ਤਰਨ ਤਾਰਨ ਵਿਖੇ ਰਹਿੰਦਿਆਂ ਫਰਵਰੀ 1962 ਵਿਚ ਇਕ ਅਭੁੱਲ ਘਟਨਾ ਵਾਪਰੀ ਜੋ ਕਿ ਹਿੰਦੁਸਤਨ ਦੇ ਲੋਕਤਾਂਤ੍ਰਿਕ ਰਾਜਸੀ ਵਰਤਣ ਦੀ ਮੂੰਹ ਬੋਲਦੀ ਤਸਵੀਰ ਅੱਜ ਤੱਕ ਵੀ ਵਰਤੀਂਦੀ ਦਿਸਦੀ ਹੈ। 1957 ਦੀਆਂ ਚੋਣਾਂ ਤਾਂ 1955 ਦੇ ਮੋਰਚੇ ਦੀ ਜਿੱਤ ਉਪ੍ਰੰਤ, ਰੀਜਨਲ ਫਾਰਮੂਲਾ ਬਣਾ ਕੇ, ਅਕਾਲੀ ਕਾਂਗਰਸ ਸਮਝੌਤਾ ਹੋਣ ਕਰਕੇ, ਦੋਹਾਂ ਨੇ ਕਾਂਗਰਸ ਟਿਕਟ ਉਤੇ, ਸਾਂਝੀਆਂ ਲੜੀਆਂ ਸਨ। ਇਸ ਤਰ੍ਹਾਂ ਪੰਜਾਬ ਵਿਚ ਜੇ ਇਹ ਦੋਵੇਂ ਪਾਰਟੀਆਂ ਰਲ਼ ਜਾਣ ਤਾਂ ਫਿਰ ਅਪੋਜ਼ੀਸ਼ਨ ਤਾਂ ਨਾਮ ਮਾਤਰ ਹੀ ਰਹਿ ਜਾਂਦੀ ਹੈ। 1957 ਦੇ ਅੰਤ ਤੱਕ ਤਾਂ ਖਿੱਚ ਧੂਹ ਕੇ ਇਸ ਸਮਝੌਤੇ ਦੇ ਨਾਂ ਹੇਠ ਸਮਾ ਚੱਲਦਾ ਰਿਹਾ ਕਿਉਂਕਿ ਮਾਸਟਰ ਜੀ ਤੋਂ ਬਿਨਾ ਬਾਕੀ ਸਾਰੇ ਲੀਡਰ ਸੱਤਾ ਦਾ ਸੁਖ ਛੱਡਣ ਲਈ ਤਿਆਰ ਨਹੀ ਸਨ ਤੇ ਸਰਦਾਰ ਕੈਰੋਂ ਦੇ ਮੁਖ ਮੰਤਰੀ ਹੋਣ ਕਾਰਨ, ਸਿੱਖ ਸਰਕਾਰ ਜਾਂ ਆਖ ਲਵੋ ਅਕਾਲੀ ਕਾਂਗਰਸ ਟੱਕਰ ਹੋਣ ਤੋਂ ਬਿਨਾ ਰਹਿ ਨਹੀ ਸੀ ਸਕਦੀ; ਕਿਉਂਕਿ ਕੈਰੋਂ ਦੀ ਗੱਦੀ ਕੇਵਲ ਤੇ ਕੇਵਲ ਸਿੱਖ ਸਰਕਾਰ ਸੰਘਰਸ਼ ਵਿਚ ਹੀ ਸੁਰੱਖਿਅਤ ਸੀ। ਪੰਜਾਬ ਵਿਚ ਗੜਬੜ ਰਹੇ ਤਾਂ ਹੀ ਸਰਦਾਰ ਕੈਰੋਂ ਦੀ ਪੰਡਤ ਨਹਿਰੂ ਲੋੜ ਸੀ। ਹਿੰਦੂਆਂ ਤੇ ਉਹ ਸਖ਼ਤੀ ਕਰ ਨਹੀ ਸੀ ਸਕਦਾ ਕਿਉਂਕਿ ਸਾਰੇ ਹਿੰਦੁਸਤਾਨ ਉਤੇ ਉਹਨਾਂ ਦਾ ਰਾਜ ਹੈ। ਇਸ ਲਈ ਸਿੱਖ ਹੀ ਕੁੱਟਣ ਲਈ ਬਚਦੇ ਸਨ। ਜੇ ਸਰਕਾਰ ਤੇ ਸਿੱਖਾਂ ਦਾ ਰੀਜਨਲ ਫਾਰਮੂਲੇ ਵਾਲਾ ਸਮਝੌਤਾ ਕਾਇਮ ਰਹਿੰਦਾ ਅਤੇ ਇਸ ਉਪਰ ਇਮਾਨਦਾਰੀ ਨਾਲ਼ ਅਮਲ ਹੋ ਜਾਂਦਾ ਤਾਂ ਫਿਰ ਝਗੜੇ ਲਈ ਕੋਈ ਕਾਰਨ ਨਹੀ ਸੀ। ਸਿੱਖ ਸਰਕਾਰ ਝਗੜਾ ਤਾਂ ਹੀ ਹੋ ਸਕਦਾ ਸੀ ਜੇਕਰ ਇਸ ਸਮਝੌਤੇ ਉਪਰ ਅਮਲ ਨਾ ਹੋਵੇ। ਇਸ ਲਈ ਸਰਦਾਰ ਕੈਰੋਂ ਨੇ ਇਸ ਸਮਝੌਤੇ ਉਪਰ ਅਮਲ ਨਾ ਹੋਣ ਦਿਤਾ ਤੇ ਅਕਾਲੀਆਂ ਦੀ ਸਰਕਾਰ ਨਾਲ਼ ਫਿਰ ਟੱਕਰ ਹੋਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਪੰਡਤ ਨਹਿਰੂ ਦੇ ਜੀਂਦੇ ਰਹਿਣ ਤੱਕ ਸਰਦਾਰ ਕੈਰੋਂ ਪੰਜਾਬ ਦਾ 'ਡਿਕਟੇਟਰ' ਬਣਿਆ ਰਿਹਾ।
1960 ਦਾ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਲੱਗਾ। 57129 ਵਿਅਕਤੀ ਜੇਹਲਾਂ ਵਿਚ ਗਏ। ਸੰਤ ਫ਼ਤਿਹ ਸਿੰਘ ਜੀ ਨੇ ਵਰਤ ਰੱਖਿਆ। ਮਾਸਟਰ ਜੀ ਨੇ ਖੁਲਵ੍ਹਾ ਦਿਤਾ। ਸੰਤ ਨਹਿਰੂ ਅਸਫਲ ਮੁਲਾਕਾਤਾਂ ਹੋਈਆਂ। ਮਾਸਟਰ ਜੀ ਨੇ ਵਰਤ ਰੱਖਿਆ। ਭਰੋਸਿਆਂ ਤੇ ਛੱਡਿਆ; ਨਿਕਲ਼ਿਆ ਕੁਝ ਵੀ ਨਾ। "ਵੋਹੀ ਢਾਕ ਕੇ ਤੀਨ ਪਾਤ।" ਖਿਚਦੇ ਧੂੰਹਦੇ 1962 ਦੀਆਂ ਚੋਣਾਂ ਆ ਗਈਆਂ। ਇਹ ਚੋਣਾਂ ਅਕਾਲੀ ਦਲ ਦੀ ਅਗਵਾਈ ਹੇਠ ਬਾਕੀ ਸਾਰੀਆਂ ਪਾਰਟੀਆਂ ਨੇ ਸਾਂਝਾ ਮੁਹਾਜ ਬਣਾ ਕੇ, ਕਾਂਗਰਸ ਦੇ ਖਿਲਾਫ਼ ਲੜੀਆਂ। ਹਲਕਾ ਸਰਹਾਲੀ ਤੋਂ ਸ. ਪ੍ਰਤਾਪ ਸਿੰਘ ਕੈਰੋਂ ਮੁਖ ਮੰਤਰੀ ਤੇ ਉਸ ਦੇ ਖ਼ਿਲਾਫ਼, ਅਕਾਲੀ ਦਲ ਵਲੋਂ ਜ. ਮੋਹਨ ਸਿੰਘ ਤੁੜ ਲੜ ਰਿਹਾ ਸੀ ਜਿਸ ਤੇ ਕੈਰੋਂ ਨੇ 52 ਮੁਕੱਦਮੇ ਬਣਾ ਕੇ ਉਸ ਨੂੰ ਸਹਾਰਨਪੁਰ ਜੇਹਲ ਵਿਚ ਬੰਦ ਕੀਤਾ ਹੋਇਆ ਸੀ। ਗਵਾਂਢੀ ਹਲਕੇ ਪੱਟੀ ਤੋਂ ਕੈਰੋਂ ਦਾ ਜੀਜਾ ਸ. ਹਰਦੀਪ ਸਿੰਘ ਤੇ ਉਸ ਦੇ ਮੁਕਾਬਲੇ ਦਲ ਵੱਲੋਂ ਸ. ਹਜਾਰਾ ਸਿੰਘ ਗਿੱਲ, ਜੋ ਕਿ ਮੋਰਚੇ ਸਮੇ ਦਾ ਹੀ ਜੇਹਲ ਵਿਚ ਬੰਦ ਸੀ, ਲੜ ਰਹੇ ਸਨ। ਇਹਨਾਂ ਦੋਹਾਂ ਸੀਟਾਂ ਦੀ ਇਲੈਕਸ਼ਨ ਦੇ ਇਨਚਾਰਜ, ਦਲ ਵੱਲੋਂ ਸੰਤ ਫ਼ਤਿਹ ਸਿੰਘ ਜੀ ਸਨ। ਦੋਹੀਂ ਪਾਸੀ "ਦੋਹੀਂ ਦਲੀਂ ਮੁਕਾਬਲਾ ਰਣ ਮਚਿਆ ਭਾਰੀ॥" ਵਾਲ਼ੀ ਹਾਲਤ ਸੀ। ਰੱਬ ਰੱਬ ਕਰਕੇ ਬਿਨਾ ਖਾਸ ਡਾਂਗ ਸੋਟੇ ਅਤੇ ਕਤਲੋ ਗ਼ਾਰਤ ਦੇ, ਵੋਟਾਂ ਦਾ ਕਾਰਜ ਸੁਖਾਵਾਂ ਹੀ ਨਿੱਬੜ ਗਿਆ। ਤਰਨ ਤਰਨ ਤਸੀਲ ਦੇ ਦਫ਼ਤਰ ਵਿਚ ਗਿਣਤੀ ਹੋ ਰਹੀ ਸੀ। ਤਰਨ ਤਾਰਨ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ. ਗੁਰਦਿਆਲ ਸਿੰਘ ਢਿੱਲੋਂ ਸੀ। ਇਸ ਨੂੰ ਸਪੀਕਰ ਹੋਣ ਕਰਕੇ ਅਕਾਲੀਆਂ ਨੇ ਇਸ ਦੇ ਮੁਕਾਬਲੇ ਆਪਣਾ ਉਮੀਦਵਾਰ ਨਹੀ ਸੀ ਖਲਿਆਰਿਆ ਪਰ ਸਰਦਾਰ ਕੈਰੋਂ ਨੇ ਇਕ ਦਲਿਤ ਕਾਂਗਰਸੀ ਨੂੰ ਸ਼ਹਿ ਦੇ ਕੇ, ਇਸ ਦੇ ਮੁਕਾਬਲੇ ਤੇ ਆਜ਼ਾਦ ਖੜ੍ਹਾ ਕਰ ਦਿਤਾ ਸੀ ਤਾਂ ਕਿ ਇਹ ਬਿਨਾ ਮੁਕਾਬਲਾ ਨਾ ਜਿੱਤ ਜਾਵੇ। ਇਹ ਅੰਦਰੋਂ ਕੈਰੋਂ ਦਾ ਵਿਰੋਧੀ ਹੋਣ ਕਰਕੇ ਇਸ ਚੋਣ ਵਿਚ ਅਕਾਲੀਆਂ ਨਾਲ਼ ਦਿਲੋਂ ਹਮਦਰਦੀ ਰੱਖਦਾ ਸੀ। ਸਮੇ ਸਮੇ ਅੰਦਰੋਂ ਆ ਕੇ ਇਹ ਇਸ਼ਾਰੇ ਨਾਲ਼ ਅਕਾਲ਼ੀ ਵਰਕਰਾਂ ਦਾ ਹੌਸਲਾ ਵਧਾ ਜਾਇਆ ਕਰੇ ਕਿ ਤੁਸੀਂ ਜਿੱਤ ਰਹੇ ਹੋ। ਅਖੀਰ ਹਨੇਰਾ ਪਏ ਤੇ ਐਲਾਨ ਹੋ ਗਿਆ ਕਿ ਜ. ਮੋਹਨ ਸਿੰਘ ਤੁੜ 384 ਵੋਟਾਂ ਦੇ ਵਾਧੇ ਨਾਲ਼ ਜਿੱਤ ਗਏ ਤੇ ਕੈਰੋਂ ਜੀ ਹਾਰ ਗਏ ਹਨ। ਇਸ 'ਲਾਲਾ ਲਾਲਾ' ਵਿਚ ਕਿਸੇ ਨੇ ਬਾਹਰ ਸੜਕ ਤੇ ਖਲੋਤਿਆਂ ਆਵਾਜ਼ ਦਿਤੀ, "ਅਹੁ ਕਾਰ ਵਿਚ ਸੁਰਿੰਦਰ ਸਿੰਘ ਕੈਰੋਂ ਜਾ ਰਿਹਾ ਹੈ।" ਨਾਲ਼ ਕੌਣ ਹੈ! ਇਸ ਦਾ ਪਤਾ ਨਾ ਲੱਗਾ। ਮੈ ਵੀ ਨੇੜੇ ਸੜਕ ਉਪਰ ਖਲੋਤਾ ਇਹ ਕੁਝ ਵੇਖ/ਸੁਣ ਰਿਹਾ ਸੀ। ਅਕਾਲੀ ਵਰਕਰ, ਜਥੇਦਾਰ ਤੁੜ ਦੇ ਵੱਡੇ ਪੁਤਰ, ਸ. ਲੱਖਾ ਸਿੰਘ, ਦੀ ਅਗਵਾਈ ਹੇਠ ਜਲੂਸ ਜਲਾਸ ਕਢ ਕੇ ਥੱਕ ਕੇ ਬਹਿ ਗਏ। ਮੈ ਵੀ ਪ੍ਰਕਰਮਾਂ ਦੇ ਕਿਨਾਰੇ ਤੇ ਸਥਿਤ, ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿਚ, ਉਪਰਲੀ ਮਨਜ਼ਲ ਤੇ ਆਪਣੇ ਕਮਰੇ ਵਿਚ ਅਧ ਨੀਂਦਰੇ ਜਿਹੇ ਵਿਚ ਸਾਂ ਜਦੋਂ ਕਿ ਗਲ਼ੀ ਦੇ ਸਾਹਮਣੇ ਵਾਲੇ ਘਰ ਦੇ ਉਪਰਲੇ ਕਮਰੇ ਦੀ ਬਾਰੀ ਖੋਹਲ ਕੇ, ਇਕ ਸ਼ਹਿਰੀ ਸਿੱਖ ਨੇ ਮੈਨੂੰ ਪੁਛਿਆ, "ਸਰਦਾਰ ਜੀ ਕੌਣ ਜਿਤਿਆ?" ਮੇਰੇ, "ਜ. ਮੋਹਨ ਸਿੰਘ ਤੁੜ" ਆਖਣ ਤੇ ਉਸ ਨੇ ਕਿਹਾ, "ਆਹ ਰੇਡੀਓ ਤਾਂ ਹੁਣੇ ਸਵਾ ਯਾਰਾਂ ਵਾਲ਼ੀਆਂ ਖ਼ਬਰਾਂ ਵਿਚ ਦੱਸ ਕੇ ਹਟਿਆ ਕਿ ਸ. ਕੈਰੋਂ ਹਲਕਾ ਸਰਹਾਲ਼ੀ ਤੋਂ ਚੌਤੀ ਵੋਟਾਂ ਤੇ ਜਿੱਤਿਆ ਹੈ!" ਮੈ ਆਖਿਆ, "ਇਹ ਹਨੇਰ ਕਿਵੇਂ ਹੋ ਸਕਦਾ ਹੈ! ਸਾਰੇ ਲੋਕ ਜਾਣਦੇ ਨੇ ਕਿ ਹਲਕਾ ਸਰਹਾਲੀ ਤੋਂ ਜ. ਮੋਹਨ ਸਿੰਘ ਤੁੜ ਜਿੱਤਿਆ ਹੈ!"
ਤਾਂਹੀਓਂ ਕੀ ਸੁਣਦੇ ਹਾਂ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਢੋਲ, ਢਮੱਕੇ, ਭੰਗੜੇ ਅਤੇ ਕੈਰੋਂ ਤੇ ਕਾਂਗਰਸ ਜਿੰਦਾਬਾਦ ਦੇ ਨਾਹਰਿਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਕਾਂਗਰਸੀ ਮੁੰਢੀਰ ਨੇ ਰਾਤ ਭਰ ਸ਼ਹਿਰ ਵਿਚ ਵਾਹਵਾ ਖ਼ਰੂਦ ਪਾਈ ਰੱਖਿਆ। ਅਕਾਲੀ ਵਰਕਰ ਵਿਚਾਰੇ ਦੜ ਵੱਟ ਕੇ ਅੰਦਰੀਂ ਦੜੇ ਰਹੇ।
ਦਿਨ ਚੜ੍ਹਦੇ ਹੀ ਤਕਰੀਬਨ ਵਿਰੋਧੀ ਪਾਰਟੀਆਂ ਦੇ ਸਾਰੇ ਹੀ ਆਗੂ ਤਰਨ ਤਾਰਨ ਪੁੱਜ ਗਏ। ਮਾਸਟਰ ਜੀ ਦੀ ਅਗਵਾਈ ਹੇਠ ਤਸੀਲ ਦੇ ਦਫ਼ਤਰ ਅੱਗੇ ਧਰਨਾ ਮਾਰ ਕੇ ਬੈਠ ਗਏ। ਆਖਣ ਵੋਟਾਂ ਦੁਬਾਰਾ ਸਾਡੇ ਸਾਹਮਣੇ ਗਿਣੋ। ਲੌਢੇ ਕੁ ਵੇਲ਼ੇ ਤੱਕ ਇਹ ਰਾਮ ਰੌਲਾ ਜਿਹਾ ਪੈਂਦਾ ਰਿਹਾ। ਫਿਰ ਐਸ. ਐਸ. ਪੀ. ਸ. ਰਣਜੀਤ ਸਿੰਘ ਗਰੇਵਾਲ਼ ਨੇ ਟੀਅਰ ਗੈਸ ਤੇ ਗੋਲ਼ੀ ਚਲਵਾ ਦਿਤੀ। ਇਸ ਰਾਮ ਰੌਲ਼ੇ ਵਿਚ ਵੋਟਾਂ ਰਲ਼ ਗੱਡ ਹੋ ਗਈਆਂ। ਇਹ ਗਰੇਵਾਲ਼ ਸਾਹਿਬ ਸਰਦਾਰ ਕੈਰੋਂ ਦੇ ਵੱਡੇ ਸਪੁੱਤਰ, ਸ. ਸੁਰਿੰਦਰ ਸਿੰਘ ਦੇ ਸਾਂਢੂ ਸਨ। ਇਸ ਗੜਬੜ ਵਿਚ ਹੀ ਮਾਸਟਰ ਜੀ ਨੂੰ ਫੜ ਕੇ ਪੁਲਸ ਉਹਨਾਂ ਦੇ ਘਰ ਅੰਮ੍ਰਿਤਸਰ ਛੱਡ ਆਈ ਤੇ ਬਾਕੀ ਲੀਡਰਾਂ ਨੂੰ ਦਿੱਲੀ। ਬੀ. ਬੀ. ਸੀ. ਲੰਡਨ ਤੋਂ ਵੀ ਇਹ ਖ਼ਬਰ ਇਉਂ ਪ੍ਰਸਾਰਤ ਹੋਈ: Mr. Partap Singh Kairon Chief Minister of Punajb, diclared himlesf elected. ਯਾਦ ਰਹੇ ਕਿ ਸਰਹਾਲੀ ਤੇ ਪੱਟੀ ਦੋਵੇਂ ਸੀਟਾਂ ਹੀ ਕਾਂਗਰਸ ਹਾਰ ਗਈ ਸੀ। ਸਰਹਾਲੀ ਦੇ ਜੇਤੂ, ਜ. ਮੋਹਨ ਸਿੰਘ ਤੁੜ, ਨੂੰ ਤਾਂ ਇਸ ਤਰ੍ਹਾਂ ਜਿੱਤਣ ਹੀ ਨਾ ਦਿਤਾ ਤੇ ਪੱਟੀ ਦੇ ਜੇਤੂ ਸ. ਹਜਾਰਾ ਸਿੰਘ ਗਿੱਲ ਨੂੰ ਜੇਹਲ ਵਿਚੋਂ ਨਾ ਨਿਕਲਣ ਦਿਤਾ। ਅਜਿਹੀ ਜੁਰਅਤ ਦੇ ਮਾਲਕ ਸਨ ਸ. ਪਰਤਾਪ ਸਿੰਘ ਕੈਰੋਂ ਪਰ ਇਹ ਸਾਰੀ ਜੁਰਅਤ, ਸ਼ਕਤੀ, ਧੱਕਾ, ਸਿਆਣਪ ਦਾ ਸੋਮਾ ਸੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ। ਜਦੋਂ ਉਹ ਹੀ ਨਾ ਰਿਹਾ ਤੇ ਫਿਰ ਸ਼ਕਤੀ ਕਿਥੋਂ ਆਉਣੀ ਸੀ ਤੇ ਉਸ ਸ਼ਕਤੀ ਦੀ ਦੁਰਵਰਤੋਂ ਕਰਕੇ ਧੱਕਾ ਕਿਸ ਨੇ ਕਰ ਸਕਣਾ ਸੀ!
ਇਹ ਵੀ ਯਾਦ ਰਹੇ ਕਿ ਸ. ਸੁਰਿੰਦਰ ਸਿੰਘ ਕੈਰੋਂ ਨਾਲ਼ ਉਸ ਸਮੇ ਜਾ ਰਿਹਾ ਦੂਜਾ ਵਿਅਕਤੀ ਉਹ ਰੀਟਰਨਿੰਗ ਅਫ਼ਸਰ ਸੀ ਜਿਸ ਨੇ ਤਸੀਲ ਵਿਚ ਤਾਂ ਜਥੇਦਾਰ ਤੁੜ ਨੂੰ 384 ਵੋਟਾਂ ਤੇ ਜਿਤਾ ਦਿਤਾ ਸੀ ਪਰ ਪਿਛੋਂ ਰੇਡੀਉ ਤੇ ਕੈਰੋਂ ਨੂੰ 34 ਵੋਟਾਂ ਤੇ ਜਿਤਾ ਦਿਤਾ। ਬਾਅਦ ਵਿਚ ਉਸ ਅਫ਼ਸਰ ਨੂੰ ਆਈ. ਏ. ਐਸ. ਬਣਾ ਦਿਤਾ ਗਿਆ। ਆਖਰ ਉਸ ਨੂੰ ਉਸ ਦੀ 'ਸੇਵਾ' ਦਾ ਇਨਾਮ ਵੀ ਤਾਂ ਦੇਣਾ ਬਣਦਾ ਹੀ ਸੀ ਨਾ!
ਲੋਕਾਂ ਦੇ ਆਪਣੀ ਮਰਜੀ ਨਾਲ਼ ਦਿਤੇ ਫਤਵੇ ਨੂੰ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਕੇ, ਇਸ ਤਰ੍ਹਾਂ ਜ਼ੀਰੋ ਕਰ ਦਿਤਾ ਗਿਆ। ਸਰਦਾਰ ਕੈਰੋਂ ਹਾਰ ਕੇ ਵੀ ਮੁਖ ਮੰਤਰੀ ਹੀ ਰਿਹਾ। ਜਥੇਦਾਰ ਤੁੜ ਜਿੱਤ ਕੇ ਵੀ ਜੇਹਲ ਵਿਚ ਕੈਦੀ ਹੀ ਰਿਹਾ। ਪੈਟੀਸ਼ਨ ਵੀ ਚੱਲਦੀ ਰਹੀ। ਦੇਸ਼ ਵਿਚ ਰੌਲਾ ਵੀ ਪੈਂਦਾ ਰਿਹਾ। ਪਰ ਨਹਿਰੂ ਟੱਸ ਤੋਂ ਮੱਸ ਨਾ ਹੋਇਆ ਕਿਉਂਕਿ ਸਿੱਖਾਂ ਨੂੰ ਟਿਕਾਣੇ ਸਿਰ ਰੱਖਣ ਲਈ ਕੈਰੋਂ ਵਰਗਾ ਹੋਰ ਹੱਥਠੋਕਾ ਨਹੀ ਸੀ ਉਸ ਨੂੰ ਲਭ ਰਿਹਾ। ਮਾਸਟਰ ਤਾਰਾ ਸਿੰਘ ਜੀ ਦੇ ਬੋਲ, "ਹਾਰਦਾ ਉਹ ਨਹੀ ਜੋ ਲੜਾਈ ਵਿਚ ਹਾਰ ਜਾਂਦਾ ਹੈ। ਅਸਲ ਵਿਚ ਹਾਰਦਾ ਉਹ ਹੈ ਜੋ ਦਿਲ ਹਾਰ ਜਾਵੇ।" ਜੋ ਉਹਨਾਂ ਨੇ ਕਦੀ ਇਹ ਸਬਦ ਸਿੱਖਾਂ ਦਾ ਹੌਸਲਾ ਬੁਲੰਦ ਕਰਨ ਲਈ ਆਖੇ ਸਨ, ਸਰਦਾਰ ਕੈਰੋਂ ਨੇ ਇਹਨਾਂ ਉਪਰ ਪੂਰੀ ਤਰ੍ਹਾਂ ਅਮਲ ਕਰ ਲਿਆ।
ਸਰਦਾਰ ਪ੍ਰਤਾਪ ਸਿੰਘ ਕੈਰੋਂ ਗੱਦੀ ਤੋਂ ਲਹਿ ਵੀ ਗਿਆ। 5 ਫਰਵਰੀ 1965 ਨੂੰ ਉਸ ਦਾ ਕਤਲ ਵੀ ਹੋ ਗਿਆ ਪਰ ਉਸ ਦੇ ਖ਼ਿਲਾਫ਼ ਦਾਇਰ ਕੀਤੀ ਗਈ ਪੈਟੀਸ਼ਨ ਦਾ ਭੋਗ ਉਸ ਦੇ ਆਪਣੇ ਜੀਵਨ ਦੇ ਭੋਗ ਨਾਲ਼ ਹੀ ਪਿਆ।
ਉਪ੍ਰੋਕਤ ਲੇਖ ਮੈ ਉਸ ਸਮੇ ਇਕ ਬਾਹਰੀ ਅਤੇ ਕਿਸੇ ਪਾਸੇ ਵੀ ਹਿੱਸਾ ਨਾ ਲੈ ਸਕਣ ਵਾਲ਼ੀ ਅਵੱਸਥਾ ਵਿਚ ਵਿਚਰਨ ਵਾਲ਼ੇ ਵਿਅਕਤੀ ਵਜੋਂ, ਨਿਰੋਲ ਆਪਣੀ ਸਮਝ ਅਤੇ ਜਾਣਕਾਰੀ ਦੇ ਆਧਾਰ ਤੇ ਲਿਖਿਆ ਸੀ। ਉਸ ਸਮੇ ਮੇਰੀ ਉਮਰ ਅਜੇ ਵੋਟਰ ਬਣਨ ਵਾਲ਼ੀ ਵੀ ਨਹੀ ਸੀ। ਇਸ ਲਈ ਮੈ ਵੋਟਰ ਵੀ ਨਹੀ ਸਾਂ ਅਜੇ ਬਣਿਆ। ਇਹ ਲੇਖ ਪੜ੍ਹ ਕੇ ਹੁਣ (ਜੁਲਾਈ 2009) ਇਕ ਸੱਜਣ ਨੇ ਮੇਰੀ ਜਾਣਕਾਰੀ ਵਿਚ ਵਾਧਾ ਕੀਤਾ ਹੈ। ਇਹ ਸਰਦਾਰ ਜੀ ਉਸ ਸਮੇ ਤਰਨ ਤਾਰਨ ਮਿਊਂਸਪਲ ਕਮੇਟੀ ਦੇ ਇਕ ਕਰਮਚਾਰੀ ਹੋਣ ਕਰਕੇ, ਅੰਦਰ ਵੋਟਾਂ ਦੀ ਗਿਣਤੀ ਕਰਨ ਵਾਲ਼ਿਆਂ ਵਿਚ ਸ਼ਾਮਲ ਸਨ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉਤੇ ਉਹਨਾਂ ਨੇ ਅੱਖੀਂ ਵੇਖੀ ਵਾਰਤਾ ਮੈਨੂੰ ਇਉਂ ਲਿਖ ਕੇ ਦਿਤੀ:
ਸੰਨ 1962 ਵਿਚ ਤਰਨ ਤਾਰਨ ਅਜੇ ਤਹਿਸੀਲ ਹੀ ਸੀ। ਤਹਿਸੀਲ ਦਾ ਰੈਜ਼ੀਡੇਂਟ ਮੈਜਿਸਟ੍ਰੇਟ ਇੰਚਾਰਜ ਹੁੰਦਾ ਸੀ, ਜਿਸ ਦਾ ਨਾਂ ਐਸ. ਕੇ. ਦੀਵਾਨ ਸੀ। ਸ. ਹਰਬੰਸ ਸਿੰਘ ਤਹਿਸੀਲਦਾਰ ਸੀ। ਇਹ ਦੋਵੇਂ ਕਰਮਵਾਰ ਰੀਟਰਨਿੰਗ ਅਫ਼ਸਰ ਅਤੇ ਸਹਾਇਕ ਰੀਟਰਨਿੰਗ ਅਫ਼ਸਰ ਸਨ। ਉਸ ਵੇਲੇ ਪੰਜਾਬ ਦਾ ਮੁਖ ਮੰਤਰੀ ਸ. ਪਰਤਾਪ ਸਿੰਘ ਕੈਰੋਂ ਸੀ। ਇਸ ਚੋਣ ਵਿਚ ਇਸ ਦਾ ਮੁਕਾਬਲਾ ਜਥੇਦਾਰ ਮੋਹਨ ਸਿੰਘ ਤੁੜ ਅਕਾਲੀ ਦਲ ਨਾਲ ਸੀ ਜੋ ਕਿ ਜੇਹਲ ਵਿਚ ਬੰਦ ਸਨ। ਕਾਂਗਰਸ ਦਾ ਚੋਣ ਨਿਸਾਨ ਦੋ ਜੁੱਤੇ ਹੋਏ ਬੈਲ ਸਨ। ਅਕਾਲੀ ਦਲ ਦਾ ਚੋਣ ਨਿਸਾਨ ਪੰਜਾ ਸੀ। ਪੰਜਾ ਹੁਣ ਅਕਾਲੀਆਂ ਤੋਂ ਕਾਂਗਰਸ ਨੇ ਖੋਹ ਲਿਆ ਹੈ। ਵੋਟਾਂ ਪੈ ਜਾਣ ਉਪ੍ਰੰਤ ਬੈਲਟ ਪੇਪਰ ਬਕਸਿਆਂ ਵਿਚ ਬੰਦ ਹੋ ਗਏ। ਵੋਟਾਂ ਦੀ ਗਿਣਤੀ ਕਰਨ ਲਈ ਸਰਕਾਰੀ ਮੁਲਾਜ਼ਮਾਂ ਦੀਆਂ ਦੀਆਂ ਡਿਊੁਟੀਆਂ ਲਾਈਆਂ ਗਈਆਂ ਸਨ। ਇਹਨਾਂ ਵਿਚ ਮੈ ਵੀ ਵੋਟਾਂ ਦੀ ਗਿਣਤੀ ਕਰਨ ਗਿਆ ਸਾਂ। ਮੈ ਉਸ ਵਕਤ ਕਲੱਰਕ ਵਜੋਂ ਕੰਮ ਕਰਦਾ ਸੀ। ਵੋਟਾਂ ਦੀ ਗਿਣਤੀ ਤਹਿਸੀਲ ਦੀ ਪੁਰਾਣੀ ਬਿਲਡਿੰਗ ਵਿਚਲੇ ਵੱਡੇ ਹਾਲ ਵਿਚ ਕੀਤੀ ਗਈ ਸੀ। ਵੋਟਾਂ ਦੀ ਗਿਣਤੀ ਹਲਕੇ ਵਾਰ ਹੋਈ ਸੀ। ਨਾਲ਼ੋ ਨਾਲ ਬਲੈਕ ਬੋਰਡ ਉਤੇ ਹਰ ਇਕ ਉਮੀਦਵਾਰ ਨੂੰ ਜੋ ਵੋਟਾਂ ਮਿਲ਼ੀਆਂ ਸਨ, ਲਿਖ ਦਿਤੀਆਂ ਗਈਆਂ ਸਨ।
ਸ. ਗੁਰਦਿਆਲ ਸਿੰਘ ਢਿੱਲੋਂ, ਜੋ ਕਿ ਉਸ ਸਮੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਨ, ਉਹ ਵੀ ਓਥੇ ਹਾਜਰ ਸਨ। ਬਾਅਦ ਵਿਚ ਉਹ ਪਾਰਲੀਮੈਟ ਦੇ ਸਪੀਕਰ ਬਣ ਗਏ ਸਨ। ਉਸ ਵਕਤ ਤਕਰੀਬਨ 75 ਤੋਂ 80 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਸਨ। ਗਿਣਤੀ ਤੋਂ ਬਾਅਦ ਜਥੇਦਾਰ ਮੋਹਨ ਸਿੰਘ ਤੁੜ ਭਾਰੀ ਬਹੁਮੱਤ (ਹੂੰਝਾ ਫੇਰੂ ਜਿੱਤ) ਨਾਲ਼ ਜਿੱਤ ਗਏ ਸਨ ਪ੍ਰੰਤੂ ਰੀਟਰਨਿੰਗ ਅਫ਼ਸਰ ਵੱਲੋਂ ਨਤੀਜੇ ਦਾ ਐਲਾਨ ਨਹੀ ਕੀਤਾ ਗਿਆ। ਇਸ ਦਾ ਕਾਰਨ ਇਹ ਸੀ ਕਿ ਜਦੋਂ ਦਿੱਲੀ ਵਿਚ ਉਸ ਵੇਲ਼ੇ ਦੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ ਨੂੰ ਇਹ ਖ਼ੁਫ਼ੀਆ ਤੌਰ ਤੇ ਖ਼ਬਰ ਮਿਲ਼ੀ ਕਿ ਸ. ਪਰਤਾਪ ਸਿੰਘ ਕੈਰੋਂ ਬੁਰੀ ਤਰ੍ਹਾਂ ਹਾਰ ਗਏ ਹਨ ਤਾਂ ਉਹਨਾਂ ਨੇ ਸ. ਹਰਬੰਸ ਸਿੰਘ ਤਹਿਸੀਲਦਾਰ ਨੂੰ ਫ਼ੋਨ ਰਾਹੀਂ ਹਿਦਾਇਤ ਕੀਤੀ ਕਿ ਹਰ ਹਾਲਤ ਵਿਚ (ਬਾਈ ਹੁਕ ਆਰ ਕਰੁਕ), ਪਰਤਾਪ ਸਿੰਘ ਕੈਰੋਂ ਨੂੰ ਜੇਤੂ ਕਰਾਰ ਦਿਤਾ ਜਾਵੇ; ਇਹ ਉਸ ਦਾ ਹੁਕਮ ਹੈ। ਇਸ ਦੇ ਨਾਲ਼ ਹੀ ਕਿਹਾ ਕਿ ਉਸ ਨੇ ਪਰਤਾਪ ਸਿੰਘ ਨੂੰ ਪੰਜਾਬ ਦਾ ਚੀਫ਼ ਮਿਨਿਸਟਰ ਰੱਖਣਾ ਹੈ। ਜਦੋਂ ਸ. ਹਰਬੰਸ ਸਿੰਘ ਨੇ ਮਿਸਟਰ ਦੀਵਾਨ ਨੂੰ ਇਸ ਫ਼ੋਨ ਰਾਹੀਂ ਮਿਲ਼ੀ ਹਿਦਾਇਤ ਬਾਰੇ ਦੱਸਿਆ ਤਾਂ ਉਸ ਨੇ ਸ. ਹਰਬੰਸ ਸਿੰਘ ਨੂੰ ਕਿਹਾ ਕਿ ਉਹ ਜੋ ਅਸਲੀਅਤ ਹੈ ਉਸ ਅਨੁਸਾਰ ਜਥੇਦਾਰ ਮੋਹਨ ਸਿੰਘ ਤੁੜ ਨੂੰ ਜੇਤੂ ਐਲਾਨ ਕਰਨ ਲੱਗਾ ਹੈ ਕਿਉਂਕਿ ਅਸਲੀਅਤ ਨੂੰ ਛੁਪਾਇਆ ਨਹੀ ਜਾ ਸਕਦਾ। ਹਰਬੰਸ ਸਿੰਘ ਮਿਸਟਰ ਐਸ. ਕੇ. ਦੀਵਾਨ ਨੂੰ ਜੱਫੀ ਵਿਚ ਲੈ ਕੇ ਇਕ ਪਾਸੇ ਲ਼ੈ ਗਿਆ ਜਿਥੇ ਅਸੀਂ ਵੀ ਕੁਰਸੀਆਂ ਤੇ ਬੈਠੇ, ਉਹਨਾਂ ਦੀ ਗੱਲ ਬਾਤ ਸੁਣ ਰਹੇ ਸਾਂ। ਹਰਬੰਸ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਫ਼ੋਨ ਰਾਹੀਂ ਸਖ਼ਤ ਹਿਦਾਇਤ ਕੀਤੀ ਹੈ ਕਿ ਜੋ ਮਰਜੀ ਕਰੋ ਕੈਰੋਂ ਨੂੰ ਜੇਤੂ ਐਲਾਨ ਦਿਓ। ਇਸ ਬਾਰੇ ਕਿਸੇ ਦੀ ਵੀ ਕੋਈ ਦਲੀਲ/ਅਪੀਲ ਨਾ ਸੁਣੀ ਜਾਵੇ। ਸ. ਹਰਬੰਸ ਸਿੰਘ ਨੇ ਉਸ ਨੂੰ ਆਖਿਆ ਕਿ ਫਿਰ ਵੀ ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਜਾਵੇਗਾ। ਪੁਲੀਸ ਨੇ ਵੀ ਅਜਿਹਾ ਕਰਨ ਲਈ ਅੱਥਰੂ ਗੈਸ ਦੇ ਗੋਲ਼ੇ ਚਲਾਏ। ਸਾਰੇ ਪਾਸੇ ਧੂੰਆਂ ਫੈਲ ਗਿਆ। ਅਸੀਂ ਬਰਾਂਡਿਆਂ ਵਿਚ ਜਾ ਕੇ. ਰੁਮਾਲ ਗਿੱਲੇ ਕਰਕੇ ਅੱਖਾਂ ਉਤੇ ਰੱਖੇ ਅਤੇ ਨੱਠ ਕੇ ਆਪਣੀ ਜਾਨ ਬਚਾਈ। ਜੋ ਦਿੱਲੀ ਤੋਂ ਨਹਿਰੂ ਜੀ ਦਾ ਹੁਕਮ ਸੀ ਓਸੇ ਤਰ੍ਹਾਂ ਹੋਇਆ। ਰੀਕਾਰਡ ਵਿਚ ਹੇਰਾ ਫੇਰੀ ਕਰਕੇ, ਸਰਦਾਰ ਕੈਰੋਂ ਨੂੰ 34 ਵੋਟਾਂ ਦੇ ਮਾਮੂਲੀ ਫਰਕ ਨਾਲ਼ ਜੇਤੂ ਕਰਾਰ ਦੇ ਦਿਤਾ ਗਿਆ। ਜਲੰਧਰ ਰੇਡੀਓ ਸਟੇਸ਼ਨ ਤੋਂ ਇਹ ਖ਼ਬਰ ਓਸੇ ਰਾਤ ਨੂੰ ਪ੍ਰਸਾਰਤ ਕਰ ਦਿਤੀ ਗਈ ਕਿ ਸਰਹਾਲੀ ਹਲਕੇ ਤੋਂ ਸ. ਪਰਤਾਪ ਸਿੰਘ ਕੈਰੋਂ, 34 ਵੋਟਾਂ ਦੇ ਵਾਧੇ ਨਾਲ਼ ਜਿੱਤ ਗਏ ਹਨ, ਜਦੋਂ ਕਿ ਅਸਲੀਅਤ ਇਹ ਸੀ ਕਿ ਜਥੇਦਾਰ ਮੋਹਨ ਸਿੰਘ ਤੁੜ ਕਈ ਹਜਾਰ ਵੋਟਾਂ ਦੇ ਵਾਧੇ ਨਾਲ਼ ਜਿੱਤੇ ਸਨ।
ਬਾਅਦ ਵਿਚ ਦੋਹਾਂ ਅਫ਼ਸਰਾਂ ਨੂੰ ਤਰੱਕੀ ਦੇ ਕੇ ਉਹਨਾਂ ਦੇ ਅਹੁਦੇ ਵਧਾ ਦਿਤੇ ਗਏ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
*****
No comments:
Post a Comment