ਬੁਢੀਆਂ ਤਖ਼ਤੇ ਓਹਲੇ ਹੱਸਣ

ਅੱਗੇ ਦੀ ਗੱਲ ਕਰਨ ਤੋਂ ਪਹਿਲਾਂ ਮੈ ਸ਼ਬਦ 'ਬੁਢੀ' ਬਾਰੇ ਦੱਸ ਲਵਾਂ। ਵੈਸੇ ਤਾਂ ਬੁਢੀ, ਬੁਢਾ ਸ਼ਬਦ ਦਾ ਇਸਤਰੀ ਲਿੰਗ ਹੈ ਜਿਸ ਦਾ ਮਤਲਬ ਹੈ ਸਿਆਣੀ ਉਮਰ ਦਾ ਬਜ਼ੁਰਗ ਵਿਅਕਤੀ। ਮਾਝੇ ਵਿਚ ਅਧੀ ਕੁ ਸਦੀ ਪਹਿਲਾਂ ਤੇ ਸ਼ਾਇਦ ਅਜੇ ਵੀ, ਨਿੱਕੇ ਪਿੰਡਾਂ ਵਿਚ, ਇਸਤਰੀ, ਭਾਵੇਂ ਉਹ ਜਵਾਨ ਹੀ ਹੋਵੇ ਜੇਕਰ ਉਹ ਵਿਆਹੀ ਹੈ ਤਾਂ ਉਸ ਨੂੰ ਪੁਰਾਣੇ ਲੋਕ ਬੁਢੀ ਹੀ ਆਖਦੇ ਸਨ; ਜਿਸ ਦਾ ਮਤਲਬ ਹੁੰਦਾ ਹੈ ਕਿ ਇਹ ਕਿਸੇ ਦੀ ਵਹੁਟੀ ਹੈ। ਬਚਪਨ ਦੌਰਾਨ ਪਿੰਡ ਵਿਚ ਸਿਆਣਿਆਂ ਦੇ ਮੂਹੋਂ, ਕਿਸੇ ਘੁੰਡ ਕਢ ਕੇ ਜਾ ਰਹੀ ਬੀਬੀ ਨੂੰ ਵੇਖ ਕੇ ਪਤਾ ਕਰਨ ਲਈ ਪੁੱਛ ਲੈਣਾ ਕਿ ਇਹ ਕੀਹਦੀ ਬੁਢੀ ਹੈ! ਵੈਸੇ ਮਾਝੇ ਤੋਂ ਬਾਹਰ ਦੁਆਬੇ ਮਾਲਵੇ ਵਿਚ, ਬੁਢੀ ਮਾਂ ਨੂੰ ਵੀ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਇਸ ਦਾ ਉਚਾਰਨ 'ਬੁੜ੍ਹੀ' ਹੀ ਕੀਤਾ ਜਾਂਦਾ ਹੈ। ਅਹਿਮਦ ਸ਼ਾਹ ਅਬਦਾਲੀ ਦੇ ਨਾਲ਼ ਸਿੰਘਾਂ ਨਾਲ਼ ਲੜਨ ਆਏ, ਕਾਜੀ ਨੂਰ ਮੁਹੰਮਦ ਨੇ, ਬਾਅਦ ਵਿਚ ਲਿਖੇ ਆਪਣੇ ਜੰਗਨਾਮੇ ਵਿਚ ਸਿੰਘਾਂ ਦੇ ਸਦਾਚਾਰਕ ਆਚਰਣ, ਬਹਾਦਰੀ, ਦਾਨਵੀਰਤਾ ਆਦਿ ਦੀਆਂ ਤਾਰੀਫਾਂ ਲਿਖੀਆਂ ਹਨ। ਸਿੰਘਾਂ ਦੇ ਉਚ ਆਚਰਣ ਦੀ ਮਿਸਾਲ ਦਿੰਦਿਆਂ ਉਸ ਨੇ ਇਸ ਸ਼ਬਦ ਦਾ ਉਚੇਚਾ ਜ਼ਿਕਰ ਕੀਤਾ ਹੈ ਕਿ ਇਹ ਔਰਤ ਨੂੰ ਬੁਢੀ ਹੀ ਆਖਦੇ ਹਨ ਚਾਹੇ ਉਹ ਸੋਲ਼ਾਂ ਸਾਲ ਦੀ ਹੀ ਹੋਵੇ। ਸੋ ਏਥੇ ਬੁਢੀ ਦਾ ਮਤਲਬ ਬਜ਼ੁਰਗ ਨਹੀ ਬਲਕਿ ਇਸਤਰੀ ਹੈ।
ਬਚਪਨ ਤਾਂ ਮੇਰਾ ਵੀ ਆਮ ਵਾਂਗ ਹੀ, ਜਿਵੇਂ ਕਿ ਇਕ ਨਿੱਕੇ ਜਿਹੇ ਪਿੰਡ ਦੇ ਆਮ ਕਿਸਾਨਾਂ ਦੇ ਮੁੰਡਿਆਂ ਦਾ ਹੁੰਦਾ ਹੈ, ਓਹੋ ਜਿਹਾ ਹੀ ਸੀ; ਜਿਵੇਂ ਕਿ ਪਹਿਲਾਂ ਹਾਣੀਆਂ ਨਾਲ਼ ਖੇਡਣਾ। ਫਿਰ ਡੰਗਰ ਚਾਰਨੇ, ਹਲ਼ ਵਾਹੁਣ ਤੋਂ ਉਰੇ ਉਰੇ ਨਿੱਕੇ ਮੋਟੇ ਕੰਮ, ਜਿਹਾ ਕਿ ਪੱਠੇ ਵਢਣੇ, ਰੁੱਗ ਲਾਉਣੇ, ਕਿਆਰੇ ਮੋੜਨੇ, ਖੂਹ ਵਾਹੁਣਾ, ਹਲ਼ ਮਗਰ ਬੀ ਕੇਰਨਾ ਆਦਿ ਕੀਤੇ ਜਾਂਦੇ ਸਨ। ਇਸ ਤੋਂ ਇਕ ਵੱਖਰੀ ਗੱਲ ਬਾਕੀ ਮੁੰਡਿਆਂ ਨਾਲ਼ੋਂ ਮੇਰੇ ਲਈ ਅਣਚਾਹੀ ਇਹ ਸੀ ਕਿ ਮੈਨੂੰ ਭਾਈਆ ਜੀ ਤੋਂ ਗੁਰਮੁਖੀ ਅੱਖਰਾਂ ਤੇ ਗੁਰਬਾਣੀ ਦੀ ਸੰਥਿਆ ਵੀ ਲੈਣੀ ਪੈਂਦੀ ਸੀ ਜੋ ਕਿ ਮੇਰੇ ਵਾਸਤੇ ਓਹਨੀਂ ਦਿਨੀਂ ਅਲੂਣੀ ਸਿਲ ਚੱਟਣ ਦੇ ਬਰਾਬਰ ਹੁੰਦੀ ਸੀ।
ਡੰਗਰ ਚਾਰਨ ਤੋਂ ਪਹਿਲਾਂ ਦੀ ਅਵਸਥਾ ਵਾਲ਼ੀ ਇਕ ਗੱਲ ਅਜੇ ਨਹੀ ਭੁੱਲਦੀ। ਢਾਣੀ ਦੇ ਮੁੰਡੇ ਸਾਰੇ ਹੀ ਮੇਰੇ ਨਾਲ਼ੋਂ ਵੱਡੀ ਉਮਰ ਦੇ ਤੇ ਸਰੀਰੋਂ ਵੀ ਤਕੜੇ ਹੀ ਹੋਇਆ ਕਰਦੇ ਸਨ ਜਿਨ੍ਹਾਂ ਨਾਲ਼ ਮੈ ਪਹਿਲਾਂ ਖੇਡਣ ਦੀ ਨਕਲ ਜਿਹੀ ਕਰਿਆ ਕਰਦਾ ਸਾਂ। ਇਕ ਦਿਨ ਮੈ ਉਹਨਾਂ ਨੂੰ ਆਪਣੇ ਵੱਲੋਂ ਜਾਣਕਾਰੀ ਦੇਣ ਵਜੋਂ ਇਹ ਗੱਲ ਸੁਣਾਈ: 
ਸਾਡਾ ਵਗੇ ਵੇਲਣਾ,
ਟੋਕਰੇ ਉਤੇ ਮੈ ਖਲੋਤਾ,
ਕੰਧ ਉਤੋਂ ਦੀ ਝਾਕਾਂ,
ਪਹੇ ਪਹੇ ਸ਼ੁਦਾਈ ਆਵੇ,
ਬੁਢੀਆਂ ਤਖ਼ਤੇ ਓਹਲੇ ਹੱਸਣ।
ਮੈਨੂੰ ਤਾਂ ਪਤਾ ਸੀ ਕਿ ਮੈ ਅੱਖੀਂ ਵੇਖਿਆ ਵਾਕਿਆ ਦੱਸ ਰਿਹਾ ਹਾਂ ਪਰ ਬਾਕੀਆਂ ਨੂੰ ਨਹੀ ਸੀ ਪਤਾ ਇਸ ਦੇ ਪਿੱਛੇ ਕੇਹੜੀ ਘਟਨਾ ਛੁਪੀ ਹੋਈ ਹੈ। ਇਹ ਗੱਲ ਮੁੰਡਿਆਂ ਨੂੰ ਏਨੀ ਅਜੀਬ ਜਿਹੀ ਅਤੇ ਦਿਲਚਸਪ ਲੱਗੀ ਕਿ ਕਈ ਦਿਨਾਂ ਤੱਕ ਉਹ ਮੇਰੇ ਕੋਲ਼ੋਂ ਇਹ ਗੱਲ ਜੋਰ ਦੇ ਦੇ ਕੇ ਸੁਣਦੇ ਰਹੇ ਤੇ ਸੁਣ ਕੇ ਖ਼ੂਬ ਹੱਸਿਆ ਵੀ ਕਰਨ; ਖੁਸ਼ ਹੋਇਆ ਕਰਨ ਤੇ ਮੁੜ ਮੁੜ ਸੁਣਿਆਂ ਕਰਨ। ਉਹਨਾਂ ਲਈ ਵਾਹਵਾ ਦਿਨ ਇਹ ਇਕ ਨਵਾਂ ਤੇ ਵਿੱਕੋਲਿਤਰਾ ਜਿਹਾ ਸ਼ੁਗਲ ਬਣਿਆ ਰਿਹਾ। ਮੈ ਵੀ ਜਿੰਨੀ ਵਾਰੀਂ ਕੋਈ ਆਖੇ ਓਨੀ ਵਾਰੀਂ ਹੀ ਸੁਣਾਈ ਜਾਇਆ ਕਰਾਂ। ਉਹਨਾਂ ਵਿਚ ਮੇਰੇ ਨਾਲੋਂ ਵੱਡੀ ਉਮਰ ਦੇ ਤਿੰਨ ਭਰਾ ਵੀ ਸਨ। ਉਹਨਾਂ ਵਿਚੋਂ ਸਭ ਤੋਂ ਵਡੇ ਨੇ ਇਕ ਦਿਨ ਪੁੱਛ ਲਿਆ, "ਓਇ, ਉਹ ਬੁਢੀਆਂ ਕੇਹੜੀਆਂ ਸੀ ਓਇ!" ਮੈ ਸਹਿਜ ਸੁਭਾ ਹੀ ਸੱਚ ਆਖ ਦਿਤਾ, "ਇਕ ਤਾਂ ਤੇਰੀ ... ਸੀ .....।" ਉਸ ਪਿਛੋਂ ਫੇਰ ਮੇਰੇ ਕੋਲ਼ੋਂ ਕਿਸੇ ਨੇ ਇਹ 'ਸਲੋਕ' ਸੁਣਨ ਲਈ ਫੁਰਮਾਇਸ਼ ਨਹੀ ਪਾਈ। ਅਜੇ ਵੀ ਉਹ ਦ੍ਰਿਸ਼ ਫਿਲਮ ਵਾਂਗ ਮੇਰੇ ਮਗਜ ਵਿਚ ਪਿਆ ਹੋਇਆ ਹੈ ਪਰ ਇਕ ਉਹਨਾਂ ਦੀ ਮਾਤਾ ਜੀ ਤੋਂ ਬਿਨਾ ਬਾਕੀ ਹੋਰ ਸਾਰੀਆਂ ਹੀ ਮਾਤਾਵਾਂ ਦੀ ਯਾਦ, ਯਾਦ ਵਿਚੋਂ ਕਿਰ ਚੁੱਕੀ ਹੈ।
ਘਟਨਾ ਇਉਂ ਘਟੀ : ਸਾਡੇ ਖੂਹ ਦੇ ਨਾਲ਼ੋਂ ਦੀ ਅੰਮ੍ਰਿਤਸਰੋਂ ਸ੍ਰੀ ਹਰਿ ਗੋਬਿੰਦਪੁਰ ਨੂੰ ਸੜਕ ਲੰਘਦੀ ਹੈ। ਸੜਕ ਤੋਂ ਸਾਡੇ ਤੇ ਵਿਚਕਾਰਲੇ ਖੂਹ ਦੇ ਵਿਚਕਾਰੋਂ ਜਿਹੇ ਪਿੰਡ ਨੂੰ ਪਹਿਆ ਜਾਂਦਾ ਸੀ। ਇਸ ਪਹੇ ਦੇ ਸ਼ੁਰੂ ਵਿਚ ਖੱਬੇ ਹੱਥ ਇਕ ਛਪੜੀ ਵੀ ਹੁੰਦੀ ਸੀ, ਜਿਥੇ ਕਿ ਹੁਣ ਪ੍ਰਾਇਮਰੀ ਸਕੂਲ ਮੌਜੂਦ ਹੈ। ਸੜਕੋਂ ਪਿੰਡ ਨੂੰ ਮੁੜਦਿਆਂ ਖੱਬੇ ਹੱਥ ਪੈਣ ਵਾਲ਼ੀ ਖਡੱਲ (ਨਾ ਵਰਤਿਆ ਜਾਣ ਵਾਲ਼ਾ ਖੂਹ) ਲੰਘ ਕੇ ਖੱਬੇ ਹੱਥ ਹੀ ਸਾਡੀ ਹਵੇਲੀ ਦਾ ਥਾਂ ਆਉਂਦਾ ਸੀ ਜਿਸ ਨੂੰ ਮੇਰੇ ਬਾਬਾ ਜੀ ਚਾਰ ਭਰਾਵਾਂ ਨੇ ਚੌਹੀਂ ਥਾਈਂ ਵੰਡ ਕੇ ਨਿੱਕੀਆਂ ਨਿੱਕੀਆਂ ਕੱਚੀਆਂ ਕੰਧਾਂ ਕਢੀਆਂ ਹੋਈਆਂ ਸਨ। ਇਸ ਪਹੇ ਦੇ ਸੱਜੇ ਪਾਸੇ ਗੁਰਦੁਆਰੇ ਦਾ ਬਾਗ ਸ਼ੁਰੂ ਹੋ ਜਾਂਦਾ ਸੀ। ਸਭ ਤੋਂ ਪਹਿਲਾਂ ਹਵੇਲੀ ਮੇਰੇ ਸਭ ਤੋਂ ਛੋਟੇ ਬਾਬਾ, ਸ. ਈਸਰ ਸਿੰਘ ਜੀ, ਦੀ ਆਉਂਦੀ ਸੀ ਤੇ ਉਸ ਤੋਂ ਬਾਆਦ ਸਾਡੀ ਹਵੇਲੀ ਸੀ। ਇਸ ਤਰ੍ਹਾਂ ਬਾਕੀ ਦੋਹਾਂ ਵੱਡੇ ਬਾਬਿਆਂ ਦੀਆਂ ਹਵੇਲੀਆਂ ਸਾਡੇ ਪਿਛਵਾੜੇ ਪੈਂਦੀਆਂ ਸਨ। ਬਾਅਦ ਵਿਚ ਸਾਡਾ ਟੱਬਰ ਤਿੰਨੀ ਥਾਈਂ ਵੰਡੇ ਜਾਣ ਪਿਛੋਂ ਮੇਰੇ ਦਾਦੀ ਜੀ, ਛੋਟੇ ਚਾਚਾ ਜੀ, ਛੋਟੇ ਪੜਦਾਦਾ ਜੀ, ਤੇ ਨਾਲ਼ ਹੀ ਦਾਦੀ ਜੀ ਦਾ ਸਭ ਤੋਂ ਵੱਡਾ ਪੋਤਾ ਹੋਣ ਕਰਕੇ, ਮੈ ਵੀ ਸ਼ਾਮਲ ਸਾਂ; ਇਹ ਹਵੇਲੀ ਸਾਡਾ ਘਰ ਬਣ ਚੁਕਿਆ ਸੀ। ਇਸ ਦਾ ਬੂਹਾ ਤੇ ਗੁਰਦੁਆਰੇ ਦਾ ਬੂਹਾ ਆਹਮੋ ਸਾਹਮਣੇ ਸਨ। ਹੁਣ ਸੜਕ ਤੋਂ ਸਭ ਤੋਂ ਪਹਿਲਾਂ, ਸੱਜੇ ਹੱਥ, ਮੇਰੇ ਕਜ਼ਨ ਚਾਚਾ ਸ. ਦਰਸ਼ਨ ਸਿੰਘ ਦੇ ਮੁੰਡਿਆਂ ਨੇ ਬਹੁਤ ਵੱਡਾ ਕੋਠੀ ਨੁਮਾ ਘਰ ਬਣਾ ਲਿਆ ਹੈ। ਇਹ ਥਾਂ ਪਹਿਲਾਂ ਪਿੰਡ ਵਿਚ 'ਆਧੀਆਂ' ਦਾ ਹੁੰਦਾ ਸੀ ਤੇ ਉਹ ਏਥੇ ਆਪਣੇ ਡੰਗਰ ਬੰਨ੍ਹਿਆ ਕਰਦੇ ਸਨ। ਉਸ ਤੋਂ ਬਾਅਦ ਖੱਬੇ ਹਥ ਆਉਣ ਵਾਲ਼ੀ ਛੋਟੇ ਬਾਬਾ ਜੀ ਦੀ ਹਵੇਲੀ ਵੀ ਵੱਡੇ ਬਾਬਾ ਜੀ ਦੇ ਪੁੱਤਰਾਂ ਅਰਥਾਤ ਮੇਰੇ ਕਜ਼ਨ ਚਾਚਿਆਂ ਨੇ ਆਪਣੇ ਘਰਾਂ ਵਿਚ ਸ਼ਾਮਲ ਕਰ ਲਈ ਹੈ। ਛੋਟੇ ਬਾਬਾ ਜੀ ਦਾ ਪਰਵਾਰ ਚਿਰ ਹੋਇਆ, ਯੂ. ਪੀ. ਚਲਿਆ ਗਿਆ ਸੀ।
ਸਾਡੇ ਵਾਲ਼ੀ ਹਵੇਲੀ ਦੀ ਪਹੇ ਦੇ ਨਾਲ਼ ਲੱਗਵੀ ਤੇ ਸੜਕੋਂ ਪਹਿਲੀ ਨੁੱਕਰ ਦੇ ਨੇੜੇ, ਕੰਧ ਤੋਂ ਅੰਦਰਵਾਰ ਇਕ ਟਾਹਲੀ ਹੁੰਦੀ ਸੀ ਤੇ ਇਸ ਟਾਹਲੀ ਦੀ ਛਾਵੇਂ ਟੋਕਾ ਤੇ ਨਾਲ਼ ਹੀ ਚੁੰਭੇ ਵਾਲ਼ਾ ਢਾਰਾ ਹੁੰਦਾ ਸੀ ਤੇ ਨੇੜੇ ਹੀ ਵੇਲਣਾ ਗੱਡਿਆ ਹੋਇਆ ਹੁੰਦਾ ਸੀ। ਏਥੇ ਸਿਆਲ ਨੂੰ ਕਮਾਦ ਪੀੜ ਕੇ ਗੁੜ ਬਣਾਇਆ ਜਾਂਦਾ ਸੀ। ਵੇਲਣਾ ਲੋਹੇ ਦੀਆਂ ਤਿੰਨ ਮੋਟੀਆਂ ਲੱਠਾਂ ਜਿਹੀਆਂ ਦਾ ਹੁੰਦਾ ਹੈ। ਇਕ ਮੋਹਰਲੀ ਦੂਜੀਆਂ ਦੋਹਾਂ ਨਾਲ਼ੋਂ ਜਰਾ ਕੁ ਪਤਲੀ ਹੁੰਦੀ ਹੈ। ਦੋਹਾਂ ਲੱਠਾਂ ਦੀ ਵਿਰਲ ਵਿਚ ਗੰਨਾ ਫਸਾਇਆ ਜਾਂਦਾ ਹੈ। ਜੁੱਤੇ ਹੋਏ ਪਸੂਆਂ ਦੀ ਜੋੜੀ ਦੇ ਤੁਰਨ ਨਾਲ਼ ਗੰਨਾ ਹੌਲ਼ੀ ਹੌਲ਼ੀ ਵੇਲਣੇ ਦੇ ਅੰਦਰ ਨੂੰ ਜਾ ਕੇ ਪੀੜੀਦਾ ਜਾਂਦਾ ਹੈ ਤੇ ਇਸ ਦਾ ਰਸ ਜਿਸ ਨੂੰ ਅਸੀਂ ਰਹੁ ਆਖਦੇ ਹਾਂ, ਥਲੇ ਰੱਖੇ ਘੜੇ ਜਾਂ ਪੀਪੇ ਵਿਚ ਪਈ ਜਾਂਦੀ ਹੈ। ਭਰਨ ਤੇ ਉਹ ਭਾਂਡਾ ਚੁੱਕ ਕੇ ਕੜਾਹੇ ਵਿਚ ਪਾ ਦਈਦਾ ਹੈ ਜੋ ਕਿ ਕੜ੍ਹਨ ਵਾਸਤੇ ਚੁੰਭੇ ਉਪਰ ਰਖਿਆ ਹੋਇਆ ਹੁੰਦਾ ਹੈ। ਮੇਰੀ ਸੰਭਾਲ਼ ਤੋਂ ਪਹਿਲਾਂ ਦੱਸਦੇ ਨੇ ਕਿ ਵੇਲਣਾ ਲੱਕੜ ਦਾ ਵੀ ਹੋਇਆ ਕਰਦਾ ਸੀ। ਕਿਸਾਨੀ ਲੋੜ ਵਾਲ਼ੇ ਲੋਹੇ ਦੇ ਸੰਦ ਬਟਾਲ਼ੇ ਸ਼ਹਿਰ ਵਿਚ ਬਣਿਆ ਕਰਦੇ ਸਨ ਤੇ ਓਥੋਂ ਹੀ ਖ਼ਰੀਦ ਕੇ ਇਹ ਲਿਆਂਦਾ ਗਿਆ ਸੀ; ਇਸ ਦੀ ਮੈਨੂੰ ਯਾਦ ਹੈ। ਮੇਰੇ ਵੱਡੇ ਚਾਚਾ ਜੀ ਸ. ਬਚਨ ਸਿੰਘ ਨੇ ਬਟਾਲ਼ੇ ਤੋਂ ਗੁੜ ਕਾੜ੍ਹਨ ਵਾਲ਼ਾ ਵੱਡਾ ਕੜਾਹਿਆ ਆਪਣੇ ਸਿਰ ਤੇ ਚੁੱਕ ਕੇ ਲਿਆਂਦਾ ਸੀ। ਮਾਲਵੇ ਤੇ ਬਾਂਗਰ ਵਿਚ ਵੇਲਣੇ ਨੂੰ ਕੁਲ੍ਹਾੜੀ ਵੀ ਆਖਦੇ ਹਨ।
ਸਿਆਲ ਦੀ ਰੁੱਤ ਸੀ। ਇਕ ਦਿਨ ਸਾਡਾ ਵੇਲਣਾ ਵਗਦਾ ਸੀ ਤੇ ਸੜਕ ਤੋਂ ਪਿੰਡ ਵੱਲ ਨੂੰ ਇਕ ਚੰਗੇ ਕੱਪੜੇ ਪਾਈ, ਹੱਥ ਵਿਚ ਖੂੰਡੀ ਫੜੀ, ਅਧ ਖੜ ਉਮਰ ਦਾ ਵਿਅਕਤੀ ਤੁਰਿਆ ਆਵੇ। ਉਹ ਐਵੇਂ ਹੀ ਆਪਣੇ ਆਪ ਨਾਲ਼ ਗੱਲਾਂ ਕਰੀ ਜਾਵੇ। ਸਾਡੀ ਟਾਹਲੀ ਵਾਲ਼ੀ ਨੁੱਕਰ ਦੇ ਨਾਲ਼ ਹੀ ਛੋਟੇ ਬਾਬਾ ਜੀ ਦੀ ਹਵੇਲੀ ਦਾ ਬੂਹਾ ਪਹੇ ਵੱਲ ਨੂੰ ਖੁਲ੍ਹਦਾ ਸੀ। ਸਾਡੇ ਸ਼ਰੀਕੇ ਵਿਚੋਂ ਲੱਗਦੀਆਂ ਕੁਝ ਇਸਤਰੀਆਂ, ਪਹੇ ਪਹੇ ਪਿੰਡੋਂ ਬਾਹਰ ਨੂੰ ਜਾ ਰਹੀਆਂ ਸਨ। ਇਹ ਤਕਰੀਬਨ ਸਾਰੀਆਂ ਹੀ ਮੇਰੀ ਦਾਦੀ ਮਾਂ ਜੀ ਦੀਆਂ ਦਰਾਣੀਆਂ ਦੇ ਥਾਂ ਜਾਂ ਕੁਝ ਨੂੰਹਾਂ ਦੇ ਥਾਂ ਲੱਗਦੀਆਂ ਸਨ। ਉਹ ਉਸ ਸ਼ਦਾਈ ਬੰਦੇ ਦੀਆਂ ਗੱਲਾਂ ਸੁਣ ਕੇ, ਉਸ ਦਰਵਾਜੇ ਦੇ ਤਖ਼ਤੇ ਪਿੱਛੇ ਲੁਕ ਕੇ ਆਪਣੇ ਮੂਹਾਂ ਤੇ, ਆਪਣੇ ਸਿਰ ਦੇ ਲੀੜਿਆਂ ਦੇ ਪੱਲੇ ਦੇ ਕੇ, ਆਪਸ ਵਿਚ ਹੱਸਣ। ਮੈ ਇਹ ਆਪਣੀ ਨਿੱਕੀ ਜਿਹੀ ਕੰਧ ਦੇ ਉਤੋਂ ਦੀ, ਮੂਧੇ ਪਏ ਟੋਕਰੇ ਦੇ ਉਤੇ ਖਲੋਤਾ, ਵੇਖ ਰਿਹਾ ਸਾਂ ਤੇ ਏਸੇ ਗੱਲ ਨੂੰ ਬੜੀ ਵੱਡੀ ਜਾਣਕਾਰੀ ਸਮਝ ਕੇ ਦੂਜੇ ਮੁੰਡਿਆਂ ਨੂੰ ਦੱਸ ਰਿਹਾ ਸਾਂ ਜੋ ਕਿ ਅੱਜ ਕਲ੍ਹ ਦੀ ਖੁਲ੍ਹੀ ਕਵਿਤਾ ਵਰਗੀਆਂ ਲਾਈਨਾਂ ਬਣ ਜਾਂਦੀਆਂ ਹਨ।

****

ਧੁੰਦਲੀ ਜਿਹੀ ਯਾਦ ਰੌਲ਼ਿਆਂ ਦੀ

ਉਨੀ ਸੌ ਸੰਤਾਲ਼ੀ ਵਿਚ, ਪਾਕਿਸਤਾਨ ਬਣਨ ਦੇ ਸਮੇ ਵਾਪਰੀਆਂ ਭਿਆਨਕ ਘਟਨਾਵਾਂ ਨੂੰ, ਮੇਰੇ ਪਿੰਡ ਦੇ ਲੋਕ 'ਰੌਲ਼ੇ' ਹੀ ਆਖਿਆ ਕਰਦੇ ਸਨ।

ਮਹੀਨਾ ਅਗੱਸਤ ਜਿਥੇ ਹਿੰਦੁਸਤਾਨ ਦੇ ਮੁੱਠੀ ਭਰ ਲੋਕਾਂ ਲਈ ਆਜ਼ਾਦੀ ਦੇ ਨਾਂ ਤੇ, ਰਾਜਤੰਤਰ ਉਪਰ ਕਬਜ਼ਾ ਕਰਕੇ, ਨਵੇਂ ਜ਼ਮਾਨੇ ਦੇ ਰਾਜੇ ਬਣਨ ਦਾ ਮੌਕਾ ਲੈ ਕੇ ਆਇਆ ਓਥੇ ਆਮ ਜਨਤਾ ਲਈ ਇਤਿਹਾਸ ਦਾ ਸਭ ਤੋਂ ਵੱਡਾ ਤੇ ਭਿਆਨਕ ਕਹਿਰ ਲਿਆਇਆ। ਇਸ ਬਾਰੇ ਹੁਣ ਤੱਕ ਬਹੁਤ ਕੁਝ ਕਿਹਾ, ਸੁਣਿਆ, ਸੁਣਾਇਆ, ਲਿਖਿਆ, ਲਿਖਾਇਆ, ਪੜ੍ਹਿਆ ਤੇ ਪੜ੍ਹਾਇਆ ਗਿਆ ਹੈ। ਮੈ ਏਥੇ ਸਿਰਫ ਆਪਣੀ ਇਕ ਧੁੰਦਲੀ ਜਿਹੀ ਯਾਦ ਹੀ ਦੁਹਰਾਉਣ ਲੱਗਾ ਹਾਂ। ਇਸ ਦੇਸ਼ ਦੀ ਵੰਡ ਨੇ ਨਾ ਤਾਂ ਮੁਸਲਮਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ ਤੇ ਨਾ ਹੀ ਬਾਕੀ ਬਚੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਕੋਈ ਖਾਸ ਅਮਨ ਚੈਨ ਮਿਲ਼ ਸਕਿਆ ਹੈ। ਕਾਗਜ਼ ਤੇ ਵਾਹੀ ਨਕਲੀ ਲੀਕ, ਵਾਹਗੇ ਤੋਂ ਪਾਰੋਂ ਹਿੰਦੂ ਸਿੱਖ ਕਿਵੇਂ ਏਧਰ ਆਏ ਤੇ ਏਧਰੋਂ ਮੁਸਲਮਾਨ ਕਿਵੇਂ ਓਧਰ ਗਏ, ਇਹ, ਮਨੁਖੀ ਇਤਿਹਾਸ ਵਿਚ ਹੁਣ ਤੱਕ ਹੋਈ ਸਭ ਤੋਂ ਭਿਆਨਕ ਅਤੇ ਦੁਖਦਾਈ ਟ੍ਰੈਜਡੀ, ਕਿਸੇ ਤੋਂ ਭੁੱਲੀ ਹੋਈ ਨਹੀ। ਸਵਾ ਛੇ ਦਹਾਕੇ ਤੋਂ ਵਧ ਸਮਾ ਬੀਤ ਜਾਣ ਤੇ ਵੀ, ਉਸ ਸਮੇ ਬਿਹਾਰ ਤੋਂ ਪੂਰਬੀ ਪਾਕਿਸਤਾਨ ਗਏ ਮੁਸਲਮਾਨ, ਅੱਜ ਵੀ ਦਰ ਬਦਰ ਰੁਲ਼ ਰਹੇ ਹਨ। ਜਾਨਾਂ ਜੋਖਮ ਵਿਚ ਪਾ ਕੇ ਬੰਗਲਾ ਦੇਸੋਂ ਹਿੰਦੁਸਤਾਨ ਤੇ ਫਿਰ ਹਿੰਦੁਸਤਾਨੋ ਪਾਕਿਸਤਾਨ ਵਿਚ, ਚੋਰੀਂ ਦਾਖ਼ਲ ਹੋਣ ਲਈ ਜੋ ਜੋ ਪਾਪੜ ਵੇਲ਼ ਰਹੇ ਹਨ, ਜਾਣਕਾਰ ਸੱਜਣ ਜਾਣਦੇ ਹਨ। ਉਹ ਜ਼ਾਲਮ ਠੱਗਾਂ ਹੱਥੋਂ ਹਰ ਪ੍ਰਕਾਰ ਦੀ ਲੁੱਟ ਦਾ ਸ਼ਿਕਾਰ ਹੋਣ ਦੇ ਨਾਲ਼ ਨਾਲ਼ ਗੋਲ਼ੀਆਂ ਦਾ ਵੀ ਸ਼ਿਕਾਰ ਬਣਦੇ ਹਨ। ਕੋਈ ਵਿਰਲੇ ਹੀ ਖ਼ੁਸ਼ਕਿਸਮਤ ਹੋਣਗੇ ਜੋ ਪਾਕਿਸਤਾਨ ਵਿਚ ਦਾਖ਼ਲ ਹੋ ਸਕਦੇ ਹੋਣਗੇ! ਅੱਗੇ ਪਾਕਿਸਤਾਨ ਵਿਚ ਜੇਹੜੀ ਮਾਸੀ ਪਰਾਉਂਠੇ ਪਕਾ ਕੇ ਉਹਨਾਂ ਦੀ ਉਡੀਕ ਕਰ ਰਹੀ ਹੈ, ਇਸ ਤੋਂ ਵੀ ਉਹ ਜਾਣੂ ਹੀ ਹਨ।
ਬਹੁਤਾ ਤੇ ਨਹੀ ਯਾਦ ਪਰ ਝੌਲ਼ਾ ਜਿਹਾ ਪੈਂਦਾ ਹੈ ਕਿ ਅੰਮ੍ਰਿਤਸਰੋਂ ਸ੍ਰੀ ਹਰਿ ਗੋਬਿੰਦਪੁਰ ਨੂੰ ਜਾਣ ਵਾਲ਼ੀ ਸੜਕ ਦੇ ਬਾਈਵੇਂ ਮੀਲ਼ ਤੇ ਮੌਜੂਦ, ਸਾਡੇ ਨਿਕੇ ਜਿਹੇ 'ਸੂਰੋ ਪੱਡਾ' ਨਾਮੀ ਪਿੰਡ ਵਿਚ ਤਿੰਨ ਘਰ ਮੁਸਲਮਾਨਾਂ ਦੇ ਸਨ। ਇਕ ਤੇਲੀਆਂ ਦਾ, ਦੂਜਾ ਮਰਾਸੀਆਂ ਦਾ ਤੇ ਤੀਜਾ ਲੁਹਾਰਾਂ ਦਾ। ਮਰਾਸੀ ਪਰਵਾਰ ਦੇ ਮੁਖੀ ਦਾ ਨਾਂ ਮੌਲੂ ਦੱਸਦੇ ਸਨ। ਆਖਦੇ ਨੇ ਕਿ ਓਦੋਂ ਕੋਈ ਸੋਚ ਵੀ ਨਹੀ ਸੀ ਸਕਦਾ ਕਿ ਲੋਕਾਂ ਨੂੰ ਇਸ ਤਰ੍ਹਾਂ ਭਾਜੜਾਂ ਪੈਣਗੀਆਂ। ਰਾਜ ਤਾਂ ਬਦਲਦੇ ਆ ਰਹੇ ਲੋਕਾਂ ਨੇ ਸੁਣੇ ਸਨ ਪਰ ਪਰਜਾ ਬਦਲੂਗੀ ਇਹ ਤਾਂ ਜਨ ਸਾਧਾਰਣ ਦੀ ਸੋਚੋਂ ਬਾਹਰੀ ਬਾਤ ਹੋਣ ਕਰਕੇ ਕਿਸੇ ਦੇ ਚਿਤ ਚੇਤੇ ਵਿਚ ਵੀ ਨਹੀ ਸੀ।
ਅੰਮ੍ਰਿਤਸਰੋਂ ਆ ਰਹੀ ਸੜਕ ਜੋ ਕਿ ਅੱਗੇ ਮਹਿਤੇ ਚੌਂਕ ਤੋਂ ਚਾਰ ਕਿਲੋ ਮੀਟਰ ਪਹਿਲਾਂ, ਐਨ ਸੜਕ ਦੇ ਉਪਰ ਸਾਡਾ ਖੂਹ ਹੁੰਦਾ ਸੀ। ਇਸ ਸੜਕ ਉਪਰ ਤਿੰਨ ਖੂਹ ਹੁੰਦੇ ਸਨ। ਨਾਥ ਦੀ ਖੂਹੀ ਵੱਲੋਂ ਇਕ ਮੀਲ ਤੇ, ਪਹਿਲਾ ਖੂਹ ਖੱਬੇ ਹੱਥ ਵਾਲਾ ਸਾਡੇ ਭਾਈਚਾਰੇ ਦਾ ਹੁੰਦਾ ਸੀ ਜਿਸ ਨੂੰ 'ਸੜਕ ਵਾਲ਼ਾ ਖੂਹ' ਆਖਦੇ ਸਨ ਜਿਥੇ ਕਿ ਹੁਣ ਸਕੂਲ ਬਣ ਚੁੱਕਿਆ ਹੈ। ਇਸ ਦੇ ਨਾਲ਼ੋਂ ਹੀ ਪਿੰਡ ਵਿਚ ਪ੍ਰਵੇਸ ਕਰਨ ਵਾਲ਼ਾ ਰਾਹ ਹੈ। ਇਸ ਤੋਂ ਅੱਗੇ ਸੜਕ ਦੇ ਸੱਜੇ ਪਾਸੇ ਵਾਰੋ ਵਾਰੀ ਦੋ ਖੂਹ ਆਉਂਦੇ ਸਨ। ਪਹਿਲੇ ਨੂੰ 'ਵਿਚਕਾਰਲਾ' ਤੇ ਏਸੇ ਤਰ੍ਹਾਂ ਦੂਜੇ ਦਾ ਵੀ ਕੋਈ ਨਾ ਹੋਵੇਗਾ ਪਰ ਮੇਰੀ ਬਚਗਾਨਾ ਸੋਚ ਵਿਚ ਉਸਦਾ ਨਾਂ 'ਬੋਤਲਾਂ ਵਾਲ਼ਾ ਖੂਹ' ਬੈਠਾ ਹੋਇਆ ਸੀ। ਸਾਡੇ ਚਾਚਾ ਜੀ ਖੂਹ ਦੀ ਜੋਗ ਹਿੱਕ ਰਹੇ ਸਨ ਤੇ ਅਸੀਂ ਤਿੰਨੇ: ਮੈ, ਮੇਰਾ ਛੋਟਾ ਭਰਾ ਭੀਰੋ (ਹੁਣ ਸੂਬੇਦਾਰ ਦਲਬੀਰ ਸਿੰਘ) ਤੇ ਚਾਚਾ ਜੀ ਦਾ ਪੁੱਤਰ ਮਨੋਹਰ (ਹੁਣ ਸ. ਮਨੋਹਰ ਸਿੰਘ) ਔਲ਼ੂ ਵਿਚ ਨਹਾ ਰਹੇ ਸਾਂ ਤੇ ਆਪਣੇ ਝੱਗੇ ਅਸਾਂ ਪਾਣੀ ਵਿਚ ਭੇਂ ਕੇ, ਧੁੱਪੇ ਸੁੱਕਣੇ ਪਾਏ ਹੋੇਏ ਸਨ। ਗਰਮੀਆਂ ਦੀ ਦੁਪਹਿਰ ਦਾ ਸਮਾ ਸੀ। ਕੀ ਵੇਖਦੇ ਹਾਂ ਕਿ ਅੰਮ੍ਰਿਤਸਰ ਵਾਲ਼ੇ ਪਾਸਿਉਂ ਸੜਕੇ ਸੜਕ ਕੋਈ ਬੰਦਾ 'ਆ ਗਏ, ਆ ਗਏ' ਕਰਦਾ ਨਠਾ ਆ ਰਿਹਾ ਸੀ। ਉਸ ਨੇ ਗਾਤਰੇ ਛੋਟੀ ਕ੍ਰਿਪਾਨ ਪਾਈ ਹੋਈ ਸੀ ਤੇ ਉਸ ਦਾ ਮੁਹਾਂਦਰਾ ਕੁਝ ਕੁਝ ਸਾਡੇ ਛੋਟੇ ਚਾਚਾ ਜੀ ਨਾਲ਼ ਮਿਲ਼ਦਾ ਜੁਲ਼ਦਾ ਸੀ। "ਆ ਗਏ, ਆ ਗਏ" ਦਾ ਮਤਲਬ ਸੀ ਕਿ ਮੁਸਲਮਾਨਾਂ ਦਾ ਹਜੂਮ ਲੁੱਟਣ ਕੁੱਟਣ ਲਈ ਆ ਰਿਹਾ ਹੈ; ਬਚ ਜਾਓ।
ਚਾਚਾ ਜੀ ਨੇ ਸਾਨੂੰ ਆਖਿਆ, "ਝੱਗੇ ਪਾ ਲਓ; ਘਰ ਨੂੰ ਚੱਲੀਏ।" ਮੈ ਆਖਿਆ, "ਝੱਗੇ ਤੇ ਗਿੱਲੇ ਨੇ।" ਉਹਨਾਂ ਨੇ ਆਖਿਆ, "ਗਿੱਲੇ ਸਗੋਂ ਚੰਗੇ ਨੇ।" ਇਸ ਦੇ ਮਤਲਬ ਦਾ ਨਹੀ ਪਤਾ ਕਿ ਉਹਨਾਂ ਨੇ ਇਹ ਕਿਉਂ ਆਖਿਆ। ਝੱਗੇ ਸਾਡੇ ਗਲ਼ਾਂ ਵਿਚ ਚਾਚਾ ਜੀ ਨੇ ਪਾ ਦਿਤੇ ਤੇ ਸਾਨੂੰ ਦੋਹਾਂ ਨੂੰ ਦੋਹਾਂ ਮੋਢਿਆਂ ਉਤੇ ਤੇ ਇਕ ਜਣੇ ਨੂੰ ਢਾਕੇ ਚੁੱਕ ਕੇ ਘਰ ਲੈ ਆਏ। ਪਿੰਡ ਦੀਆਂ ਬੁਢੀਆਂ ਬੱਚੇ ਕੋਠਿਆਂ ਉਪਰ ਚੜ੍ਹ ਕੇ ਮੇਰੇ ਵੱਡੀ ਚਾਚੀ ਜੀ ਦੇ ਪਿੰਡ ਵੱਲ ਵੇਖ ਰਹੇ ਸਨ। ਓਧਰੋਂ ਧੂੰਆਂ ਨਿਕਲ਼ਦਾ ਦਿਸ ਰਿਹਾ ਸੀ। ਇਹ ਸਾਡੇ ਪਿੰਡ ਤੋਂ ਦੋ ਮੀਲ ਦੀ ਦੂਰੀ ਉਤੇ, ਜ਼ਿਲਾ ਗੁਰਦਾਸਪੁਰ ਦੀ ਹੱਦ ਅੰਦਰ ਆਉਂਦਾ ਸੀ। ਇਸ ਪਿੰਡ ਦਾ ਨਾਂ ਹੈ ਵੈਰੋ ਨੰਗਲ਼। ਇਕੇ ਨਾਂ ਦੇ ਦੋ ਪਿੰਡ ਲਾਗੋ ਲਾਗੀ ਹਨ। ਪੁਰਾਣਾ ਵੈਰੋ ਨੰਗਲ਼ ਤੇ ਨਵਾਂ ਵੈਰੋ ਨੰਗਲ਼। ਦੋਹਵਾਂ ਪਿੰਡਾਂ ਦੇ ਵਿਚਕਾਰ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਇਤਿਹਾਸਕ ਗੁਰਦੁਅਰਾ, ਗੁਰੂਆਣਾ ਹੈ। ਬੰਦੇ ਸਿਰਾਂ ਤੇ ਮੜਾਸੇ ਮਾਰ ਕੇ, ਲੱਕਾਂ ਨੂੰ ਪਰਨਿਆਂ ਦੇ ਕਮਰਕੱਸੇ ਬੰਨ੍ਹ ਕੇ, ਬਰਛੇ ਤੇ ਕ੍ਰਿਪਾਨਾਂ ਲੈ ਕੇ ਅਤੇ ਗੁੜ ਦਾ ਸ਼ਰਬਤ ਪੀ ਕੇ, ਘਰਾਂ ਤੋਂ ਬਾਹਰ ਜਾ ਰਹੇ ਸਨ ਤਾਂ ਕਿ ਵੈਰੋ ਨੰਗਲ਼ ਨੂੰ ਜਾਇਆ ਜਾਵੇ। ਪਿਛੋਂ ਪਤਾ ਲੱਗਾ ਕਿ ਓਥੇ ਬਲੋਚ ਮਿਲਟਰੀ ਨੇ ਕੁਝ ਬੰਦੇ ਮਾਰ ਦਿਤੇ ਸਨ ਤੇ ਮੁਸਲਿਮ ਬਹੁਸੰਮਤੀ ਦੇ ਸ਼ਹਿਰ ਬਟਾਲ਼ੇ ਵਿਚ, ਗਿਰਦ ਨਿਵਾਹੀ ਦਾ ਇਕੱਠਾ ਹੋਇਆ ਮੁਸਲਿਮ ਮੁਲਖਈਆ ਵੀ ਏਧਰ ਨੂੰ ਚੜ੍ਹਿਆ ਆ ਰਿਹਾ ਸੀ ਤੇ ਰਸਤੇ ਵਿਚ ਆਉਣ ਵਾਲੇ ਪਿੰਡਾਂ ਨੂੰ ਤਬਾਹ ਕਰਦਾ ਆ ਰਿਹਾ ਸੀ। ਕੋਠਿਆਂ ਤੇ ਚੜ੍ਹੀਆਂ ਬੁਢੀਆਂ ਆਪਸ ਵਿਚ ਮੂੰਹ ਆਈਆਂ ਗੱਲਾਂ ਕਰ ਰਹੀਆਂ ਸਨ। ਕੋਈ ਕੁਝ ਬੋਲਦੀ ਸੀ ਤੇ ਕੋਈ ਕੁਝ। ਮੈਨੂੰ ਅੰਦਰ ਸੁਫੇ ਵਿਚ ਵਾੜ ਕੇ ਮੇਰੀ ਬੀਬੀ ਜੀ ਨੇ ਖੰਡ ਘਿਓ ਨਾਲ਼ ਰੋਟੀ ਖਾਣ ਨੂੰ ਦਿਤੀ ਸੀ। ਇਸ ਰਾਮ ਰੌਲ਼ੇ ਜਿਹੇ ਵਿਚ ਮੇਰਾ ਖਾਣ ਨੂੰ ਜੀ ਨਾ ਕਰੇ। "ਕੀ ਹੋ ਰਿਹਾ?" ਦੀ ਤਾਂ ਸਮਝ ਨਹੀ ਸੀ ਪਰ ਇਉਂ ਮਹਿਸੂਸ ਹੁੰਦਾ ਸੀ ਕਿ ਜੋ ਵੀ ਹੋ ਰਿਹਾ ਸੀ, ਕੁਝ ਚੰਗਾ ਜਿਹਾ ਨਹੀ ਹੋ ਰਿਹਾ।
ਬੰਦੇ ਪਿੰਡੋਂ ਬਾਹਰ ਜਾਈ ਜਾ ਰਹੇ ਸਨ। ਬੰਦਿਆਂ ਦਾ ਉਸ ਪਾਸੇ ਵੱਲ ਉਲਾਰ ਸੀ ਜਿਧਰ ਮਜ਼ਹਬੀਆਂ ਤੇ ਲੁਹਾਰਾਂ ਦੇ ਘਰ ਸਨ। ਉਸ ਪਾਸੇ ਹੀ ਵੈਰੋ ਨੰਗਲ਼ ਪਿੰਡ ਪੈਂਦਾ ਸੀ। ਪਿੰਡ ਦੀਆਂ ਇਸਤਰੀਆਂ ਕੋਠਿਆਂ ਤੇ ਖਲੋ ਕੇ ਉਸ ਪਾਸੇ ਵੱਲ ਵੇਖ ਰਹੀਆਂ ਸਨ। ਉਹਨਾਂ ਵਿਚੋਂ ਇਕ ਨੇ ਦੂਜੀ ਨੂੰ ਪੁੱਛਿਆ, "ਬੰਦੇ ਜਾਣਗੇ?" ਦੂਜੀ ਨੇ ਆਖਿਆ, "ਘੋੜੀਆਂ ਵਾਲ਼ੇ ਜਾਣਗੇ, ਸਾਰੇ ਨਹੀ।" ਤਿਆਰ ਹੋ ਕੇ ਤੇ ਸ਼ਰਬਤ ਪੀ ਕੇ ਘਰੋਂ ਬਾਹਰ ਜਾਣ ਵਾਲ਼ਿਆਂ ਵਿਚ ਮੇਰੇ ਭਾਈਆ ਜੀ ਤੇ ਚਾਚਾ ਜੀ ਵੀ ਸਨ। ਮੇਰੀ ਯਾਦ ਅਨੁਸਾਰ ਭਾਈਆ ਜੀ ਪਾਸ ਕ੍ਰਿਪਾਨ ਤੇ ਚਾਚਾ ਜੀ ਦੇ ਹੱਥ ਵਿਚ ਬਰਛਾ ਫੜਿਆ ਹੋਇਆ ਸੀ ਤੇ ਲੱਕ ਦੋਹਾਂ ਦੇ ਪਰਨਿਆਂ ਨਾਲ਼ ਬਧੇ ਹੋਏ ਸਨ ਤੇ ਸਿਰਾਂ ਤੇ ਮੜਾਸੇ ਵੀ ਕੀਤੇ ਹੋਏ ਸਨ। ਛੋਟੇ ਚਾਚਾ ਜੀ ਉਸ ਸਮੇ ਪਿੰਡ ਵਿਚ ਨਹੀ ਸਨ ਤੇ ਸ਼ਾਇਦ ਦਾਦੀ ਮਾਂ ਜੀ ਵੀ ਆਪਣੇ ਪੇਕੀਂ, ਰਿਆਸਤ ਕਪੂਰਥਲਾ ਦੇ ਪਿੰਡ, ਸੰਗੋਜਲੇ ਗਏ ਹੋਏ ਹੋਣਗੇ ਤਾਂ ਹੀ ਤਾਂ ਇਸ ਸਮੇ ਉਹ ਮੇਰੀ ਯਾਦ ਵਿਚ ਨਹੀ ਆ ਰਹੇ। ਵੈਸੇ ਓਹਨੀਂ ਦਿਨੀਂ ਬਾਹਰੋਂ ਕੋਈ ਮਿਸਤਰੀ ਸੱਦ ਕੇ, ਸਾਡੇ ਘਰ ਵੱਲ ਨੂੰ ਜਾਣ ਵਾਲ਼ੀ ਗਲ਼ੀ ਦੇ ਵਿਚਕਾਰ ਪੈਣ ਵਾਲ਼ੇ ਮੋੜ ਉਤੇ, ਝੀਰਾਂ ਦੀ ਭੱਠੀ ਵਾਲ਼ੇ ਥਾਂ ਕ੍ਰਿਪਾਨਾਂ ਤੇ ਬਰਛੇ ਵੀ ਬਣਵਾਏ ਜਾ ਰਹੇ ਸਨ। ਮੇਰੇ ਬਾਬਾ ਜੀ ਦੇ ਸਭ ਤੋਂ ਛੋਟੇ ਭਰਾ, ਬਾਪੂ ਈਸ਼ਰ ਸਿੰਘ ਜੀ, ਕੋਲ਼ ਗੰਡਾਸਾ ਹੁੰਦਾ ਸੀ ਜੋ ਉਹ ਹਵੇਲੀ ਵਿਚ ਤੂੜੀ ਵਾਲ਼ੇ ਅੰਦਰ, ਤੂੜੀ ਵਿਚ ਲੁਕਾ ਕੇ ਰੱਖਦੇ ਸੀ। ਸਾਡੇ ਖੂਹ ਦੇ ਲਾਗੋਂ ਸੜਕ ਤੋਂ ਪਿੰਡ ਨੂੰ ਆਉਣ ਵਾਲ਼ੇ ਰਾਹ ਅਰਥਾਤ ਪਹੇ ਵਿਚ ਟੋਆ ਵੀ ਪੁੱਟਿਆ ਹੋਇਆ ਹੁੰਦਾ ਸੀ ਤਾਂ ਕਿ ਕੋਈ ਦੁਸ਼ਮਣ ਕਿਸੇ ਗੱਡੇ/ਗੱਡੀ ਉਪਰ ਚੜ੍ਹ ਕੇ ਪਿੰਡ ਵਿਚ ਨਾ ਆ ਵੜੇ। ਗਵਾਂਢੀ ਵੱਡੇ ਪਿੰਡ ਨੰਗਲ਼ ਦੇ ਕੁਝ ਲੋਕ ਘੋੜੀਆਂ ਤੇ ਚੜ੍ਹ ਕੇ, ਇਕ ਤੋਂ ਵਧ ਵਾਰੀਂ ਸਾਡੇ ਪਿੰਡ ਆਏ। ਉਹ ਆਖਦੇ ਸਨ ਕਿ ਸਾਡੇ ਪਿੰਡ ਵਾਲ਼ੇ ਮੁਸਲਮਾਨ ਉਹਨਾਂ ਦੇ ਹਵਾਲੇ ਕਰ ਦਿਤੇ ਜਾਣ ਤਾਂ ਕਿ ਉਹ ਉਹਨਾਂ ਨੂੰ ਮਾਰ ਸਕਣ। ਉਹ ਪਿੰਡ ਬਹੁਤ ਵੱਡਾ ਤੇ ਬੰਦੇ ਤਕੜੇ ਹੋਣ ਕਰਕੇ, ਸਾਡੇ ਪਿੰਡ ਵਾਲ਼ੇ ਜੋਰ ਨਾਲ਼ ਤਾਂ ਉਹਨਾਂ ਨੂੰ ਰੋਕ ਨਹੀ ਸਨ ਸਕਦੇ ਪਰ ਮਿੰਨਤਾਂ-ਤਰਲੇ, ਲੋਲੋ-ਪੋਪੋ ਤੇ ਇਕਰਾਰਾਂ ਨਾਲ਼ ਉਹਨਾਂ ਨੂੰ ਮੋੜ ਦਿੰਦੇ ਰਹੇ। ਆਖਣਾ ਕਿ ਅਸੀਂ ਪੰਚਾਇਤ ਨਾਲ਼ ਸਲਾਹ ਕਰਕੇ ਇਹਨਾਂ ਨੂੰ ਤੁਹਾਡੇ ਹਵਾਲੇ ਕਰ ਦਿਆਂਗੇ। ਅੰਤ ਨੂੰ ਵਾਹ ਨਾ ਚੱਲਦੀ ਵੇਖ ਕੇ ਇਕ ਰਾਤ ਨੂੰ ਪਿੰਡ ਵਾਲ਼ੇ ਚੁਪ ਚੁਪੀਤੇ ਹੀ ਉਹਨਾਂ ਨੂੰ ਪਾਕਿਸਤਾਨ ਨੂੰ ਜਾਣ ਵਾਲੇ ਕਾਫ਼ਲੇ ਵਿਚ ਛੱਡ ਆਏ ਤੇ ਇਸ ਤਰ੍ਹਾਂ ਆਪਣੇ ਪਿੰਡ ਵਿਚ ਅੱਖਾਂ ਦੇ ਸਾਹਮਣੇ ਖ਼ੂਨ ਖ਼ਰਾਬਾ ਹੋ ਜਾਣ ਤੋਂ ਬਚਾ ਲਿਆ।
ਇਹਨਾਂ ਦਿਨਾਂ ਵਿਚ ਹੀ ਇਕ ਰਾਤ ਸਾਡੇ ਪਰਵਾਰ ਦੇ ਬੱਚੇ ਤੇ ਬੀਬੀਆਂ ਮੁਸਲਮਾਨਾਂ ਦੇ ਕਿਸੇ ਸੰਭਾਵੀ ਹਮਲੇ ਤੋਂ ਡਰਦਿਆਂ, ਓਸੇ ਪਿੰਡ ਅਰਥਾਤ ਨੰਗਲ਼ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਾਤ ਨੂੰ ਚਲੇ ਗਏ। ਮੈਨੂੰ ਯਾਦ ਹੈ ਰਾਤ ਨੂੰ ਅਸੀਂ ਸਾਰੇ ਕੋਠੇ ਉਤੇ ਸੁੱਤੇ ਸਾਂ। ਵੱਡੇ ਤਾਰੇ ਝਿਲਮਿਲ਼ ਝਿਲਮਿਲ ਕਰਦੇ ਤੇ ਛੋਟੇ ਟਿਮ ਟਿਮਾਂਦੇ ਮੈਨੂੰ ਬੜੇ ਸੋਹਣੇ ਲੱਗ ਰਹੇ ਸਨ। ਸਵੇਰੇ ਜਦੋਂ ਜਾਗ ਆਈ ਤਾਂ ਅਸੀਂ ਸਾਰੇ ਘਰ ਦੇ ਅੰਦਰ ਸਾਂ ਤੇ ਬਾਹਰ ਮੀਹ ਪੈ ਰਿਹਾ ਸੀ। ਰਾਤ ਕਿਸੇ ਵੇਲ਼ੇ ਮੀਹ ਆਇਆ ਹੋਵੇਗਾ ਤੇ ਸਾਨੂੰ ਥੱਲੇ ਉਤਾਰ ਲਿਆ ਗਿਆ ਹੋਵੇਗਾ। ਉਹ ਸਾਰਾ ਦਿਨ ਅਸੀਂ ਸਾਰੇ ਬੱਚੇ ਤੇ ਉਸ ਘਰ ਦੇ ਬੱਚੇ ਰਲ਼ ਕੇ ਘਰ ਦੇ ਅੰਦਰ ਹੀ ਖੇਡਦੇ ਰਹੇ। ਕਦੋਂ ਤੇ ਕਿਵੇਂ ਆਪਣੇ ਪਿੰਡ ਵਾਪਸ ਮੁੜੇ, ਕੁਝ ਵੀ ਯਾਦ ਨਹੀ।
ਇਹ ਸੀ ਮੇਰੇ ਬਾਲ ਮਨ ਦੇ ਕਿਸੇ ਖੂੰਜੇ ਵਿਚ ਪਈ ਉਸ ਸਮੇ ਦੀ ਯਾਦ। ਮੇਰੀਆਂ ਅਜਿਹੀਆਂ ਝੱਲ-ਵਲੱਲੀਆਂ ਜਿਹੀਆਂ ਗੱਲਾਂ ਸੁਣ ਸੁਣ ਕੇ ਇਕ ਦਿਨ ਮੇਰੀ ਬੀਬੀ (ਮਾਂ) ਜੀ ਨੇ ਆਖਿਆ ਸੀ, "ਇਹ ਤੇ ਬਾਬੇ ਆਦਮ ਵੇਲ਼ੇ ਦੀਆਂ ਗੱਲਾਂ ਕਰਦਾ!"

****

ਆਪਣੀ ਕਹਾਣੀ

ਜਨਮ

ਗੁਰੂ ਕੀ ਨਗਰੀ, ਅੰਮ੍ਰਿਤਸਰ ਤੋਂ, ਸ੍ਰੀ ਹਰਿ ਗੋਬਿੰਦਪੁਰ ਨੂੰ ਜਾਣ ਵਾਲ਼ੀ ਸੜਕ ਦੇ ਉਤੇ, ਬਾਈਵੇਂ ਮੀਲ ਅਤੇ ਮਹਿਤਾ ਚੌਂਕ ਤੋਂ ਚਾਰ ਕਿਲੋ ਮੀਟਰ ਪਹਿਲਾਂ, ਇਕ ਨਿੱਕਾ ਜਿਹਾ ਪਿੰਡ ਹੈ, ਸੂਰੋ ਪੱਡਾ। ਇਸ ਦੇ ਚਾਰ ਪਾਸੇ ਹਨ: ਤਿੰਨ ਜੱਟਾਂ ਦੇ ਤੇ ਇਕ ਮਜ਼ਹਬੀਆਂ ਦਾ। ਮੇਰੇ ਚਾਚਾ ਸ. ਬਚਨ ਸਿੰਘ ਜੀ ਨੇ ਇਕ ਵਾਰੀਂ ਦੱਸਿਆ ਸੀ ਕਿ ਮੁਰੱਬੇਬੰਦੀ ਸਮੇ, ਪੁਰਾਣੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਪਤਾ ਨਹੀ ਕਿੰਨੀਆਂ ਸਦੀਆਂ ਪਹਿਲਾਂ, ਜਿਲਾ ਜਲੰਧਰ ਅਤੇ ਕਪੂਰਥਲਾ ਦੀ ਹੱਦ ਉਪਰ ਵਸੇ ਪਿੰਡ, ਦਿਆਲਪੁਰ ਤੋਂ, ਸਾਡੇ ਬਜ਼ੁਰਗ ਨੇ ਆ ਕੇ ਇਹ ਪਿੰਡ, ਇਕ ਮੀਲ ਤੇ ਸਥਿਤ, ਵੱਡੇ ਪਿੰਡ ਨੰਗਲ਼ ਦੀ ਜ਼ਮੀਨ ਤੇ ਵਸਾਇਆ ਸੀ। ਇਸ ਪਿੰਡ ਦੇ ਇਕ ਪਾਸੇ ਮਲਕ ਮੰਗਲ, ਉਦੋ ਨੰਗਲ, ਫਿਰ ਜ਼ਿਲਾ ਗੁਰਦਾਸਪੁਰ ਵਿਚ ਪੈਣ ਵਾਲਾ ਬੂੜੇ ਨੰਗਲ਼, ਅਤੇ ਮੇਰੇ ਚਾਚੀ ਜੀ ਦਾ ਪਿੰਡ ਵੈਰੋ ਨੰਗਲ਼ (ਦੋਵੇਂ), ਅੱਗੇ ਮਾਂਗਾ, ਫਿਰ ਚੰਨਣ ਕੇ, ਨਾਥ ਵਾਲ਼ੀ ਖੂਹੀ, ਜਲਾਲ, ਉਸਮਾ, ਨਵਾਬਪੁਰਾ, ਘਵਾਟਵਿੰਡ ਦੇ ਵਿਚਾਲੇ ਇਹ ਪਿੰਡ ਵਾਕਿਆ ਹੈ ।ਇਸ ਦਾ ਜ਼ਿਲਾ ਅੰਮ੍ਰਿਤਸਰ ਹੈ। ਦੱਸਦੇ ਨੇ ਕਿ ਇਸ ਪਿੰਡ ਵਿਚ ਪਾਕਿਸਤਾਨ ਬਣਨ ਤੋਂ ਪਹਿਲਾਂ ਤਿੰਨ ਘਰ ਮੁਸਲਮਾਨਾਂ ਦੇ ਵੀ ਹੁੰਦੇ ਸਨ: ਇਕ ਲੁਹਾਰਾਂ ਦਾ, ਇਕ ਤੇਲੀਆਂ ਦਾ ਤੇ ਇਕ ਮਰਾਸੀਆਂ ਦਾ, ਜੋ ਕਿ ਪਾਕਿਸਤਾਨ ਚਲੇ ਗਏ। ਓਧਰੋਂ ਇਕ ਘਰ ਹਿੰਦੂ ਖੱਤਰੀਆਂ ਦਾ ਪਿੰਡ ਆ ਵਸਿਆ ਜਿਸ ਦੇ ਦੋਹਾਂ ਭਰਾਵਾਂ ਨੇ ਦੋ ਹੱਟੀਆਂ ਪਾ ਲਈਆ, ਨਹੀ ਤਾਂ ਪਹਿਲਾਂ ਨੰਗਲ਼ ਦਾ ਦਾਦਾ ਬ੍ਰਾਹਮਣ ਹੀ ਏਥੇ ਆ ਕੇ ਹੱਟੀ ਕਰਿਆ ਕਰਦਾ ਸੀ।
ਦੂਜੀ ਸੰਸਾਰ ਜੰਗ ਦੇ ਭਖਵੇਂ ਯੁਧ ਸਮੇ, ਇਸ ਨਿੱਕੇ ਜਿਹੇ ਪਿੰਡ ਵਿਚ, 1943 ਦੇ ਜੁਲਾਈ ਮਹੀਨੇ ਦੀ 11 ਤਰੀਕ ਨੂੰ, ਮਾਤਾ ਜਸਵੰਤ ਕੌਰ ਜੀ ਤੇ ਪਿਤਾ ਭਾਈ ਗਿਆਨ ਸਿੰਘ ਜੀ ਦੇ ਗ੍ਰਿਹ ਵਿਖੇ, ਰੱਬ ਦੀ ਰਜਾ ਅਨੁਸਾਰ, ਇਸ ਦੁਨੀਆ ਵਿਚ ਮੈ ਵੀ ਉਤਰ ਆਇਆ। (ਇਹ ਹੁਣ ਯਾਦ ਨਹੀ ਰਿਹਾ ਕਿ ਉਸ ਸਮੇ ਦੇ ਰਿਵਾਜ ਅਨੁਸਾਰ ਮੈ ਆਪਣੇ ਨਾਨਕੇ ਪਿੰਡ ਉਦੋਕੇ ਵਿਚ ਜੰਮਿਆ ਸਾਂ ਜਾਂ ਕਿ ਏਥੇ। ਉਸ ਸਮੇ ਦੇ ਰਿਵਾਜ਼ ਅਨੁਸਾਰ ਨਾਨਕੇ ਪਿੰਡ ਹੀ ਜੰਮਣ ਦੀ ਜ਼ਿਆਦਾ ਸੰਭਾਵਨਾ ਹੈ।) ਜਨਮ ਦੀ ਮਾਤਾ ਤਾਂ ਭਾਵੇਂ ਜਸਵੰਤ ਕੌਰ ਜੀ ਸਨ ਪਰ ਪਾਲ਼ਿਆ ਦਾਦੀ ਮਾਂ ਇੰਦਰ ਕੌਰ ਜੀ ਨੇ ਸੀ। ਘਰ ਵਿਚ ਉਸ ਸਮੇ ਪੜਦਾਦਾ ਜੀ ਸ. ਵਧਾਵਾ ਸਿੰਘ ਜੀ ਤੇ ਉਹਨਾਂ ਦੇ ਛੋਟੇ ਭਰਾ ਅਰਥਾਤ ਛੋਟੇ ਪੜਦਾਦਾ ਜੀ, ਸ. ਕੇਸਰ ਸਿੰਘ ਜੀ ਤੇ ਘਰ ਦੀ ਮੁਖਤਾਰ ਦਾਦੀ ਮਾਂ ਇੰਦਰ ਕੌਰ ਜੀ, ਪਿਤਾ ਭਾਈ ਗਿਆਨ ਸਿੰਘ ਜੀ, ਚਾਚਾ ਸ. ਬਚਨ ਸਿੰਘ ਜੀ, ਚਾਚਾ ਸ. ਕੁੰਦਨ ਸਿੰਘ ਜੀ, ਵਿਆਹੀ ਜਾ ਚੁੱਕੇ ਭੂਆ ਜੀ ਚਰਨ ਕੌਰ, ਮਾਂ ਜਸਵੰਤ ਕੌਰ ਜੀ, ਚਾਚੀ ਤੇਜ ਕੌਰ ਜੀ ਤੇ ਕੁਝ ਸਾਲਾਂ ਪਿਛੋਂ ਦੂਜੇ ਚਾਚੀ ਜੀ ਸ਼ਿੰਦੋ ਜੀ ਤੇ ਛੋਟੇ ਭਰਾ ਭੈਣਾਂ ਤੇ ਚਚੇਰੇ ਭੈਣ ਭਰਾ। ਸਤਿਕਾਰ ਯੋਗ ਬਾਬਾ ਜੀ, ਸ. ਅਮਰ ਸਿੰਘ ਹੋਰੀਂ ਜਵਾਨੀ ਵੇਲ਼ੇ ਹੀ ਚਾਲੇ ਪਾ ਗਏ ਸਨ। ਉਹਨਾਂ ਦੇ ਦੋ ਵੱਡੇ ਭਰਾ ਸ. ਭਾਨ ਸਿੰਘ ਜੀ, ਹੌਲਦਾਰ ਹਰਨਾਮ ਸਿੰਘ ਜੀ ਤੇ ਇਕ ਛੋਟੇ ਭਰਾ ਸ. ਈਸ਼ਰ ਸਿੰਘ ਜੀ, ਆਪਣੇ ਪਰਵਾਰਾਂ ਸਮੇਤ ਨਾਲ਼ ਲੱਗਵੇਂ ਘਰਾਂ ਵਿਚ ਵੱਖਰੇ ਰਹਿੰਦੇ ਸਨ। ਘਰ ਸਾਡਾ ਪਹਿਲਾਂ ਪਿੰਡ ਦੇ ਐਨ ਵਿਚਕਾਹੇ, ਜਿੱਥੇ ਜਾ ਕੇ ਗਲ਼ੀ ਮੁਕ ਜਾਂਦੀ ਸੀ, ਓਥੇ ਸੀ ਤੇ ਫਿਰ ਅਸੀਂ ਪਿੰਡੋਂ ਬਾਹਰਵਾਰ ਆਪਣੀ ਹਵੇਲੀ, ਜਿਸ ਦਾ ਬੂਹਾ ਬਿਲਕੁਲ ਪਿੰਡ ਵਿਚਲੇ ਗੁਰਦੁਆਰੇ ਦੇ ਬੂਹੇ ਨੂੰ ਸਾਹਮਣਾ ਸੀ, ਆ ਕੇ ਰਹਿਣ ਲੱਗ ਪਏ ਸਾਂ।
ਆਪਣੀ ਪੀਹੜੀ ਦਾ ਸਭ ਤੋਂ ਪਲੇਠੀ ਦਾ ਬੱਚਾ ਤੇ ਫਿਰ ਰੱਜੇ ਪੁੱਜੇ ਘਰ ਵਿਚ, ਦਾਦੀ ਮਾਂ ਜੀ ਦੀ ਘਰ ਵਿਚ ਸਚਿਆਰੀ ਮੁਖਤਿਆਰੀ ਦੌਰਾਨ ਪੈਦਾ ਹੋਣ ਕਰਕੇ, ਖ਼ੁਸ਼ੀਆਂ ਤੇ ਆਮ ਨਾਲ਼ੋਂ ਵਧ ਹੀ ਹੋਈਆਂ ਹੋਣਗੀਆਂ ਜਿੰਨ੍ਹਾਂ ਨੂੰ ਮੈ ਖ਼ੁਦ ਤਾਂ ਯਾਦ ਨਹੀ ਕਰ ਸਕਦਾ ਤੇ ਨਾ ਹੀ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਵਾਂਗ ਕਲਪਨਾ ਦੇ ਸਹਾਰੇ ਬਿਆਨ ਕਰ ਸਕਦਾ ਹਾਂ। ਏਨਾ ਕੁ ਯਾਦ ਹੈ ਕਿ ਮੇਰੇ ਵਾਸਤੇ ਲੱਕੜ ਦਾ ਇਕ ਗੱਡਾ ਖਿਡਾਉਣੇ ਦੇ ਰੂਪ ਵਿਚ ਪਿੰਡ ਦੇ ਮੁਸਲਮਾਨ ਲੁਹਾਰ ਤੋਂ ਬਣਵਾਇਆ ਗਿਆ ਸੀ ਜਿਸ ਵਿਚ ਮੈ ਬੈਠ ਸਕਦਾ ਸਾਂ ਤੇ ਉਸ ਨੂੰ ਰੇਹੜਿਆ ਵੀ ਜਾ ਸਕਦਾ ਸੀ। ਓਹੀ ਗੱਡਾ ਫਿਰ ਮੇਰੇ ਚਾਚੇ ਦੇ ਪੁੱਤਰ, ਮਨੋਹਰ ਸਿੰਘ ਤੇ ਫਿਰ ਮੇਰੇ ਛੋਟੇ ਭਰਾ, ਦਲਬੀਰ ਸਿੰਘ ਦੇ ਕੰਮ ਵੀ ਆਇਆ। ਮੈਨੂੰ ਨਹੀ ਯਾਦ ਕਿ ਮੇਰੇ ਪਿੰਡ ਦੇ ਹੋਰ ਕਿਸੇ ਬੱਚੇ ਨੂੰ ਅਜਿਹਾ ਕੁਝ ਵੀ ਨਸੀਬ ਹੋਇਆ ਹੋਵੇ!
ਜਦੋਂ ਦੀ ਮੈਨੂੰ ਸਮਝ ਆਉਣ ਲੱਗੀ ਹੈ ਓਦੋਂ ਸਾਡਾ ਪਰਵਾਰ ਮੇਰੀ ਸੂਝਵਾਨ ਦਾਦੀ ਜੀ ਦੀ ਘਰੇਲੂ ਅਗਵਾਈ ਹੇਠ ਪਿੰਡ ਵਿਚ ਸਭ ਤੋਂ ਵਧ ਖਾਂਦਾ ਪੀਂਦਾ ਸੀ। ਭਾਈਏ ਹੋਰੀਂ ਤਿੰਨ ਭਰਾ, ਦੋ ਉਹਨਾਂ ਦੇ ਬਾਬੇ, ਨਾਲ਼ ਇਕ ਮਜ਼ਹਬੀ ਰੱਖਦੇ ਸਨ ਤੇ ਇਸ ਤਰ੍ਹਾਂ ਵਾਹੀ ਦਾ ਚੰਗਾ ਠਕ ਠਕਾ ਚੱਲਦਾ ਸੀ। ਛੋਟੇ ਪੜਦਾਦਾ ਜੀ ਦੀ ਕੁਝ ਪੈਨਸ਼ਨ ਵੀ ਆਉਂਦੀ ਸੀ ਜਿਸ ਸਦਕਾ ਛੋਟੇ ਮੋਟੇ ਕਾਰਜ ਸੁਖੈਨਤਾ ਨਾਲ਼ ਹੀ ਰਾਸ ਹੁੰਦੇ ਰਹਿੰਦੇ ਸਨ। 
ਫਿਰ ਸਮਾ ਆਇਆ ਅੱਡ ਹੋ ਜਾਣ ਦਾ। ਭਾਵੇਂ ਕਿ ਦਾਦੀ ਮਾਂ ਜੀ ਨੇ ਬੜਾ ਹੀ ਯਤਨ ਕੀਤਾ ਪਰਵਾਰ ਨੂੰ ਇਕ ਮੁਠ ਰੱਖਣ ਦਾ ਪਰ ਇਕ ਸਮਾ ਅਜਿਹਾ ਆ ਹੀ ਜਾਂਦਾ ਹੈ ਜਦੋਂ ਕਿ ਹਰੇਕ ਵੱਡੇ ਪਰਵਾਰ ਨੇ ਛੋਟੇ ਯੂਨਿਟਾਂ ਵਿਚ ਵੰਡੇ ਹੀ ਜਾਣਾ ਹੁੰਦਾ ਹੈ। ਭਾਵੇਂ ਕਿ ਅਸੀਂ ਸਾਰੇ ਹੀ ਇਹ ਭਲੀ ਭਾਂਤ ਜਾਣਦੇ ਹਾਂ ਕਿ ਇਕਠੇ ਵੱਡੇ ਪਰਵਾਰ ਨਾਲ਼ ਦੇ ਲਾਭ ਵੱਖ ਹੋ ਕੇ ਨਹੀ ਮਿਲ਼ ਸਕਦੇ ਪਰ ਇਹਨਾਂ ਸਾਰੇ ਲਾਭਾਂ ਦੇ ਮੁਕਾਬਲੇ ਨਿਜੀ ਆਜ਼ਾਦੀ ਸਭ ਤੋਂ ਭਾਰੂ ਹੋ ਜਾਂਦੀ ਹੈ। "ਸੁਕ ਪੁਕੇ ਨਾਲ਼ ਦੀ ਰੀਸ ਨਹੀ ਪਰ ਮੀਹ ਤੋਂ ਬਿਨਾ ਸਰਦਾ ਨਹੀ।" ਜੇਕਰ ਕੋਈ ਜਥੇਬੰਦੀ, ਦੇਸ਼, ਪਰਵਾਰ, ਧਰਮ ਇਕੱਠਾ ਹੈ ਤਾਂ ਸਿਰਫ ਡੰਡੇ ਦੇ ਜੋਰ ਹੀ ਇਕਠਾ ਹੋਇਆ ਸੀ ਤੇ ਇਸ ਦੇ ਜੋਰ ਨਾਲ਼ ਹੀ ਕਾਇਮ ਰੱਖਿਆ ਜਾ ਸਕਦਾ ਹੈ। ਹੋਰ ਕੋਈ ਵੀ ਚਾਰਾ ਨਹੀ। ਹਰੇਕ ਇਕ ਦੂਜੇ ਤੋਂ ਆਜ਼ਾਦ ਰਹਿਣਾ ਚਾਹੁੰਦਾ ਹੈ। ਕੋਈ ਵੀ ਨਹੀ ਚਾਹੁੰਦਾ ਕਿ ਕੋਈ ਹੋਰ ਉਸ ਨੂੰ ਹਿਦਾਇਤ ਦੇਵੇ ਤੇ ਕਿਸੇ ਪਾਸੋਂ ਪੁੱਛ ਕੇ ਹੀ ਤੁਰਨਾ ਪਵੇ ਜਾਂ ਕਿਸੇ ਦੀ ਆਗਿਆ ਨਾਲ਼ ਕੋਈ ਖ਼ਰਚ ਜਾਂ ਕੰਮ ਕਰਨ ਦੀ ਮੁਥਾਜੀ ਹੋਵੇ। ਜੇਕਰ ਦਾਦੀ ਮਾਂ ਜੀ ਆਪਣੀ ਸੋਚ ਵਿਚ ਕਾਮਯਾਬ ਹੋ ਵੀ ਜਾਂਦੇ ਤਾਂ ਖਿੱਚ ਧੂਹ ਕੇ ਹੋਰ ਕੁਝ ਸਾਲ ਕੱਠਿਆਂ ਦੇ ਨਿਕਲ਼ ਜਾਂਦੇ ਪਰ ਆਖਰ ਹੋਣਾ ਤਾਂ ਵੱਖ ਹੈ ਹੀ ਸੀ।
ਰੋਜ ਰੋਜ ਦੀ ਘੈਂਸ ਘੈਂਸ ਤੋਂ ਅੱਕ ਕੇ ਇਕ ਦਿਨ ਵੱਡੇ ਚਾਚਾ ਜੀ ਨੇ ਪੀਪਾ ਫੜਿਆ ਤੇ ਕਣਕ ਦੀਆਂ ਤਿੰਨ ਢੇਰੀਆਂ ਲਾਉਣੀਆਂ ਸ਼ੁਰੂ ਕਰ ਦਿਤੀਆਂ। ਦਾਦੀ ਮਾਂ ਜੀ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਟੱਬਰ ਤਿੰਨਾਂ ਹਿੱਸਿਆਂ ਵਿਚ ਵੰਡਿਆ ਗਿਆ। ਇਕ ਹਿੱਸੇ ਵਿਚ ਵੱਡੇ ਚਾਚਾ ਜੀ ਸ. ਬਚਨ ਸਿੰਘ, ਦੂਜੇ ਹਿੱਸੇ ਵਿਚ ਮੇਰੇ ਪਿਤਾ ਭਾਈ ਗਿਆਨ ਸਿੰਘ। ਤੀਜੀ ਧਿਰ ਬਣੀ: ਦਾਦੀ ਮਾਂ ਜੀ, ਛੋਟੇ ਤੇ ਅਜੇ ਅਣਵਿਆਹੇ ਚਾਚਾ ਜੀ ਸ. ਕੁੰਦਨ ਸਿੰਘ ਜੀ, ਛੋਟੇ ਪੜਦਾਦਾ ਸ. ਕੇਸਰ ਸਿੰਘ ਜੀ ਤੇ ਮੈ, ਜੋ ਕਿ ਦਾਦੀ ਮਾਂ ਦਾ ਪਹਿਲਾ ਲਾਡਲਾ ਪੋਤਾ, ਆਪਣੀ ਪੀਹੜੀ ਦੇ ਸਾਰੇ ਭੈਣ ਭਰਾਵਾਂ ਵਿਚੋਂ ਵੱਡਾ ਹੋਣ ਕਰਕੇ, ਸਭ ਦਾ ਭਾਊ ਤੇ ਫਿਰ ਸਭ ਦਾ ਜੇਠ ਤੇ ਅੰਤ ਵਿਚ ਸਭ ਦਾ ਤਾਇਆ ਹੋਣ ਤੇ ਮਾਣ ਕਰਦਾ ਹਾਂ। ਮੇਰੇ ਪੜਦਾਦਾ ਜੀ ਸ. ਵਧਾਵਾ ਸਿੰਘ ਜੀ ਦੀ ਰੋਟੀ ਦਾ ਪ੍ਰਬੰਧ ਇਸ ਤਰ੍ਹਾਂ ਹੋਇਆ ਕਿ ਉਹ ਆਪਣੀ ਵੱਡੀ ਪੋਤ ਨੂੰਹ ਅਰਥਾਤ ਮੇਰੇ ਬੀਬੀ ਜੀ ਦੇ ਚੌਂਕੇ ਤੋਂ ਇਕ ਮਹੀਨਾ ਤੇ ਦੂਜਾ ਮਹੀਨਾ ਵਾਰੀ ਨਾਲ਼ ਦੂਜੀ ਪੋਤ ਨੂੰਹ, ਮੇਰੇ ਚਾਚੀ ਜੀ ਦੇ ਚੌਂਕੇ ਤੋਂ ਖਾਣਗੇ।
ਕੁਝ ਸਮਾ ਸਾਂਝੀ ਵਾਹੀ ਦਾ ਵੀ ਠਕ ਠਕਾ ਜਿਹਾ ਚਲਾਉਣ ਦਾ ਯਤਨ ਜਾਰੀ ਰੱਖਿਆ ਗਿਆ ਪਰ ਗਿ. ਹੀਰਾ ਸਿੰਘ ਦਰਦ ਦੇ ਸ਼ਬਦਾਂ ਵਿਚ, "ਵੱਖੋ ਵੱਖ ਜੇ ਹੋ ਜਾਣ ਚੁਲ੍ਹਾਂ, ਉਹ ਗੱਲ ਨਾ ਰਹਿੰਦੀ ਵੇਹੜੇ ਦੀ।" ਅਨੁਸਾਰ ਕਿੰਨਾ ਕੁ ਚਿਰ ਇਹ ਗੰਢ ਚਿਤਰਾਵਾ ਜਿਹਾ ਨਿਭਣਾ ਸੀ। ਆਖਰ 'ਕਟਰੂ ਵਛਰ'ੂ ਵੰਡ ਵੰਡਾ ਲਏ ਗਏ। ਇਕ ਸਾਂਝੇ ਘਰ ਵਿਚ ਛੇ ਜਣੇ ਕੰਮ ਕਰਨ ਵਾਲੇ ਬਾਹਰ, ਤੇ ਘਰ ਅੰਦਰ ਸੁਘੜ ਦਾਦੀ ਮਾਂ ਜੀ ਤੇ ਉਸਦੇ ਅਧੀਨ ਦੋ ਸਚਿਆਰੀਆਂ ਨੋਹਾਂ ਸਨ। ਇਸ ਤੋਂ ਇਲਾਵਾ ਜਦੋਂ ਚਾਹੋ ਪਿੰਡ ਵਿਚੋਂ ਜਿਸ ਵੀ ਬੀਬੀ ਨੂੰ ਘਰ ਕੰਮ ਕਰਨ ਲਈ, ਵਗਾਰ ਵਜੋਂ ਸੱਦ ਲਵੋ। ਘਰ ਭਰਿਆ ਭਕੁੰਨਾ ਸੀ ਜੋ ਕਿ ਖੱਖੜੀਆਂ ਜਿਹੀਆਂ ਹੋ ਗਿਆ ਪਰ ਇਹ ਕੋਈ ਅਲੋਕਾਰੀ ਨਹੀ ਸੀ ਹੋਈ। ਸਾਰੇ ਪਰਵਾਰਾਂ ਨਾਲ਼ ਤਕਰੀਬਨ ਇੰਜ ਹੀ ਹੁੰਦਾ ਹੈ। "ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨ॥
ਕੁਝ ਸਮਾ ਵੱਖ ਵੱਖ ਵਾਹੀ ਵੀ ਤਿੰਨੀ ਥਾਈਂ ਹੁੰਦੀ ਰਹੀ। ਸ਼ਰੀਕਾਂ ਨੇ ਮੁਕੱਦਮਾ ਵੀ ਜਮੀਨ ਵੰਡਾਉਣ ਲਈ ਕਰ ਦਿਤਾ ਜੋ ਕਿ ਸਾਲਾਂ ਬਧੀ ਚੱਲਦਾ ਰਿਹਾ। ਛੋਟੇ ਲਾਵਲਦ ਪੜਦਾਦਾ ਜੀ ਕਿਉਂਕਿ ਸਾਡੇ ਨਾਲ਼ ਰਹਿੰਦੇ ਸਨ ਤੇ ਇਸ ਲਈ ਉਹਨਾਂ ਦੀ ਜ਼ਮੀਨ ਵੀ ਸਾਡੇ ਕੋਲ਼ ਸੀ। ਉਹਨਾਂ ਦੀ ਪੈਨਸ਼ਨ ਵੀ ਆਉਂਦੀ ਸੀ ਤੇ ਕੰਮ ਵੀ ਉਹ ਬੰਦੇ ਜਿੰਨਾ ਕਰਦੇ ਸਨ। ਭਾਵੇਂ ਕਿ ਗੁੱਸੇ ਖੋਰਾ ਸੁਭਾ ਹੋਣ ਕਰਕੇ ਘਰਦਿਆਂ ਬਾਹਰਦਿਆਂ ਨੂੰ ਸਦਾ ਗਾਹਲਾਂ ਦੇ ਤੋਹਫ਼ੇ ਦਾ, ਬਿਨਾ ਵਿਤਕਰੇ ਦੇ, ਖੁਲ੍ਹਾ ਗੱਫਾ ਵਰਤਾਇਆ ਕਰਦੇ ਸਨ। ਕਈ ਸਾਲਾਂ ਦੀ ਖੱਜਲ਼ ਖੁਆਰੀ ਪਿਛੋਂ ਅਖੀਰ ਅਦਾਲਤ ਨੇ ਫੈਸਲਾ ਦਿਤਾ ਕਿ ਜਿੰਨਾ ਚਿਰ ਬਜ਼ੁਰਗ ਜੀਂਦੇ ਹਨ ਓਨਾ ਚਿਰ ਜਮੀਨ ਓਥੇ ਜਿਥੇ ਉਹ ਰਹਿੰਦੇ ਹਨ ਤੇ ਮਰਨ ਪਿਛੋਂ ਸਾਰਿਆਂ ਵਾਰਸਾਂ ਨੂੰ ਵੰਡ ਕੇ ਮਿਲ਼ੇ। ਸਕੇ ਤੇ ਵੱਡੇ ਪੜਦਾਦਾ ਜੀ ਦੀ ਜ਼ਮੀਨ ਕਿਉਂਕਿ ਚੌਹਾਂ ਪੁੱਤਰਾਂ ਵਿਚ ਪਹਿਲਾਂ ਹੀ ਵੰਡੀ ਗਈ ਹੋਈ ਸੀ ਪਰ ਰਹਿੰਦੇ ਉਹ ਸਾਡੇ ਨਾਲ਼ ਸਨ; ਇਸ ਲਈ ਛੋਟੇ ਪੜਦਾਦਾ ਜੀ ਹਮੇਸ਼ਾਂ ਉਹਨਾਂ ਨੂੰ ਬੁਰੇ ਵਾਕਾਂ ਨਾਲ਼ ਸੰਬੋਧਨ ਕਰਿਆ ਕਰਦੇ ਸਨ, "ਪੈਲ਼ੀ ਬੰਨਾ ਉਹਨਾਂ ਪਿਆਂ ਨੂੰ ਦੇ ਕੇ ਆਪ ਰੋਟੀ ਖਾਣ ਏਥੇ ਆ ਜਾਂਦਾ!" ਕਈ ਵਾਰੀਂ ਉਹ ਅਜਿਹੇ ਵਾਕ ਸੁਣ ਕੇ ਬਾਹਰਲੇ ਬੂਹੇ ਤੋਂ ਹੀ ਪਿਛੇ ਮੁੜ ਜਾਇਆ ਕਰਦੇ ਸਨ।
ਮੈ ਸਿਆਲ਼ ਦੀਆਂ ਰਾਤਾਂ ਨੂੰ ਦਾਦੀ ਮਾਂ ਜੀ ਨਾਲ਼ ਜਾਂ ਫਿਰ ਆਪਣੇ ਪੜਦਾਦਾ 'ਬਾਪੂ ਜੀ' ਨਾਲ਼ ਸੌਂਇਆ ਕਰਦਾ ਸਾਂ ਤੇ ਬਾਪੂ ਜੀ ਦੀਆਂ ਸੁਣਾਈਆਂ ਬਾਤਾਂ ਮੈਨੂੰ ਅਜੇ ਤੱਕ ਯਾਦ ਹਨ। ਮੈਨੂੰ ਯਾਦ ਹੈ ਕਿ ਦੋਵੇਂ ਬਾਪੂ ਜੀ ਅਤੇ ਮੈ ਪੈਲ਼ੀਆਂ ਵਿਚੋਂ ਪੱਠੇ ਵੀ ਇਕੱਠੇ ਵਢਿਆ ਕਰਦੇ ਸਾਂ ਅਤੇ ਹੋਰ ਵੀ ਨਿੱਕੇ ਮੋਟੇ ਕੰਮ ਕਰਿਆ ਕਰਦੇ ਸਾਂ। ਵੱਡੇ ਬਾਪੂ ਜੀ ਨੂੰ ਦਿਸਣੋ ਹਟ ਗਿਆ ਸੀ ਤੇ ਉਹਨਾਂ ਨੂੰ ਬਾਹਰ ਅੰਦਰ ਮੈ ਹੀ ਖੜਿਆ ਕਰਦਾ ਸਾਂ। ਫਿਰ ਬਾਬੇ ਬਕਾਲ਼ੇ ਤੋਂ ਉਹਨਾਂ ਦੀਆਂ ਅੱਖਾਂ 'ਬਣਵਾ' ਲਿਆਂਦੀਆਂ ਸਨ ਤੇ ਉਹਨਾਂ ਨੂੰ ਦਿਸਣ ਲੱਗ ਪਿਆ ਸੀ ਪਰ ਉਸ ਤੋਂ ਪਿੱਛੋਂ ਨਹੀ ਮੈਨੂੰ ਯਾਦ ਕਿ ਅਸੀਂ ਇਕੱਠਿਆਂ ਕੋਈ ਕੰਮ ਕੀਤਾ ਹੋਵੇ!
ਬਾਕੀ ਦੋਵੇਂ ਧਿਰਾਂ ਤਾਂ ਪਿੰਡ ਵਿਚਕਾਰਲੇ ਘਰ ਵਿਚ ਹੀ, ਅਧੋ ਅਧ ਵੰਡ ਕੇ ਕੁਝ ਸਮੇ ਲਈ ਟਿਕੀਆਂ ਰਹੀਆਂ ਤੇ ਸਾਡੀ ਅਰਥਾਤ ਦਾਦੀ ਮਾਂ ਜੀ ਵਾਲ਼ੀ ਤੀਜੀ ਧਿਰ ਹਵੇਲੀ ਵਿਚ ਆ ਬਿਰਾਜੀ। ਫਿਰ ਹੌਲ਼ੀ ਹੌਲ਼ੀ ਪਰਵਾਰਕ ਸਹੂਲਤ ਨੂੰ ਮੁਖ ਰੱਖਦਿਆਂ ਹੋਇਆਂ ਮੇਰੇ ਭਾਈਆ ਜੀ ਵਾਲ਼ੀ ਧਿਰ ਅਤੇ ਫਿਰ ਕੁਝ ਸਮਾ ਪਿਛੋਂ ਚਾਚਾ ਜੀ ਹੋਰੀਂ ਵੀ ਹਵੇਲੀ ਵਿਚ ਹੀ ਆ ਗਏ। ਚਾਚਾ ਜੀ ਦਾ ਪਰਵਾਰ ਬਾਅਦ ਵਿਚ ਚਾਚੀ ਜੀ ਦੇ ਪੇਕੇ ਤੇ ਸਾਡੇ ਗਵਾਂਢੀ ਪਿੰਡ ਵੈਰੋਨੰਗਲ ਦੇ ਹੀ ਕਿਨਾਰੇ ਤੇ, ਪਿੱਪਲ਼ ਵਾਲ਼ੇ ਖੂਹ ਤੇ ਚਲੇ ਗਏ। ਇਹ ਖੂਹ, ਦੋਹਾਂ ਵੈਰੋ ਨੰਗਲ਼ਾਂ ਦੇ ਵਿਚਕਾਰ ਵਾਕਿਆ, ਇਤਿਹਾਸਕ ਗੁਰਦੁਆਰਾ 'ਗੁਰੂਆਣਾ' ਦੇ ਬਿਲਕੁਲ ਲਾਗੇ ਹੈ। ਇਹ ਖੂਹ ਚਾਚੀ ਜੀ ਦੇ ਪੇਕਿਆਂ ਦਾ ਹੈ ਜੋ ਕਿ ਹੁਣ ਚਾਚਾ ਜੀ ਦੇ ਸਾਰੇ ਪਰਵਾਰ ਦੀ ਰਿਹਾਇਸ਼ ਬਣ ਚੁੱਕਿਆ ਹੈ। ਚਾਚੀ ਜੀ ਥੋਹੜਾ ਸਮਾ ਹੋਇਆ ਰੱਬ ਨੂੰ ਪਿਆਰੇ ਹੋ ਗਏ ਸਨ।

***