ਸਿੱਖਾਂ ਦੀ ‘ਬਹਾਦਰੀ’

ਮੇਰੀ ਇਸ ਆਪਣੀਆਂ ਅੱਖਾਂ ਸਾਹਮਣੇ ਵਾਪਰੀ ਘਟਨਾ ਨੂੰ ਬਿਆਨ ਕਰ ਦੇਣ ਕਰਕੇ ਕਿਤੇ ਮੈਨੂੰ ਸਿੱਖਾਂ ਦੀ ਬਹਾਦਰੀ ਤੇ 'ਕਿੰਤੂ ਪ੍ਰੰਤੂ' ਕਰਨ ਵਾਲ਼ਾ ਹੀ ਨਾ ਸਮਝ ਬੈਠਣਾ। ਸਿੱਖ ਪੰਥ ਦੀਆਂ ਕੁਰਬਾਨੀਆਂ ਤੋਂ ਸਾਰਾ ਜਹਾਨ ਜਾਣੂ ਹੈ। ਮੈ ਤਾਂ ਸਿਰਫ ਹੋਸ਼ੇ ਹੁਲੱੜਬਾਜਾਂ ਦੁਆਰਾ ਵਰਤਾਇਆ ਜਾਣਾ ਵਾਲ਼ਾ ਇਕ ਸੱਚਾ 'ਕਾਲ਼ਾ ਕਾਰਨਾਮਾ' ਬਿਆਨਣ ਲੱਗਾ ਹਾਂ ਜੋ ਕਿ ਸੂਝਵਾਨ ਤੇ ਬਹਾਦਰ ਸਿੱਖਾਂ ਦੇ ਕਿਰਦਾਰ ਦੇ ਮੇਚ ਨਹੀ ਆਉਂਦਾ।
ਗੱਲ ਇਹ 1961 ਦੀ ਹੈ। ਭਰਵੀਂ ਗਰਮੀ ਦੇ ਦਿਨ ਲੰਘ ਚੁੱਕੇ ਸਨ ਤੇ ਮੌਸਮ ਵਿਚ ਕੁਝ ਨਰਮੀ ਪ੍ਰਵੇਸ਼ ਕਰ ਚੁਕੀ ਸੀ। ਓਹਨੀਂ ਦਿਨੀਂ ਮੈ ਅੰਮ੍ਰਿਤਸਰ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿਚ ਕੰਮ ਕਰਦਾ ਸਾਂ। 1960 ਵਾਲ਼ੇ ਮੋਰਚੇ ਦੌਰਾਨ, ਸੰਤ ਫ਼ਤਿਹ ਸਿੰਘ ਜੀ ਦੁਆਰਾ ਰੱਖਿਆ ਮਰਨ ਵਰਤ, ਮੁਖ ਮੰਤਰੀ ਕੈਰੋਂ ਨੇ ਸਿਆਸੀ ਚਤਰਾਈ ਨਾਲ਼, ਮਾਸਟਰ ਜੀ ਦੇ ਹੱਥੋਂ ਛੁਡਵਾ ਕੇ ਮੋਰਚਾ ਸਮਾਪਤ ਕਰਵਾ ਲਿਆ। ਮੁੜ ਕੇ ਪ੍ਰਧਾਨ ਮੰਤਰੀ, ਪੰਡਤ ਨਹਿਰੂ ਨੇ ਸੰਤ ਜੀ ਨਾਲ਼ ਗੱਲ ਬਾਤ ਦਾ ਕੁਝ ਸਮਾ ਢੌਂਗ ਰਚਾ ਕੇ, ਆਖਰ ਸੰਤ ਜੀ
ਨੂੰ ਠੁੱਠ ਵਿਖਾ ਦਿਤਾ। ਇਸ ਤੋਂ ਮਾਯੂਸ ਹੋਕੇ ਫਿਰ ਮਾਸਟਰ ਜੀ ਨੇ ਮਰਨ ਵਰਤ ਰੱਖਿਆ ਹੋਇਆ ਸੀ। ਇਕ ਦਿਨ ਲੌਢੇ ਕੁ ਵੇਲ਼ੇ ਦਾ ਸਮਾ ਸੀ। ਮੈ ਬਾਬਾ ਅਟੱਲ ਜੀ ਦੇ ਗੁਰਦੁਆਰਾ ਸਾਹਿਬ ਦੀ ਬਾਹੀ ਵੱਲੋਂ ਦਫ਼ਤਰ ਨੂੰ ਆ ਰਿਹਾ ਸੀ ਤੇ ਦਰਬਾਰ ਸਾਹਿਬ ਤੇ ਕਮੇਟੀ ਦੇ ਦਫ਼ਤਰਾਂ ਨੂੰ ਵੱਖ ਕਰਨ ਵਾਲ਼ੀ ਸੜਕ ਤੇ ਹੀ ਸਾਂ ਕਿ ਕੁਝ ਨੌਜਵਾਨ, ਇਕ ਸਿੱਖ ਨੌਜਵਾਨ ਦੀ ਪੱਗ ਲਾਹ ਕੇ ਉਸ ਨੂੰ ਕੇਸਾਂ ਤੋਂ ਫੜੀ, ਬਾਬਾ ਅਟੱਲ ਜੀ ਵਾਲ਼ੇ ਪਾਸੇ ਵੱਲੋਂ, ਅੰਦਰ ਨੂੰ ਧੂਹੀ ਆ ਰਹੇ ਸਨ ਤੇ ਨਾਲ਼ ਨਾਲ਼ ਜੋ ਵੀ ਹੱਥ ਆਉਂਦਾ ਸੀ ਉਸ ਨਾਲ਼ ਉਸ ਦੀ ਭੁਗਤ ਸਵਾਰੀ ਜਾ ਰਹੇ ਸਨ। ਮੇਰੇ ਵੇਂਹਦਿਆ ਇਕ ਜੋਸ਼ੀਲੇ ਪਰ ਅਕਲੋਂ ਅੰਨ੍ਹੇ ਸੱਜਣ ਨੇ ਤਾਂ ਸਣੇ ਮਿਆਨ ਉਸ ਦੀਆਂ ਮੌਰਾਂ ਵਿਚ ਸਾਰੇ ਜੋਰ ਨਾਲ਼ ਕ੍ਰਿਪਾਨ ਵੀ ਆ ਮਾਰੀ। ਓਹਨੀਂ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ, ਬਾਬਾ ਅਟੱਲ ਜੀ ਤੇ ਮੰਜੀ ਸਾਹਿਬ ਦੇ ਦਰਮਿਆਨ, ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀ ਉਪਰਲੀ ਮਨਜ਼ਲ ਤੇ ਹੁੰਦਾ ਸੀ। ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਨੂੰ ਬਦਲ ਦੇਣ ਦੇ ਨਾਲ਼ ਨਾਲ਼ ਇਸ ਦਾ ਦਫ਼ਤਰ ਵੀ, ਇਸ ਦੇ ਮਾਲਕ, ਹਾਈਜੈਕ ਕਰਕੇ ਚੰਡੀਗੜ੍ਹ ਲੈ ਗਏ ਹਨ। ਇਸ ਸਥਾਨ ਤੇ ਜ. ਮੋਹਨ ਸਿੰਘ ਤੁੜ ਦੀ ਪ੍ਰਧਾਨਗੀ ਸਮੇ ਦਲ ਦੇ ਦਫਤਰ ਦਾ ਨੀਹ ਪੱਥਰ ਰੱਖ ਕੇ ਕੁਝ ਕਮਰੇ ਉਸਾਰੇ ਵੀ ਗਏ ਸਨ ਤੇ ਇਸ ਦਾ ਕਬਜਾ ਸ. ਜਗਦੇਵ ਸਿੰਘ ਤਲਵੰਡੀ ਕੋਲ਼ ਰਿਹਾ ਤੇ ਫਿਰ ਉਸ ਦੁਆਰਾ ਸੰਤ ਜਰਨੈਲ ਸਿੰਘ ਜੀ ਦੇ ਪਿਤਾ, ਬਾਬਾ ਜੋਗਿੰਦਰ ਸਿੰਘ ਜੀ ਦੇ ਹਵਾਲੇ ਕਰ ਦਿਤਾ ਗਿਆ। ਸ. ਸਿਮਰਨਜੀਤ ਸਿੰਘ ਮਾਨ ਜੀ ਨੇ ਜੇਹਲੋਂ ਆ ਕੇ ਬਾਬਾ ਜੀ ਤੋਂ ਉਸ ਦਾ ਕਬਜਾ ਲੈ ਲਿਆ ਤੇ ਬੀਬੀ ਜਾਗੀਰ ਕੌਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨ ਤੱਕ ਉਸ ਦਾ ਏਥੇ ਕਬਜਾ ਰਿਹਾ। ਫਿਰ ਇਕ ਦਿਨ ਬੀਬੀ ਜੀ ਨੇ ਬੁਲਡੋਜਰ ਫਿਰਵਾ ਕੇ, ਉਸ ਦਫ਼ਤਰ ਦਾ ਨਾਂ ਨਿਸ਼ਾਨ ਮਿਟਾ ਕੇ, ਉਸ ਦੇ ਥਾਂ 'ਮਾਤਾ ਗੰਗਾ ਜੀ ਨਿਵਾਸ' ਦੇ ਨਾਂ ਹੇਠ ਸ਼ਾਨਦਾਰ ਸਰਾਂ, ਸੰਤਾਂ ਨੂੰ ਕਾਰ ਸੇਵਾ ਦੇ ਕੇ, ਉਸਰਵਾ ਦਿਤੀ। ਤੇ ਮਾਨ ਦਲ ਦੇ ਦਫ਼ਤਰ ਦਾ ਬੋਰਡ, ਬ੍ਰਹਮ ਬੂਟਾ ਮਾਰਕੀਟ ਵਿਚ ਸਥਿਤ, ਇਸ ਦੇ ਜਨਰਲ ਸਕੱਤਰ ਭਾਈ ਰਾਮ ਸਿੰਘ ਜੀ ਦੇ ਚੁਬਾਰੇ ਦੇ ਮੱਥੇ ਤੇ ਸੋਭਣ ਲੱਗ ਪਿਆ।
ਇਸ ਬੋਰਡ ਵਾਲ਼ੀ ਗੱਲ ਤੋਂ ਇਕ ਹੋਰ ਪੁਰਾਣੀ ਗੱਲ ਚੇਤੇ ਆ ਗਈ: 1960 ਦੀਆਂ ਗੁਰਦੁਆਰਾ ਚੋਣਾਂ ਕਾਂਗਰਸ ਸਰਕਾਰ ਨੇ ਸਾਧ ਸੰਗਤ ਬੋਰਡ ਦੇ ਨਾਂ ਹੇਠ ਲੜੀਆਂ ਤੇ 140 ਵਿਚੋਂ ਤਿੰਨ ਕਾਣੇ ਹੀ ਇਸ ਦੇ ਹੱਥ ਆਏ। ਅਰਥਾਤ ਤਿੰਨ ਸੀਟਾਂ ਹੀ ਜਿਤ ਸਕੀ ਕਾਂਗਰਸ। ਹਿੰਦੁਸਤਾਨ ਤੇ ਪੰਜਾਬ ਦੀਆਂ ਸਰਕਾਰਾਂ, ਸ਼੍ਰੋਮਣੀ ਕਮੇਟੀ ਦੇ ਵਸੀਲੇ, ਕੈਰੋਂ ਵਰਗੇ ਧੱਕੜ ਮੁਖ ਮੰਤਰੀ ਦੇ ਹੁੰਦਿਆਂ ਵੀ ਮਾਸਟਰ ਜੀ ਦੀ ਅਗਵਾਈ ਹੇਠ ਅਕਾਲੀ ਦਲ ਚੋਣ ਜਿੱਤ ਗਿਆ। ਇਸ ਤੋਂ ਪਹਿਲੀਆਂ 1955 ਵਾਲ਼ੀਆਂ ਚੋਣਾਂ ਵੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਜਿਤੀਆਂ ਸਨ ਪਰ ਓਦੋਂ ਕਮਿਊਨਿਸਟਾਂ ਨਾਲ਼ ਗੱਠ ਜੋੜ ਕਰਕੇ, ਉਹਨਾਂ ਨੂੰ ਪੰਝੀ ਸੀਟਾਂ ਦੇਣੀਆਂ ਪਈਆਂ ਸਨ ਤੇ ਇਸ ਤਰ੍ਹਾਂ ਦਲ ਤੇ ਕਮਿਊਨਿਸਟਾਂ ਨੇ ਰਲ਼ ਕੇ, ਕਾਂਗਰਸ ਵੱਲੋਂ ਜਥੇਦਾਰ ਊਧਮ ਸਿੰਘ ਨਾਗੋਕੇ ਦੀ ਅਗਵਾਈ ਹੇਠ ਬਣਾਏ ਗਏ 'ਖ਼ਾਲਸਾ ਦਲ' ਨੂੰ ਹਾਰ ਦਿਤੀ ਸੀ ਪਰ ਇਸ ਵਾਰੀਂ ਉਹ ਕਮਿਊਨਿਸਟ ਵੀ ਕਾਂਗਰਸ ਨਾਲ਼ ਹੀ ਸਨ। ਚੋਣਾਂ ਤੋਂ ਕੁਝ ਸਮਾ ਪਹਿਲਾਂ ਪੰਥ ਵਿਰੋਧੀ ਤਿੰਨ ਦਲ ਮੈਦਾਨ ਵਿਚ ਸਨ: ਗਿਆਨੀ ਕਰਤਾਰ ਸਿੰਘ ਦਾ 'ਪੰਥ ਸੇਵਕ ਦਲ', ਗਿਆਨ ਸਿੰਘ ਰਾੜੇਵਾਲ਼ੇ ਦਾ 'ਮਾਲਵਾ ਅਕਾਲੀ ਦਲ' ਤੇ ਪ੍ਰਤਾਪ ਸਿੰਘ ਕੈਰੋਂ ਦਾ 'ਸ਼ੇਰੇ ਪੰਜਾਬ ਦਲ'। 
ਅਜੀਤ ਦੇ ਐਡੀਟਰ ਸ. ਸਾਧੂ ਸਿੰਘ ਹਮਦਰਦ ਦੇ ਇਸ ਸੁਝਾ ਦਾ ਬਹਾਨਾ ਬਣਾ ਕੇ ਕਿ ਗੁਰਦੁਅਰਿਆਂ ਦੀਆਂ ਚੋਣਾਂ ਪਾਰਟੀਆਂ ਰਾਹੀਂ ਨਹੀ ਬਲਕਿ ਸਾਧ ਸੰਗਤ ਰਾਹੀਂ ਹੋਣੀਆਂ ਚਾਹੀਦੀਆਂ ਨੇ, ਇਹਨਾਂ ਤਿੰਨਾਂ ਦਲਾਂ ਨੂੰ ਦਲ਼ ਕੇ, ਇਸ ਮਲੀਦੇ ਵਿਚੋਂ 'ਸਾਧ ਸੰਗਤ ਬੋਰਡ' ਸਿਰਜ ਲਿਆ ਗਿਆ। ਜਦੋਂ ਚੋਣਾਂ ਵਿਚ ਇਸ ਸਾਧ ਸੰਗਤ ਬੋਰਡ ਦੀ ਬੁਰੀ ਤਰ੍ਹਾਂ ਹਾਰ ਹੋ ਗਈ ਤਾਂ ਇਕ ਅਕਾਲੀ ਵਰਕਰ ਦੂਜੇ ਵਰਕਰ ਨੂੰ ਪੁੱਛਦਾ, "ਓਇ ਤਾਲਬ ਸਿੰਅ੍ਹਾਂ, ਸਾਧ ਸੰਗਤ ਬੋਰਡ ਦਾ ਕੀ ਬਣਿਆਂ ਓਇ!" "ਲੈ ਤੇ ਜਗਤ ਸਿੰਅ੍ਹਾਂ ਉਸ ਦਾ ਕੀ ਬਣਨਾ ਸੀ ਬਾਈ! ਸਾਧ ਸਾਧੀਂ ਜਾ ਰਲ਼ੇ, ਸੰਗਤ ਸੰਗਤ ਵਿਚ ਆ ਬੈਠੀ, ਤੇ ਬਾਕੀ ਰਹਿ ਗਿਆ ਬੋਰਡ; ਉਹ ਲੁਧਿਆਣੇ ਰਾਮ ਦਿਆਲ ਸਿਉਂ ਦੇ ਚੁਬਾਰੇ ਤੇ ਲਟਕਦਾ।" ਸਹੀ ਉਤਰ ਸੀ ਜ. ਤਾਲਬ ਸਿੰਘ ਦਾ।
ਦਫਤਰ ਵੱਲ ਆਈਏ: ਇਸ ਦਫ਼ਤਰ ਦੀ ਗੈਲਰੀ ਵਿਚ ਖਲੋਤੇ ਜਥੇਦਾਰ ਖ਼ਜਾਨ ਸਿੰਘ ਜੀ ਮੀਰਾਂਕੋਟ, ਮੈਬਰ ਸ਼੍ਰੋਮਣੀ ਕਮੇਟੀ, ਜੋ 1977 ਵਿਚ ਅਕਾਲੀ ਐਮ. ਐਲ. ਏ. ਵੀ ਬਣੇ, ਰੌਲ਼ਾ ਪਾਈ ਜਾਣ, "ਓਇ, ਨਾ ਮਾਰੋ ਇਸ ਵਿਚਾਰੇ ਨੂੰ!" ਪਰ ਮੇਲੇ ਵਿਚ ਚੱਕੀ ਰਾਹ ਦੀ ਕੌਣ ਸੁਣੇ! ਮਸਾਂ ਤੇ ਬੁਜ਼ਦਿਲਾਂ ਦੇ ਕਾਬੂ ਇਕ ਕਮਜੋਰ ਤੇ ਉਹ ਵੀ ਇਕੱਲਾ ਬੰਦਾ ਆਇਆ ਸੀ, ਆਪਣੀ ਬਹਾਦਰੀ ਵਿਖਾਉਣ ਲਈ। ਕੋਈ ਕਿਸੇ ਤੋਂ ਪਿੱਛੇ ਕਿਉਂ ਰਹੇ ਇਸ ਕਾਇਰਾਨਾ ਕਾਰਜ ਵਿਚ। ਇਲਜ਼ਾਮ ਉਸ ਨੌਜਵਾਨ ਉਪਰ ਇਹ ਸੀ ਕਿ ਇਹ ਸੀ. ਆਈ. ਡੀ. ਦਾ ਬੰਦਾ ਹੈ। ਇਹ ਕੋਈ ਨਵੀਂ ਗੱਲ ਥੋਹੜੀ ਸੀ। ਦਰਸ਼ਨੀ ਨੌਜਵਾਨ ਤੇ ਪ੍ਰੌੜ੍ਹ ਸਿੱਖ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਗੁਪਤ ਪੁਲਸ ਦੇ ਬੰਦੇ ਆਮ ਹੀ ਡਿਊਟੀ ਉਪਰ ਹੁੰਦੇ ਸਨ ਤੇ ਹਨ; ਚਾਹੇ ਕੋਈ ਮੋਰਚਾ ਲੱਗਾ ਹੋਵੇ ਚਾਹੇ ਨਾ। ਕਈਆਂ ਨੂੰ ਮੈ ਵੀ ਓਦੋਂ ਜਾਨਣ ਲੱਗ ਗਿਆ ਸਾਂ ਜਦੋਂ ਪਿਛਲੇ ਸੱਠਵਿਆਂ ਤੇ ਪਹਿਲੇ ਸੱਤਰਵਿਆਂ ਦੌਰਾਨ ਮੈ ਦਲ ਦੀ ਹਾਈ ਕਮਾਂਡ ਤੇ ਕਮੇਟੀ ਦੀ ਐਗਜ਼ੈਕਟਿਵ ਦੀਆਂ ਮੀਟਿੰਗਾਂ ਵਿਚ, ਇਕ ਨੌਕਰ ਵਜੋਂ ਸ਼ਾਮਲ ਹੋਇਆ ਕਰਦਾ ਸਾਂ। ਪੱਤਰਕਾਰਾਂ ਤੇ ਗੁਪਤ ਪੁਲਸੀਆਂ ਵੱਲੋਂ, ਇਕ ਦੂਜੇ ਤੋਂ ਪਹਿਲਾਂ ਜਾਣਕਾਰੀ ਪ੍ਰਾਪਤ ਕਰ ਲੈਣ ਦੀ ਹੋੜ ਵੱਸ, ਉਹਨਾਂ ਮੇਰੇ ਨਾਲ਼ ਸੰਪਰਕ ਵੀ ਕਰਦੇ ਰਹਿਣਾ ਪਰ ਮੈਨੂੰ ਓਦੋਂ ਏਨੀ ਸਮਝ ਨਹੀ ਸੀ ਹੁੰਦੀ ਕਿ ਅਜਿਹਾ ਕਰਕੇ ਕੁਝ ਨਾਜਾਇਜ਼ ਲਾਭ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਮੈ ਇਹ ਆਖ ਕੇ ਪਿੱਛਾ ਛੁਡਾ ਲੈਣਾ ਕਿ ਸਾਰੀ ਪ੍ਰੈਸ ਨੂੰ ਇਕੱਠੀ ਜਾਣਕਾਰੀ ਦੇ ਦਿਤੀ ਜਾਵੇਗੀ।
ਅਗਲੇ ਦਿਨ ਇਹ ਜਾਣ ਕੇ ਹੈਰਾਨੀ ਹੋਈ ਕਿ ਉਸ ਪੁਲਸੀਏ ਨੂੰ ਕੁੱਟਣ ਦਾ ਕੇਸ ਉਸ ਗਰੀਬ ਜਥੇਦਾਰ ਖ਼ਜ਼ਾਨ ਸਿੰਘ ਤੇ ਦਰਜ ਹੋ ਗਿਆ ਜੇਹੜਾ ਉਸ ਨੂੰ ਛੁਡਾਉਣ ਲਈ ਰੌਲ਼ਾ ਪਾ ਰਿਹਾ ਸੀ। ਇਸ ਤੋਂ ਇਕ ਸਾਲ ਦੇ ਕਰੀਬ ਪਹਿਲਾਂ ਦਾ ਸਮਾ ਚੇਤੇ ਆ ਗਿਆ। 1960 ਦਾ ਮੋਰਚਾ ਜੋਰਾਂ ਤੇ ਚੱਲ ਰਿਹਾ ਸੀ। ਇਕ ਛੋਟੇ ਠਾਣੇਦਾਰ ਨੂੰ ਬ੍ਰਹਮ ਬੂਟਾ ਅਖਾੜੇ ਦੇ ਸਾਹਮਣੇ ਕਿਸੇ ਨੇ ਗੋਲ਼ੀ ਮਾਰ ਕੇ ਮਾਰ ਦਿਤਾ। ਕੇਸ ਦਰਜ ਹੋਇਆ ਸੰਤ ਫ਼ਤਿਹ ਸਿੰਘ ਜੀ ਤੇ, ਜੋ ਦੂਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਵਾਲ਼ੇ ਮਕਾਨ ਵਿਚ ਬੈਠੇ, ਦਲ ਵੱਲੋਂ ਲਗਾਏ ਗਏ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ, ਸ਼ਾਤਮਈ ਮੋਰਚੇ ਦਾ ਸੰਚਾਲਨ ਕਰ ਰਹੇ ਸਨ। ਅਖੇ, ਸੰਤ ਗੋਲ਼ੀ ਮਾਰ ਕੇ ਬ੍ਰਹਮ ਬੂਟਾ ਤੇ ਬੁੰਗਾ ਰਾਮਗੜ੍ਹੀਆਂ ਦੇ ਦਰਮਿਆਨ ਮੌਜੂਦ, ਭੀੜੀ ਗਲੀ ਰਾਹੀਂ ਪ੍ਰਕਰਮਾਂ ਨੂੰ ਦੌੜ ਗਿਆ।

*****

No comments:

Post a Comment