ਪਿੰਡ ਵਿਚਲੀ ਇਕ ਲੜਾਈ

ਵੈਸੇ ਤਾਂ ਆਮ ਪੇਂਡੂ ਸਮਾਜ ਵਿਚ ਬੋਲ ਬੁਲਾਰੇ ਹੋਣ ਦੇ ਵਰਤਾਰੇ ਆਮ ਤੌਰ ਤੇ ਵਰਤਦੇ ਹੀ ਰਹਿੰਦੇ ਸਨ/ਹਨ ਤੇ ਸਾਡਾ ਨਿੱਕਾ ਜਿਹਾ ਪਿੰਡ ਕੋਈ ਜੱਗੋਂ ਬਾਹਰਾ ਨਹੀ ਸੀ ਕਿ ਏਥੇ ਅਜਿਹਾ ਵਰਤਾਰਾ ਨਾ ਵਾਪਰੇ। ਇਹ ਅਖਾਣ ਵੀ ਹੈ ਕਿ ਜਿਥੇ ਦੋ ਭਾਂਡੇ ਹੋਣ, ਉਹ ਆਪਸ ਵਿਚ ਅਕਸਰ ਖੜਕਦੇ ਹੀ ਹਨ। ਅਜਿਹੀ ਇਕ ਘਟਨਾ ਦੀ ਯਾਦ ਮੇਰੀ ਯਾਦ ਵਿਚ ਉਚੇਚੀ ਉਕਰੀ ਹੋਈ ਹੈ।

ਇਹ ਪੰਜਾਹਵਿਆਂ ਵਾਲ਼ੇ ਇਕ ਸਾਲ ਦੀਆਂ ਗਰਮੀਆਂ ਦਾ ਵਾਕਿਆ ਸੀ। ਦੁਪਹਿਰ ਤੋਂ ਪਹਿਲਾਂ ਸਾਡੇ ਖੂਹ ਤੇ ਆਪਸੀ ਸ਼ਰੀਕੇ ਵਿਚੋਂ ਲਗਦੀਆਂ ਦੋ ਧਿਰਾਂ ਦਾ ਕਿਸੇ ਗੱਲੋਂ ਬੋਲ ਬੁਲਾਰਾ ਹੋ ਗਿਆ। ਦੋਵੇਂ ਧਿਰਾਂ ਸਾਡੇ ਭਾਈਚਾਰੇ ਵਿਚੋਂ ਹੀ ਸਨ। ਇਕ ਧਿਰ ਮੇਰੇ ਪੜਦਾਦੇ ਦੇ ਚਚੇਰੇ ਭਰਾ ਦੀ ਤੇ ਦੂਜੀ ਮੇਰੇ ਪੜਦਾਦੇ ਦੇ ਵਿਚਕਾਰਲੇ ਸਕੇ ਭਰਾ ਦੀ ਸੰਤਾਨ ਸੀ। ਪਤਾ ਨਹੀ ਕੇਹੜੀ ਗੱਲੋਂ ਬੋਲ ਬੁਲਾਰੇ ਤੋਂ ਵਧ ਕੇ ਗਾਹਲ਼ੀ ਗਲੋਚ ਹੋ ਗਿਆ ਤੇ ਫੇਰ ਇਸ ਤੋਂ ਵੀ 'ਤਰੱਕੀ' ਕਰਕੇ. ਦੋਵਾਂ ਪਾਸਿਆਂ ਦੇ 'ਸੂਰਮੇ' ਡਾਂਗ ਸੋਟਾ ਹੋ ਪਏ। ਨਤੀਜੇ ਵਜੋਂ ਦੋਹੀਂ ਧਿਰੀਂ ਸੱਟਾਂ ਵੀ ਲੱਗ ਹੀ ਗਈਆਂ। "ਦੋਹੀਂ ਦਲੀਂ ਮੁਕਾਬਲਾ, ਰਣ ਮਚਿਆ ਭਾਰੀ॥" ਵਰਗੀ ਤਾਂ ਖਾਸ ਗੱਲ ਕੋਈ ਨਹੀ ਸੀ ਪਰ ਫਿਰ ਵੀ ਕੁਝ ਮਿੰਟ ਚੰਗਾ ਘਮਸਾਨ ਜਿਹਾ ਮਚਿਆ। ਦੋਹਾਂ ਪਾਸਿਆਂ ਨੂੰ ਲੜਦਿਆਂ ਵੇਖ ਕੇ ਮੇਰਾ ਕਜ਼ਨ ਚਾਚਾ, ਸ. ਦਰਸ਼ਨ ਸਿੰਘ, ਜੋ ਕਿ ਮੇਰੇ ਬਾਬਾ ਜੀ ਦੇ ਵਡੇ ਭਰਾ ਦਾ ਵਿਚਕਾਰਲਾ ਪੁੱਤਰ ਸੀ ਤੇ ਉਹ ਭਲਵਾਨੀ ਵੀ ਕਰਿਆ ਕਰਦਾ ਸੀ, ਉਸ ਨੇ ਖ਼ੁਦ ਨੂੰ ਖ਼ਤਰੇ ਵਿਚ ਪਾ ਕੇ ਦੋਹਾਂ ਧਿਰਾਂ ਦੀ ਛੱਡ ਛਡਾਈ ਕਰਵਾ ਦਿਤੀ। ਸਾਰੇ ਜਣੇ ਆਪੋ ਆਪਣੇ ਰਾਹੀਂ ਲੱਗੇ। ਥੋਹੜੀ ਜਿਹੀ ਦੁਪਹਿਰ ਢਲੀ ਤੋਂ ਇਕ ਧਿਰ ਦਾ ਵਿਅਕਤੀ, ਮਹਿਤੇ ਚੌਂਕੀ, ਜੋ ਕਿ ਹੁਣ ਠਾਣਾ ਬਣ ਚੁੱਕਿਆ ਹੈ, ਤੋਂ ਪੁਲਸ ਚੜ੍ਹਾ ਲਿਆਇਆ। ਸਭ ਪਾਸੇ ਚੁੱਪ ਚਾਂ ਸੀ। ਪੁਲਸ ਵਾਲ਼ੇ ਆ ਕੇ ਖੂਹ ਵਾਲ਼ੇ ਦਰੱਖ਼ਤਾਂ ਦੀ ਛਾਂ ਥੱਲੇ ਡਠੇ ਮੰਜਿਆਂ ਉਪਰ ਬੈਠ ਗਏ ਤੇ ਸ਼ਿਕਾਇਤ ਕਰਤਾ ਪਾਸੋਂ 'ਦੋਸ਼ੀਆਂ' ਦੇ ਨਾਂ ਪੁੱਛਣ ਲੱਗੇ। ਸਭ ਤੋਂ ਪਹਿਲਾਂ ਉਸ ਨੇ ਮੇਰੇ ਉਸ ਚਾਚੇ ਸ. ਦਰਸ਼ਨ ਸਿੰਘ ਦਾ ਨਾਂ ਲਿਖਵਾਇਆ ਜਿਸ ਨੇ ਕਿ ਦੋਹਾਂ ਧਿਰਾਂ ਨੂੰ ਲੜਦਿਆਂ ਛੁਡਾਇਆ ਸੀ। ਉਹ ਲਾਗੇ ਹੀ ਛਾਵੇਂ ਮੂੰਹ ਤੇ ਖੱਦਰ ਦਾ ਪਰਨਾ ਪਾਈ ਮੰਜੀ ਉਪਰ ਸੁੱਤਾ ਹੋਇਆ ਸੀ। ਠਾਣੇਦਾਰ ਨੇ ਉਸ ਨੂੰ ਮੰਜੀ ਤੋਂ ਉਠਾ ਕੇ ਭੁੰਜੇ ਬਹਾ ਲਿਆ। ਮੈ ਵੀ ਇਹ ਸਾਰਾ ਵਰਤਾਰਾ ਵਰਤਦਾ ਵੇਖ ਰਿਹਾ ਸਾਂ। ਸਵੇਰੇ ਲੜਾਈ ਹੁੰਦੀ ਵੀ ਵੇਖੀ ਸੀ ਤੇ ਹੁਣ ਸ਼ਿਕਾਇਤ ਹੁੰਦੀ ਵੀ ਵੇਖ ਰਿਹਾ ਸਾਂ ਪਰ ਬੱਚਾ ਹੋਣ ਕਰਕੇ ਮੇਰੀ ਕੋਈ ਹਸਤੀ ਨਹੀ ਸੀ ਕਿ ਕੁਝ ਆਖ ਸਕਾਂ। ਸਿਰਫ ਸਭ ਕੁਝ ਵਾਪਰ ਰਿਹਾ ਵੇਖ ਹੀ ਸਕਦਾ ਸਾਂ। ਪੁਲ਼ਸ ਲਿਆਉਣ ਵਾਲ਼ਾ ਮੇਰੇ ਬਾਬੇ ਦੀ ਪੀਹੜੀ ਦੇ ਬਰਾਬਰ ਸੀ।
ਪੁਲਸ ਦੇ ਹੱਥ ਹੋਰ ਤਾਂ ਲੜਨ ਵਾਲ਼ੀ ਵਿਰੋਧੀ ਧਿਰ ਵਿਚੋਂ ਉਸ ਸਮੇ ਕੋਈ ਨਾ ਆਇਆ ਪਰ ਉਹ ਮੇਰੇ ਲੜਾਈ ਛੁਡਾਵੇ ਚਾਚੇ ਨੂੰ ਹਿੱਕ ਕੇ ਆਪਣੇ ਨਾਲ਼ ਲੈ ਤੁਰੀ। ਜਦੋਂ ਪੁਲਸ ਕੋਲ਼ ਗੱਲ ਗਈ ਦਾ ਪਤਾ ਲੱਗਾ ਤਾਂ ਫਿਰ ਰਾਤ ਨੂੰ ਭਾਈਚਾਰੇ ਦੇ 'ਚੌਧਰੀਆਂ' ਨੇ ਇਕੱਠੇ ਹੋ ਕੇ 'ਘੂਰ ਘੱਪ' ਕੇ ਦੋਹਾਂ ਧਿਰਾਂ ਦਾ ਰਾਜੀਨਾਵਾਂ ਕਰਵਾ ਦਿਤਾ ਤੇ ਪੁਲਸ ਨੂੰ ਵੀ ਇਹ ਜਾਣਕਾਰੀ ਦੇ ਦਿਤੀ। ਹੁਣ ਜਦੋਂ ਦੋਹਾਂ ਧਿਰਾਂ ਦਾ ਰਾਜੀਨਾਵਾਂ ਹੋ ਗਿਆ ਤਾਂ ਪੁਲਸ ਦੇ ਹੱਥੋਂ ਘੂਰਨ, ਦਬਕਾਉਣ, ਯਰਕਾਉਣ, ਤੇ ਲੁੱਟ ਖਸੁੱਟ ਕਰਨ ਦਾ ਸੁਨਹਿਰੀ ਮੌਕਾ ਨਿਕਲ਼ ਗਿਆ। ਲੜਨ ਵਾਲ਼ੀਆਂ ਦੋਵੇਂ ਧਿਰਾਂ ਦੇ ਬੰਦੇ ਤਾਂ ਰਾਜੀਨਾਵਾਂ ਹੋ ਜਾਣ ਦੀ ਖੁਸ਼ੀ ਵਿਚ, ਘਰ ਦੀ ਕਢੀ ਲਾਹਣ ਪੀ ਕੇ, ਖ਼ੁਸ਼ੀਆਂ ਮਨਾਉਂਦੇ ਫਿਰਨ, ਲੁੱਡੀਆਂ ਪਾਉਂਦੇ ਫਿਰਨ, ਬੱਕਰੇ ਬੁਲਾਉਂਦੇ ਫਿਰਨ ਪਰ ਇਸ ਸਾਰੇ ਸਮੇ ਦੌਰਾਨ ਬੇਦੋਸ਼ਾ ਛਡਾਵਾ ਪੁਲਸ ਚੌਂਕੀ ਵਿਚ ਡੱਕਿਆ ਰਿਹਾ। ਜਦੋਂ ਨੂੰ ਪੁਲਸ ਪਾਸ ਰਾਜੀਨਾਵੇਂ ਦੀ ਖ਼ਬਰ ਪਹੁੰਚੀ ਉਸ ਤੋਂ ਪਹਿਲਾਂ ਹੀ ਛਡਾਵੇ ਨੂੰ ਬਿਆਸ ਠਾਣੇ ਵਿਚ ਭੇਜਿਆ ਜਾ ਚੁੱਕਾ ਸੀ। ਇਹ ਹੁਣ ਪੱਕਾ ਯਾਦ ਨਹੀ ਕਿ ਕਿੰਨੇ ਦਿਨਾਂ ਪਿੱਛੋਂ ਪੁਲਸ ਦੇ ਮਨ ਮੇਹਰ ਪਈ ਤੇ ਉਸ ਦੀ ਬੰਦ ਖਲਾਸੀ ਹੋਈ। 'ਪੁੰਨ' ਦਾ ਕੰਮ ਕਰਨ ਬਦਲੇ ਉਸ ਨੂੰ ਇਹ 'ਇਨਾਮ' ਮਿਲ਼ਿਆ। ਜੇਕਰ ਉਹ ਖ਼ੁਦ ਆਪਣੀ ਜਾਨ ਤੇ ਖ਼ਤਰਾ ਮੁੱਲ ਲੈ ਕੇ ਦੋਹਾਂ ਲੜ ਰਹੀਆਂ ਧਿਰਾਂ ਨੂੰ ਨਾ ਛੁਡਾਉਂਦਾ ਤਾਂ ਕਿਸੇ ਦੇ ਗੰਭੀਰ ਸੱਟਾਂ ਵੀ ਲੱਗ ਸਕਦੀਆਂ ਸਨ ਤੇ ਸ਼ਾਇਦ ਕਿਸੇ ਦੀ ਜਾਨ ਨੂੰ ਖ਼ਤਰੇ ਦਾ ਕਾਰਨ ਵੀ ਬਣ ਸਕਦਾ ਸੀ।
ਬਚਪਨ ਵਿਚ ਆਪਣੇ ਭਾਈਆ ਜੀ ਪਾਸੋਂ ਦੂਜੀ ਜਮਾਤ ਦੀ ਕਿਤਾਬ ਵਿਚ ਕੀੜੀ ਤੇ ਘੁੱਗੀ ਦੀ ਕਹਾਣੀ ਪੜ੍ਹੀ ਸੀ ਜੋ ਕਿ ਅਜੇ ਤੱਕ ਵੀ ਮੈਨੂੰ ਯਾਦ ਹੈ: ਨਦੀ ਵਿਚ ਰੁੜ੍ਹਦੀ ਜਾ ਰਹੀ ਕੀੜੀ ਨੂੰ ਵੇਖ ਕੇ ਘੁੱਗੀ ਨੇ ਇਕ ਪੱਤਾ ਤੋੜ ਕੇ ਕੀੜੀ ਦੇ ਅੱਗੇ ਸੁੱਟਿਆ। ਕੀੜੀ ਉਸ ਪੱਤੇ ਦੇ ਉਪਰ ਚੜ੍ਹ ਗਈ। ਘੁੱਗੀ ਨੇ ਆਪਣੀ ਚੁੰਝ ਨਾਲ਼ ਉਹ ਪੱਤਾ ਚੁੱਕਿਆ ਤੇ ਨਦੀ ਤੋਂ ਬਾਹਰ ਲਿਆ ਰੱਖਿਆ। ਕੁਝ ਸਮੇ ਬਾਅਦ ਉਸ ਕੀੜੀ ਨੂੰ ਇਕ ਸ਼ਿਕਾਰੀ ਘੁੱਗੀ ਨੂੰ ਮਾਰਨ ਲਈ ਗੁਲੇਲ ਸੇਧੀ ਦਿਸ ਪਿਆ। ਕੀੜੀ ਨੇ ਸ਼ਿਕਾਰੀ ਦੇ ਹੱਥ ਤੇ ਦੰਦੀ ਵਢ ਦਿਤੀ ਤੇ ਉਸ ਦਾ ਨਿਸ਼ਾਨਾ ਉਕ ਗਿਆ। ਇਸ ਤਰ੍ਹਾਂ ਘੁੱਗੀ ਦੀ ਜਾਨ ਬਚ ਗਈ। ਉਸ ਕਹਾਣੀ ਦੇ ਅੰਤ ਵਿਚ ਸਿਖਿਆ ਲਿਖੀ ਸੀ:
ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ।
ਉਸ ਲੜਾਈ ਦੇ ਵਾਕਿਆ ਨੂੰ ਵੇਖਣ ਉਪ੍ਰੰਤ ਹੁਣ ਤੱਕ ਇਹ ਵਿਚਾਰ ਮੇਰਾ ਪਿੱਛਾ ਨਹੀ ਛਡ ਰਿਹਾ ਕਿ ਕੀ ਇਹ ਗੱਲ ਸਹੀ ਹੈ ਕਿ ਭਲੇ ਦਾ ਫਲ਼ ਭਲੇ ਵਿਚ ਮਿਲ਼ਦਾ ਹੈ! ਇਸ ਘਟਨਾ ਤੋਂ ਤਾਂ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਲੋਕੋਕਤੀ ਇਉਂ ਹੋਣੀ ਚਾਹੀਦੀ ਸੀ:
ਕਰ ਭਲਾ, ਹੋ ਬੁਰਾ, ਅੰਤ ਭਲੇ ਦਾ ਬੁਰਾ।

****

No comments:

Post a Comment