1953 ਦੇ ਸ਼ੁਰੂ ਵਿਚ, ਭਾਈਆ ਜੀ ਪਿੰਡੋਂ ਆ ਕੇ ਸ਼੍ਰੋਮਣੀ ਕਮੇਟੀ ਅਧੀਨ ਗ੍ਰੰਥੀ ਦੀ ਸੇਵਾ ਵਿਚ ਸ਼ਾਮਲ ਹੋ ਗਏ। ਰਿਹਾਇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਕਵਾਟਰਾਂ ਵਿਚ ਮਿਲ਼ੀ ਤੇ ਡਿਊਟੀ ਸੰਤੋਖਸਰ ਲੱਗੀ। ਮੈਨੂੰ ਵੀ ਪਿੰਡੋਂ ਨਾਲ਼ ਲੈ ਆਏ ਤਾਂ ਕਿ ਗੁਰਮਤਿ ਵਿੱਦਿਆ ਦੀ ਪੜ੍ਹਾਈ ਕਰਵਾਈ ਜਾ ਸਕੇ। ਮੈ ਕਦੀ ਅੰਮ੍ਰਿਤਸਰ ਉਹਨਾਂ ਕੋਲ਼ ਤੇ ਕਦੀ ਪਿੰਡ। ਓਥੇ ਅੰਮ੍ਰਿਤਸਰ ਵਿਚ ਕੋਈ ਹਾਣੀ ਨਾ ਹੋਣ ਕਰਕੇ ਮੇਰਾ ਜੀ ਨਾ ਲੱਗਣਾ ਤੇ ਮੌਕਾ ਮਿਲ਼ਦੇ ਹੀ ਆਪਣੇ ਪਿੰਡ, ਆ ਜਾਣਾ। ਵਾਕਫ਼ ਹਾਣੀ ਨਾ ਹੋਣ ਦਾ ਕਾਰਨ ਮੇਰਾ ਸਕੂਲੇ ਨਾ ਜਾਣਾ ਸੀ। ਪਿੰਡ ਰਹਿੰਦਿਆਂ ਗਵਾਂਢੀ ਪਿੰਡ, ਉਦੋ ਨੰਗਲ, ਵਿਚਲੇ ਸਕੂਲ ਵੀ ਸਿਰਫ ਕੁਝ ਦਿਨ ਹੀ ਗਿਆ ਸਾਂ, ਤੇ ਏਥੇ ਸ਼ਹਿਰ ਵਿਚ ਸਕੂਲੀ ਵੱਤੋਂ ਲੰਘ ਕੇ ਕੀ ਸਕੂਲੇ ਜਾਣਾ ਸੀ! ਹਾਣੀ ਤਾਂ ਪਿੰਡ ਵਿਚ ਡੰਗਰ ਚਾਰਦੇ ਹੀ ਰਹਿ ਗਏ। ਅਧੀ ਟਿਕਟ ਬੱਸ ਦੀ ਲੱਗਦੀ ਸੀ ਮੇਰੀ। ਮੇਰੀ ਪਿੰਡ ਜਾਣ ਦੀ ਤੀਬਰ ਇੱਛਾ ਨੂੰ ਭਾਂਪਦਿਆਂ ਹੋਇਆਂ ਭਾਈਆ ਜੀ ਨੇ ਮੈਨੂੰ ਹੀ ਪਰਵਾਰ ਦਾ ਖ਼ਰਚ ਦੇਣ ਲਈ ਪਿੰਡ ਭੇਜ ਦੇਣਾ ਤਾਂ ਕਿ ਅਧਾ ਕਰਾਇਆ ਬਚਾਇਆ ਜਾ ਸਕੇ। ਛੋਟਾ ਹੋਣ ਕਰਕੇ ਮੇਰਾ ਬੱਸ ਦਾ ਅਧਾ ਕਰਾਇਆ ਲੱਗਦਾ ਹੁੰਦਾ ਸੀ। ਇਹ ਮੌਕਾ ਮੇਲ਼ ਹੀ ਸਮਝੋ ਜਾਂ ਕੁਝ ਹੋਰ ਕਿ ਇਸ ਸਮੇ ਵੀ, ਮੇਰੀ ਧੀ ਏਅਰ ਨਾਈਨ ਵਿਚ ਕੰਮ ਕਰਦੀ ਹੋਣ ਕਰਕੇ, ਹਵਾਈ ਜਹਾਜ ਦਾ ਮੇਰਾ ਤਕਰੀਬਨ ਅਧਾ ਕਰਾਇਆ ਹੀ ਲੱਗਦਾ ਹੈ। ਪੈਨਸ਼ਨਰ ਹੋਣ ਕਰਕੇ ਰੇਲ ਦਾ ਵੀ ਅਧਾ ਹੀ ਲੱਗਦਾ ਹੈ। ਪਿੰਡ ਗਏ ਨੇ ਮੈ ਫਿਰ ਵਾਪਸ ਨਾ ਮੁੜਨਾ। ਇਸ ਤਰ੍ਹਾਂ ਜੋ ਕੁਝ ਪੜ੍ਹਨਾ ਉਹ ਸਾਰਾ ਹੀ ਪਿੰਡ ਆ ਕੇ ਭੁੱਲ ਭੁਲਾ ਜਾਣਾ ਤੇ ਮੈ ਡੰਗਰਾਂ ਦਾ ਵਾਗੀ ਹੀ ਬਣ ਕੇ ਰਹਿ ਜਾਣਾ।
ਇਕ ਤਾਂ ਅੰਮ੍ਰਿਤਸਰ ਰਹਿੰਦਿਆਂ ਮੈ ਗਿ. ਕਰਤਾਰ ਸਿੰਘ ਕਲਾਸਵਾਲ਼ੀਆ ਦੇ ਬੈਂਤਾਂ ਵਿਚ ਲਿਖੇ ਹੋਏ, ਬੰਦਾ ਸਿੰਘ ਬਹਾਦਰ ਤੇ ਤੱਤ ਖ਼ਾਲਸਾ ਨਾਮੀ, ਦੋ ਗ੍ਰੰਥ ਪੜ੍ਹੇ ਤੇ ਦੂਜਾ ਸਿੰਘ ਸਾਹਿਬ ਗਿ. ਅੱਛਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਵਿਖੇ ਜੇਹੜੀ ਪੰਥ ਪ੍ਰਕਾਸ਼ ਦੀ ਕਥਾ ਕਰਿਆ ਕਰਦੇ ਸਨ; ਉਹ ਨਹੀ ਸਾਂ ਖੁੰਝਾਉਂਦਾ। ਹਰ ਰੋਜ ਜਿੰਨੇ ਦਿਨ ਅੰਮ੍ਰਿਤਸਰ ਵਿਚ ਹੋਵਾਂ ਇਹ ਕਥਾ ਜ਼ਰੂਰ ਸੁਣਿਆ ਕਰਦਾ ਸਾਂ। ਇਸ ਤਰ੍ਹਾਂ ਸਿੱਖ ਇਤਿਹਾਸ ਨਾਲ਼ ਮੇਰੀ ਚੰਗੀ ਜਾਣ ਪਛਾਣ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਤਾਂ ਮੈਨੂੰ, ਚਾਹਾਂ ਜਾਂ ਨਾ ਚਾਹਾਂ, ਭਾਈਆ ਜੀ ਪਾਸੋਂ ਕਰਨੀ ਹੀ ਪੈਂਦੀ ਸੀ ਭਾਵੇਂ ਕਿ ਉਹਨਾਂ ਦੀ ਆਗਿਆ ਦਾ ਪੂਰਾ ਪਾਲਣ ਨਹੀ ਸਾਂ ਕਰ ਸਕਦਾ ਤੇ ਆਨਾ ਕਾਨੀ ਕਰ ਕੇ ਬਹੁਤੀ ਵਾਰ ਖੁੰਝਾਈ ਮਾਰ ਹੀ ਜਾਇਆ ਕਰਦਾ ਸਾਂ। ਅਰਥਾਤ 10 ਪੰਨਿਆਂ ਦੀ ਸੰਥਾ ਨੂੰ ਪੰਜ ਵਾਰੀ ਦੁਹਰਾਉਣ ਲਈ ਉਹਨਾਂ ਦਾ ਆਦੇਸ਼ ਹੁੰਦਾ ਸੀ ਪਰ ਮੈ ਮਸਾਂ ਇਕ ਵਾਰੀ ਹੀ ਦੁਹਰਾ ਸਕਦਾ ਸਾਂ। ਉਹ ਵੀ ਇਹ ਸਭ ਕੁਝ ਜਾਣਦੇ ਸਨ; ਭਾਵੇਂ ਕਿ ਮੈ ਸਮਝਦਾ ਸੀ ਉਹਨਾਂ ਨੂੰ ਮੈ ਚਕਮਾ ਦੇਣ ਵਿਚ ਸਫਲ ਹਾਂ। ਇਸ ਗੱਲ ਦਾ ਮੈਨੂੰ ਬਹੁਤ ਸਾਲ ਪਿਛੋਂ ਪਤਾ ਲੱਗਾ ਕਿ ਉਹ ਮੇਰੀ ਇਸ 'ਚਲਾਕੀ' ਤੋਂ ਜਾਣੂ ਸਨ।
ਏਹਨੀ ਦਿਨੀਂ, 1953 ਦੀਆਂ ਗਰਮੀਆਂ ਦੌਰਾਨ, ਮੈ ਅਕਸਰ ਹੀ ਬਾਜ਼ਾਰ ਮਾਈ ਸੇਵਾਂ ਵਿਚ ਕਿਤਾਬਾਂ ਦੀਆਂ ਦੁਕਾਨਾਂ ਅੱਗੇ ਬਣੇ ਹੋਏ ਥੜ੍ਹਿਆਂ ਉਪਰ, ਸਜਾਈਆਂ ਹੋਈਆਂ ਪੰਜਾਬੀ ਦੀਆਂ ਕਿਤਾਬਾਂ ਦੇ ਸਿਰਲੇਖ ਵੀ ਆਉਂਦਾ ਜਾਂਦਾ ਪੜ੍ਹਦਾ ਰਹਿੰਦਾ ਸਾਂ: ਜਿਵੇਂ ਕਿ ਅਸਲੀ ਤੇ ਵੱਡੀ ਭਾਈ ਬਾਲੇ ਵਾਲ਼ੀ ਜਨਮਸਾਖੀ, ਅਸਲੀ ਤੇ ਵੱਡੀ ਹੀਰ ਵਾਰਸ ਸ਼ਾਹ, ਕਿੱਸਾ ਸ਼ਾਹ ਮੁਹੰਮਦ, ਹਰੀ ਸਿੰਘ ਨਲੂਆ, ਫੂਲਾ ਸਿੰਘ ਅਕਾਲੀ, ਜੌਹਰ ਖਾਲਸਾ, ਦੁਖੀਏ ਮਾਂ ਪੁੱਤ, ਸਿੱਖ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ ਆਦਿ ....। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਏਥੇ ਮੈ ਪਹਿਲੀ ਕਿਤਾਬ, ਅਸਲ ਵਿਚ ਕਿੱਸਾ, ਮੁੱਲ ਖ਼ਰੀਦ ਕੇ ਪੜ੍ਹਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਪਾਸੇ, ਤਖ਼ਤ ਦੇ ਸੇਵਕਾਂ ਵਾਲ਼ੇ ਕਵਾਟਰਾਂ ਵਿਚੋਂ ਨਿਕਲ਼ ਕੇ, ਗੁਰਦੁਆਰਾ ਥੜ੍ਹਾ ਸਾਹਿਬ ਤੋਂ ਮਾਈ ਸੇਵਾਂ ਦੇ ਬਾਜਾਰ ਵਿਚ ਵੜਨ ਲਈ, ਬੁਰਜ ਗਿਆਨੀਆਂ ਦੀ ਖੱਬੇ ਹੱਥ ਵਾਲ਼ੀ ਨੁੱਕਰ ਉਪਰ ਮੌਜੂਦ ਹਲਵਾਈ ਦੀ ਦੁਕਾਨ ਤੋਂ ਸੱਜੇ ਹੱਥ ਮੁੜੀਦਾ ਸੀ ਜੋ ਕਿ ਘੰਟਾ ਘਰ ਚੌਂਕ ਵਿਚ ਆ ਕੇ ਮੁੱਕਦਾ ਸੀ। ਇਹ ਬਾਜ਼ਾਰ ਖੱਬੇ ਹੱਥ ਕਰਮੋ ਡਿਉੜੀ ਤੱਕ ਵੀ ਜਾਂਦਾ ਸੀ ਜੋ ਕਿ ਗੁਰੂ ਬਾਜ਼ਾਰ ਵਿਚ ਜਾ ਕੇ ਸ਼ਾਮਲ ਹੁੰਦਾ ਸੀ। ਹਲਵਾਈ ਦੀ ਦੁਕਾਨ ਤੋਂ ਇਕ ਵਾਕਿਆ ਚੇਤੇ ਆ ਗਿਆ। ਏਸੇ ਹਲਵਾਈ ਤੋਂ ਚਾਹ ਬਣਾਉਣ ਲਈ ਮੈ ਦੁਧ ਲੈਣ ਜਾਇਆ ਕਰਦਾ ਸਾਂ। ਇਕ ਦਿਨ ਜਦੋਂ ਮੈ ਦੁਧ ਲੈਣ ਲਈ ਖਲੋਤਾ ਉਡੀਕ ਰਿਹਾ ਸਾਂ ਕਿ ਹਲਵਾਈ ਦੀ ਘਰੋਂ ਰੋਟੀ ਆ ਗਈ। ਉਸ ਨੇ ਨੌਕਰ ਨੂੰ ਆਵਾਜ਼ ਦਿਤੀ, "ਓਇ ਰਾਮੂ, ਆਹ ਮੁੰਡੇ ਨੂੰ ਦੁਧ ਪਾ ਕੇ ਫਿਰ ਗੱਦੀ ਤੇ ਬੈਠ; ਮੈ ਰੋਟੀ ਖਾ ਲਵਾਂ।" ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਹਲਵਾਈ ਵੀ ਰੋਟੀ ਖਾਦਾ ਹੈ! ਇਸ ਪਾਸ ਤਾਂ ਏਨੀ ਮਿਠਿਆਈ ਹੈ ਖਾਣ ਨੂੰ; ਇਸ ਨੂੰ ਰੋਟੀ ਖਾਣ ਦੀ ਕੀ ਲੋੜ ਹੈ! ਮੈ ਓਦੋਂ ਇਹ ਸਮਝਦਾ ਸਾਂ ਕਿ ਰੋਟੀ ਸਿਰਫ ਓਹੋ ਲੋਕ ਹੀ ਖਾਂਦੇ ਹਨ ਜਿਨ੍ਹਾਂ ਨੂੰ ਮਿਠਿਅਈ ਖਾਣ ਨੂੰ ਨਹੀ ਮਿਲ਼ਦੀ। ਜਿਨ੍ਹਾਂ ਨੂੰ ਮਿਠਿਆਈ ਖਾਣ ਨੂੰ ਮਿਲ਼ੇ ਉਹ ਰੋਟੀ ਕਿਉਂ ਖਾਣ ਭਲਾ!
ਖ਼ਾਲਸਾ ਰਾਜ ਸਮੇ ਦੌਰਾਨ ਅੰਮ੍ਰਿਤਸਰ ਦੇ ਰਹਿ ਚੁੱਕੇ ਗਿਆਨੀ ਚੀਫ਼ਾਂ ਦੀ ਰਿਹਾਇਸ਼, ਬੁਰਜ ਗਿਆਨੀਆਂ ਤੇ ਘੰਟਾ ਘਰ ਦੇ ਦਰਮਿਆਨ ਜਿਹੇ ਵਿਚ, ਖੱਬੇ ਹੱਥ ਸੁਸ਼ੋਭਤ ਅਖਾੜਾ ਸੰਗਲ਼ਵਾਲ਼ਾ ਦੇ ਬੂਹੇ ਤੋਂ ਇਕ ਦੋ ਦੁਕਾਨਾਂ ਪਹਿਲਾਂ, ਸੱਜੇ ਹੱਥ 'ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ' ਦੀ ਕਿਤਾਬਾਂ ਦੀ ਦੁਕਾਨ ਹੁੰਦੀ ਸੀ। ਉਸ ਦੁਕਾਨ ਦੇ ਥੜ੍ਹੇ ਉਪਰ ਸਜਾਏ, ਹੋਰ ਕਿਤਾਬਾਂ, ਕਿੱਸਿਆਂ ਆਦਿ ਦੇ ਨਾਲ਼ ਇਕ ਕਿੱਸਾ ਸੀ ਜਿਸ ਦੇ ਸਰਵਰਕ ਉਪਰ ਸਾਹਿਬਜ਼ਾਦਾ ਅਜੀਤ ਸਿੰਘ ਦੀ ਚਮਕੌਰ ਦਾ ਯੁਧ ਕਰਦੇ ਦੀ ਤਸਵੀਰ ਸੀ। ਉਸ ਤਸਵੀਰ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ। ਮੋਟੇ ਅੱਖਰਾਂ ਵਿਚ ਸਰਵਰਕ ਤੇ ਲਿਖਿਆ ਸੀ 'ਜੰਗ ਚਮਕੌਰ'; ਕੀਮਤ ਲਿਖੀ ਸੀ ਚਾਰ ਆਨੇ। ਕਈ ਦਿਨ ਮੈ ਏਥੋਂ ਦੀ ਲੰਘਦੇ ਨੇ ਉਸ ਵੱਲ ਲਲਚਾਈ ਜਿਹੀ ਨਜ਼ਰ ਨਾਲ਼ ਵੇਖਦੇ ਲੰਘ ਜਾਣਾ। ਇਕ ਦਿਨ ਮੇਰਾ ਮਨ ਬਹੁਤਾ ਹੀ ਉਤਸ਼ਾਹੀ ਹੋ ਗਿਆ ਤੇ ਮੈ ਉਸ ਦੁਕਾਨ ਅੱਗੇ ਕੁਝ ਜ਼ਿਆਦਾ ਚਿਰ ਰੁਕ ਗਿਆ। ਮੇਰੇ ਕੋਲ਼ ਸਨ ਸਿਰਫ ਦੋ ਆਨੇ। ਬੜਾ ਹੀ ਚਿਰ ਮੈ ਲਲਚਾਈਆਂ ਜਿਹੀਆਂ ਨਜ਼ਰਾਂ ਨਾਲ਼ ਉਸ ਕਿੱਸੇ ਵੱਲ ਵੇਖਦਾ ਰਿਹਾ। ਕਦੀ ਦੁਕਾਨ ਤੋਂ ਅੱਗੇ ਲੰਘ ਜਾਵਾਂ ਤੇ ਕਦੀ ਫਿਰ ਵਾਪਸ ਮੁੜ ਆਵਾਂ। ਸੋਚਾਂ ਕਿ ਮੇਰੇ ਕੋਲ਼ ਸਿਰਫ ਦੋ ਆਨੇ ਨੇ, ਤੇ ਇਸ ਦਾ ਮੁੱਲ ਚਾਰ ਆਨੇ ਲਿਖਿਆ ਹੋਇਆ ਹੈ। ਕੀ ਕਰਾਂ! ਝਕਦੇ ਝਕਦੇ ਨੇ, ਆਪਣੇ ਸੰਗਾਊ ਸੁਭਾ ਤੋਂ ਉਲ਼ਟ, ਦੁਕਾਨਦਾਰ ਸਰਦਾਰ ਜੀ, ਜਿਨ੍ਹਾਂ ਨੇ ਫਿਕਸੋ ਲਾ ਕੇ ਚੰਗੀ ਸਵਾਰ ਕੇ ਆਪਣੀ ਦਾਹੜੀ ਬੰਨ੍ਹ ਕੇ ਸਜਾਈ ਹੋਈ ਸੀ, ਨੂੰ ਮੈ ਅਧੀਨਗੀ ਜਿਹੀ ਨਾਲ਼ ਪੁੱਛ ਹੀ ਲਿਆ, "ਮੈ ਅਹੁ ਕਿੱਸਾ ਪੜ੍ਹਨਾ ਚਾਹੁੰਦਾਂ ਪਰ ਮੇਰੇ ਕੋਲ਼ ਸਿਰਫ ਦੋ ਹੀ ਆਨੇ ਨੇ!" ਦੋ ਆਨੇ ਮੇਰੇ ਹੱਥੋਂ ਫੜ ਕੇ ਤਿਜੌਰੀ ਵਿਚ ਰੱਖਦਿਆਂ ਤੇ ਕਿੱਸਾ ਚੁੱਕ ਕੇ ਮੈਨੂੰ ਫੜਾਉਂਦਿਆਂ, ਬੜੇ ਅੰਦਾਜ਼ ਜਿਹੇ ਨਾਲ਼, ਜਿਵੇਂ ਕਿ ਬੜਾ ਭਾਰੀ ਅਹਿਸਾਨ ਜਤਾ ਰਹੇ ਹੋਣ, ਆਖਿਆ, "ਲੈ ਪੜ੍ਹ ਜਾ ਕੇ!" ਇਹ ਤਾਂ ਹੁਣ ਹੀ ਪਤਾ ਲੱਗਾ ਹੈ ਕਿ ਪੰਜਾਬੀ ਦੀਆਂ ਕਿਤਾਬਾਂ ਉਪਰ ਕੀਮਤ ਬੜੀ ਵਧਾ ਕੇ ਲਿਖੀ ਹੁੰਦੀ ਏ ਪਰ ਮਿਲ਼ ਸਸਤੀਆਂ ਜਾਂਦੀਆਂ ਹਨ। ਇਹ ਸੀ ਮੇਰਾ ਜੀਵਨ ਵਿਚ ਸਭ ਤੋਂ ਪਹਿਲਾ ਮੌਕਾ ਆਪਣੀ ਜੇਬ ਵਿਚੋਂ ਕੁਝ ਖ਼ਰੀਦ ਕੇ ਪੜ੍ਹਨ ਦਾ। ਓਦੋਂ ਮੇਰੀ ਉਮਰ ਦਸ ਕੁ ਸਾਲ ਦੀ ਹੋ ਗਈ ਜਾਂ ਹੋਣ ਵਾਲ਼ੀ ਸੀ।
ਬਾਜ਼ਾਰ ਮਾਈ ਸੇਵਾਂ ਦਾ ਇਹ ਵਰਨਣ 1984 ਤੋਂ ਪਹਿਲਾਂ ਦਾ ਹੈ। ਇੰਦਰਾ ਦੀ 'ਕਿਰਪਾ' ਨਾਲ਼ ਹੁਣ ਤਾਂ ਸਾਰਾ ਕੁਝ ਹੀ ਉਲ਼ਟ ਪੁਲ਼ਟ ਹੋ ਗਿਆ ਹੋਇਆ ਹੈ। ਇਹ ਸਾਰਾ ਇਲਾਕਾ ਗਲਿਆਰਾ ਸਕੀਮ ਵਿਚ ਆ ਜਾਣ ਕਰਕੇ ਇਸ ਦਾ ਢਾਂਚਾ ਬਦਲ ਚੁੱਕਿਆ ਹੈ। ਪਹਿਲਾਂ ਤਕਰੀਬਨ ਸਾਰਾ ਮਾਈ ਸੇਵਾਂ ਬਾਜ਼ਾਰ ਕਿਤਾਬਾਂ ਦੀਆਂ ਦੁਕਾਨਾਂ ਨਾਲ਼ ਹੀ ਭਰਪੂਰ ਹੁੰਦਾ ਸੀ। ਹੁਣ ਏਥੇ ਦੋ ਹੀ ਦੁਕਾਨਾਂ ਰਹਿ ਗਈਆਂ ਹਨ: ਇਕ 'ਭਾਈ ਚਤਰ ਸਿੰਘ ਜੀਵਨ ਸਿੰਘ' ਦੀ ਤੇ ਦੂਜੀ 'ਸਿੰਘ ਬਰਦਰਜ਼' ਦੀ। ਬਾਕੀ ਦੀਆਂ ਦੁਕਾਨਾਂ ਵਿਚੋਂ ਕੁਝ ਬੰਦ ਹੋ ਗਈਆਂ ਤੇ ਕੁਝ ਬੱਸ ਅੱਡੇ ਦੇ ਲਾਗੇ, ਸਿਟੀ ਸੈਂਟਰ ਵਿਚ ਚਲੀਆਂ ਗਈਆਂ ਹਨ।
****
No comments:
Post a Comment