1953 ਦੇ ਮਹੀਨੇ ਅਸੂ ਦਾ ਇਕ ਲੌਢੇ ਕੁ ਵੇਲ਼ੇ ਜਿਹੇ ਦਾ ਸਮਾ ਸੀ। ਉਸ ਸਮੇ ਦਾਦੀ ਮਾਂ ਜੀ ਚਾਹ ਬਣਾ ਰਹੇ ਸਨ ਤੇ ਵੱਡੇ ਚਾਚਾ ਜੀ ਤੇ ਮੈ ਚਾਹ ਦੀ ਉਡੀਕ ਵਿਚ ਟਾਹਲੀ ਦੀ ਛਾਵੇਂ ਬੈਠੇ ਸਾਂ। ਦਾਦੀ ਮਾਂ ਜੀ ਨੇ ਚੁਲ੍ਹੇ ਤੇ ਚਾਹ ਧਰੀ ਹੋਈ ਸੀ। ਭਾਈਆ ਜੀ ਬੱਸ ਤੋਂ ਉਤਰ ਕੇ, ਜਦੋਂ ਬਿਸਤਰੇ ਸਮੇਤ ਘਰ ਆਏ ਤਾਂ ਮੈਨੂੰ ਤਾਂ ਪਹਿਲਾਂ ਹੀ ਝੌਲ਼ਾ ਜਿਹਾ ਪੈ ਗਿਆ ਕਿ ਕੋਈ ਉਚੇਚੀ ਗੱਲ ਹੋਈ ਹੈ। ਚਾਹ ਵਗੈਰਾ ਪੀ ਪਾ ਕੇ ਸਹਿਜ ਨਾਲ਼ ਭਾਈਆ ਜੀ ਨੇ ਗੱਲ ਦੱਸੀ ਕਿ ਮੇਰੀ ਬਦਲੀ ਬਹੁਤ ਦੂਰ ਮੁਕਤਸਰ ਕਰ ਦਿਤੀ ਹੈ। ਨਾਲ਼ੇ ਉਹ ਕੁਝ ਉਤਸ਼ਾਹ ਹੀਣ ਜਿਹੇ ਵੀ ਦਿਸਦੇ ਸਨ। ਚਾਚਾ ਜੀ ਨੇ ਪੁਛਿਆ, "ਫੇਰ ਹੁਣ ਜਾਣਾ ਓਥੇ!" "ਜਾਣਾ ਈ ਪੈਣਾ ਏਂ, ਹੋਰ ਪਿੰਡ ਆ ਕੇ ਕੀ ਕਰਨਾ!" ਜਵਾਬ ਸੀ ਮਾਯੂਸ ਜਿਹਾ ਭਾਈਆ ਜੀ ਦਾ। ਹੁਣ ਸਾਰੇ ਟੱਬਰ ਦੇ ਨਾਲ਼ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ। ਓਦੋਂ ਹੀ ਮੇਰੇ ਨਾਨਾ ਜੀ ਘੋੜੀ ਲੈ ਕੇ ਆ ਗਏ ਤਾਂ ਕਿ ਬੀਬੀ ਜੀ ਨੂੰ ਨਾਲ਼ ਲੈ ਕੇ ਜਾਣ ਕਿਉਂਕਿ ਉਹਨਾਂ ਦੇ ਪੋਤਰੇ, ਪ੍ਰੀਤਮ ਸਿੰਘ, ਦਾ ਛੁਹਾਰਾ ਪੈਣਾ ਸੀ ਤੇ ਘਰ ਵਿਚ ਕੰਮ ਕਾਜ ਦੀ ਲੋੜ ਸੀ। ਅੱਗੋਂ ਜਦੋਂ ਉਹਨਾਂ ਨੂੰ ਸਾਡੀ ਸਥਿਤੀ ਦਾ ਪਤਾ ਲੱਗਾ ਤਾਂ ਮਾਯੂਸੀ ਜਿਹੀ ਵਿਚ ਖਾਲੀ ਮੁੜ ਗਏ। ਬੀਬੀ ਨੇ ਆਖਿਆ ਤਿੰਨਾਂ ਧੀਆਂ ਦੇ ਘਰਾਂ ਵਿਚੋਂ ਹੋ ਕੇ ਵੀ ਭਾਈਆ ਖਾਲੀ ਘੋੜੀ ਹੀ ਲੈ ਕੇ ਮੁੜ ਗਿਆ
ਸਾਰਾ ਪਰਵਾਰ ਮੁਕਤਸਰ ਪਹੁੰਚ ਗਏ। ਏਥੇ ਰਹਿੰਦਿਆਂ ਭਾਈਆ ਜੀ ਨੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠੀ ਬਣਾ ਦਿਤਾ ਤੇ ਸ਼ਬਦਾਂ ਛੱਕਿਆ ਸਮੇਤ ਆਸਾ ਦੀ ਵਾਰ, ਤੇ ਸਮੇਤ ਜਾਪੁ ਸਾਹਿਬ ਦੇ ਸਾਰਾ ਨਿਤਨੇਮ ਵੀ ਕੰਠ ਕਰਵਾ ਦਿਤਾ। ਵੱਡੇ ਵੱਡੇ ਵਿਦਵਾਨ ਮੈਨੂੰ ਰਾਹ ਗਲ਼ੀ ਖੜ੍ਹਾ ਕਰਕੇ, ਮੈਥੋਂ ਮੂੰਹ ਜ਼ਬਾਨੀ ਜਾਪੁ ਸਾਹਿਬ ਸੁਣ ਕੇ ਹੈਰਾਨ ਹੋਇਆ ਕਰਦੇ ਸਨ। ਏਥੇ ਹੀ ਹਿੰਦੀ ਦੇ ਅੱਖਰਾਂ ਨਾਲ਼ ਅਧੂਰੀ ਜਿਹੀ ਜਾਣ ਪਛਾਣ ਹੋਈ। ਗੱਲ ਇਉੁਂ ਹੋਈ ਕਿ ਸ਼ਹਿਰ ਦੇ ਬਾਹਰ ਵਾਰ ਮਲੋਟ ਰੋਡ ਤੇ ਬਾਬੇ ਮਸਤਾਨ ਸਿੰਘ ਦਾ ਡੇਰਾ ਸੀ। ਓਥੇ ਇਕ ਦਿਨ ਇਕ ਸੰਤ ਜੀ, ਡੇਰੇ ਦੇ ਬਜ਼ੁਰਗ ਮਹੰਤ ਜੀ ਨੂੰ, ਕਿਸੇ ਗੁਟਕੇ ਨੁਮਾ ਗ੍ਰੰਥ ਤੋਂ ਕੁਰਕਸ਼ੇਤਰ ਦੀ ਯੁਧ ਦੀ ਕਥਾ ਸੁਣਾ ਰਹੇ ਸਨ। ਉਹ ਮੇਰੇ ਕੰਨੀ ਵੀ ਪੈ ਗਈ ਤੇ ਮੈ ਵੀ ਕੋਲ਼ ਬੈਠਾ ਸੁਣਦਾ ਰਿਹਾ। ਜਿਉਂ ਹੀ ਉਹਨਾਂ ਨੇ ਪੜ੍ਹਨਾ ਖ਼ਤਮ ਕੀਤਾ ਮੈ ਭੁਖਿਆਂ ਵਾਂਗ ਝਪੱਟਾ ਮਾਰ ਕੇ ਉਹਨਾਂ ਦੇ ਹੱਥੋਂ ਉਹ ਗੁਟਕਾ ਜਿਹਾ ਖੋਹ ਲਿਆ ਤੇ ਜਦੋਂ ਵੇਖਿਆ ਤਾਂ ਉਸ ਦੇ ਅੱਖਰ ਹਿੰਦੀ ਵਿਚ ਸਨ। ਬੜਾ ਮਾਯੂਸ ਹੋਇਆ ਤੇ ਸੰਤ ਜੀ ਨੂੰ ਆਖਿਆ, "ਮੈਨੂੰ ਹੁਣੇ ਹੀ ਹਿੰਦੀ ਸਿਖਾ।" ਉਹਨਾਂ ਨੇ ਜ਼ਮੀਨ ਤੇ ਸੁਆਹ ਖਿਲਾਰ ਕੇ ਮੈਨੂੰ ਕਾ ਖਾ ਤੋਂ ਲੈਕੇ ਅਗਲੇ ਅੱਖਰ ਲਿਖ ਦਿਤੇ ਤੇ ਮੈ ਓਸੇ ਸਮੇ ਰਟ ਲਏ। ਅਖੀਰ ਉਪਰ ਅੱਖਰ 'ਸ਼' ਨੂੰ ਬੜਾ ਚਿਰ 'ੜ' ਸਮਝ ਕੇ ਹੀ ਪੜ੍ਹਦਾ ਰਿਹਾ ਕਿਉਂਕਿ ਉਹ ਗੁਰਮੁਖੀ ਦੀ ਪੈਂਤੀ ਦੇ ੜ ਦੇ ਸਥਾਨ ਉਪਰ ਲਿਖਿਆ ਹੋਇਆ ਸੀ।
ਏਥੇ ਰਹਿਣ ਸਮੇ ਹਰ ਮੱਸਿਆ ਤੇ ਗੁਰਪੁਰਬਾਂ ਸਮੇ ਦੇ ਦੀਵਾਨਾਂ ਵਿਚ ਢਾਡੀਆਂ, ਪ੍ਰਚਾਰਕਾਂ, ਕਵੀਸ਼ਰਾਂ, ਕਵੀਆਂ ਤੋਂ ਪ੍ਰਸੰਗ ਸੁਣਨ ਦੇ ਨਾਲ ਨਾਲ਼ ਹਰ ਰੋਜ ਸਵੇਰੇ ਸੰਤ ਗਿ. ਸਰੋਵਰ ਸਿੰਘ ਜੀ ਪਾਸੋਂ ਆਏ ਮੁਖਵਾਕ ਦੀ ਕਥਾ ਤੇ ਸ਼ਾਮ ਨੂੰ ਡੇਰੇ ਵਿਚ ਨਾਨਕ ਪ੍ਰਕਾਸ਼ ਦੀ ਕਥਾ ਸੁਣਨੀ। ਕੁਝ ਸਮੇ ਪਿੱਛੋਂ ਫੇਰ ਕਥਾ ਦਾ ਪਾਠ ਵੀ ਮੈਨੂੰ ਹੀ ਕਰਨ ਲਾ ਲਿਆ। ਮਲਵਈ ਲੋਕ ਮੇਰੀ ਉਮਰ ਤੇ ਮੇਰੀ ਧਾਰਮਿਕ ਪੜ੍ਹਾਈ ਨੂੰ ਵੇਖ ਵੇਖ ਹੈਰਾਨ ਹੋਇਆ ਕਰਨ ਤੇ ਕਈ ਬੀਬੀਆਂ ਤਾਂ ਹੋਰ ਵੀ ਹੈਰਾਨੀ ਪਰਗਟ ਕਰਨ। ਇਕ ਵਾਰੀਂ ਯਾਦ ਹੈ ਦੋ ਸੰਤ ਮੇਰੇ ਬਾਰੇ ਆਪੋ ਵਿਚ ਗੱਲਾਂ ਕਰਨ: ਇਕ ਨੇ ਆਖਿਆ, "ਇਹ ਅੰਦਰੋਂ ਹੀ ਪੜ੍ਹ ਕੇ ਆਇਆ ਹੈ।" ਦੂਜੇ ਨੇ ਕਿਹਾ, "ਇਹ ਕਿਵੇਂ ਹੋ ਸਕਦਾ ਹੈ?" ਪਹਿਲਾ ਆਂਹਦਾ, "ਜੇ ਅਭਿਮੰਨੂ ਅੰਦਰੋਂ ਹੀ ਚੱਕਰਵਿਊ ਸਿੱਖ ਸਕਦਾ ਸੀ ਤਾਂ ਇਹ ਕਿਉਂ ਨਹੀ ਅੰਦਰੋਂ ਪੜ੍ਹ ਸਕਦਾ!"
ਏਥੇ ਹੀ ਕਥਾ ਸੁਣਦਿਆਂ ਜਦੋਂ ਰਾਜਿਆਂ ਦੀਆਂ ਗੱਲਾਂ ਸੁਣਨੀਆਂ ਤਾਂ ਖਿਆਲ ਆਇਆ ਕਿ ਹੁਣ ਆਪਣਾ ਰਾਜਾ ਕੌਣ ਹੈ? ਘਰ ਆ ਕੇ ਬੀਬੀ ਜੀ ਨੂੰ ਪੁੱਛਿਆ ਕਿ ਆਪਣਾ ਰਾਜਾ ਕੌਣ ਹੈ! ਤਾਂ ਉਸ ਦਾ ਜਵਾਬ ਸੀ, "ਹੁਣ ਹਿੰਦੂਆਂ ਦਾ ਰਾਜ ਹੈ।" "ਜੇ ਹਿੰਦੂਆਂ ਦਾ ਰਾਜ ਹੈ ਤਾਂ ਆਪਣੀ ਡਿਉੜੀ ਵਿਚ ਉਹ ਭਾਈ ਰੇਹੜੀ ਉਤੇ ਮੂੰਗਫਲ਼ੀ ਕਿਉਂ ਵੇਚਦਾ ਹੈ!" "ਸਾਰੇ ਹਿੰਦੂਆਂ ਦਾ ਥੋਹੜਾ ਰਾਜ ਹੈ! ਕਿਸੇ ਇਕ ਦਾ ਹੋਊ!" ਜਵਾਬ ਮਿਲਿਆ। ਇਕ ਸੇਵਾਦਾਰ ਤੋਂ ਪਤਾ ਲੱਗਾ ਕਿ ਹੁਣ ਤਾਂ ਵੋਟਾਂ ਨਾਲ਼ ਚੋਣ ਹੁੰਦੀ ਹੈ ਤੇ ਸਭ ਤੋਂ ਵੱਡਾ ਪ੍ਰਧਾਨ ਮੰਤਰੀ ਹੁੰਦਾ ਹੈ। ਇਕ ਹੋਰ ਉਸ ਤੋਂ ਵੀ ਵੱਡਾ ਹੁੰਦਾ ਹੈ ਉਸ ਨੂੰ ਪ੍ਰਧਾਨ ਆਖਦੇ ਆ।" ਭੱਜਾ ਭੱਜਾ ਛੋਟੇ ਭਰਾ ਕੋਲ਼ ਗਿਆ ਤੇ ਉਸ ਉਪਰ ਆਪਣੇ ਨਵੇ ਗਿਆਨ ਦਾ ਪ੍ਰਭਾਵ ਪਾਉਣ ਲਈ ਉਸ ਨੂੰ ਦੱਸਿਆ, "ਭ੍ਹੀਰੋ ਭ੍ਹੀਰੋ, ਠਾਣੇਦਾਰ ਨਾਲ਼ੋਂ ਵੀ ਵੱਡਾ ਇਕ ਹੋਰ ਬੰਦਾ ਹੁੰਦਾ ਵਾ!" "ਠਾਣੇਦਾਰ ਨਾਲ਼ੋਂ ਵੱਡਾ ਤੇ ਫਿਰ ਰੱਬ ਹੀ ਹੋਣਾਂ!' ਜਵਾਬ ਸੀ ਛੋਟੇ ਭਰਾ ਦਾ, ਜੋ ਕਿ ਹੁਣ ਸੂਬੇਦਾਰ ਦਲਬੀਰ ਸਿੰਘ ਬਣ ਚੁੱਕੇ ਹਨ ਤੇ ਆਪਣੀ ਹਿੰਮਤ ਨਾਲ਼ ਆਸਟ੍ਰੇਲੀਆ ਵਿਚ ਪੜ੍ਹਨ ਭੇਜੇ ਬੱਚਿਆਂ ਪਾਸ ਪੱਕੇ ਤੌਰ ਤੇ ਆ ਵੱਸੇ ਹਨ।
****
No comments:
Post a Comment