ਸਵੱਰਗੀ ਪ੍ਰੋਫ਼ੈਸਰ ਸਤਿਬੀਰ ਸਿੰਘ ਜੀ ਬਹੁਤ ਹੀ ਸਫ਼ਲ ਪੰਥਕ ਧਾਰਮਿਕ ਸਟੇਜੀ ਬੁਲਾਰੇ, ਇਤਿਹਾਸ ਦੇ ਪ੍ਰੋਫ਼ੈਸਰ, ਸਫ਼ਲ ਵਿਦਿਅਕ ਪ੍ਰਬੰਧਕ ਅਤੇ ਵਧੀਆ ਇਤਿਹਾਸ ਲ਼ਿਖਾਰੀ, ਸਾਡੇ ਸਮੇ ਵਿਚ ਹੀ ਹੋ ਗੁਜਰੇ ਹਨ। ਪੰਜਾਹਵਿਆਂ ਵਾਲ਼ੇ ਦਹਾਕੇ ਦੇ ਅਖੀਰਲੇ ਸਾਲਾਂ ਵਿਚ ਤਾਂ ਇਹਨਾਂ ਨੂੰ, ਪੰਥਕ ਹਲਕਿਆਂ ਵਿਚ, ਮਾਸਟਰ ਤਾਰਾ ਸਿੰਘ ਜੀ ਦਾ ਬਹੁਤ ਹੀ ਨਜ਼ਦੀਕੀ ਸਮਝਿਆ ਜਾਂਦਾ ਸੀ। ਇਹਨਾਂ ਦੇ ਲੈਕਚਰਾਂ ਵਿਚ ਅਜਿਹੀ ਜਾਦੂ ਬਿਆਨੀ ਸੀ ਕਿ ਇਹਨਾਂ ਦੇ ਸਟੇਜ ਉਪਰ ਬੋਲਣ ਸਮੇ ਸ੍ਰੋਤਿਆਂ ਵਿਚ ਇਕਾਗਰਤਾ ਤੇ ਖ਼ਾਮੋਸ਼ੀ ਛਾ ਜਾਂਦੀ ਸੀ।
1960 ਦੇ ਪੰਜਾਬੀ ਸੂਬੇ ਦੇ ਮੋਰਚੇ ਸਮੇ ਹਰ ਰੋਜ਼ ਹੀ ਰਾਤ ਨੂੰ, ਮੰਜੀ ਸਾਹਿਬ ਵਿਖੇ ਸਜਦੇ ਦੀਵਾਨ ਵਿਚ ਸਭ ਤੋਂ ਅਖੀਰ ਵਿਚ ਇਹਨਾਂ ਦੀ ਤਕਰੀਰ ਹੁੰਦੀ ਸੀ ਜਿਸ ਵਿਚ ਭਾਰਤ ਦੇ ਪੁਰਾਤਨ ਇਤਿਹਾਸ/ਮਿਥਿਹਾਸ ਦੇ ਰਾਮਾਇਣ, ਮਹਾਂਭਾਰਤ ਆਦਿ ਧਾਰਮਿਕ ਗ੍ਰੰਥਾਂ ਵਿਚੋਂ ਕਿਸੇ ਵਾਕਿਆ ਨੂੰ ਲੈ ਕੇ, ਅਜੋਕੀ ਭਾਰਤ ਸਰਕਾਰ ਨਾਲ਼ ਸਿੱਖ ਪੰਥ ਵੱਲੋਂ ਕੀਤੀ ਜਾ ਰਹੀ ਜਦੋ ਜਹਿਦ ਨਾਲ਼ ਜੋੜਿਆ ਕਰਦੇ ਸਨ। ਹਰੇਕ ਰਾਤ ਦੀਵਾਨ ਦੀ ਸਮਾਪਤੀ ਤੇ ਮੈ ਇਹਨਾਂ ਦੀ ਤਕਰੀਰ ਸੁਣ ਕੇ ਹੀ ਜਾਇਆ ਕਰਦਾ ਸਾਂ। ਸੌਣਾ ਆਰਾਮਣਾ ਤਾਂ ਉਹਨਾਂ ਜਵਾਨੀ ਦੇ ਦਿਨਾਂ ਵਿਚ ਕਦੀ ਗੌਲ਼ਿਆ ਹੀ ਨਹੀ ਸੀ।
ਰੋਜ਼ਾਨਾ ਦੁਪਹਿਰ ਪਿਛੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਦੀਵਾਨ ਸਜਦਾ ਸੀ। ਇਸ ਦੇ ਸਟੇਜ ਸਕੱਤਰ ਜਥੇਦਾਰ ਤ੍ਰਿਲੋਚਨ ਸਿੰਘ ਬੱਬਰ ਮਜਾਰਾ ਹੋਇਆ ਕਰਦੇ ਸਨ। ਢਾਡੀ ਜਥਿਆਂ ਉਪ੍ਰੰਤ ਤਕਰੀਰਾਂ ਦਾ ਸਿਲਸਿਲਾ ਸ਼ੁਰੂ ਹੋਣਾ। ਆਮ ਤੌਰ ਤੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ਼, ਗਿਆਨੀ ਹਰਚਰਨ ਸਿੰਘ ਹੁਡਿਆਰਾ ਦੀਆਂ ਤਕਰੀਰਾਂ ਰੋਜ਼ਾਨਾ ਹੀ ਹੋਇਆ ਕਰਦੀਆਂ ਸਨ। ਕਦੇ ਕਦੇ ਮੋਰਚੇ ਦੇ ਡਿਕਟੇਟਰ, ਸੰਤ ਫ਼ਤਿਹ ਸਿੰਘ ਜੀ ਵੀ, ਬੋਲਿਆ ਕਰਦੇ ਸਨ ਜੋ ਕਿ ਤਹੱਮਲ ਭਰੇ ਤੇ ਦਲੀਲ ਯੁਕਤ ਬਚਨਾਂ ਦੁਆਰਾ ਆਪਣਾ ਵਿਕੋਲਿਤਰਾ ਪ੍ਰਭਾਵ ਛੱਡਦੇ ਸਨ। ਏਸੇ ਦੌਰਾਨ ਸੱਤਿਆਗ੍ਰਹੀ ਜਥਾ ਤੁਰ ਜਾਣਾ। ਅਖੀਰਲੀ ਪ੍ਰੋਫ਼ੈਸਰ ਸਾਹਿਬ ਜੀ ਦੀ ਤਕਰੀਰ ਨੂੰ, ਮੈ ਗੁਰੂ ਕੇ ਬਾਗ ਵਿਚ, ਮੰਜੀ ਸਹਿਬ ਦੇ ਸਾਹਮਣੇ, ਹੋਰ ਦਰੱਖ਼ਤਾਂ ਵਿਚ ਖੜ੍ਹੇ, ਸੁਖਚੈਨ ਦੇ ਵਿਸ਼ਾਲ ਦਰੱਖ਼ਤ ਉਪਰ ਚੜ੍ਹ ਕੇ ਸੁਣਿਆ ਕਰਦਾ ਸਾਂ ਤਾਂ ਕਿ ਸੁਣਨ ਦੇ ਨਾਲ਼ ਨਾਲ਼ ਮੈਨੂੰ ਬੋਲਣ ਵਾਲ਼ੇ ਦਾ ਚੇਹਰਾ ਵੀ ਦਿਸ ਸਕੇ। ਭੀੜ ਹੋਣ ਕਰਕੇ ਮੈ ਸਟੇਜ ਦੇ ਨੇੜੇ ਬੈਠਣ ਲਈ ਥਾਂ ਨਹੀ ਸਾਂ ਪ੍ਰਾਪਤ ਕਰ ਸਕਦਾ। ਫੇਰ ਏਨਾ ਪ੍ਰਭਾਵਤ ਸਾਂ ਮੈ ਪ੍ਰੋਫ਼ੈਸਰ ਸਾਹਿਬ ਜੀ ਦੀ ਵਿਦਵਤਾ ਤੋਂ ਕਿ ਉਹਨਾਂ ਦੀਆਂ ਕਿਤਾਬਾਂ ਨਾ ਕੇਵਲ ਖ਼ੁਦ ਖ਼੍ਰੀਦ ਕੇ ਪੜ੍ਹਨੀਆਂ ਬਲਕਿ ਹੋਰਨਾਂ ਨੂੰ ਵੀ ਇਹਨਾਂ ਦੇ ਪੜ੍ਹਨ ਲਈ ਪ੍ਰੇਰਨਾ ਕਰਨੀ।1960 ਦੇ ਪੰਜਾਬੀ ਸੂਬੇ ਦੇ ਮੋਰਚੇ ਸਮੇ ਹਰ ਰੋਜ਼ ਹੀ ਰਾਤ ਨੂੰ, ਮੰਜੀ ਸਾਹਿਬ ਵਿਖੇ ਸਜਦੇ ਦੀਵਾਨ ਵਿਚ ਸਭ ਤੋਂ ਅਖੀਰ ਵਿਚ ਇਹਨਾਂ ਦੀ ਤਕਰੀਰ ਹੁੰਦੀ ਸੀ ਜਿਸ ਵਿਚ ਭਾਰਤ ਦੇ ਪੁਰਾਤਨ ਇਤਿਹਾਸ/ਮਿਥਿਹਾਸ ਦੇ ਰਾਮਾਇਣ, ਮਹਾਂਭਾਰਤ ਆਦਿ ਧਾਰਮਿਕ ਗ੍ਰੰਥਾਂ ਵਿਚੋਂ ਕਿਸੇ ਵਾਕਿਆ ਨੂੰ ਲੈ ਕੇ, ਅਜੋਕੀ ਭਾਰਤ ਸਰਕਾਰ ਨਾਲ਼ ਸਿੱਖ ਪੰਥ ਵੱਲੋਂ ਕੀਤੀ ਜਾ ਰਹੀ ਜਦੋ ਜਹਿਦ ਨਾਲ਼ ਜੋੜਿਆ ਕਰਦੇ ਸਨ। ਹਰੇਕ ਰਾਤ ਦੀਵਾਨ ਦੀ ਸਮਾਪਤੀ ਤੇ ਮੈ ਇਹਨਾਂ ਦੀ ਤਕਰੀਰ ਸੁਣ ਕੇ ਹੀ ਜਾਇਆ ਕਰਦਾ ਸਾਂ। ਸੌਣਾ ਆਰਾਮਣਾ ਤਾਂ ਉਹਨਾਂ ਜਵਾਨੀ ਦੇ ਦਿਨਾਂ ਵਿਚ ਕਦੀ ਗੌਲ਼ਿਆ ਹੀ ਨਹੀ ਸੀ।
1962 ਵਿਚਲੇ ਸੰਤ/ਮਾਸਟਰ ਯੁਧ ਸਮੇ ਇਹਨਾਂ ਨੇ ਸੰਤ ਧੜੇ ਦਾ ਸਾਥ ਦਿਤਾ ਪਰ 1965 ਦੀਆਂ ਗੁਰਦੁਆਰਾ ਚੋਣਾਂ ਸਮੇ, ਟਿਕਟਾਂ ਦੀ ਵੰਡ ਤੋਂ ਸੰਤ ਜੀ ਨਾਲ਼ ਨਾਰਾਜ਼ ਹੋ ਕੇ, ਆਪਣੇ ਵੱਖਰੇ ਉਮੀਦਵਾਰ ਚੋਣਾਂ ਵਿਚ ਖੜ੍ਹੇ ਕਰ ਦਿਤੇ ਜੋ ਕਿ ਆਸ ਅਨੁਸਾਰ ਹੀ ਜਮਾਨਤਾਂ ਜਬਤ ਕਰਵਾ ਕੇ ਘਰੀਂ ਬੈਠ ਗਏ ਤੇ ਪ੍ਰੋਫ਼ੈਸਰ ਸਾਹਿਬ ਯਮਨਾਨਗਰ, ਗੁਰੂ ਨਾਨਕ ਖ਼ਾਲਸਾ ਕਾਲਜ ਵਿਚ ਪਿੰ੍ਰਸੀਪਲ ਜਾ ਲੱਗੇ। ਇਉਂ ਸਿੱਖ ਸਿਆਸਤ ਤੋਂ ਪ੍ਰੋਫ਼ੈਸਰ ਸਾਹਿਬ ਜੀ ਵਾਹਵਾ ਚਿਰ ਲਾਂਭੇ ਹੋ ਗਏ। ਕਦੀ ਕਦਾਈਂ ਇਹਨਾਂ ਦੇ ਹਿਮਾਇਤੀ ਸੰਤ ਚੰਨਣ ਸਿੰਘ ਜੀ ਪਾਸ 'ਟੁੱਟੀ ਗੰਢਣ' ਲਈ ਆਉਂਦੇ। ਸੰਤ ਜੀ ਆਪਣੇ ਠੰਡੇ ਪਰ ਪ੍ਰਪੱਕ ਸਿਆਸੀ ਸੁਭਾ ਅਨੁਸਾਰ ਇਹਨਾਂ ਦੀ ਤਾਰੀਫ਼ ਕਰਕੇ, ਗੱਲ ਨੂੰ ਗੋਲ਼ ਮੋਲ਼ ਕਰ ਦਿਆ ਕਰਦੇ ਸਨ। ਜਨਵਰੀ 1973 ਵਿਚ ਸ. ਗੁਰਚਰਨ ਸਿੰਘ ਟੌਹੜਾ ਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਉਪ੍ਰੰਤ ਇਹਨਾਂ ਨੂੰ ਫੇਰ ਪੰਥਕ ਸਰਗਰਮੀਆਂ ਦੇ ਖ਼ੇਤਰ ਵਿਚ ਸਰਗਰਮ ਹੋਣ ਦਾ ਮੌਕਾ ਮਿਲ਼ਿਆ ਪਰ ਇਸ ਵੇਰਾਂ ਤਕਰੀਬਨ ਵਿਦਿਅਕ ਤੇ ਧਾਰਮਿਕ ਖੇਤਰ ਤੱਕ ਹੀ ਇਹਨਾਂ ਦੀਆਂ ਸਰਗਰਮੀਆਂ ਸੀਮਤ ਰਹੀਆਂ।
ਸੰਤ ਜੀ ਦੀ ਪ੍ਰਧਾਨਗੀ ਦੌਰਾਨ ਹੀ ਇਕ ਵਾਰੀ ਇਹ ਕੋਈ ਗੱਲ ਕਰਨ ਸੰਤ ਜੀ ਪਾਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਚ ਆਏ ਤੇ ਉਹਨਾਂ ਨੇ ਇਹਨਾਂ ਦੀ ਖ਼ੁਦ ਗੱਲ ਸੁਣਨ ਦੀ ਬਜਾਇ ਮੇਰੇ ਵੱਲ ਇਸ਼ਾਰਾ ਕਰਕੇ ਆਖ ਦਿਤਾ ਕਿ ਸੰਤੋਖ ਸਿੰਘ ਨੂੰ ਲਿਖਾ ਦਿਓ ਜੋ ਵੀ ਗੱਲ ਹੈ। ਇਹਨਾਂ ਨੇ ਇਸ ਗੱਲ ਦੀ ਸ਼ਾਇਦ ਹੱਤਕ ਮੰਨੀ ਤੇ ਮੇਰੇ ਨਾਲ ਕੋਈ ਗੱਲ ਕੀਤਿਆਂ ਬਿਨਾ ਹੀ ਬੁੜ ਬੁੜ ਜਿਹੀ ਕਰਦੇ ਦਫ਼ਤਰੋਂ ਤੁਰ ਗਏ। ਮੈਨੂੰ ਕੁਝ ਝਟਕਾ ਜਿਹਾ ਲੱਗਾ; ਇਸ ਗੱਲੋਂ ਨਹੀ ਕਿ ਮੇਰੇ ਨਾਲ਼ ਆਪਣੇ ਤੋਂ ਨੀਵਾਂ ਸਮਝ ਕੇ ਗੱਲ ਕਿਉਂ ਨਹੀ ਕੀਤੀ ਬਲਕਿ ਇਸ ਗੱਲੋਂ ਕਿ ਮੇਰੇ ਇਕ ਆਦਰਸ਼ ਰੂਪ ਵਿਦਵਾਨ ਨਾਲ਼ ਮੈਨੂੰ ਸਾਖਿਆਤ ਮਿਲਣ ਦਾ ਮੌਕਾ ਮਿਲ਼ਿਆ ਤੇ ਉਹ ਵੀ ਖੁੰਝ ਗਿਆ। ਗੱਲ ਆਈ ਗਈ ਹੋ ਗਈ।
ਫੇਰ ਇਕ ਮੌਕਾ ਮਿਲ਼ਿਆ ਦੇਸ਼ ਦੇ ਰਾਸ਼ਟਪਤੀ, ਡਾ. ਜ਼ਾਕਿਰ ਹੁਸੈਨ ਜੀ ਨਾਲ਼ ਮੁਲਾਕਾਤ ਸਮੇ। ਸੰਤ ਚੰਨਣ ਸਿੰਘ ਜੀ ਦੀ ਅਗਵਾਈ ਹੇਠਾਂ ਇਕ ਪੰਥਕ ਵਫ਼ਦ ਉਹਨਾਂ ਨੂੰ ਮਿਲ਼ ਕੇ ਸੱਦਾ ਦੇਣ ਗਿਆ ਸੀ ਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌ ਸਾਲਾ ਗੁਰਪੁਰਬ ਦੀ ਸਮਾਪਤੀ ਦੇ ਦੀਵਾਨ ਵਿਚ, ਅੰਮ੍ਰਿਤਸਰ ਦਰਸ਼ਨ ਦੇਣ। ਵਫ਼ਦ ਵਿਚ ਸ਼ਾਮਲ ਸਨ: ਸੰਤ ਚੰਨਣ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਭੂਪਿੰਦਰ ਸਿੰਘ ਜੀ, ਚੇਅਰਮੈਨ ਪਾਰਲੀਮੈਂਟਰੀ ਬੋਰਡ ਸ਼੍ਰੋਮਣੀ ਅਕਾਲੀ ਦਲ, ਸ. ਨਰਿੰਦਰ ਸਿੰਘ ਬਰਾੜ ਝੀਂਡਵਾਲ਼ਾ ਐਮ. ਪੀ. ਤੇ ਪ੍ਰੋਫ਼ੈਸਰ ਸਤਿਬੀਰ ਸਿੰਘ। ਭਾਵੇਂ ਵਫ਼ਦ ਦਾ ਮੈਬਰ ਤਾਂ ਮੈ ਨਹੀ ਸਾਂ ਪਰ ਸੰਤ ਜੀ ਦਾ ਪੀ. ਏ. ਹੋਣ ਕਰਕੇ ਹਰ ਥਾਂ ਉਹਨਾਂ ਦੇ ਨਾਲ਼ ਜਾਣ ਦਾ ਹੱਕ ਮੈ ਕਿਸੇ ਵੀ ਵਿਅਕਤੀ ਦੇ ਗ਼ਲਤ ਪ੍ਰਭਾਵ ਹੇਠ ਆ ਕੇ ਨਹੀ ਸਾਂ ਤਿਆਗਦਾ। ਉਂਜ ਭਾਵੇਂ ਆਪਣੀ ਮਰਜੀ ਨਾਲ਼ ਕਿਤੇ ਜਾਵਾਂ ਜਾਂ ਟਾਲ਼ਾ ਵੱਟ ਜਾਵਾਂ। ਪਰ ਇਸ ਸਮੇ ਤਾਂ ਜਾਣ ਜਾਂ ਨਾ ਜਾਣ ਦੀ ਮੇਰੇ ਮਨ ਵਿਚ ਕੋਈ ਦੁਬਿਧਾ ਹੈ ਈ ਨਹੀ ਸੀ; ਜਾਣਾ ਹੀ ਜਾਣਾ ਸੀ ਅੰਦਰ ਰਾਸਟਰਪਤੀ ਜੀ ਨਾਲ਼ ਖ਼ਾਸ ਮੁਲਾਕਾਤ ਸਮੇ। ਸਾਰੇ ਵਫ਼ਦ ਨੂੰ ਮੁਲਾਕਾਤੀਆਂ ਦੇ ਸਪੈਸ਼ਲ ਹਾਲ ਵਿਚ ਸਪੈਸ਼ਲ ਕੁਰਸੀਆਂ ਉਪਰ, ਜਿਥੇ ਤਿੰਨਾਂ ਫੋਰਸਾਂ ਦੇ ਕੈਪਟਨ ਰੈਂਕ ਦੇ ਸਭ ਤੋਂ ਵਧੀਆ ਦਿੱਖ ਤੇ ਸਲੀਕੇ ਵਾਲ਼ੇ, ਵਾਹਵਾ ਹੀ ਉਚੇ ਕੱਦ ਦੇ, ਪ੍ਰਭਾਵਸ਼ਾਲੀ ਸਪੈਸ਼ਲ ਵਰਦੀਆਂ ਵਿਚ ਅਫ਼ਸਰ, ਸਾਡੀ ਆਉ ਭਗਤ ਕਰ ਰਹੇ ਸਨ। ਜਦੋਂ ਰਾਸ਼ਟਰਪਤੀ ਜੀ ਵਾਲ਼ੇ ਕਮਰੇ ਅੰਦਰ ਜਾਣ ਦਾ ਸੱਦਾ ਆਇਆ ਤਾਂ ਇਕ ਦਮ ਪ੍ਰੋਫ਼ੈਸਰ ਜੀ ਨੇ ਮੈਨੂੰ ਆਪਣੇ ਹੱਥ ਵਾਲ਼ਾ ਬੈਗ ਫੜਾ ਕੇ ਆਖਿਆ, "ਲੈ ਇਸ ਨੂੰ ਏਥੇ ਫੜੀ ਰੱਖ।" ਜਿਸ ਦਾ ਸਪੱਸ਼ਟ ਸੰਕੇਤ ਸੀ ਕਿ ਮੈ ਅੰਦਰ ਮੁਲਾਕਾਤ ਵਾਲ਼ੇ ਵਫ਼ਦ ਨਾਲ ਨਹੀ ਜਾਣਾ ਤੇ ਬਾਹਰਲੇ ਹਾਲ ਵਿਚ ਹੀ ਬੈਠਣਾ ਹੈ। ਗੁੱਸਾ ਤਾਂ ਉਹਨਾਂ ਦੇ ਇਸ ਰਵੱਈਏ ਤੇ ਮੈਨੂੰ ਆਇਆ ਹੀ, ਪਰ ਮੇਰੇ ਤੇ ਇਹਨਾਂ ਦੀ ਵਿਦਵਤਾ ਦਾ ਪ੍ਰਭਾਵ ਏਨਾ ਸੀ ਕਿ ਆਪਣੇ ਕਾਹਲੇ ਸੁਭਾ ਦੇ ਉਲ਼ਟ ਮੈ ਬੈਗ ਤਾਂ ਇਹਨਾਂ ਦੇ ਹੱਥੋਂ ਫੜ ਲਿਆ ਪਰ ਬਿਨਾ ਕੁਝ ਬੋਲੇ ਨਾਲ਼ ਹੀ ਅੰਦਰ ਚਲਿਆ ਗਿਆ। ਇਹ ਮੇਰੇ ਵਾਸਤੇ ਕੋਈ ਅਲੋਕਾਰ ਗੱਲ ਵੀ ਨਹੀ ਸੀ। ਇਹ ਇਕ ਇਤਿਹਾਸਕ ਮੁਲਾਕਾਤ ਸੀ ਜੋ ਕਿ ਅਜੇ ਤੱਕ ਮੇਰੇ ਜ਼ਿਹਨ ਵਿਚ ਚੰਗੀ ਯਾਦ ਲਈ ਬੈਠੀ ਹੈ। ਡਾ. ਜ਼ਾਕਿਰ ਹੁਸੈਨ ਸਾਹਿਬ ਜੀ ਦੀ ਵਿਦਵਤਾ, ਸ਼ਰਾਫ਼ਤ, ਹਾਜਰ ਜਵਾਬੀ, ਨਿਮਰਤਾ, ਉਹਨਾਂ ਦਾ ਲਿਬਾਸ, ਸ਼ਖ਼ਸੀਅਤ; ਗੱਲ ਕੀ ਉਹਨਾਂ ਦੇ ਮੂੰਹੋਂ ਨਿਕਲ਼ਿਆ ਹਰੇਕ ਲਫ਼ਜ਼, ਹਰੇਕ ਹਰਕਤ, ਐਟੀਕੇਟ ਅਜਿਹਾ ਪ੍ਰਭਾਵ ਛੱਡ ਰਹੇ ਸਨ ਕਿ ਮੈ ਪ੍ਰਭਾਵਤ ਹੋਣੋ ਨਾ ਰਹਿ ਸਕਿਆ। ਏਥੋਂ ਤੱਕ ਕਿ ਸਾਡੇ ਸਵਾਗਤ ਲਈ ਜਦੋਂ ਸ਼ਰਬਤ ਆਇਆ ਤਾਂ ਐਟੀਕੇਟ ਸਦਕਾ ਉਹ ਵੀ ਉਹਨਾਂ ਨੇ ਸਾਡੇ ਨਾਲ਼ ਹੀ ਪੀਤਾ। ਮੁਲਾਕਾਤ ਦੇ ਅੰਤ ਵਿਚ ਡਾਕਟਰ ਸਾਹਿਬ ਆਪ ਬੂਹੇ ਤੱਕ, ਸਾਡੇ ਅੱਗੇ ਲੱਗ ਕੇ ਆਏੇ ਤੇ ਬੂਹਾ ਉਹਨਾਂ ਨੇ ਖ਼ੁਦ ਆਪਣੀ ਹੱਥੀਂ ਖੋਹਲ ਕੇ ਸਾਨੂੰ ਵਿਦਾ ਕੀਤਾ।
ਬਾਹਰ ਆ ਕੇ ਪ੍ਰੋਫ਼ੈਸਰ ਸਾਹਿਬ ਜੀ ਦੇ ਰਵੱਈਏ ਤੋਂ ਇਉਂ ਜਾਪੇ ਕਿ ਜਿਵੇਂ ਉਹ ਮੇਰੀ ਇਸ, ਉਹਨਾਂ ਦੀ ਸੋਚ ਅਨੁਸਾਰ, ਨਾਵਾਜਬ ਹਰਕਤ ਉਪਰ ਖ਼ੁਸ਼ ਨਹੀ ਸਨ।
1977 ਦੀਆਂ ਸਰਦੀਆਂ ਸਮੇ, ਤੀਜੀ ਮੁਲਾਕਾਤ ਉਹਨਾਂ ਨਾਲ ਲੰਡਨ ਵਿਚ ਹੋਈ। ਓਥੇ ਇਕ ਪਟਿਆਲੇ ਦੇ ਸਰਦਾਰ, ਨਿਰੰਜਨ ਸਿੰਘ ਸੇਹਲੀ ਜੀ ਸਨ ਜੋ ਕਿ ਲੰਡਨ ਵਿਚ ਆਪਣੀ ਬੇਟੀ ਪਾਸ ਰਹਿ ਰਹੇ ਸਨ। ਉਹਨਾਂ ਦੇ ਦਾਮਾਦ, ਸ. ਸੁਰਜੀਤ ਸਿੰਘ ਜੀ ਵਿੱਜ, ਲੰਡਨ ਵਿਚ ਬੜੇ ਸਫ਼ਲ ਕਾਰੋਬਾਰੀ ਸੱਜਣ ਸਨ/ਹਨ। ਦੋਨੋ ਹੀ ਸੁਹਿਰਦ ਸੱਜਣ ਮੇਰੇ ਲੈਕਚਰਾਂ ਤੋਂ ਪ੍ਰਭਾਵਤ ਸਨ ਤੇ ਜਦੋਂ ਵੀ ਉਹਨਾਂ ਨਾਲ਼ ਮੇਰਾ ਮੇਲ ਹੋਣਾ, ਚੰਗੇ ਸ਼ਬਦਾਂ ਰਾਹੀਂ ਉਹਨਾਂ ਨੇ ਮੇਰਾ ਹੌਸਲਾ ਵਧਾਉਣਾ। ਇਕ ਦਿਨ ਉਹਨਾਂ ਨੇ ਰਾਤਰੀ ਭੋਜਨ ਵਾਸਤੇ ਮੈਨੂੰ ਸੱਦਾ ਦਿਤਾ ਜੋ ਕਿ ਮੈ ਬੜੀ ਪ੍ਰਸੰਨਤਾ ਸਹਿਤ ਸਵੀਕਾਰਿਆ। ਦੋ ਕੁ ਦਿਨ ਬਾਅਦ ਕਹਿਣ ਲੱਗੇ ਕਿ ਸਬੱਬ ਨਾਲ਼ ਏਥੇ ਪ੍ਰੋ. ਸਤਿਬੀਰ ਸਿੰਘ ਹੋਰੀ ਆਏ ਹੋਏ ਹਨ। ਜੇਕਰ ਮੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਉਹ ਉਹਨਾਂ ਨੂੰ ਵੀ ਮੇਰੇ ਨਾਲ਼ ਹੀ ਸੱਦ ਲੈਣ! ਆਪਣੇ ਧੰਨ ਭਾਗ ਜਾਣ ਕੇ ਬੜੀ ਖ਼ੁਸ਼ੀ ਤੇ ਉਤਸ਼ਾਹ ਭਰੇ ਸ਼ਬਦਾਂ ਵਿਚ ਮੈ ਹਾਂ ਕਹੀ। ਦਿਲ ਵਿਚ ਸੋਚਿਆ ਕਿ ਮਨ ਚਾਹੇ ਵਿਦਵਾਨ ਨਾਲ਼ ਵਿਚਾਰ ਵਟਾਂਦਰਾ ਕਰਨ ਦਾ ਦੇਸ਼ ਵਿਚ ਤਾਂ ਭਾਵੇਂ ਅਵਸਰ ਨਹੀ ਪ੍ਰਾਪਤ ਹੋਇਆ ਚਲੋ ਏਥੇ ਪਰਦੇਸ ਵਿਚ ਹੀ ਇਸ ਮੌਕੇ ਦਾ ਲਾਭ ਲੈ ਲਈਏ!
ਸਰਦਾਰ ਜੀ ਦੇ ਘਰ ਰਾਤਰੀ ਭੋਜ ਸਮੇ ਜਦੋਂ ਅਸੀਂ ਇਕੱਤਰ ਹੋਏ ਤਾਂ ਵਾਹਵਾ ਚਿਰ ਮੈ ਪ੍ਰੋਫ਼ੈਸਰ ਸਾਹਿਬ ਜੀ ਵੱਲ ਵੇਂਹਦਾ ਰਿਹਾ ਕਿ ਉਹਨਾਂ ਦਾ ਧਿਆਨ ਮੇਰੇ ਵੱਲ ਹੋਵੇ ਤਾਂ ਮੈ ਉਹਨਾਂ ਨੂੰ ਫ਼ਤਿਹ ਬੁਲਾਵਾਂ ਪਰ ਉਹਨਾਂ ਨੇ ਮੇਰੀ ਅੱਖ ਨਾਲ਼ ਆਪਣੀ ਅੱਖ ਨੂੰ ਮਿਲਣ ਦਾ ਨਾ ਹੀ ਅਵਸਰ ਦਿਤਾ। ਖ਼ਾਸਾ ਸਮਾ ਉਡੀਕਣ ਪਿਛੋਂ ਮੈ ਫੇਰ ਉਚੇਚੇ ਯਤਨ ਨਾਲ ਉਹਨਾਂ ਦਾ ਧਿਆਨ ਖਿੱਚ ਕੇ ਫ਼ਤਿਹ ਬੁਲਾਈ। ਅਣਮੰਨੇ ਜਿਹੇ ਮਨ ਨਾਲ਼, ਢਹਿੰਦੀਕਲਾ ਜਿਹੀ ਵਰਗਾ ਉਤਰ ਵੀ ਉਹਨਾਂ ਨੇ ਦੇ ਦਿਤਾ ਪਰ ਅੱਗੋਂ ਗੱਲ ਕੋਈ ਨਾ ਕੀਤੀ। ਸਾਰੇ ਸਮੇ ਦੌਰਾਨ ਉਹਨਾਂ ਨੇ ਨਾ ਕਿਸੇ ਹੋਰ ਨੂੰ ਗੱਲ ਕਰਨ ਦਾ ਮੌਕਾ ਦਿਤਾ ਤੇ ਨਾ ਆਪਣੇ 'ਪ੍ਰਵਚਨਾਂ' ਦੀ ਲੜੀ ਹੀ ਟੁੱਟਣ ਦਿਤੀ। ਇਹ ਗੱਲ ਮੰਨਣੀ ਹੀ ਪਵੇਗੀ ਕਿ ਉਹਨਾਂ ਦੀ ਗੱਲ ਬਾਤ ਵਿਚੋਂ ਬੋਰਪਣ ਨਹੀ ਪਰਗਟ ਹੋਇਆ ਤੇ ਸਾਡੀ ਸਾਰਿਆਂ ਦੀ ਦਿਲਚਸਪੀ ਜ਼ਰੂਰ ਬਣੀ ਰਹੀ; ਭਾਵੇਂ ਕਿ ਮੇਰੇ ਹੱਥ ਇਕ ਮਨ ਭਾਉਂਦੇ ਵਿਦਵਾਨ ਨਾਲ਼, ਸਿਧੀ ਗੁਫ਼ਤਗੂ ਦਾ ਅਵਸਰ ਉਹਨਾਂ ਨੇ ਨਹੀ ਆਉਣ ਦਿਤਾ ਤੇ ਨਾਲ ਹੀ ਉਹਨਾਂ ਦੇ ਰਵੱਈਏ ਵਿਚੋਂ ਕੁਝ ਅਜਿਹਾ ਆਭਾਸ ਹੁੰਦਾ ਸੀ ਜਿਵੇਂ ਕਿ ਉਹ ਦਿਲ ਵਿਚ ਆਖ ਰਹੇ ਹੋਣ, "ਇਸ ਬੁਧੂ ਨੂੰ ਕਿਉਂ ਮੇਰੇ ਨਾਲ਼ ਸੱਦ ਲਿਆ?" ਹੋ ਸਕਦਾ ਹੈ ਕਿ ਇਹ ਮੇਰੀ ਖ਼ਾਮ ਖ਼ਿਆਲੀ ਹੀ ਹੋਵੇ ਤੇ ਦਿਲੋਂ ਮੈ ਚਾਹੁੰਦਾ ਵੀ ਏਹੀ ਹਾਂ ਕਿ ਇਹ ਮੇਰੇ ਮਨ ਦਾ ਵਹਿਮ ਹੀ ਰਹੇ। ਸ਼ਾਇਦ ਇਹ ਮੇਰੇ ਫ਼ਾਇਦੇ ਦੀ ਹੀ ਗੱਲ ਹੋਈ ਹੋਵੇ। ਹੋ ਸਕਦਾ ਸੀ ਕਿ ਮੇਰੇ ਮੂੰਹੋਂ ਕੋਈ ਉਸ ਸਮੇ ਅਜਿਹੀ ਗੱਲ ਨਿਕਲ਼ ਜਾਂਦੀ ਜਿਸ ਨਾਲ਼ ਉਸ ਪਰਵਾਰ ਵਿਚ ਮੇਰਾ ਬਣਿਆ ਸਤਿਕਾਰ ਘਟ ਜਾਂਦਾ। "ਚੁੱਪ ਮੂਰਖਾਂ ਦਾ ਗਹਿਣਾ ਹੈ।" ਸਿਆਣੇ ਆਖਦੇ ਨੇ।
ਇਹ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਉਹਨਾਂ ਦੀ ਸਾਰੀ ਗੱਲ ਬਾਤ ਸਿੱਖੀ, ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਵਲ਼ਗਣ ਦੇ ਅੰਦਰ ਹੀ ਰਹੀ। ਇਕ ਨੁਕਤਾ ਉਹਨਾਂ ਨੇ ਬੜਾ ਹੀ ਕਾਰਆਮਦ ਦੱਸਿਆ ਜੋ ਕਿ ਮੇਰੇ ਆਪਣੇ ਤਜੱਰਬੇ ਅਨੁਸਾਰ ਵੀ ਐਨ ਪੂਰਾ ਉਤਰਦਾ ਹੈ। ਉਹ ਆਖ ਰਹੇ ਸਨ ਕਿ ਸਿੱਖ ਨੂੰ 'ਅੰਮ੍ਰਿਤ ਵੇਲਾ' ਨਹੀ ਖੁੰਝਾਉਣਾ ਚਾਹੀਦਾ। ਇਸ ਬਾਰੇ ਉਹਨਾਂ ਨੇ ਇਕ ਸਾਖੀ ਵੀ ਸੰਖੇਪ ਵਿਚ ਸੁਣਾਈ ਜੋ ਹੁਣ ਮੇਰੇ ਯਾਦ ਨਹੀ ਰਹੀ। ਕਿਸੇ ਵੱਲੋਂ ਸਵੇਰੇ ਜਾਗ ਨਾ ਆਉਣ ਦੀ ਸਮੱਸਿਆ ਦੱਸੀ ਗਈ ਤਾਂ ਉਸ ਦਾ ਇਲਾਜ ਉਹਨਾਂ ਨੇ ਇਉਂ ਦਸਿਆ: ਰਾਤ ਨੂੰ ਸੌਣ ਸਮੇ ਮਨ ਵਿਚ ਵਿਚਾਰ ਬਣਾ ਕੇ ਸੌਵੋਂ ਕਿ ਮੈ ਸਵੇਰੇ ਏਨੇ ਵਜੇ ਉਠਣਾ ਹੈ। ਓਨੇ ਵਜੇ ਹੀ ਤੁਹਾਡੀ ਜਾਗ ਖੁਲ੍ਹ ਜਾਵੇਗੀ। ਪਰ ਓਸੇ ਸਮੇ ਮੰਜੇ ਤੋਂ ਉਠ ਕੇ ਖਲੋ ਜਾਵੋ। ਜੇਕਰ ਜਰਾ ਜਿੰਨਾ ਵੀ ਸੋਚ ਲਿਆ ਕਿ ਥੋਹੜਾ ਠਹਿਰ ਕੇ ਉਠਦੇ ਹਾਂ ਤਾਂ ਫਿਰ ਨਹੀ ਉਠਿਆ ਜਾਵੇਗਾ। ਇਹ ਗੱਲ ਉਹਨਾਂ ਦੀ ਪੂਰੀ ਹੀ ਠੀਕ ਹੈ।
****
No comments:
Post a Comment