ਪ੍ਰਸਿਧ ਸਾਹਿਤਕਾਰ ਡਾ. ਵਰਿਆਮ ਸਿੰਘ ਸੰਧੂ ਦਾ 'ਸੀਰਤ' ਵਿਚ ਛਪਿਆ ਲੇਖ 'ਮੇਰੀ ਪਹਿਲੀ ਗ੍ਰਿਫ਼ਤਾਰੀ' ਪੜ੍ਹ ਕੇ ਮੈਨੂੰ ਵੀ ਉਸ ਸਮੇ ਦੀਆਂ ਘਟਨਾਵਾਂ ਚੇਤੇ ਆ ਗਈਆਂ।
1972 ਦੇ ਅਖੀਰਲੇ ਮਹੀਨੇ ਸਨ ਕਿ ਪਰੈਸ ਵਿਚ ਖ਼ਬਰ ਫੈਲੀ ਕਿ ਮੋਗੇ ਵਿਚ ਇਕ ਸਿਨੇਮਾ ਮਾਲਕਾਂ ਦੇ ਸੱਦੇ ਤੇ ਪੁਲਸ ਨੇ ਸਿਨੇਮਾ ਵੇਖਣ ਦੇ ਸ਼ੌਂਕੀ ਕੁਝ ਕਾਲਜੀ ਮੁੰਡਿਆਂ ਤੇ ਗੋਲ਼ੀ ਚਲਾ ਦਿਤੀ ਜਿਸ ਨਾਲ਼ ਕੁਝ ਮੌਤਾਂ ਹੋ ਗਈਆਂ। ਕਿੰਨੀਆਂ ਹੋਈਆਂ, ਇਹ ਹੁਣ ਮੈਨੂੰ ਯਾਦ ਨਹੀ। ਇਹ ਖ਼ਬਰ ਸੁਣ ਕੇ ਹਮਦਰਦੀ ਵਜੋਂ ਸੰਤ ਫ਼ਤਿਹ ਸਿੰਘ ਜੀ ਨੇ ਵੀ ਓਥੇ ਸਿੰਘ ਸਭਾ ਗੁਰਦੁਆਰੇ ਵਿਚ ਜਾ ਧਰਨਾ ਮਾਰਿਆ।
ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਬੰਧਕ ਆਮ ਤੌਰ ਤੇ ਸਮੇ ਦੀ ਸਰਕਾਰ ਦੇ ਸਹਿਯੋਗੀ ਹੋਣ ਕਰਕੇ, ਇਸ ਕਾਲਜ ਦੇ ਵਿਦਿਆਰਥੀ ਕਦੀ ਘੱਟ ਹੀ ਕਿਸੇ ਐਜੀਟੇਸ਼ਨ ਵਿਚ ਹਿੱਸਾ ਲਿਆ ਕਰਦੇ ਸਨ। ਮੇਰੇ ਮਿੱਤਰਾਂ, ਜ. ਦਰਸ਼ਨ ਸਿੰਘ ਈਸਾਪੁਰ, ਸ. ਦਰਸ਼ਨ ਸਿੰਘ ਮਜਬੂਰ, ਸ. ਅਜੀਤ ਸਿੰਘ ਮੌਲਵੀ ਆਦਿ ਨੇ ਸਲਾਹ ਕੀਤੀ ਕਿ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਅੰਦੋਲਨ ਵਿਚ ਸ਼ਾਮਲ ਕਰਨ ਲਈ ਕੁਝ ਕੀਤਾ ਜਾਵੇ। ਸਾਥੀਆਂ ਦੀ ਬਣਾਈ ਸਕੀਮ ਅਨੁਸਾਰ ਕੁਝ ਚੂੜੀਆਂ ਤੇ ਚੁੰਨੀਆਂ ਦਾ ਪ੍ਰਬੰਧ ਕੀਤਾ ਗਿਆ ਤੇ ਇਕ ਸਵੇਰੇ ਕਾਲਜ ਖੁਲ੍ਹਣ ਦੇ ਸਮੇ ਤੋਂ ਪਹਿਲਾਂ ਹੀ ਅਸੀਂ ਕਾਲਜ ਦੇ, ਪੁਤਲੀਘਰ ਵਾਲ਼ੇ ਪਾਸੇ ਤੋਂ ਜੀ. ਟੀ. ਰੋਡ ਤੇ ਵਾਕਿਆ, ਪਹਿਲੇ ਗੇਟ ਸਾਹਮਣੇ ਪਹੁੰਚ ਗਏ। ਓਥੇ ਲਲਾਰੀ ਦਾ ਇਕ ਟੁੱਟਿਆ ਜਿਹਾ ਤਖ਼ਤਪੋਸ਼ ਪਿਆ ਸੀ। ਉਸ ਉਪਰ ਮੈਨੂੰ ਖਲੋ ਕੇ ਭਾਸ਼ਨ ਕਰਨ ਲਈ ਆਖਿਆ ਗਿਆ। ਲੰਮਾ ਸਮਾ ਮੈ ਬੋਲਦਾ ਰਿਹਾ। ਜੋ ਵੀ ਵਿਦਿਆਰਥੀ ਆਉਂਦਾ, ਉਹ ਅੰਦਰ ਜਾਣ ਦੀ ਬਜਾਇ ਓਥੇ ਹੀ ਖਲੋ ਜਾਂਦਾ ਰਿਹਾ। ਸਾਰੇ ਪ੍ਰੋਫੈਸਰ, ਪ੍ਰਿੰਸੀਪਲ ਆਦਿ ਸਟਾਫ ਵੀ ਓਥੇ ਹੀ ਇਕੱਠੇ ਹੁੰਦੇ ਗਏ। ਪੁਲਸ ਵੀ ਭਾਰੀ ਗਿਣਤੀ ਵਿਚ ਪਹੁੰਚ ਗਈ। ਚਾਰ ਚੇਹਰੇ ਮੈਨੂੰ ਹੁਣ ਵੀ ਯਾਦ ਹਨ। ਇਕ ਕਾਲਜ ਦੇ ਪ੍ਰਿੰਸੀਪਲ ਸਾਹਿਬ, ਇਕ ਪ੍ਰੋਫੈਸਰ ਕਰਨੈਲ ਸਿੰਘ ਥਿੰਦ, ਡੀ. ਸੀ. ਤੇ ਐਸ. ਐਸ. ਪੀ.। ਵਿਸ਼ਾਲ ਹਜੂਮ ਸਾਹਮਣੇ ਜਦੋਂ ਮੈ ਇਹ ਆਖਿਆ ਕਿ ਮੋਗੇ ਦੀਆਂ ਵਿਦਿਆਰਥਣਾਂ ਨੇ ਤੁਹਾਡੇ ਵਾਸਤੇ ਆਹ ਚੂੜੀਆ ਤੇ ਚੁੰਨੀਆਂ ਭੇਜੀਆਂ ਹਨ ਤਾਂ ਓਸੇ ਸਮੇ ਮੌਲਵੀ, ਮੌਲਵੀ, ਮਜਬੂਰ ਤੇ ਚੰਗਿਆੜੇ ਹੋਰਾਂ ਨੇ ਹਵਾ ਵਿਚ ਚੂੜੀਆਂ ਤੇ ਚੁੰਨੀਆਂ ਲਹਿਰਾ ਕੇ ਵਿਦਿਆਰਥੀਆਂ ਦੀ ਭੀੜ ਵੱਲ ਖਿਲਾਰ ਕੇ ਸੁੱਟ ਦਿਤੀਆਂ। ਵਿਦਿਆਰਥੀ ਬਹੁਤ ਜੋਸ਼ ਵਿਚ ਆ ਕੇ ਜੈਕਾਰੇ ਤੇ ਹੋਰ ਨਾਹਰੇ ਲਾਉਣ ਲੱਗ ਪਏ। ਪੁਲਸ ਸਾਵਧਾਨ ਹੋ ਗਈ। ਇਹ ਕੁਝ ਗੇਟ ਤੋਂ ਬਾਹਰ ਵਾਪਰਿਆ।1972 ਦੇ ਅਖੀਰਲੇ ਮਹੀਨੇ ਸਨ ਕਿ ਪਰੈਸ ਵਿਚ ਖ਼ਬਰ ਫੈਲੀ ਕਿ ਮੋਗੇ ਵਿਚ ਇਕ ਸਿਨੇਮਾ ਮਾਲਕਾਂ ਦੇ ਸੱਦੇ ਤੇ ਪੁਲਸ ਨੇ ਸਿਨੇਮਾ ਵੇਖਣ ਦੇ ਸ਼ੌਂਕੀ ਕੁਝ ਕਾਲਜੀ ਮੁੰਡਿਆਂ ਤੇ ਗੋਲ਼ੀ ਚਲਾ ਦਿਤੀ ਜਿਸ ਨਾਲ਼ ਕੁਝ ਮੌਤਾਂ ਹੋ ਗਈਆਂ। ਕਿੰਨੀਆਂ ਹੋਈਆਂ, ਇਹ ਹੁਣ ਮੈਨੂੰ ਯਾਦ ਨਹੀ। ਇਹ ਖ਼ਬਰ ਸੁਣ ਕੇ ਹਮਦਰਦੀ ਵਜੋਂ ਸੰਤ ਫ਼ਤਿਹ ਸਿੰਘ ਜੀ ਨੇ ਵੀ ਓਥੇ ਸਿੰਘ ਸਭਾ ਗੁਰਦੁਆਰੇ ਵਿਚ ਜਾ ਧਰਨਾ ਮਾਰਿਆ।
ਮਗਰੋਂ ਗੇਟ ਦੇ ਅੰਦਰਵਾਰ ਡਿਪਟੀ ਕਮਿਸ਼ਨਰ ਨੇ ਵਿਦਿਆਥੀਆਂ ਨੂੰ ਏਨੀ ਸਿਆਣਪ ਨਾਲ਼ ਸੰਬੋਧਨ ਕੀਤਾ ਕਿ ਮੇਰੇ ਸਾਰੇ ਭਾਸ਼ਨ ਤੇ ਪਾਣੀ ਫੇਰ ਕੇ ਰੱਖ ਦਿਤਾ। ਸਗੋਂ ਮੈ ਵੀ ਉਸ ਦੀਆਂ ਗੱਲਾਂ ਨਾਲ ਸ਼ਾਂਤ ਹੋ ਗਿਆ ਤੇ ਮੈਨੂੰ ਉਸ ਦੀਆਂ ਗੱਲਾਂ ਸੁਖਾਵੀਆਂ ਸੁਖਾਵੀਆਂ ਜਿਹੀਆਂ ਲੱਗਣ ਲੱਗ ਪਈਆਂ। ਤਾਹੀਉਂ ਮੈ ਕੀ ਵੇਖਦਾ ਹਾਂ ਕਿ ਜ. ਦਰਸ਼ਨ ਸਿੰਘ ਈਸਾਪੁਰ ਨੇ ਐਸਾ ਧੂਆਂਧਾਰ ਲੈਕਚਰ ਦਿਤਾ ਕਿ ਮੁੰਡੇ ਫਿਰ ਗਰਮ ਹੋ ਗਏ ਤੇ ਜੋਸ਼ ਵਿਚ ਆ ਕੇ ਗਰਮਾ ਗਰਮ ਨਾਹਰੇ ਲਾਉਣ ਲਗ ਪਏ। ਡੀ. ਸੀ. ਨੇ ਆਪਣੇ ਭਾਸ਼ਨ ਵਿਚ ਆਖਿਆ ਸੀ ਕਿ ਸਰਕਾਰ ਹਰੇਕ ਮਰਨ ਵਾਲੇ ਦੇ ਮਾਪਿਆਂ ਨੂੰ ਪੰਜਾਹ ਪੰਜਾਹ ਹਜ਼ਾਰ ਰੁਪਈਆ ਦੇਵੇਗੀ। ਡੀ. ਸੀ. ਦੀ ਇਸ ਗੱਲ ਦੇ ਜਵਾਬ ਵਿਚ ਜਦੋਂ ਜਥੇਦਾਰ ਈਸਾਪੁਰ ਨੇ ਆਖਿਆ, "ਡੀ. ਸੀ. ਸਾਹਿਬ, ਤੁਹਾਡਾ ਮੁੰਡਾ ਮੈ ਮਾਰ ਦਿੰਦਾ ਹਾਂ ਤੇ ਤੁਹਾਨੂੰ ਪੰਜਾਹ ਹਜਾਰ ਰੁਪਇਆ ਦੇ ਦਿੰਦਾ ਹਾਂ। ਕੀ ਤੁਸੀਂ ਇਹ ਮੰਨ ਲਵੋਗੇ?" ਮੁੰਡਿਆਂ ਨੇ ਸਰਕਾਰ ਦੇ ਖ਼ਿਲਾਫ਼ ਨਾਹਰੇ ਚੁੱਕ ਦਿਤੇ। ਡੀ. ਸੀ. ਤੇ ਐਸ. ਐਸ. ਪੀ ਤਾਂ ਚੁੱਪ ਕੀਤੇ ਖਿਸਕ ਗਏ ਪਰ ਪੁਲਸ ਦੂਰ ਘੇਰਾ ਪਾ ਕੇ ਖਲੋਤੀ ਰਹੀ। ਨਾ ਗਈ ਤੇ ਨਾ ਨੇੜੇ ਆਈ। ਪੁਲਿਸ ਘੋੜ ਸਵਾਰ ਵੀ ਸੀ ਤੇ ਪੈਦਲ ਵੀ। ਕਿਸੇ ਕਿਸਮ ਦੀ ਗੜਬੜ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ। ਅਸੀਂ ਜੋਸ਼ੀਲੇ ਵਿਦਿਆਰਥੀਆਂ ਦਾ ਜਲੂਸ ਲੈ ਕੇ ਘੰਟਾ ਘਰ ਵੱਲ ਨੂੰ ਚੱਲ ਪਏ। ਪੁਲਿਸ ਨੇ ਕੋਈ ਦਖ਼ਲ ਨਾ ਦਿਤਾ। ਦੂਰ ਦੂਰ ਨਾਲ਼ ਨਾਲ਼ ਤੁਰੀ ਆਉਂਦੀ ਰਹੀ। ਸ਼ਰਾਰਤੀ ਛੋਕਰੇ ਸਮੇ ਸਮੇ ਪੁਲੀਸ ਨੂੰ ਵੱਟੇ ਵੀ ਮਾਰਦੇ ਰਹੇ। ਪਰ ਪੁਲੀਸ ਬਿਲਕੁਲ ਜਬਤ ਵਿਚ ਰਹੀ। ਰਸਤੇ ਵਿਚ ਆਉਣ ਵਾਲ਼ੀਆਂ ਦੁਕਾਨਾਂ ਦੇ ਬੋਰਡ ਤੇ ਹੋਰ ਵੀ ਜੋ ਕੁਝ ਸਾਹਮਣੇ ਆਏ, ਜੋਸ਼ੀਲੇ ਵਿਦਿਆਰਥੀ ਭੰਨੀ ਤੋੜੀ ਜਾਣ। ਮੈ ਬਥੇਰਾ ਰੋਕਾਂ ਪਰ ਰੁਕੇ ਕੌਣ! ਹੋਰ ਕੋਈ ਵੀ ਕਿਸੇ ਨੂੰ ਨਾ ਰੋਕੇ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ, ਹਾਲਤ ਇਹ ਸੀ:
ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨਿ ਭਾਣੈ॥
ਖੈਰ, ਰੱਬ ਰੱਬ ਕਰਕੇ ਘੰਟਾ ਘਰ ਵਿਖੇ ਜਲੂਸ ਸਮਾਪਤ ਹੋ ਗਿਆ। ਕੋਈ ਖਾਸ ਅਣਸੁਖਾਵੀਂ ਘਟਨਾ ਨਹੀ ਵਾਪਰੀ। ਮੁੰਡਿਆਂ ਦੀਆਂ ਉਕਸਾਹਟਾਂ ਦੇ ਬਾਵਜੂਦ ਉਸ ਦਿਨ ਪੁਲਿਸ ਨੇ ਬੜਾ ਜਬਤ ਤੋਂ ਕੰਮ ਲਿਆ। ਮੈ ਤਾਂ ਆਦੀ ਸਾਂ ਅਕਾਲੀ ਮੋਰਚਿਆਂ ਦਾ ਇਤਿਹਾਸ ਪੜ੍ਹ ਪੜ੍ਹ ਕੇ ਤੇ ਖ਼ੁਦ 1955 ਦਾ ਮੋਰਚਾ ਵੇਖਿਆ ਅਤੇ 1960, 1961, 1966 ਤੇ 1971 ਦੇ ਮੋਰਚਿਆਂ ਵਿਚ ਸਰਗਰਮ ਵੀ ਰਿਹਾ। ਮੈਨੂੰ ਤਾਂ ਇਸ ਤਰ੍ਹਾਂ ਦੀ ਕਿਸੇ ਐਜੀਟੇਸ਼ਨ ਦਾ ਕੋਈ ਗਿਆਨ ਨਹੀ ਸੀ। ਏਨਾ ਹੀ ਪਤਾ ਸੀ ਕਿ ਸਰਕਾਰ ਦੇ ਹਰ ਪ੍ਰਕਾਰ ਦੇ ਤਸ਼ੱਦਦ ਦੇ ਸਹਮਣੇ ਸ਼ਾਂਤ ਰਹਿ ਕੇ ਸਤਿਆਗ੍ਰਹਿ ਕਰਨਾ। ਇਹ ਮੇਰੇ ਵਾਸਤੇ ਪਹਿਲੀ ਤੇ ਨਵੀ ਗੱਲ ਸੀ ਕਿ ਖ਼ੁਦ ਕਿਸੇ ਦਾ ਕੋਈ ਨੁਕਸਾਨ ਕੀਤਾ ਜਾਵੇ।
ਰਾਤ ਨੂੰ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਕਮਰਾ ਨੰਬਰ 132, ਜਿਥੇ ਕਿ ਅਸੀਂ ਰਿਹਾ ਕਰਦੇ ਸਾਂ, ਕੁਝ ਨੌਜਵਾਨਾਂ ਦੀ ਮੀਟਿੰਗ ਹੋਈ। ਇਸ ਵਿਚ ਅਗਲੇ ਦਿਨ ਦੇ ਪ੍ਰੋਗਰਾਮ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਕ ਚੰਗਾ ਜਵਾਨ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਾਲ਼ਾ ਨੌਜਵਾਨ, ਖੱਬੇ ਪੱਖੀ ਵਿਦਿਆਥੀ ਜਥੇਬੰਦੀ ਦਾ ਆਗੂ, ਓਥੇ ਮੌਜੂਦ ਹੀ ਨਹੀ ਸੀ, ਬਲਕਿ ਸਾਰੀ ਮੀਟਿੰਗ ਵਿਚ ਓਹੀ ਛਾਇਆ ਰਿਹਾ। ਉਸ ਨੇ ਗੜਬੜ ਫੈਲਾਉਣ ਦੇ ਢੰਗਾਂ ਤੇ ਚੰਗੀ ਰੋਸ਼ਨੀ ਪਾਈ। ਗੱਡੀ ਦੇ ਇੰਜਣ ਨੂੰ ਨਿਕੰਮਾ ਕਿਵੇਂ ਕਰਨਾ, ਗੱਡੀ ਨੂੰ ਲੀਹੋਂ ਕਿਵੇਂ ਲਾਹੁਣਾ, ਅਗਨ ਬੰਬ ਕਿਵੇਂ ਬਣਾੳੇੁਣਾ ਤੇ ਕਿਵੇਂ ਚਲਾਉਣਾ ਆਦਿ ਬਹੁਤ ਸਾਰੀਆਂ ਸਕੀਮਾਂ ਉਸ ਨੇ ਦੱਸੀਆਂ। ਮੈ ਇਹ ਸਾਰੀਆਂ ਗੱਲਾਂ ਸੁਣ ਸੁਣ ਕੇ ਤੇ ਇਸ ਨਾਲ਼ ਹੋਣ ਵਾਲ਼ੇ ਬੇਕਸੂਰ ਜਨਤਾ ਦੇ ਨੁਕਸਾਨ ਬਾਰੇ ਸੋਚ ਸੋਚ, ਆਪਣੇ ਅੰਦਰ ਹੀ ਅੰਦਰ ਸੋਚੀ ਜਾਵਾਂ ਕਿ ਇਹ ਕਿਹੋ ਜਿਹੀ ਐਜੀਟੇਸ਼ਨ ਹੈ! ਮੈ ਤਾਂ ਇਹ ਕੁਝ ਕਰਨਾ ਤਾਂ ਕਿਧਰੇ ਰਿਹਾ, ਹੁੰਦਾ ਵੇਖ ਵੀ ਨਹੀ ਸਕਦਾ। ਇਕ ਦੋ ਵਾਰ ਦੱਬੀ ਜਿਹੀ ਜ਼ਬਾਨ ਵਿਚ ਮੈ ਆਪਣੀ ਗੱਲ ਦੱਸਣ ਦਾ ਯਤਨ ਵੀ ਕੀਤਾ ਪਰ ਸਾਰੇ ਹੀ ਗਰਮ ਖਿਆਲੀਆਂ ਵਿਚ ਮੇਰੀ ਠੰਡੀ ਜਿਹੀ ਗੱਲ ਨੂੰ ਕਮਜੋਰੀ ਸਮਝ ਕੇ ਕਿਸੇ ਗੌਲ਼ਿਆ ਨਾ। ਮੇਰੇ ਵਾਸਤੇ ਇਹ ਸਾਰੀ ਵਿਚਾਰ ਗੋਸ਼ਟੀ ਵਿਚ ਵਿਚਾਰੇ ਜਾ ਰਹੇ ਵਿਚਾਰ ਗੁਰਬਾਣੀ ਦੀ ਸਿੱਖਿਆ, ਗੁਰੂ ਸਾਹਿਬਾਨ ਦਾ ਇਤਿਹਾਸ ਤੇ ਅਕਾਲੀ ਫ਼ਿਲਾਸਫ਼ੀ ਦੇ ਉਲ਼ਟ ਲੱਗਦੇ ਸਨ ਤੇ ਮੈ ਅਜਿਹੀਆਂ ਸਰਗਰਮੀਆਂ ਵਿਚ ਸ਼ਾਮਲ ਨਹੀ ਸੀ ਹੋ ਸਕਦਾ ਜੋ ਸਰਬੱਤ ਦੇ ਭਲੇ ਦੇ ਉਲ਼ਟ ਜਾਂਦੀਆਂ ਹੋਣ। ਮੈ ਮੀਟਿੰਗ ਵਿਚੋਂ ਉਠ ਕੇ ਆਉਣ ਲਈ ਸੋਚਿਆ ਪਰ ਇਹ ਵਿਚਾਰ ਕੇ, ਕਿ ਰੱਬ ਨਾ ਕਰੇ ਜੇ ਕਿਤੇ ਇਸ ਮੀਟਿੰਗ ਦੀ ਗੱਲ ਬਾਹਰ ਨਿਕਲ਼ ਗਈ ਤਾਂ ਇਸ ਗੱਲ ਦਾ ਸ਼ੱਕ ਮੇਰੇ ਤੇ ਹੋ ਸਕਦਾ ਹੈ। ਉਪਰੋਂ ਸਮੱਸਿਆ ਇਹ ਵੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਹੋਣ ਦੇ ਨਾਤੇ ਇਹ ਕੁਝ ਕਰਨਾ ਮੇਰੇ ਲਈ ਵਾਜਬ ਵੀ ਨਹੀ ਸੀ। ਫਿਰ ਸਾਰਿਆਂ ਵਿਚ ਮੈ ਪ੍ਰਧਾਨ ਜੀ ਦੇ ਭਰੋਸੇ ਵਾਲ਼ਾ ਸਮਝਿਆ ਜਾਂਦਾ ਸਾਂ ਤੇ ਕਿਸੇ ਮਾੜੀ ਘਟਨਾ ਵਿਚ ਮੇਰੀ ਸ਼ਮੂਲੀਅਤ ਉਹਨਾਂ ਨੂੰ ਉਲਾਹਮਾ ਦਿਵਾ ਸਕਦੀ ਸੀ। ਜੋ ਮੈ ਕਰ ਸਕਦਾ ਸੀ ਉਹ ਹੀ ਕੀਤਾ। ਮੀਟਿੰਗ ਵਿਚ ਤਾਂ ਬੈਠਾ ਰਿਹਾ ਪਰ ਅਗਲੇ ਦਿਨ ਮੈ ਖ਼ਾਲਸਾ ਕਾਲਜ, ਉਸ ਐਜੀਟੇਸ਼ਨ ਵਿਚ ਹਿੱਸਾ ਲੈਣ ਨਾ ਗਿਆ ਕਿਉਂਕਿ ਮੈ ਹਿੰਸਕ ਗੜਬੜ ਨਾਲ਼ ਸਹਿਮਤ ਨਹੀ ਸਾਂ। ਰਾਤੋ ਰਾਤ ਸਰਕਾਰ ਨੇ ਕਰੜੇ ਪ੍ਰਬੰਧ ਕਰ ਲਏ ਤਾਂ ਕਿ ਸੰਭਾਵਕ ਹਿੰਸਕ ਗੜਬੜ ਨੂੰ ਰੋਕਿਆ ਜਾ ਸਕੇ। ਮੇਰੇ ਸਾਥੀ ਜੋ ਓਥੇ ਗਏ ਸਨ, ਪਹਿਲਾਂ ਹੀ ਤਿਆਰ ਬੈਠੀ ਪੁਲਿਸ ਉਹਨਾਂ ਨੂੰ ਕਾਬੂ ਕਰਕੇ ਜੇਹਲ ਵਿਚ ਲੈ ਗਈ। ਸ਼ਹਿਰ ਵਿਚ ਫਲੈਗ ਮਾਰਚ ਸ਼ੁਰੂ ਕਰ ਦਿਤਾ ਗਿਆ। ਇਸ ਤਰ੍ਹਾਂ ਮੈ ਡਾ. ਵਰਿਆਮ ਸਿੰਘ ਸੰਧੂ ਜਿਹੇ ਦਾਨਸ਼ਵਰਾਂ ਦੀ ਜੇਹਲ ਵਿਚਲੀ ਸੰਗਤ ਤੋਂ ਵਾਂਝਾ ਰਹਿ ਗਿਆ।
ਅਚੱਲ ਵਟਾਲੇ ਦੇ ਸਿਧਾਂ ਦੇ ਪ੍ਰਸਿਧ ਮੇਲੇ ਤੇ ਸਜੇ ਦੀਵਾਨ ਵਿਚ ਵੀ ਇਸ ਬਾਰੇ ਮੈ ਬੋਲਿਆ ਤੇ ਪੁਲਿਸ ਮੇਰੇ ਮਗਰ ਲੱਗ ਗਈ ਪਰ ਮੈ ਕਿਸੇ ਤਰ੍ਹਾਂ ਉਹਨਾਂ ਦੇ ਕਾਬੂ ਆਉਣ ਤੋਂ ਬਚ ਹੀ ਗਿਆ। ਚੜਿੱਕ ਪਿੰਡ ਦੇ ਮੌਤ ਦਾ ਸ਼ਿਕਾਰ ਹੋਏ ਵਿਦਿਆਥੀਆਂ ਦੇ ਭੋਗ ਤੇ ਵੀ ਜਾਣ ਦਾ ਮੌਕਾ ਮਿਲ਼ਿਆ। ਇਸ ਪਾਠ ਦੇ ਭੋਗ ਦੀ ਰਸਮ ਸਮੇ ਸ. ਆਤਮਾ ਸਿੰਘ, ਜ. ਜੀਵਨ ਸਿੰਘ ਉਮਰਾਨੰਗਲ ਆਦਿ ਅਕਾਲੀ ਆਗੂ ਵੀ ਪੁੱਜੇ ਹੋਏ ਸਨ। ਮੁਕਤਸਰ ਜੇਹਲ ਵਿਚ ਬੰਦ ਵਿਦਿਆਰਥੀਆਂ ਦੀ ਖ਼ਬਰ ਸਾਰ ਲੈਣ ਵੀ ਜ. ਦਰਸ਼ਨ ਸਿੰਘ ਈਸਾਪੁਰ ਨਾਲ਼ ਗਿਆ।
ਮੇਰੀਆਂ ਅਜਿਹੀਆਂ 'ਝੱਲਵਲੱਲੀਆਂ' ਜਿਹੀਆਂ ਸਗਰਮੀਆਂ ਨੂੰ ਵੇਖਦਿਆਂ, ਅੰਮ੍ਰਿਤਸਰ ਦੇ ਡੀ. ਸੀ. ਨੇ, ਸੰਤ ਚੰਨਣ ਸਿੰਘ ਜੀ ਨੂੰ ਉਹਨਾਂ ਪਾਸ ਜਾ ਕੇ ਮੇਰੀ ਸ਼ਿਕਾਇਤ ਕੀਤੀ ਤੇ ਦੱਸਿਆ ਕਿ ਮੈ ਇਸ ਸਾਰੀ ਗੜਬੜ ਵਿਚ ਬਾਕੀਆਂ ਨਾਲ਼ੋਂ ਵਧ ਕੇ ਹਿੱਸਾ ਲੈਂਦਾ ਹਾਂ। ਸੰਤ ਜੀ ਨੇ ਮੈਨੂੰ ਇਸ 'ਗੜਬੜ ਚੌਥ' ਵਿਚੋਂ ਬਾਹਰ ਕਢਣ ਲਈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇ, ਲੈਕਚਰ ਕਰਨ ਦੀ ਮੇਰੀ ਡਿਊਟੀ, ਹਿਮਾਚਲ ਵਿਚ ਸੋਭਾ ਪਾ ਰਹੇ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਲਗਾ ਦਿਤੀ। ਇਸ ਤਰ੍ਹਾਂ ਕੁਝ ਸਮਾ ਮੈ ਇਸ ਕਥਿਤ ਇਨਕਲਾਬੀ ਜਦੋ ਜਹਿਦ ਵਿਚੋਂ ਬਾਹਰ ਹੋ ਗਿਆ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਏ ਮੋਰਚਿਆਂ ਤੋਂ ਇਲਾਵਾ ਇਹ ਬਾਹਰੀ ਤੇ ਵੱਖਰੀ ਕਿਸਮ ਦੀ ਐਜੀਟੇਸ਼ਨ ਵਿਚ ਹਿੱਸਾ ਲੈਣ ਦਾ ਮੇਰਾ ਪਹਿਲਾ ਤੇ ਆਖਰੀ ਮੌਕਾ ਸੀ। ਮਾਰਚ 1973 ਵਿਚ ਮੈ ਮਲਾਵੀ ਮੁਲਕ ਨੂੰ ਚਲਿਆ ਗਿਆ।
****
No comments:
Post a Comment