ਜੀਂਦ ਵਿਖੇ ਬਦਲੀ


ਕੁਝ ਮਹੀਨਿਆਂ ਪਿਛੋਂ ਹੀ ਸਾਡੇ ਰਾਗੀ ਜਥੇ ਦੀ ਬਦਲੀ ਤਰਨ ਤਾਰਨੋ ਜੀਂਦ ਹੋ ਗਈ। ਭਾਵੇਂ ਇਹ ਬਦਲੀ ਸਾਡੀ ਮਰਜੀ ਨਾਲ਼ ਅਤੇ ਸਾਥੋਂ ਪੁੱਛ ਕੇ ਨਹੀ ਸੀ ਹੋਈ ਪਰ ਬਾਹਰੋਂ ਰੌਲ਼ਾ ਪਾਉਣ ਦੇ ਬਾਵਜੂਦ ਅੰਦਰੋਂ ਮੈ ਇਸ ਬਦਲੀ ਤੇ ਖ਼ੁਸ਼ ਸਾਂ ਕਿਉਂਕਿ ਨਵੀਆਂ ਥਾਂਵਾਂ ਵੇਖਣ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ। 1962 ਤੋਂ 1964 ਤੱਕ ਮੈ ਏਥੇ ਸੇਵਾ ਵਿਚ ਹਾਜਰ ਰਿਹਾ। ਉਸ ਸਮੇ ਪੰਜਾਬੀ ਸੂਬਾ ਅਜੇ ਬਣਿਆ ਨਾ ਹੋਣ ਕਰਕੇ, ਜੀਂਦ ਪੰਜਾਬ ਦੇ ਸੰਗਰੂਰ ਜ਼ਿਲੇ ਦਾ ਇਕ ਸਬ ਡਵੀਯਨ ਹੁੰਦਾ ਸੀ।
ਸਾਡੇ ਚਿੱਟੇ ਕਪੜੇ ਵੇਖ ਕੇ ਚੋਰਾਂ ਦੇ ਮੂੰਹ ਵਿਚ ਪਾਣੀ ਆ ਗਿਆ। ਗਰਮੀਆਂ ਦਾ ਮੌਸਮ ਸੀ ਅਤੇ ਅਸੀਂ ਗੁਰਦੁਆਰਾ ਸਾਹਿਬ ਦੀ ਬਾਹਰਲੀ ਵਿਸ਼ਾਲ ਡਿਉੜੀ ਦੀ ਸਭ ਤੋਂ ਉਪਰਲੀ ਛੱਤ ਉਪਰ ਸੌਂਦੇ ਹੁੰਦੇ ਸਾਂ। ਇਕ ਰਾਤ ਨੂੰ ਚੋਰਾਂ ਨੇ ਪਉੜੀਆਂ ਦਾ ਉਤਲਾ ਕੁੰਡਾ ਲਾ ਕੇ ਸਾਨੂੰ ਛੱਤ ਦੇ ਉਪਰ ਡੱਕ ਦਿਤਾ। ਚੋਰ ਆਰਾਮ ਨਾਲ਼ ਫੋਲਾ ਫਾਲੀ ਕਰਕੇ ਮੇਰਾ ਕਿਤਾਬਾਂ ਵਾਲ਼ਾ ਟਰੰਕ ਚੁੱਕ ਕੇ ਲੈ ਗਏ। ਦਿਨੇ ਇਹ ਝਾੜੀਆਂ ਵਿਚ ਪਿਆ ਤੇ ਕਿਤਾਬਾਂ ਖਿੱਲਰੀਆਂ ਸਮੇਤ ਮਿਲ਼ ਗਿਆ। ਸਾਡੇ ਕੇਵਲ ਚਿੱਟੇ ਕੱਪੜਿਆਂ ਤੋਂ ਹੀ ਭੁਲੇਖਾ ਖਾ ਕੇ ਚੋਰਾਂ ਨੇ ਸਮਝਿਆ ਕਿ ਪਤਾ ਨਹੀ ਇਹ ਕਿੰਨੇ ਕੁ ਧਨੀ ਹੋਣਗੇ! ਪਰ ਮਰਾਸੀਆਂ ਦੇ ਘਰੋਂ ਉਹਨਾਂ ਨੂੰ ਕੀ ਲਭਣਾ ਸੀ!

ਏਥੇ ਇਕ ਤਾਂ ਮੈਨੂੰ ਅੱਗੇ ਪੜ੍ਹਾਈ ਕਰਨ ਦਾ ਉਤਸ਼ਾਹ ਮਿਲ਼ਿਆ। ਮੇਰੇ ਸਾਬਕ ਸਾਥੀ ਸ. ਹਰਜਾਪ ਸਿੰਘ ਨੇ ਵਿਦਵਾਨ ਕਲਾਸ ਦਾ ਇਮਤਿਹਾਨ ਦਿਤਾ। ਮੇਰੀ ਜਾਣਕਾਰੀ ਅਨੁਸਾਰ ਉਸ ਦਾ ਪੰਜਾਬੀ ਬੋਲੀ ਦਾ ਗਿਆਨ ਮੇਰੇ ਨਾਲ਼ੋਂ ਘੱਟ ਸੀ। ਮੈ ਸੋਚਿਆ ਕਿ ਜੇ ਇਹ ਇਮਤਿਹਾਨ ਦੇ ਸਕਦਾ ਹੈ ਤਾਂ ਮੈ ਕਿਉਂ ਨਹੀ ਇਹ ਕੰਮ ਕਰ ਸਕਦਾ! ਇਸ ਤੋਂ ਪਹਿਲਾਂ ਭਾਈਆ ਜੀ ਬੜਾ ਜੋਰ ਲਾਇਆ ਕਰਦੇ ਸਨ ਕਿ ਮੈ ਗਿਆਨੀ ਕਰਾਂ। ਉਹਨਾਂ ਦੀ ਸੋਚ ਸੀ ਕਿ ਗਿਆਨੀ ਕਰਕੇ ਫੌਜ ਵਿਚ ਗ੍ਰੰਥੀ ਵਜੋਂ ਨਾਇਬ ਸੂਬੇਦਾਰ ਦੀ ਨੌਕਰੀ ਮਿਲ਼ ਸਕਦੀ ਹੈ ਤੇ ਸੂਬੇਦਾਰੀ ਦੀ ਪੈਨਸ਼ਨ ਨਾਲ਼ ਉਮਰ ਦੀਆਂ ਰੋਟੀਆਂ ਦਾ ਮਸਲਾ ਹੱਲ ਹੋ ਜਾਂਦਾ ਹੈ। ਸ਼ੁਰੂ ਤੋਂ ਹੀ ਮੈਨੂੰ ਪੜ੍ਹਾਈ ਵੱਲੋਂ ਨਿਰਉਤਸ਼ਾਹਤ ਕਰਕੇ, ਕੇਵਲ ਤੇ ਕੇਵਲ ਕੀਰਤਨ ਵੱਲ ਹੀ ਉਤਸ਼ਾਹਤ ਕਰਨ ਵਾਲ਼ੇ ਪਾਸਿਉਂ ਉਹਨਾਂ ਦਾ ਰੁਝਾਨ ਹੋ ਜਾਣ ਦਾ ਖਾਸ ਕਾਰਨ ਸੀ। ਸ਼੍ਰੋਮਣੀ ਕਮੇਟੀ ਦੀ ਸੇਵਾ ਬਾਰੇ ਉਹਨਾਂ ਦੇ ਮਨ ਅੰਦਰ, ਓਹਨੀਂ ਦਿਨੀਂ ਬੇ ਭਰੋਸਗੀ ਪੈਦਾ ਹੋ ਗਈ ਸੀ ਤੇ ਉਹ ਚਾਹੁਣ ਲੱਗ ਪਏ ਸਨ ਕਿ ਮੈ ਇਸ ਸੇਵਾ ਤੋਂ ਨਿਕਲ਼ ਕੇ, ਫੌਜ ਵਿਚ ਗ੍ਰੰਥੀ ਦੀ ਸੇਵਾ ਤੇ ਲੱਗ ਜਾਵਾਂ। ਫੌਰੀ ਕਾਰਨ ਇਸ ਦਾ ਇਹ ਬਣਿਆ ਕਿ ਇਕ ਬਹੁਤ ਹੀ ਸ਼ਰੀਫ਼, ਅਤੀ ਸੁੰਦਰ ਸ਼ਖ਼ਸੀਅਤ ਦੇ ਮਾਲਕ ਅਤੀ ਸਤਿਕਾਰਯੋਗ ਬਜ਼ੁਰਗ ਸੱਜਣ, ਗਿ. ਜਗਜੀਤ ਸਿੰਘ ਜੀ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁਖ ਗ੍ਰੰਥੀ ਦੀ ਸੇਵਾ ਤੋਂ, ਸਤਿਕਾਰ ਰਹਿਤ ਢੰਗ ਨਾਲ਼ ਵੇਹਲਾ ਕਰ ਦਿਤਾ ਗਿਆ ਸੀ। ਉਹਨਾਂ ਉਪਰ ਮਾਇਆ ਬਾਰੇ ਦੋਸ਼ ਲਾਇਆ ਗਿਆ ਸੀ। ਉਹਨਾਂ ਦੇ ਖ਼ਿਲਾਫ਼ ਸਾਜਸ਼ ਕਰਨ ਵਾਲਾ ਵਿਅਕਤੀ ਵੀ ਬਾਅਦ ਵਿਚ ਖੁਆਰ ਹੀ ਹੋਇਆ। ਉਸ ਨੂੰ ਸਮਾ ਆਉਣ ਤੇ ਕਮੇਟੀ ਦੀ ਸੇਵਾ ਤੋਂ ਚੋਰੀਂ ਭੱਜਣਾ ਪਿਆ। ਅਸੀਂ ਦੋਵੇਂ ਪਿਓ ਪੁੱਤ ਉਸ ਮਹਾਨ ਸਖ਼ਸੀਅਤ ਤੋਂ ਬਹੁਤ ਹੀ ਪ੍ਰਭਾਵਤ ਸਾਂ। ਅਜਿਹੇ ਹਾਲਾਤ ਵਿਚ ਭਾਈਆ ਜੀ ਆਰਜ਼ੀ ਤੌਰ ਤੇ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਮਾਯੂਸ ਹੋ ਗਏ ਸਨ। ਉਹਨਾਂ ਦੀ ਭਰਪੂਰ ਪ੍ਰੇਰਨਾ ਦੇ ਬਾਵਜੂਦ ਮੈ ਆਪਣੀ ਸਕੂਲੀ ਵਿੱਦਿਆ ਦੀ ਘਾਟ ਕਾਰਨ, ਗਿਆਨੀ ਕਰਨ ਵਾਲ਼ੇ ਪਾਸੇ ਉਦਮ ਨਹੀ ਸਾਂ ਕਰਦਾ। ਨਾ ਹੀ ਕੋਈ ਮੇਰੇ ਤੋਂ ਵਧ ਜਾਣਕਾਰੀ ਰੱਖਣ ਵਾਲ਼ਾ ਸੱਜਣ ਮੇਰੇ ਸੰਪਰਕ ਵਿਚ ਸੀ ਜੋ ਮੇਰੀ ਇਸ ਪਾਸੇ ਅਗਵਾਈ ਕਰ ਸਕਦਾ। ਇਕ ਕਾਰ ਸੇਵਾ ਵਾਲ਼ੇ ਸੰਤਾਂ ਦਾ ਰੋਟੀਆਂ ਤੇ ਦੁਧ ਦਾ ਗਜਾ ਕਰਨ ਵਾਲ਼ਾ ਪ੍ਰੌੜ੍ਹ ਸੱਜਣ ਵੀ ਕੁਝ ਦਿਨ ਮੇਰੇ ਪਾਸ ਆ ਕੇ ਰਿਹਾ ਤੇ ਇਸ ਪਾਸੇ ਤੁਰਨ ਲਈ ਮੈਨੂੰ ਪ੍ਰੇਰਦਾ ਰਿਹਾ। ਪਤਾ ਲੱਗਾ ਕਿ ਉਹ ਵੀ ਖਾਸਾ ਪੜ੍ਹਿਆ ਲਿਖਿਆ ਸੱਜਣ ਸੀ ਤੇ 'ਟ੍ਰੀਬਿਊੁਨ' ਦਾ ਪਾਠਕ ਸੀ। ਪਿਛੋਂ ਪਤਾ ਲੱਗਾ ਕਿ ਉਸ ਨੂੰ ਮੇਰੇ ਭਾਈਆ ਜੀ ਨੇ ਮੈਨੂੰ ਇਸ ਪਾਸੇ ਪ੍ਰੇਰਨ ਲਈ ਹੀ ਭੇਜਿਆ ਸੀ ਪਰ ਮੈ ਹੌਸਲਾ ਓਨਾ ਚਿਰ ਨਾ ਫੜਿਆ ਜਿੰਨਾ ਚਿਰ ਮੈਨੂੰ ਮੇਰੇ ਮਿਸ਼ਨਰੀ ਕਾਲਜ ਦੇ ਰਹਿ ਚੁੱਕੇ ਜਮਾਤੀ ਤੇ ਨੌਕਰੀ ਵਿਚਲੇ ਸਾਬਕ ਸਾਥੀ ਨੂੰ ਵੇਖ ਕੇ ਪ੍ਰੇਰਨਾ ਨਾ ਮਿਲ਼ੀ। ਦਾਖਲਾ ਭਰ ਦਿਤਾ, ਗਿਆਨੀ ਤੋਂ ਪਹਿਲੀ ਕਲਾਸ, ਵਿਦਵਾਨ ਦਾ ਪਰ ਕੋਈ ਪੜ੍ਹਾਉਣ ਤੇ ਕੁਝ ਦੱਸਣ ਵਾਲ਼ਾ ਨਾ ਹੋਣ ਕਰਕੇ ਫੇਹਲ ਹੋ ਗਿਆ ਪਰ ਇਸ ਨਾਲ਼ ਮੈਨੂੰ ਪੜ੍ਹਾਈ ਦਾ ਸ਼ੌਕ ਜਾਗ ਪਿਆ।

ਏਥੇ ਰਹਿੰਦਿਆਂ ਇਕ ਮਾੜੀ ਘਟਨਾ ਵੀ ਵਾਪਰ ਗਈ। ਹੋਇਆ ਇਹ ਇਉਂ ਕਿ ਜੀਂਦ ਸ਼ਹਿਰ ਤੋਂ ਕੁਝ ਦੂਰੀ ਤੇ, ਛੰਨਾਂ ਨਾਮੀ ਪਿੰਡ ਗੁਰਦੁਆਰਾ ਸਾਹਿਬ ਦੀ ਜਾਗੀਰ ਸੀ। ਇਹ ਬਾਂਗਰੂਆਂ ਦਾ ਪੂਰਾ ਪਿੰਡ ਇਸ ਸਾਰੀ ਜ਼ਮੀਨ ਨੂੰ ਵਾਹੁੰਦਾ ਸੀ। ਇਕ ਪੈਲ਼ੀ ਦਾ ਪਤਾ ਨਹੀ ਕੀ ਝਗੜਾ ਸੀ। ਗੁਰਦੁਆਰੇ ਦਾ ਮੈਨੇਜਰ, ਜੋ ਕਿ ਸਾਬਕ ਫੌਜੀ ਸੀ, ਕੁਝ ਸੇਵਾਦਾਰਾਂ ਨੂੰ ਨਾਲ਼ ਲੈ ਕੇ ਪਿੰਡ ਵਿਚ ਗਿਆ। ਹੈਰਾਨੀ ਇਸ ਗੱਲ ਦੀ ਕਿ ਸਾਨੂੰ ਦੋਹਾਂ ਰਾਗੀਆਂ ਨੂੰ ਵੀ ਸੈਰ ਸਪਾਟੇ ਦੇ ਬਹਾਨੇ ਆਪਣੇ ਨਾਲ਼ ਲੈ ਗਿਆ। ਅੱਗੇ ਵੀ ਕਈ ਵਾਰੀਂ ਅਸੀਂ ਓਥੇ ਗਏ ਸਾਂ। ਮੈ ਤਾਂ ਸਗੋਂ ਪੇਂਡੂ ਵਾਤਾਵਰਣ ਵਿਚ ਜਾ ਕੇ ਬਹੁਤ ਹੀ ਖ਼ੁਸ਼ੀ ਮਹਿਸੁਸ ਕਰਦਾ ਸਾਂ/ਹਾਂ। ਸਾਨੂੰ ਮਸਲੇ ਬਾਰੇ ਕੁਝ ਨਹੀ ਦੱਸਿਆ। ਮੈਨੇਜਰ ਨੇ ਜਾਂਦੇ ਸਾਰ ਹੀ ਇਕ ਹਲ਼ ਵਾਹ ਰਹੇ ਬੁਢਾ ਜਿਹਾ ਦਿਸਣ ਵਾਲ਼ੇ ਬੰਦੇ ਦੀ ਵੱਖੀ ਵਿਚ ਆਪਣੀ ਗਾਤਰੇ ਵਾਲ਼ੀ ਕ੍ਰਿਪਾਨ ਮਾਰ ਦਿਤੀ। ਉਹ ਹਲ਼ ਛੱਡ ਕੇ ਚੁੱਪ ਚਾਪ ਤੁਰ ਗਿਆ ਤੇ ਲਾਗੇ ਹੀ ਪਿੜਾਂ ਵਿਚ ਫਲ਼੍ਹੇ ਵਾਹ ਰਹੇ ਆਪਣੇ ਲੋਕਾਂ ਨੂੰ ਜਾ ਦੱਸਿਆ। ਮੈ ਤਾਂ ਕੁਝ ਏਹੋ ਜਿਹੀਆਂ ਆਵਾਜ਼ਾਂ ਹੀ ਸੁਣੀਆਂ,"ਅਰੇ ਮਾਰ ਦੀਆ ਰੇ! ਮੀਨੀਜਰ ਨੇ ਸੁੰਡੂੰ ਕੋ ਭਾਲਾ ਮਾਰ ਦੀਆ ਰੇ! ਭਾਗੋ ਰੇ! ਮਾਰ ਦੀਆ ਰੇ! ਸੁੰਡੂ ਕੋ ਭਾਲਾ ਮਾਰ ਦੀਆ ਰੇ!" ਜੋ ਪਿੰਡ ਦਾ ਬੁਢੀ, ਬੰਦਾ, ਬੱਚਾ, ਜਵਾਨ, ਬੁਢਾ, ਜੋ ਵੀ ਹੱਥ ਵਿਚ ਆਇਆ ਲੈ ਕੇ ਸਾਡੇ ਉਪਰ ਆ ਪਏ। ਸਾਨੂੰ ਭੱਜਦਿਆਂ ਨੂੰ ਰਾਹ ਨਾ ਲਭੇ। ਪਤਾ ਨਹੀ ਮੇਰੇ ਹੱਥ ਕਿਥੋਂ ਇਕ ਵੱਡੀ ਕ੍ਰਿਪਾਨ ਆ ਗਈ। ਲਾਲਾ, ਲਾਲਾ ਕਰਦੇ ਕੰਧ ਦੀ ਕੰਧ ਹੀ ਹਮਲਾਵਰਾਂ ਦੀ ਸਾਨੂੰ ਆ ਪਈ। ਮੈਨੂੰ ਏਨਾ ਯਾਦ ਹੈ ਕਿ ਕਚੀਚੀਆਂਾ ਵੱਟਦਿਆਂ ਕਈ ਲੋਕਾਂ ਦੀਆਂ ਇਕੱਠੀਆ ਹੀ ਡਾਗਾਂ ਜਦੋਂ ਮੇਰੇ ਸਿਰ ਵੱਲ ਨੂੰ ਉਲਰੀਆਂ ਤਾਂ ਮੈ ਉਹਨਾਂ ਦੀਆਂ ਡਾਂਗਾਂ ਤੇ ਆਪਣੇ ਸਿਰ ਦਰਮਿਆਨ ਕ੍ਰਿਪਾਨ ਕਰ ਦਿਤੀ। ਉਹਨਾਂ ਦੀਆਂ ਡਾਂਗਾ ਦਾ ਮੇਰੇ ਸਿਰ ਉਪਰ ਸਾਂਝਾ ਵਾਰ ਹੋ ਜਾਣ ਤੇ ਕ੍ਰਿਪਾਨ ਦੀ ਮੁਠ ਮੇਰੇ ਹੱਥ ਵਿਚ ਰਹਿ ਗਈ ਤੇ ਕ੍ਰਿਪਾਨ ਪਤਾ ਨਾ ਲੱਗਾ ਕਿ ਕਿਧਰ ਉਡ ਗਈ। ਇਹ ਵੇਖ ਕੇ ਜਦੋਂ ਮੈ ਭੱਜਣ ਲੱਗਾ ਤਾਂ ਉਹਨਾਂ ਨੇ ਮੈਨੂੰ ਡਾਂਗਾਂ ਮਾਰ ਕੇ ਸੁੱਟ ਲਿਆ। ਸੱਟਾਂ ਤਾਂ ਸਾਰਿਆਂ ਦੇ ਹੀ ਵਾਹਵਾ ਲੱਗੀਆਂ ਪਰ ਪਤਾ ਨਹੀ ਕਿਸ ਕਰਕੇ ਮੈ ਹੋਸ਼ ਵਿਚ ਰਿਹਾ ਤੇ ਵਾਹਣਾਂ ਵਿਚ ਖਿੱਲਰੇ ਪਏ ਦੂਜੇ ਜ਼ਖ਼ਮੀਆਂ ਦੇ ਮੂੰਹਾਂ ਵਿਚ ਖੇਤ ਵਿਚੋਂ, ਬੁੱਕ ਨਾਲ਼ ਪਾਣੀ ਪਾਉਂਦਾ ਰਿਹਾ। ਕੁਝ ਸਮੇ ਬਾਅਦ ਛੋਟੇ ਠਾਣੇਦਾਰ ਦੀ ਅਗਵਾਈ ਹੇਠ ਪੁਲਸ ਆਈ। ਕੁਦਰਤੀਂ ਹੀ ਇਹ ਛੋਟਾ ਠਾਣੇਦਾਰ ਸਿੱਖ ਸੀ। ਪੁਲਸ ਨੇ ਸਾਨੂੰ ਚੁੱਕ ਕੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਪੁਚਾਇਆ। ਹਸਪਤਾਲ ਜਾ ਕੇ ਮੇਰੀ ਵੀ ਕੁਝ ਸਮੇ ਲਈ ਹੋਸ਼ ਗੁੰਮ ਹੋ ਗਈ। ਇਕ ਸੇਵਾਦਾਰ ਭਾਈ ਬੱਗਾ ਸਿੰਘ ਤਾਂ ਬਹੁਤ ਹੀ ਸ਼ਖ਼ਤ ਜ਼ਖ਼ਮੀ ਹੋਇਆ ਸੀ; ਉਹ ਮਸਾਂ ਹੀ ਬਚਿਆ।
ਇਹ ਮੈਨੇਜਰ ਏਨਾ ਆਪਣੀ ਮਰਜੀ ਦਾ ਮਾਲਕ ਸੀ ਕਿ ਬਿਨਾ ਕਿਸੇ ਕਾਰਨ ਦੇ ਹੀ ਇਸ ਨੇ ਇਹ ਬਿਪਤਾ ਸਹੇੜ ਲਈ। ਫਿਰ ਕੁਝ ਸਮੇ ਬਾਅਦ, ਲੰਗਰ ਵਿਚ ਘੇਰ ਕੇ, ਜਿਥੋਂ ਉਹ ਵਿਚਾਰਾ ਕਿਧਰੇ ਭੱਜ ਨਹੀ ਸੀ ਸਕਦਾ, ਇਕ ਘੁਮਿਆਰਾਂ ਦੇ ਮੁੰਡੇ ਨੂੰ ਲੰਗਰ ਦੇ ਬਾਲਣ ਵਾਲ਼ੀ ਅਣਘੜਤ ਜਿਹੀ ਲੱਕੜੀ ਨਾਲ ਬੁਰੀ ਤਰ੍ਹਾਂ ਇਸ ਨੇ ਕੁੱਟ ਦਿਤਾ। ਕਸੂਰ ਉਸ ਵਿਚਾਰੇ ਦਾ ਸਿਰਫ ਏਨਾ ਹੀ ਸੀ ਕਿ ਉਸ ਦੀਆਂ ਖੋਤੀਆਂ ਗੁਰਦੁਆਰੇ ਦੀ ਖਾਲੀ ਗਰਾਊਂਡ ਵਿਚ ਆ ਗਈਆਂ ਸਨ। ਇਸ ਜਮਦੂਤ ਤੋਂ ਛੁਟਕਾਰਾ ਪਾ ਕੇ ਉਹ ਠਾਣੇ ਗਿਆ ਤਾਂ ਵੱਡੇ ਠਾਣੇਦਾਰ ਨੇ ਮੈਨੇਜਰ ਨੂੰ ਸੱਦ ਲਿਆ। ਅਸੀਂ ਉਸ ਦੀ ਮੌਰਲ ਸਪੋਰਟ ਲਈ ਨਾਲ਼ ਗਏ। ਠਾਣੇਦਾਰ ਹਰਿਆਣਵੀ ਜਾਟ ਸੀ। ਉਸ ਨੇ ਸੰਬੋਧਨ ਤਾਂ 'ਮੈਨੇਜਰ ਸਾਹਿਬ' ਕਰਕੇ ਹੀ ਕੀਤਾ ਪਰ ਲਾਹ ਪਾਹ ਉਸ ਦੀ ਬੜੀ ਕੀਤੀ। ਨਾਲੇ ਇਹ ਵੀ ਆਖਿਆ, "ਤੇਰੀ ਕਿਸਮਤ ਚੰਗੀ ਸੀ। ਪਿੰਡ ਛੰਨਾਂ ਦੀ ਲੜਾਈ ਸਮੇ ਮੌਕੇ ਤੇ ਮੈ ਨਹੀ ਗਿਆ। ਜੇਕਰ ਮੈ ਉਸ ਸਮੇ ਡਿਊਟੀ ਤੇ ਹਾਜਰ ਹੁੰਦਾ ਤਾਂ ਤੈਨੂੰ ਦੱਸਦਾ ਕਿ ਕਿਵੇਂ ਕਿਸੇ ਤੇ ਹਮਲਾ ਕਰੀਦਾ ਹੈ!"
"ਮੂਰਖ ਮਿੱਤਰ ਨਾਲ਼ੋਂ ਦਾਨਾ ਦੁਸ਼ਮਣ ਚੰਗਾ।" ਸਿਆਣਿਆ ਦਾ ਕਥਨ ਹੈ।

****

No comments:

Post a Comment