪੜ੍ਹਦਾ ਰਿਹਾ। ਫਿਰ 1960 ਦੇ ਮੋਰਚੇ ਦੌਰਾਨ ਸਰਦਾਰ ਕੈਰੋਂ ਨੇ ਅਕਾਲੀਆਂ ਦੀ 'ਢਿਬਰੀ ਟੈਟ' ਕਰਨ ਲਈ ਜਿਥੇ ਹੋਰ ਕਈ ਸਖ਼ਤੀ ਦੇ ਕਦਮ ਚੁੱਕੇ ਓਥੇ ਇਸ ਅਖ਼ਬਾਰ ਨੂੰ ਵੀ ਬੰਦ ਕਰ ਦਿਤਾ। ਮੋਰਚੇ ਦੇ ਖ਼ਾਤਮੇ ਤੇ ਜਦੋਂ ਫਿਰ ਇਸ ਨੂੰ ਛਾਪਣ ਲਈ, ਇਸ ਦੇ ਮਾਲਕਾਂ ਵੱਲੋਂ, ਸਰਕਾਰ ਤੋਂ ਆਗਿਆ ਮੰਗੀ ਗਈ ਤਾਂ ਉਹ ਨਾ ਮਿਲ਼ੀ ਤੇ ਇਸ ਦਾ 'ਜਥੇਦਾਰ' ਦੇ ਰੂਪ ਵਿਚ ਪੁਨਰ ਅਵਤਾਰ ਹੋਇਆ। ਬਾਕੀ ਸਾਰਾ ਕੁਝ ਪਹਿਲਾਂ ਵਾਂਗ ਹੀ ਸੀ ਸਿਰਫ ਨਾਂ ਹੀ ਬਦਲਿਆ ਸੀ। ਅਜੀਤ, ਅਕਾਲੀ ਪੱਤ੍ਰਿਕਾ, ਨਵਾਂ ਜ਼ਮਾਨਾ ਆਦਿ ਅਖ਼ਬਾਰਾਂ ਅੰਮ੍ਰਿਤਸਰ ਤੇ ਤਰਨ ਤਾਰਨ ਹੀ ਰਹਿ ਗਈਆਂ ਸਨ। ਜੀਂਦ ਦੇ ਗੁਰਦੁਆਰੇ ਵਿਚ ਡਾਕ ਰਾਹੀਂ ਕੌਮੀ ਦਰਦ ਤੇ ਜਥੇਦਾਰ ਆਇਆ ਕਰਦੀਆਂ ਸਨ ਜੋ ਕਿ ਇਕ ਦੋ ਦਿਨ ਲੇਟ ਪੁੱਜਦੀਆਂ ਸਨ।
ਜਥੇਦਾਰ ਵਿਚ ਓਹਨੀਂ ਦਿਨੀਂ ਉਸ ਦੇ ਪਿਛਲੇ ਪੰਨੇ ਉਪਰ ਪਾਠਕਾਂ ਵੱਲੋਂ ਆਪ ਬੀਤੀਆਂ ਦਿਲਚਸਪ ਘਟਨਾਵਾਂ ਵੀ ਛਪਿਆ ਕਰਦੀਆਂ ਸਨ। ਇਸ ਤੋਂ ਪ੍ਰੇਰਤ ਹੋ ਕੇ ਮੈ ਵੀ ਇਕ ਆਪ ਬੀਤੀ ਲਿਖ ਭੇਜੀ ਜੋ ਕਿ ਇਸ ਪਾਸੇ ਮੇਰਾ ਪਹਿਲਾ ਉਦਮ ਸੀ। ਹੈਰਾਨੀ ਹੋਈ ਕਿ ਉਹ ਲਿਖਤ ਅਖ਼ਬਾਰ ਵਿਚ ਛਪ ਵੀ ਗਈ ਜਿਸ ਨੂੰ ਛਾਪੇ ਦੇ ਰੂਪ ਵਿਚ ਪੜ੍ਹ ਕੇ ਮੇਰੇ ਧਰਤੀ ਤੇ ਪੈਰ ਨਾ ਲੱਗਣ। ਉਸ ਸਮੇ ਮੈਨੂੰ ਸ਼ਬਦ ਜੋੜ, ਪੈਰਾਬੰਦੀ, ਵਾਕ ਬਣਤਰ ਆਦਿ ਵਰਗੇ ਵਿਦਵਤਾ ਵਾਲੇ ਰਗੜਿਆਂ ਝਗੜਿਆਂ ਦੀ ਬਿਲਕੁਲ ਕੋਈ ਸੂਝ ਨਹੀ ਸੀ ਹੁੰਦੀ। ਸੰਪਾਦਕ ਨੇ ਖ਼ੁਦ ਹੀ ਪੈਰਾ ਵੰਡ ਕਰਕੇ ਤੇ ਸ਼ਬਦ ਜੋੜ ਸੋਧ ਕੇ, ਏਨੀ ਖ਼ੂਬਸੂਰਤੀ ਨਾਲ਼ ਇਹ ਲਿਖਤ ਛਾਪੀ ਕਿ ਮੈ ਵੇਖ ਕੇ ਗ਼ਦ ਗ਼ਦ ਹੋ ਗਿਆ ਪਰ ਮਾੜੀ ਬਾਤ ਇਹ ਕਿ ਇਸ ਉਤਸ਼ਾਹ ਵਰਧਕ ਘਟਨਾ ਤੋਂ ਮੈ ਕੋਈ ਪ੍ਰੇਰਨਾ ਨਾ ਪ੍ਰਾਪਤ ਕੀਤੀ ਤੇ ਅੱਗੋਂ ਹੋਰ ਕੁਝ ਨਾ ਲਿਖਿਆ। ਸ਼ਾਇਦ ਲਿਖਣ ਵਾਸਤੇ ਹੈ ਈ ਕੁਝ ਨਹੀ ਸੀ ਮੇਰੇ ਕੋਲ਼! ਫਿਰ ਇਹ ਵੀ ਸੋਚ ਹੁਣੇ ਹੀ ਆਈ ਹੈ ਕਿ ਜੇਕਰ ਕੋਈ ਸੱਜਣ ਉਸ ਸਮੇ ਮੇਰੇ ਸੰਪਰਕ ਵਿਚ, ਮੇਰੇ ਨਾਲ਼ੋਂ ਇਸ ਪਾਸੇ ਦੀ ਵਧ ਖ਼ਬਰ ਰੱਖਣ ਵਾਲ਼ਾ ਹੁੰਦਾ ਤਾਂ ਸ਼ਾਇਦ ਉਸ ਦੀ ਪ੍ਰੇਰਨਾ ਨਾਲ਼ ਮੈ ਵੀ ਛੇਤੀ ਹੀ ਖ਼ੁਦ ਨੂੰ ਪੰਜਾਂ ਸਵਾਰਾਂ ਵਿਚ ਸ਼ਾਮਲ ਹੋਇਆ ਸਮਝਣ ਲੱਗ ਪੈਂਦਾ।
ਗੱਲ ਉਹ ਇਹ ਸੀ: ਤਕਰੀਬਨ 1956 ਦੇ ਦਿਨ ਹੋਣਗੇ ਕਿ ਇਕ ਦਿਨ ਮੈ ਤੇ ਮੇਰੇ ਵੱਡੇ ਚਾਚਾ ਜੀ ਦਾ ਵੱਡਾ ਲੜਕਾ, ਸ. ਮਨੋਹਰ ਸਿੰਘ, ਜੋ ਕਿ ਉਮਰ ਵਿਚ ਮੇਰੇ ਤੋਂ ਸਾਲ ਕੁ ਛੋਟਾ ਸੀ, ਆਪਣੀ 'ਬਘਿਆੜਾਂ ਵਾਲ਼ੀ' ਕਰਕੇ ਜਾਣੀ ਜਾਂਦੀ ਪੈਲ਼ੀ ਵਿਚ, ਚਰ੍ਹੀ ਵਢਣ ਗਏ। ਪੈਲ਼ੀ ਦੇ ਕਿਨਾਰੇ ਤੇ ਹੀ ਪੁੱਜੇ ਸਾਂ ਕਿ ਸਾਨੂੰ ਪੈਲ਼ੀ ਵਿਚ ਸੱਪ ਦਿਖਾਈ ਦਿਤਾ। ਡਰ ਅਧੀਨ ਪੈਲ਼ੀ ਦੇ ਕਿਨਾਰੇ ਤੇ ਖਲੋਤੇ ਹੀ ਅਸੀਂ ਉਸ ਸੱਪ ਵੱਲ ਬਹੁਤ ਸਮਾ ਵੇਖਦੇ ਰਹੇ ਪਰ ਉਹ ਹਿੱਲਿਆ ਜੁੱਲਿਆ ਨਾ। ਮੈ ਚਾਹਵਾਂ ਕਿ ਢੀਮ ਮਾਰ ਕੇ ਉਸ ਨੂੰ ਭਜਾਇਆ ਜਾਵੇ ਪਰ ਮੇਰਾ ਚਚੇਰਾ ਭਰਾ ਇਹ ਕੰਮ ਕਰਨ ਨਾ ਦੇਵੇ। ਜਦੋਂ ਹੀ ਮੈ ਢੀਮ ਉਸ ਸੱਪ ਨੂੰ ਮਾਰਨ ਲਈ ਚੁੱਕਾਂ ਤਾਂ ਉਹ ਦੂਰ ਭੱਜ ਜਾਇਆ ਕਰੇ ਤੇ ਇਕੱਲਾ ਸੱਪ ਨੂੰ ਢੀਮ ਮਾਰਨ ਦਾ ਮੈ ਵੀ ਹੌਸਲਾ ਨਾ ਕਰਾਂ। ਇਹ ਗੱਲ ਨਹੀ ਕਿ ਸਾਡੇ ਦੋਹਾਂ ਵਿਚ ਦਲੇਰੀ ਦਾ ਕੋਈ ਖ਼ਾਸ ਫਰਕ ਸੀ ਪਰ ਹਮੇਸ਼ਾਂ ਹੀ ਮੇਰਾ ਚਚੇਰਾ ਭਰਾ ਹਰੇਕ ਗੱਲ ਵਿਚ ਮੇਰੇ ਨਾਲ਼ੋਂ ਕਿਤੇ ਵਧ ਸਿਆਣਪ ਭਰਪੂਰ ਰਵੱਈਆ ਅਖ਼ਤਿਆਰ ਕਰਦਾ ਹੁੰਦਾ ਸੀ। ਦਲੇਰੀ ਦੀ ਵੀ ਗੱਲ ਕਰ ਹੀ ਲਈਏ। ਦਲੇਰੀ, ਜਿਸ ਨੂੰ ਅਸੀਂ ਬਹਾਦਰੀ ਵੀ ਆਖਦੇ ਹਾਂ, ਬਾਰੇ ਮੇਰੇ ਵਿਚਾਰ ਕੁਝ ਸਾਲਾਂ ਤੋਂ ਇਹੋ ਜਿਹੇ ਬਣ ਗਏ ਹਨ ਕਿ ਮੈ ਬਹਾਦਰੀ ਤੇ ਬੇਵਕੂਫ਼ੀ ਨੂੰ ਵੱਖ ਵੱਖ ਸਮਝਣ ਤੋਂ ਖ਼ੁਦ ਨੂੰ ਅਸਮਰੱਥ ਜਿਹਾ ਸਮਝਣ ਲੱਗ ਪਿਆ ਹਾਂ। ਮੇਰੇ ਵਿਚਾਰ ਅਨੁਸਾਰ ਇਹ ਦੋਹਵੇਂ ਇਕ ਦੂਜੀ ਦੇ ਉਪਰੋਂ ਦੀ (ਓਵਰਲੈਪ) ਹੋ ਜਾਂਦੀਆਂ ਹਨ। ਬੇਵਕੂਫ਼ੀ ਤੋਂ ਬਿਨਾ ਕੋਈ ਖ਼ਤਰੇ ਵਾਲ਼ਾ ਕਦਮ ਚੁੱਕਿਆ ਜਾਣਾ ਸੌਖੇਰਾ ਨਹੀ ਹੁੰਦਾ। ਇਸ ਵਾਸਤੇ ਕੁਝ ਨਾ ਕੁਝ ਬੇਵਕੂਫ਼ੀ ਲੋੜੀਂਦੀ ਹੈ। ਸੋ ਜਦੋਂ ਕੋਈ ਉਦਮੀ ਸੱਜਣ ਅਜਿਹਾ ਅਸਾਧਾਰਣ ਜੋਖਮ ਭਰਿਆ ਕਦਮ ਉਠਾ ਲੈਂਦਾ ਹੈ, ਤਾਂ ਜੇ ਤਾਂ ਉਹ ਉਸ ਕਾਰਜ ਵਿਚ ਸਫ਼ਲ ਹੋ ਜਾਵੇ ਤਾਂ ਲੋਕੀਂ ਉਸ ਨੂੰ ਬਹਾਦਰ ਆਖਣਾ ਸ਼ੁਰੂ ਕਰ ਦਿੰਦੇ ਹਨ ਤੇ ਜੇ ਅਸਫ਼ਲ ਰਹਿ ਜਾਵੇ ਤਾਂ ਲੋਕ ਉਸ ਨੂੰ ਬੇਵਕੂਫ਼ ਆਖ ਛੱਡਦੇ ਹਨ। ਮੇਰਾ ਤੇ ਇਹ ਅਟਕਲ਼ ਪੱਚੂ ਜਿਹਾ ਅੰਦਾਜ਼ਾ ਹੀ ਹੈ। ਬਾਕੀ ਸੂਝਵਾਨ ਸੱਜਣਾਂ ਦੇ ਵਿਚਾਰ ਇਸ ਤੋਂ ਵੱਖਰੇ ਵੀ ਹੋ ਸਕਦੇ ਹਨ ਤੇ ਜ਼ਰੂਰ ਹੋਣਗੇ ਵੀ। ਜ਼ਰੂਰੀ ਨਹੀ ਕਿ ਮੇਰਾ ਵਿਚਾਰ ਹੀ ਠੀਕ ਹੋਵੇ!
ਵਾਹਵਾ ਉਧੇੜ ਬੁਣ, ਵੜੂੰ ਨਿਕਲ਼ੂੰ, ਆਦਿ ਕਰਨ; ਫੁਸਫਸਾਹਟ ਵਿਚ ਤੂੰ ਤੂੰ, ਮੈ ਮੈ ਹੋਣ ਉਪ੍ਰੰਤ, ਅਸੀਂ ਪੱਠੇ ਵਢਣ ਤੋਂ ਬਿਨਾ ਹੀ ਵਾਪਸ ਮੁੜ ਆਏ। ਅਗਲੇ ਦਿਨ ਅਸੀਂ ਛੋਟੇ ਚਾਚਾ ਜੀ ਨਾਲ਼ ਗੱਲ ਕੀਤੀ ਤੇ ਉਹਨਾਂ ਨੂੰ ਨਾਲ਼ ਚੱਲਣ ਲਈ ਕਿਹਾ ਤਾਂ ਉਹਨਾਂ ਆਖਿਆ, "ਮੂਰਖੋ, ਹੁਣ ਤੱਕ ਉਹ ਸੱਪ ਓਥੇ ਬੈਠਾ ਹੋਇਆ ਹੈ ਕਿਤੇ! ਉਹ ਤਾਂ ਕਿਤੇ ਚਲਿਆ ਗਿਆ ਹੋਊਗਾ!" ਪਰ ਸਾਡੇ ਜੋਰ ਦੇਣ ਤੇ ਉਹ ਪੈਲ਼ੀ ਨੂੰ ਸਾਡੇ ਨਾਲ਼ ਤੁਰ ਪਏ। ਜਦੋਂ ਓਥੇ ਗਏ ਤਾਂ ਸੱਪ ਓਥੇ ਓਸੇ ਹੀ ਹਾਲਤ ਵਿਚ ਬੈਠਾ ਹੋਇਆ ਸੀ। ਸਾਡੇ ਜਾਣ ਤੇ ਵੀ ਉਹ ਟੱਸ ਤੋਂ ਮੱਸ ਨਾ ਹੋਇਆ।
ਚਾਚਾ ਜੀ ਨੇ ਪਹਿਲਾਂ ਤਾਂ ਆਖਿਆ, "ਓਇ ਇਹ ਤਾਂ ਰੱਸੀ ਲੱਗਦੀ ਆ। ਫਿਰ ਆਖਿਆ, "ਨਹੀ ਓਇ, ਇਹ ਸੱਪ ਈ ਆ।" ਫਿਰ ਉਸ ਨੂੰ ਚਾਚਾ ਜੀ ਨੇ ਕੁਝ ਢੀਮਾਂ ਮਾਰੀਆਂ ਪਰ ਸੱਪ ਤਾਂ ਆਪਣੇ ਮੋਰਚੇ ਤੇ ਡਟਿਆ ਹੋਇਆ ਸੀ ਤੇ ਡਟਿਆ ਹੀ ਰਿਹਾ। ਚਾਚਾ ਜੀ ਦੇ ਨਾਲ਼ ਹੋਣ ਕਰਕੇ ਅਸੀਂ ਦੋਵੇਂ ਓਥੇ ਹੀ ਕੋਲ਼ ਖਲੋਤੇ ਰਹੇ ਤੇ ਡਰ ਕੇ ਦੂਰ ਨਾ ਭੱਜੇ। ਜਦੋਂ ਸੱਪ ਨਾ ਹਿੱਲਿਆ ਤਾਂ ਚਾਚਾ ਆਂਹਦਾ, "ਓਇ ਹੈ ਤਾਂ ਸੱਪ ਹੀ ਪਰ ਮਰਿਆ ਹੋਇਆ ਏ।" ਚਾਚੇ ਦੇ ਹੱਥ ਵਿਚ ਦਾਤੀ ਸੀ। ਨੇੜੇ ਜਾ ਕੇ ਉਸ ਨੇ ਦਾਤੀ ਨਾਲ਼ ਉਸ ਨੂੰ ਉਤੇ ਚੁੱਕ ਲਿਆ। ਹੱਸਦਿਆਂ ਹੋਇਆ ਸਾਨੂੰ ਵਿਖਾਇਆ ਤੇ ਨਾਲ਼ ਹੀ ਸਾਡਾ ਵੀ ਹਾਸਾ ਨਿਕਲ਼ ਗਿਆ।
ਗੱਲ ਇਉਂ ਹੋਈ ਕਿ ਅੰਮ੍ਰਿਤਧਾਰੀ ਹੋਣ ਕਰਕੇ ਮੇਰੇ ਭਾਈਆ ਜੀ ਤੇ ਪਰਵਾਰ ਦੇ ਬਾਕੀ ਮੈਬਰ ਪਿੰਡਾਂ ਵਾਲ਼ਾ ਪੁਰਾਣਾ ਤੇੜ ਵਾਲ਼ਾ ਕੱਪੜਾ 'ਕੱਛਾ' ਪਾਉਣ ਦੇ ਥਾਂ ਸਿੰਘਾਂ ਵਾਲ਼ਾ 'ਕਛਹਿਰਾ' ਪਾਇਆ ਕਰਦੇ ਸਨ ਤੇ ਪੁਰਾਤਨ ਸਿੰਘਾਂ ਦੇ ਕਛਹਿਰਿਆਂ ਦੇ ਘੇਰੇ ਚੌੜੇ ਹੁੰਦੇ ਸਨ। ਇਸ ਤਰ੍ਹਾਂ ਕਛਹਿਰੇ ਦੇ ਚੌੜੇ ਘੇਰੇ ਦੇ ਮੁਤਾਬਿਕ ਉਸ ਦਾ ਨਾਲ਼ਾ ਵੀ ਓਡਾ ਹੀ ਵੱਡਾ ਹੁੰਦਾ ਸੀ। ਭਾਈਆ ਜੀ ਦੇ ਪੁਰਾਣੇ ਕਛਹਿਰੇ ਦਾ ਨਾਲ਼ਾ ਕਿਤੇ ਰੂੜੀ ਵਿਚ ਚਲਿਆ ਗਿਆ ਹੋਣ ਕਰਕੇ ਉਹ ਰੂੜੀ ਸਮੇਤ ਪੈਲ਼ੀ ਵਿਚ ਪਹੁੰਚ ਗਿਆ ਤੇ ਓਥੇ ਪਿਆ ਸਾਨੂੰ ਸੱਪ ਬਣ ਕੇ ਡਰਾਉਣ ਲੱਗ ਪਿਆ।


****

No comments:

Post a Comment