1957 ਦੇ ਅਖੀਰ ਜਿਹੇ ਵਿਚ ਉਪ੍ਰੋਕਤ ਕਾਲਜ ਦੀ ਗੁਰਮਤਿ ਸੰਗਤਿ ਦੇ ਦਾਖ਼ਲੇ ਵਾਸਤੇ ਇੰਟਰਵਿਊ ਹੋਈ ਤੇ ਭਾਵੇਂ ਪੜ੍ਹਾਈ, ਉਮਰ, ਕੱਦ, ਸੇਹਤ, ਗੱਲ ਕੀ ਹਰ ਪੱਖੋਂ, "ਜਦ ਦੇ ਜੰਮੇ, ਬੋਦੀਉਂ ਲੰਮੇ।" ਦੀ ਅਖਾਣ ਅਨੁਸਾਰ ਮੈ ਸਭ ਤੋਂ ਅਯੋਗ ਹੀ ਸਾਂ ਪਰ ਭਾਈਆ ਜੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਗ੍ਰੰਥੀ ਹੋਣ ਦਾ ਲਾਭ ਇਹ ਹੋਇਆ ਕਿ ਉਹਨਾਂ ਨੇ, ਬਾਵਜੂਦ ਮੇਰੀਆਂ ਘਾਟਾਂ ਦੇ ਵੀ, ਇੰਟਰਵਿਊ ਕਮੇਟੀ ਦੇ ਸਤਿਕਾਰਤ ਮੈਬਰ ਸਾਹਿਬਾਨ, ਸਿੰਘ ਸਾਹਿਬ ਜਥੇਦਾਰ ਅਛਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਸਿੰਘ ਗਿ. ਭੂਪਿੰਦਰ ਸਿੰਘ ਜੀ, ਮੁਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਕਾਲਜ ਦੇ ਪ੍ਰਿੰਸੀਪਲ, ਗੁਰਬਾਣੀ ਦੇ ਪ੍ਰਸਿਧ ਵਿਦਵਾਨ, ਪ੍ਰੋ. ਸਾਹਿਬ ਸਿੰਘ ਜੀ ਨੂੰ ਬੇਨਤੀ ਕਰਕੇ, ਮੈਨੂੰ ਕਾਲਜ ਦੀ ਸੰਗੀਤ ਕਲਾਸ ਵਿਚ ਦਾਖ਼ਲ ਕਰਵਾ ਹੀ ਦਿਤਾ।
ਇਸ ਕਾਲਜ ਦੇ ਦਾਖ਼ਲੇ ਨੇ ਤਾਂ ਮੇਰੇ ਸਾਹਮਣੇ ਇਕ ਵਿਸ਼ਾਲ ਸੰਸਾਰ ਹੀ ਖੋਹਲ ਕੇ ਰੱਖ ਦਿਤਾ। ਆਪ ਤੋਂ ਉਮਰ, ਅਕਲ, ਵਿੱਦਿਆ, ਗੱਲ ਕੀ ਹਰ ਪੱਖੋਂ ਅੱਗੇ ਜਾ ਚੁੱਕੇ ਵਿਦਿਆਰਥੀਆਂ ਦੀ ਸੰਗਤ ਨੇ ਤਾਂ ਮੇਰੇ ਵਿਚਾਰਾਂ ਵਿਚ ਖਾਸੀ ਤਬਦੀਲੀ ਲਿਆ ਦਿਤੀ। ਅਧਿਆਪਕਾਂ ਦੀ ਯੋਗਤਾ ਦੇ ਤਾਂ ਕਹਿਣੇ ਹੀ ਕੀ! ਸ਼ਾਸਤਰੀ ਸੰਗੀਤ ਦੇ ਧੁਰੰਤਰ ਵਿਦਵਾਨ ਪ੍ਰੋ. ਰਾਜਿੰਦਰ ਸਿੰਘ ਜੀ, ਮਾਸਟਰ ਸਾਧੂ
ਸਿੰਘ ਜੀ, ਪ੍ਰੋ. ਅਮਰ ਸਿੰਘ ਚਾਕਰ ਜੀ ਤੋਂ ਇਲਾਵਾ ਇਸ ਯੁਗ ਦੇ ਗੁਰਬਾਣੀ ਦੇ ਮਹਾਨ ਟੀਕਾਕਾਰ, ਪ੍ਰਿੰਸੀਪਲ ਸਾਹਿਬ ਸਿੰਘ ਜੀ, ਦੀ ਸੰਗਤ ਵਿਚੋਂ ਉਹ ਨਜ਼ਰੀਆ ਪ੍ਰਾਪਤ ਹੋਇਆ ਜਿਸ ਨੇ ਮੈਨੂੰ ਸੰਪਰਦਾਈ, ਸੀਮਤ ਤੇ ਸੌੜੀ ਸੋਚ ਤੋਂ ਉਤੇ ਉਠਾ ਕੇ, ਸਮੁਚੀ ਪੰਥਕ ਸੋਚ ਦਾ ਧਾਰਨੀ ਬਣਾਉਣ ਵਿਚ ਅਹਿਮ ਹਿੱਸਾ ਪਾਇਆ। ਵਿਦਿਆਰਥੀ ਤਾਂ ਮੈ ਭਾਵੇਂ ਸੰਗੀਤ ਕਲਾਸ ਦਾ ਸਾਂ ਪਰ ਵਿੱਦਿਆ ਵਿਚ ਰੁਚੀ ਹੋਣ ਕਰਕੇ ਮੇਰੀ ਦਿਲਚਸਪੀ ਕਿਤਾਬਾਂ ਵੱਲ ਵਧ ਤੇ ਸੰਗੀਤ ਵੱਲ ਘਟ ਸੀ। ਇਸ ਤੋਂ ਇਲਾਵਾ ਓਹਨੀਂ ਦਿਨੀਂ ਪ੍ਰਸਿਧ ਕ੍ਰਾਂਤੀਕਾਰੀ ਭਾਈ ਪਰਮਾਨੰਦ ਝਾਂਸੀ ਜੀ ਵੀ, ਹਫਤੇ ਵਿਚ ਤਿੰਨ ਦਿਨ, ਪ੍ਰਚਾਰਕ ਕਲਾਸ ਨੂੰ ਲੈਕਚਰ ਦੇਣ ਆਇਆ ਕਰਦੇ ਸਨ ਤੇ ਪੰਥ ਦੀ ਮਾਇਆਨਾਜ਼ ਹਸਤੀ, ਪ੍ਰਿੰਸੀਪਲ ਗੰਗਾ ਸਿੰਘ ਜੀ ਵੀ, ਤਿੰਨ ਦਿਨ ਲੈਕਚਰ ਦੇਣ ਆਇਆ ਕਰਦੇ ਸਨ। ਪਿੰ੍ਰ. ਗੰਗਾ ਸਿੰਘ ਜੀ ਨਾਲ਼ ਮੇਰਾ ਵਾਹ ਸਿਰਫ ਸ਼ਾਮ ਨੂੰ ਵਾਲੀ ਬਾਲ ਖੇਡਣ ਸਮੇ ਹੀ ਪੈਂਦਾ ਸੀ ਜਿਥੇ ਉਹ ਅਣਜਾਣ ਤੇ ਕਮਜੋਰ ਹੋਣ ਕਰਕੇ ਮੈਨੂੰ ਹਮੇਸ਼ਾਂ ਆਪਣੀ ਵਿਰੋਧੀ ਟੀਮ ਵਿਚ ਸ਼ਾਮਲ ਹੋਣ ਲਈ ਮਜਬੂਰ ਕਰਿਆ ਕਰਦੇ ਸਨ ਤਾਂ ਕਿ ਉਹ ਮੇਰੇ ਤੇ ਬਾਲ ਸੁੱਟ ਕੇ, ਜਿੱਤ ਸਕਣ। ਮੇਰਾ ਨਾਂ ਉਹਨਾਂ ਨੇ ਲੈਟਰ ਬਕਸ ਪਾਇਆ ਹੋਇਆ ਸੀ। ਜਿਵੇਂ ਲੈਟਰ ਬਕਸ ਵਿਚੋਂ ਲੈਟਰ ਮੁੜ ਕੇ ਵਾਪਸ ਨਹੀ ਆਉਂਦਾ, ਏਸੇ ਤਰ੍ਹਾਂ ਮੇਰੇ ਤੋਂ ਬਾਲ ਨਹੀ ਸੀ ਮੁੜ ਕੇ ਜਾਂਦਾ। ਭਾਈ ਪਰਮਾਨੰਦ ਝਾਂਸੀ ਜੀ ਨਾਲ਼ ਕਦੀ ਘੱਟ ਹੀ ਵਾਹ ਪਿਆ ਸੀ। ਪਿੰ੍ਰਸੀਪਲ ਸਾਹਿਬ ਸਿੰਘ ਜੀ ਹੋਰਾਂ ਨੇ ਮਖੌਲ ਨਾਲ਼ ਮੇਰਾ ਨਾਂ 'ਭਲਵਾਨ ਜੀ' ਪਾਇਆ ਹੋਇਆ ਸੀ।ਤਿੰਨ ਸਾਲ ਦੇ ਸਮੇ ਦੌਰਾਨ, ਏਥੇ ਰਹਿੰਦਿਆਂ ਬਹੁਤ ਕੁਝ ਚੰਗਾ ਤੇ ਕੁਝ ਮੰਦਾ ਵੀ ਵਾਪਰਿਆ। ਕਾਲਜ ਦੇ ਪਹਿਲੇ ਸਾਲ ਦੀਆਂ ਗਰਮੀਆਂ ਵਿਚ ਹੀ ਇਕ ਭਿਆਨਕ ਘਟਨਾ ਵਾਪਰ ਗਈ। ਰਾਤ ਦੀ ਰੋਟੀ ਖਾਣ ਤੋਂ ਪਿਛੋਂ ਤਕਰੀਬਨ ਸਾਰੇ ਹੀ ਮੁੰਡੇ ਸੈਰ ਕਰਨ ਲਈ ਚਲੇ ਜਾਂਦੇ ਸਨ। ਕੁਝ ਸੜਕੇ ਸੜਕ ਪੁਤਲੀ ਘਰ ਵੱਲ, ਕੁਝ ਹੋਰ ਪਾਸਿਆਂ ਵੱਲ ਨੂੰ ਤੇ ਬਹੁਤੇ ਖ਼ਾਲਸਾ ਕਾਲਜ ਦੀਆਂ ਗਰਾਊਂਡਾਂ ਨੂੰ ਚਲੇ ਜਾਂਦੇ ਸਨ। ਇਕ ਰਾਤ ਨੂੰ ਸੈਰੋਂ ਵਾਪਸੀ ਤੇ ਅਸੀਂ ਹੈਰਾਨੀ ਨਾਲ਼ ਵੇਖਿਆ ਕਿ ਮੇਰੇ ਵਾਲ਼ੇ ਕਮਰੇ, ਜਿਸ ਵਿਚ ਅਸੀਂ ਪੰਜ ਵਿਦਿਆਰਥੀ ਰਹਿੰਦੇ ਸਾਂ, ਵਿਚ ਪੁਲਸ ਆਈ ਹੋਈ ਹੈ। ਯੂ. ਪੀ. ਤੋਂ ਆਏ ਵਿਦਿਆਰਥੀ ਕਰਮ ਸਿੰਘ ਨੂੰ ਫੜ ਕੇ ਭੁੰਜੇ ਬਹਾਇਆ ਹੋਇਆ ਹੈ। ਉਸ ਪਾਸੋਂ ਗਾਤਰੇ ਵਾਲ਼ੀ ਕ੍ਰਿਪਾਨ ਵੀ ਕਬਜੇ ਵਿਚ ਲਈ ਹੋਈ ਹੈ। ਭਾਵੇਂ ਕਿ ਉਸ ਨੇ ਕਾਲਜ ਵਿਚਲੇ ਨਲ਼ਕੇ ਤੋਂ ਇਸ ਨੂੰ ਧੋ ਲਿਆ ਸੀ ਪਰ ਉਸ ਦੀ ਅੰਤਲੀ ਨੋਕ ਵਿਚ ਪਾਣੀ ਦਾ ਤੁਪਕਾ ਲਹੂਰੰਗਾ ਅਟਕਿਆ ਹੋਇਆ ਸੀ। ਉਸ ਦੇ ਲਹੂ ਦੇ ਛਿੱਟਿਆਂ ਵਾਲੇ ਕੱਪੜੇ ਵੀ ਪੁਲਸ ਨੇ ਕਬਜੇ ਵਿਚ ਕਰ ਲਏ ਸਨ। ਕਰਮ ਸਿੰਘ ਨੂੰ ਪੁਲਸ ਫੜ ਕੇ ਸਦਰ ਠਾਣੇ ਲੈ ਗਈ। ਪੁਲਸ ਦੇ ਜਾਣ ਪਿਛੋਂ ਪਤਾ ਲੱਗਾ ਕਿ ਇਕ ਹੋਰ ਯੂ. ਪੀ. ਦੇ ਵਿਦਿਆਰਥੀ ਦਲੀਪ ਸਿੰਘ ਨੂੰ, ਕਰਮ ਸਿੰਘ ਨੇ, ਉਸ ਦੀ ਵੱਖੀ ਦੇ ਦਿਲ ਵਾਲ਼ੇ ਪਾਸੇ, ਆਪਣੇ ਗਾਤਰੇ ਵਾਲ਼ੀ ਕ੍ਰਿਪਾਨ ਮਾਰ ਕੇ, ਡੂੰਘਾ ਜ਼ਖ਼ਮ ਕਰ ਦਿਤਾ ਹੈ ਤੇ ਉਸ ਨੂੰ ਕਿਸੇ ਨੇ ਹਸਪਤਾਲ ਵਿਚ ਪੁਚਾ ਦਿਤਾ ਹੈ। ਉਹ ਇਸ ਲਈ ਕਰਮ ਸਿੰਘ ਦਾ ਨਾਂ ਲੈ ਰਿਹਾ ਹੈ। ਇਹ ਦੋਵੇਂ ਵਿਦਿਆਰਥੀ ਦਿੱਲੀ ਗੁਰਮਤਿ ਵਿਦਿਆਲੇ ਵਿਚੋਂ, ਸਾਡੇ ਸੰਗੀਤ ਦੇ ਪ੍ਰੋਫ਼ੈਸਰ ਸ. ਰਾਜਿੰਦਰ ਸਿੰਘ ਜੀ ਦੇ ਉਸਤਾਦ, ਗਿਆਨੀ ਹਰਦਿਤ ਸਿੰਘ ਜੀ ਹੋਰਾਂ ਦੇ ਭੇਜੇ ਹੋਏ ਸਨ। ਯਾਦ ਰਹੇ ਕਿ ਸਵੱਰਗੀ ਗਿਆਨੀ ਹਰਦਿਤ ਸਿੰਘ ਜੀ ਬਹੁਤ ਸਮਾ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਚੱਲ ਰਹੇ, ਗੁਰਮਤਿ ਵਿਦਿਆਲੇ ਦੇ ਮੁਖੀ ਰਹੇ ਸਨ। ਉਹ ਹਰੇਕ ਸੈਸ਼ਨ ਸਮੇ ਆਪਣੇ ਵਿਦਿਆਲੇ ਵਿਚੋਂ ਕੁਝ ਵਿਦਿਆਰਥੀ ਏਥੇ ਭੇਜਿਆ ਕਰਦੇ ਸਨ। ਸਾਡੇ ਪ੍ਰੋਫ਼ੈਸਰ ਸ. ਰਾਜਿੰਦਰ ਸਿੰਘ ਜੀ ਵੀ ਉਹਨਾਂ ਦੇ ਪੁਰਾਣੇ ਵਿਦਿਆਰਥੀ ਸਨ।
ਸਾਡੇ ਵਿਚੋਂ ਵੱਡੇ ਵਿਦਿਆਰਥੀਆਂ ਨੇ, ਜ਼ਖ਼ਮੀ ਦਲੀਪ ਸਿੰਘ ਲਈ ਆਪਣਾ ਖ਼ੂਨ ਵੀ ਦਿਤਾ। ਉਸ ਦੇ ਜ਼ਖ਼ਮ ਵਿਚੋਂ ਖ਼ੂਨ ਵਗਣਾ ਬੰਦ ਨਾ ਹੋ ਸਕਿਆ। ਜਿੰਨਾ ਵੀ ਖ਼ੂਨ ਚੜ੍ਹਦਾ ਉਹ ਜ਼ਖ਼ਮ ਵਿਚੋਂ ਵਗ ਜਾਂਦਾ। ਅੰਤ ਵਿਚ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਹੋ ਜਾਣ ਤੋਂ ਪਹਿਲਾਂ ਹੀ, ਪਤਾ ਨਹੀ ਕਿਸ ਤਰ੍ਹਾਂ ਕਰਮ ਸਿੰਘ ਨੂੰ ਪੁਲਸ ਨੇ ਛੱਡ ਦਿਤਾ ਤੇ ਓਸੇ ਰਾਤ ਦੀ ਗੱਡੀ ਵਿਚ ਹੀ ਉਸ ਨੂੰ ਦਿੱਲੀ ਵੱਲ ਤੋਰ ਦਿਤਾ ਗਿਆ। ਇਸ ਸਾਰੀ ਕਾਰਵਾਈ ਵਿਚ ਸਾਡੇ ਪ੍ਰੋ. ਰਾਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਮਿੱਤਰ ਸ. ਨਰਿੰਦਰ ਸਿੰਘ ਸੋਚ ਜੀ ਸਰਗਰਮ ਸਨ। ਇਸ ਦੁਖਦਾਈ ਘਟਨਾ ਦਾ ਅਜੇ ਵੀ ਮੇਰੇ ਮਨ ਤੇ ਬੜਾ ਅਸਰ ਹੈ। ਇਹ ਦੋਵੇਂ ਹੀ ਵਿਦਿਆਰਥੀ ਤਕਰੀਬਨ ਮੇਰੀ ਉਮਰ ਦੇ ਸਨ ਤੇ ਮੇਰਾ ਇਹਨਾਂ ਨਾਲ ਸਹਿਯੋਗ ਵੀ ਚੰਗਾ ਸੀ।
ਇਸ ਦੁਖਦਾਈ ਘਟਨਾ ਕਾਰਨ ਕਾਲਜ ਵਿਚ ਗਰਮੀਆਂ ਦੀਆਂ ਛੁੱਟੀਆਂ ਸਮੇ ਤੋਂ ਪਹਿਲਾਂ ਹੀ ਕਰ ਦਿਤੀਆਂ ਗਈਆਂ। ਸਾਰੇ ਵਿਦਿਆਰਥੀਆਂ ਦੇ ਸਿਰਨਾਵੇਂ ਲ਼ਿਖ ਕੇ ਉਹਨਾਂ ਨੂੰ ਘਰੋ ਘਰੀ ਚਲੇ ਜਾਣ ਲਈ ਆਖ ਦਿਤਾ ਗਿਆ।
31 ਦਸੰਬਰ ਨੂੰ, 1960 ਵਾਲ਼ੇ ਸਾਲ ਦੇ ਅੰਤ ਨਾਲ਼ ਹੀ ਸਾਡਾ ਤਿੰਨ ਸਾਲਾ ਗੁਰਮਤਿ ਸੰਗੀਤ ਦਾ ਕੋਰਸ ਵੀ ਸਮਾਪਤ ਹੋ ਗਿਆ, ਜੋ ਕਿ 1 ਜਨਵਰੀ 1958 ਵਾਲ਼ੇ ਦਿਨ ਸ਼ੁਰੂ ਹੋਇਆ ਸੀ। ਮੈ ਕੋਰਸ ਦੀ ਸਮਾਪਤੀ ਤੋਂ ਕੁਝ ਦਿਨ ਪਹਿਲਾਂ, ਅਰਥਾਤ 18 ਦਸੰਬਰ, 1960 ਵਾਲ਼ੇ ਦਿਨ ਤੋਂ ਹੀ, ਭਾਈਆ ਜੀ ਦੇ ਰਸੂਖ਼ ਨਾਲ਼, ਆਰਜ਼ੀ ਤੌਰ ਤੇ ਪ੍ਰਬੰਧਕ ਕਮੇਟੀ ਦੀ ਸੇਵਾ ਵਿਖੇ ਸ਼ਾਮਲ ਹੋ ਗਿਆ। ਭਾਵੇਂ ਕਿ ਮੇਰੀ ਸੇਵਾ ਵਿਚ ਸ਼ਾਮਲ ਹੋ ਸਕਣ ਦੀ ਅਜੇ ਉਮਰ ਨਹੀ ਸੀ ਪਰ ਭਾਈਆ ਜੀ ਦਾ ਰਸੂਖ਼ ਤੇ ਮਿਸ਼ਨਰੀ ਕਾਲਜ ਦਾ ਡਿਪਲੋਮਾ, ਇਸ ਕਾਰਜ ਲਈ ਸਹਾਇਕ ਸਾਬਤ ਹੋਏ। ਮੇਰੀ ਡਿਊਟੀ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਵਿਖੇ ਜਥੇਦਾਰ ਰਾਗੀ ਵਜੋਂ ਕੀਰਤਨ ਦੀ ਲੱਗੀ। ਆਪਣੇ ਨਾਲ਼ ਮੈ ਦੋ ਆਪਣੇ ਸਾਥੀ ਕਲਾਸ ਵਿਚੋਂ ਹੀ ਸ਼ਾਮਲ ਕਰ ਲਏ: ਜੋੜੀ ਵਾਸਤੇ ਭਾਈ ਪ੍ਰੀਤਮ ਸਿੰਘ ਅਤੇ ਸਹਾਇਕ ਵਜੋਂ ਭਾ. ਤਾਰਾ ਸਿੰਘ। ਮੇਰੀ ਬੜੀ ਇਛਾ ਸੀ ਕਿ ਪ੍ਰੋ. ਸਾਹਿਬ ਸਿੰਘ ਹੋਰਾਂ ਦੀ ਅਗਵਾਈ ਵਿਚ, ਮੈ ਪ੍ਰਚਾਰਕ ਦਾ ਕੋਰਸ ਵੀ ਕਰ ਲਵਾਂ ਜੋ ਕਿ ਡੇਢ ਕੁ ਸਾਲ ਰਹਿੰਦਾ ਸੀ ਪਰ ਭਾਈਆ ਜੀ ਵੱਲੋਂ ਹੌਸਲਾ ਸ਼ਿਕਨੀ ਤੇ ਤਨਖ਼ਾਹ ਦਾ ਲਾਲਚ ਇਸ ਵਿਚ ਰੁਕਾਵਟ ਬਣ ਗਏ। ਮੈ ਥੋਹੜਾ ਸਮਾ ਹੀ ਕਲਾਸ ਵਿਚ ਜਾ ਸਕਿਆ ਤੇ ਫਿਰ ਇਹ ਆਪਣੇ ਸ਼ੌਕ ਵਾਲ਼ਾ ਕਾਰਜ ਵਿਚੇ ਹੀ ਛੱਡ ਕੇ, ਧਰਮ ਪ੍ਰਚਾਰ ਕਮੇਟੀ ਅਧੀਨ, ਮਈ 1961 ਵਿਚ, ਰਾਗੀ ਦੀ ਸੇਵਾ ਵਿਚ ਸ਼ਾਮਲ ਹੋ ਗਿਆ ਜਿਥੇ ਕੀਰਤਨ ਦੀ ਬਜਾਇ ਮੇਰੇ ਪਾਸੋਂ ਦਫ਼ਤਰੀ ਕਲਰਕੀ ਦਾ ਕਾਰਜ ਹੀ ਲਿਆ ਜਾਂਦਾ ਸੀ। ਉਂਜ ਕਾਲਜ ਦੇ ਤਿੰਨ ਸਾਲ਼ਾਂ ਦੌਰਾਨ ਮੈ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਪੜ੍ਹ ਲਈਆਂ ਸਨ ਤੇ ਫਿਰ ਵੀ ਉਹਨਾਂ ਦੇ ਲੇਖ, ਕਿਤਾਬਾਂ ਆਦਿ ਪੜ੍ਹਦਾ ਰਿਹਾ। ਗਿਆਨੀ ਕਰਨ ਤੋਂ ਪਹਿਲਾਂ, ਮੇਰੀ ਹੱਥ ਲਿਖਤ ਆਮ ਨਾਲ਼ੋਂ ਸਾਫ ਹੋਣ ਕਰਕੇ, ਕਮੇਟੀ ਦੀਆਂ ਮੀਟਿੰਗਾਂ ਦੀ ਕਾਰਵਾਈ ਪੱਕੇ ਰਜਿਸਟਰ ਤੇ ਲਿਖਣ ਦਾ ਕਾਰਜ ਮੈ ਹੀ ਕਰਿਆ ਕਰਦਾ ਸਾਂ। ਭਾਈਆ ਜੀ ਵੱਲੋਂ ਪੜ੍ਹਾਈ ਵੱਲੋਂ ਮੇਰੀ ਹੌਸਲਾ ਸ਼ਿਕਨੀ ਕਰਨ ਦਾ ਸਫ਼ਲ ਤੇ ਭਰਪੂਰ ਯਤਨ ਇਸ ਲਈ ਸੀ ਕਿ ਉਹ ਮੈਨੂੰ ਗੁਰੂ ਘਰ ਦਾ ਕੀਰਤਨੀਆ ਵੇਖਣ ਦੇ ਚਾਹਵਾਨ ਸਨ। ਉਹ ਕਿਉਂਕਿ ਆਪ ਰਾਗੀ ਬਣਨ ਵਿਚ, ਘਰੋਗੀ ਹਾਲਾਤ ਕਾਰਨ, ਸਫ਼ਲ ਨਾ ਹੋ ਸਕੇ ਤੇ ਆਪਣਾ ਸ਼ੌਕ ਮੇਰੇ ਰਾਹੀਂ ਪੂਰਾ ਹੋਇਆ ਵੇਖਣਾ ਚਾਹੁੰਦੇ ਸਨ।
ਮੇਰੇ ਇਸ ਦਫ਼ਤਰੀ ਸੇਵਾ ਸਮੇ ਦੌਰਾਨ ਦੋ ਖਾਸ ਤੌਰ ਤੇ ਯਾਦ ਰਹਿਣ ਵਾਲ਼ੀਆਂ ਘਟਨਾਵਾਂ ਘਟੀਆਂ: ਇਕ ਤਾਂ ਪ੍ਰਿੰ. ਸਾਹਿਬ ਸਿੰਘ ਜੀ ਵੱਲੋਂ ਦਰਖਾਸਤ ਆਈ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਮੁਕੰਮਲ ਕਰ ਲਿਆ ਹੈ। ਕਿਉਂਕਿ ਇਹ ਕੰਮ ਉਹਨਾਂ ਨੇ ਕਮੇਟੀ ਦੀ ਨੌਕਰੀ ਦੌਰਾਨ ਕੀਤਾ ਹੈ, ਇਸ ਲਈ ਪਹਿਲ ਕਮੇਟੀ ਦੀ ਹੈ ਕਿ ਉਹ ਇਸ ਨੂੰ ਛਪਵਾ ਲਵੇ। ਇਸ ਦਰਖਾਸਤ ਤੇ ਵਿਚਾਰ ਹੋਣ ਉਪ੍ਰੰਤ, ਇਸ ਨੂੰ ਅਗਲੀ ਮੀਟਿੰਗ ਵਿਚ ਵਿਚਾਰ ਵਾਸਤੇ ਪੈਂਡਿੰਗ ਰੱਖ ਲਿਆ ਗਿਆ। ਪਿੰ੍ਰਸੀਪਲ ਸਾਹਿਬ ਜੀ ਨੇ ਉਡੀਕਣ ਦੀ ਬਜਾਇ, ਜਲੰਧਰ ਸਥਿਤ ਰਾਜ ਪਬਲਿਸ਼ਰ ਵਾਲ਼ਿਆਂ ਤੋਂ ਛਪਵਾਉਣਾ ਸ਼ੁਰੂ ਕਰ ਦਿਤਾ। ਪਰਦੇ ਪਿਛੇ ਕੀ ਹੋਇਆ, ਇਸ ਸਭ ਕੁਝ ਦੀ ਮੈਨੂੰ ਓਦੋਂ ਸਮਝ ਨਹੀ ਸੀ ਪਰ ਹੁਣ ਕੁਝ ਵੇਰਵਾ ਉਹਨਾਂ ਦੀ ਜੀਵਨੀ ਵਿਚੋਂ ਪੜ੍ਹਿਆ ਹੈ।
ਸ਼ਾਇਦ ਇਹ ਵੇਰਵਾ ਪਾਠਕਾਂ ਨੂੰ ਦਿਲਚਸਪ ਲੱਗੇ। ਹੁਣ ਤੱਕ ਗੁਰਬਾਣੀ ਦੇ ਵਿਆਕਰਣ ਅਨੁਸਾਰ ਅਰਥਾਂ ਦਾ ਟੀਕਾ, ਇਕ ਆਪਣੀ ਇੱਛਾ ਨਾਲ਼ ਹਿੰਦੂ ਤੋਂ ਬਣੇ ਸਿੱਖ ਨੇ ਕੀਤਾ। ਉਸ ਦੀ ਉਸ ਰਿਹਾਇਸ਼ ਦਾ ਪ੍ਰਬੰਧ ਇਕ ਉਹਨਾਂ ਦੇ ਸਾਥੀ ਪੱਕੇ ਕਮਿਊਨਿਸਟ, ਪ੍ਰੋ. ਵਰਿਆਮ ਸਿੰਘ ਦੀ ਸਿਫਾਰਸ਼ ਨਾਲ਼ ਮਿਲ਼ਿਆ, ਜਿਥੇ ਰਹਿ ਕੇ ਉਹਨਾਂ ਨੇ ਇਕ ਟੀਕਾ ਲਿਖਿਆ। ਇਸ ਟੀਕੇ ਨੂੰ ਛਾਪਣ ਵਾਸਤੇ ਵੀ ਓਸੇ ਕਮਿਊਸਿਟ ਦੀ ਸਿਫਾਰਸ਼ ਹੀ ਕੰਮ ਆਈ ਅਤੇ ਛਾਪਿਆ ਇਸ ਨੂੰ ਇਕ ਹਿੰਦੂ ਨੇ। ਉਸ ਸੱਜਣ ਨੇ ਇਸ ਨੂੰ ਛਾਪਣ ਲਈ ਨਵਾਂ ਪ੍ਰੈਸ ਲਾਇਆ। ਇਉਂ ਇਹ ਟੀਕਾ ਹੋਂਦ ਵਿਚ ਆਇਆ ਜੋ ਕਿ ਗੁਰਬਾਣੀ ਦੇ ਖੋਜੀਆਂ ਵਾਸਤੇ ਸਭ ਤੋਂ ਵਧ ਭਰੋਸੇ ਯੋਗ ਮੰਨਿਆਂ ਜਾਂਦਾ ਹੈ।
ਦੂਜੀ ਦਰਖਾਸਤ ਵੀ ਉਹਨਾਂ ਵੱਲੋਂ ਹੀ ਆਈ ਕਿ ਮਿਸ਼ਨਰੀ ਕਲਾਸ ਦੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੀਆਂ ਨੌਕਰੀਆਂ ਵਿਚ ਪਹਿਲ ਦਿਤੀ ਜਾਇਆ ਕਰੇ। ਇਹ ਦਰਖਾਸਤ ਪ੍ਰਵਾਨ ਹੋ ਗਈ। ਕਾਰਵਾਈ ਕਿਉਂਕਿ ਰਜਿਸਟਰ ਵਿਚ ਮੈ ਚੜ੍ਹਾਉਣੀ ਸੀ, ਇਸ ਕਰਕੇ ਇਹ ਮਤਾ ਲਿਖਣ ਸਮੇ ਮੈ ਸ਼ਬਦ 'ਕਲਾਸ' ਦੀ ਬਜਾਇ 'ਕਾਲਜ' ਲਿਖ ਦਿਤਾ ਜਿਸ ਕਰਕੇ ਮਿਸ਼ਨਰੀ ਕਾਲਜ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀ ਇਸ ਤੋਂ ਲਾਭਵੰਦ ਹੋਏ।
ਧਰਮ ਪ੍ਰਚਾਰ ਕਮੇਟੀ ਵਿਚ ਸੇਵਾ ਦੌਰਾਨ ਕੀਰਤਨ ਦਾ ਸਮਾ ਪ੍ਰਾਪਤ ਨਾ ਹੋਣ ਅਤੇ ਕਲੱਰਕੀ ਦਾ ਕਾਰਜ ਹੀ ਕਰਦੇ ਰਹਿਣ ਕਰਕੇ, ਛੇਤੀ ਹੀ ਮੈ ਏਥੋਂ ਉਕਤਾ ਗਿਆ ਤੇ ਸੱਤ ਕੁ ਮਹੀਨੇ ਪਿਛੋਂ, ਨਵੰਬਰ 1961 ਵਿਚ, ਰਾਗੀ ਵਜੋਂ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਬਦਲੀ ਕਰਵਾ ਲਈ।
****
No comments:
Post a Comment