ਗੱਲ ਮੈ ਏਥੇ ਆਮ ਜੰਤਰ ਮੰਤਰ, ਟੂਣੇ ਟਾਣੇ, ਝਾੜ ਫੂਕ ਆਦਿ ਦੀ ਨਹੀਂ ਕਰਨ ਲੱਗਾ ਬਲਕਿ ਇਕ ਖ਼ਾਸ ਅਖੀਂ ਵੇਖੀ ਇਤਿਹਾਸਕ ਘਟਨਾ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕਰਨ ਲੱਗਾ ਹਾਂ ਜੋ ਕਿ ਕਦੀ ਵੀ ਕਿਸੇ ਲਿਖਤ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੀ ਤੇ ਨਾ ਹੀ ਐਸੀ ਕੋਈ ਸੰਭਾਵਨਾ ਹੈ ਕਿ ਕਦੀ ਬਣ ਸਕੇ। ਸ਼ਾਇਦ ਉਸ ਸਮੇ ਬਹੁਤੇ ਹਾਜ਼ਰ ਸੱਜਣਾਂ ਦੀ ਯਾਦ ਵਿਚੋਂ ਵੀ ਇਹ ਯਾਦ ਖਿਸਕ ਗਈ ਹੋਵੇ! ਵੈਸੇ ਵੀ ਬਹੁਤ ਸਾਰੇ ਓਥੇ ਹਾਜਰ ਸੱਜਣਾਂ ਵਿਚੋਂ, ਹੁਣ ਤੱਕ ਇਸ ਦੁਨੀਆ ਵਿਚੋਂ ਵੀ ਖਿਸਕ ਚੁੱਕੇ ਹਨ।
1967 ਦੀਆਂ ਚੋਣਾਂ ਉਪ੍ਰੰਤ ਲੋਕਾਂ ਨੇ ਵੇਖਿਆ ਕਿ 1947 ਤੋਂ ਇਕੱਲੀ ਕਾਂਗਰਸ ਪਾਰਟੀ ਦਾ ਚੱਲਿਆ ਆ ਰਿਹਾ ਇਕ ਛਤਰ ਰਾਜ ਬਹੁਤ ਕਮਜ਼ੋਰ ਪੈ ਗਿਆ ਹੈ। ਸੈਂਟਰ ਵਿਚ ਤਾਂ ਭਾਵੇਂ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਉਣ ਵਿਚ ਸਫ਼ਲ ਹੋ ਗਈ ਸੀ ਪਰ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਦੇ ਸਫ਼ਰ ਸਮੇ ਕਿਤੇ ਵੀ ਕਿਸੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਨਹੀ ਸੀ ਆਉਂਦੀ। ਭਾਵ ਕਿ ਇਹਨਾਂ ਸਾਰੇ ਸੂਬਿਆਂ ਵਿਚ ਵਿਰੋਧੀ ਪਾਰਟੀਆਂ ਨੇ ਗੰਢ ਤਰੁਪ ਕਰ ਕੇ ਆਪਣੀਆਂ ਕਾਂਗਰਸ ਵਿਰੋਧੀ ਸਰਕਾਰਾਂ ਬਣਾ ਲਈਆਂ ਸਨ।
ਪੰਜਾਬ ਵਿਚ ਵੀ ਕਾਂਗਰਸ ਦੇ 50 ਮੈਬਰਾਂ ਦੇ ਮੁਕਾਬਲੇ 23 ਮੈਬਰਾਂ ਵਾਲ਼ੇ ਅਕਾਲੀਆਂ ਨੇ, ਸੰਤ ਫ਼ਤਿਹ ਸਿੰਘ ਦੀ ਸਿਆਸੀ ਸੂਝ ਕਰਕੇ, ਸਾਰੇ ਕਾਂਗਰਸ ਵਿਰੋਧੀ ਦਲਾਂ ਦੀ ਦਲਦਲ ਨੂੰ ਇਕ ਝੰਡੇ ਹੇਠ ਇਕੱਠੇ ਕਰਕੇ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ, ਫ਼ਰੰਟ ਸਰਕਾਰ ਬਣਾ ਲਈ ਸੀ। ਨੌ ਮਾਰਚ 1967 ਨੂੰ ਬਣੀ ਇਸ ਸਰਕਾਰ ਨੂੰ, ਨਵੰਬਰ 67 ਵਿਚ ਹੀ ਕਾਂਗਰਸ ਡੇਗਣ ਵਿਚ ਸਫ਼ਲ ਹੋ ਗਈ। ਇਸ ਸਰਕਾਰ ਦੇ ਵਿੱਦਿਆ ਮੰਤਰੀ ਸ. ਲਛਮਣ ਸਿੰਘ ਗਿੱਲ ਨੂੰ ਮੁਖ ਮੰਤਰੀਸ਼ਿਪ ਦਾ ਲਾਲਚ ਦੇ ਕੇ ਅਤੇ ਆਪਣੀ ਬਾਹਰੋਂ ਹਿਮਾਇਤ ਨਾਲ, ਮੁਖ ਮੰਤਰੀ ਬਣਾ ਦਿੱਤਾ ਗਿਆ। ਕਾਂਗਰਸੀ ਤੇ ਕਾਂਗਰਸ ਨੂੰ ਛੱਡ ਕੇ ਜਾਣ ਵਾਲ਼ਾ ਕੋਈ ਵੀ ਮੈਬਰ ਇਸ ਸਰਕਾਰ ਵਿਚ ਮੰਤਰੀ ਨਾ ਬਣਾਇਆ ਗਿਆ। ਫ਼ਰੰਟ ਸਰਕਾਰ ਦੇ 17 ਮੈਬਰ ਲਛਮਣ ਸਿੰਘ ਆਪਣੇ ਨਾਲ਼ ਲੈ ਗਿਆ। ਇਹਨਾਂ ਵਿਚ ਤਿੰਨ ਉਹ ਕਾਂਗਰਸੀ ਵੀ ਸਨ ਜੋ ਫ਼ਰੰਟ ਸਰਕਾਰ ਬਣਨ ਪਿਛੋਂ, ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। ਉਹ ਸਨ, ਇਕ ਟਿੱਕਾ ਜਗਤਾਰ ਸਿੰਘ, ਦੂਜਾ ਸ. ਸ਼ਿੰਗਾਰਾ ਸਿੰਘ ਤੇ ਤੀਜਾ ਸ਼੍ਰੀ ਸ਼ਿਵ ਚੰਦ। ਸ. ਗਿੱਲ ਨਾਲ਼ ਇਹ ਚਲੇ ਗਏ ਤਿੰਨੇ ਸੱਜਣ ਵਜੀਰ ਬਣਨੋ ਇਸ ਲਈ ਰਹਿ ਗਏ ਕਿ ਕਾਂਗਰਸ ਨੇ ਆਪਣੇ ਗ਼ਦਾਰਾਂ ਉਪਰ ਅਜਿਹੀ ਪਾਬੰਦੀ ਲਾ ਦਿਤੀ ਸੀ।
ਓਹਨੀਂ ਦਿਨੀਂ ਕਾਂਗਰਸ ਤੇ ਗਿੱਲ ਦੇ ਖ਼ਿਲਾਫ਼ ਸਿਆਸੀ ਸੂਝ ਰੱਖਣ ਵਾਲ਼ੇ ਪੰਜਾਬੀਆਂ ਵਿਚ ਬੜਾ ਰੋਸ ਸੀ। ਵੀਰਿੰਦਰ ਕੁਮਾਰ ਬਾਗ਼ੀ, ਸਾਧੂ ਸਿੰਘ ਦਰਦ ਆਦਿ ਕਵੀ ਸਟੇਜਾਂ ਉਪਰ ਗਿੱਲ ਦੀ ਬੜੀ ਭੰਡੀ ਕਰਿਆ ਕਰਦੇ ਸਨ। ਦਰਦ ਜੀ ਦੀ ਇਕ ਲੰਮੀ ਕਵਿਤਾ ਵਿਚੋਂ ਟੂਕ ਮਾਤਰ, "ਗਲਗਲ ਵਾਂਗਰਾਂ ਗਿੱਲਾ ਗਿੱਲ ਤੂੰ ਗਾਲ਼ ਦਿਤੀ।" ਮੈਨੂੰ ਹੁਣ ਤੱਕ ਯਾਦ ਹੈ। ਤਖ਼ਤੂਪੁਰੇ ਦੇ ਮਾਘੀ ਦੇ ਮੇਲੇ 'ਤੇ ਅਕਾਲੀਆਂ ਦੀ ਸਟੇਜ 'ਤੇ ਮਾਲਵੇ ਦੇ ਢਾਡੀ ਜਥੇ, ਗਿ. ਗੁਰਦੇਵ ਸਿੰਘ ਜੋਗੀ, ਨੇ ਢੱਡ ਸਾਰੰਗੀ ਨਾਲ਼ ਇਕ ਗੀਤ ਗਾਇਆ :
ਛੜ ਫਰੰਟ ਦੇ ਮਾਰੀ, ਮਰ ਜਾਏ ਇਹ ਲੱਛੂ ਵਹਿੜਕਾ।
ਪੰਥ ਨਾਲ਼ ਕਰੀ ਗਦਾਰੀ, ਮਰ ਜਾਏ ਇਹ ਲੱਛੂ ਵਹਿੜਕਾ।
ਤਖ਼ਤ ਤੇ ਬੈਠੀ ਨਾਰੀ ਹੋਈ ਇਹ ਜੱਗੋਂ ਤੇਹਰਵੀਂ।
ਪਿੱਠ 'ਚ ਛੁਰੀ ਮਾਰੀ, ਮਰ ਜਾਏ ਇਹ ਲੱਛੂ ਵਹਿੜਕਾ।
ਪੌਣਾ ਕੁ ਸਾਲ ਦਾ ਸਮਾ ਇਸ ਸਰਕਾਰ ਨੂੰ ਕਾਂਗਰਸ ਨੇ ਆਪਣੇ ਠੁਮਣੇ ਦੇ ਸਹਾਰੇ ਚੱਲਦਿਆਂ ਰੱਖਿਆ ਤੇ ਮੁੜ ਇਸ ਦੇ ਥੱਲਿਉਂ ਆਪਣੀ ਹਿਮਾਇਤ ਦਾ ਫੱਟਾ ਖਿੱਚ ਕੇ, ਇਸ ਨੂੰ ਮੂਧੇ ਮੂੰਹ ਮਾਰਿਆ। ਇਹ ਵੀ ਮੈਨੂੰ ਓਦੋਂ ਹੀ ਪਤਾ ਲੱਗਾ ਕਿ ਸੰਵਿਧਾਨ ਵਿਚ ਬਾਹਰੋਂ ਹਿਮਾਇਤ ਦੇ ਕੇ ਘੱਟ ਗਿਣਤੀ ਸਰਕਾਰ ਚਲਾਉਣ ਵਰਗਾ ਪ੍ਰਬੰਧ ਵੀ ਕੋਈ ਹੁੰਦਾ ਹੈ।
ਛੇ ਮਹੀਨੇ ਗਵਰਨਰੀ ਰਾਜ, ਜੋ ਕਿ ਇਕ ਤਰ੍ਹਾਂ ਕਾਂਗਰਸੀ ਰਾਜ ਹੀ ਸੀ, ਰਹਿਣ ਪਿੱਛੋਂ ਮੁੜ ਚੋਣਾਂ ਹੋਣੀਆਂ ਸਨ। ਹਵਾ ਇਸ ਪ੍ਰਕਾਰ ਸੀ ਕਿ ਕਾਂਗਰਸ ਦੀ ਸ਼ਕਤੀ ਪਹਿਲਾਂ ਨਾਲ਼ੋਂ ਵੀ ਘਟ ਜਾਵੇਗੀ ਤੇ ਅਕਾਲੀਆਂ ਦੀ ਪਹਿਲਾਂ ਦੇ ਮੁਕਾਬਲੇ ਵਧ ਜਾਵੇਗੀ। ਮੇਰਾ ਉਸ ਵੇਲ਼ੇ ਅੰਦਾਜ਼ਾ ਇਸ ਪ੍ਰਕਾਰ ਸੀ ਜੋ ਕਿ ਤਕਰਬੀਬਨ ਠੀਕ ਹੀ ਨਿਕਲ਼ਿਆ। ਉਹ ਇੳਂੁ ਸੀ ਕਿ 1967 ਵਿਚ ਜਿਥੇ ਕਾਂਗਰਸ ਸੀ, ਓਥੇ ਅਕਾਲੀ ਆ ਜਾਣਗੇ ਤੇ ਜਿਥੇ ਅਕਾਲੀ ਸਨ, ਓਥੇ ਕਾਂਗਰਸੀ ਡਿਗ ਪੈਣਗੇ। ਬਾਕੀ ਪਾਰਟੀਆਂ ਇਕ ਇਕ, ਦੋ ਦੋ ਵਧ ਜਾਂ ਘੱਟ ਮੈਬਰਾਂ ਦੇ ਫ਼ਰਕ ਨਾਲ਼ ਆਪਣੇ ਪਹਿਲੇ ਹੀ ਸਥਾਨਾਂ ਤੇ ਰਹਿਣਗੀਆਂ। ਇਸ ਤਰ੍ਹਾਂ ਹੀ ਹੋਇਆ ਅਕਾਲੀ 24 ਤੋਂ 43 ਤੇ ਦੋ ਆਜ਼ਾਦ ਮਿਲ਼ ਕੇ 45 ਹੋ ਗਏ। ਜਨਸੰਘੀ 9 ਤੋਂ 8 ਰਹਿ ਗਏ। ਬਾਕੀ 'ਲਾਂਗੜ ਭੀਂਗੜ' ਬਹੁਤੇ ਕੁਝ ਘਟ ਗਏ ਤੇ ਕੁਝ ਝੜ ਗਏ।
ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਜੇਹੜੇ ਉਮੀਦਵਾਰਾਂ ਨੂੰ ਚੋਣ ਲੜਨ ਲਈ ਆਪਣੀਆਂ ਟਿਕਟਾਂ ਦੇਣੀਆਂ ਸਨ, ਉਹਨਾਂ ਸਾਰਿਆਂ ਨੂੰ ਇਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜ਼ੂਰੀ ਵਿਚ ਸੱਦਿਆ ਗਿਆ ਤਾਂ ਕਿ ਉਹਨਾਂ ਨੂੰ ਪੰਥਕ ਵਫ਼ਾਦਾਰੀ ਦੀ ਸਹੁੰ ਚੁਕਾਈ ਜਾਵੇ ਕਿ ਉਹ ਜਿੱਤ ਕੇ ਪਹਿਲਿਆਂ ਵਾਂਗ ਪਾਰਟੀ ਨਾਲ਼ ਗਦਾਰੀ ਨਹੀਂ ਕਰਨਗੇ। ਇਕ ਕਾਗ਼ਜ਼ ਲਿਖ ਕੇ ਤਿਆਰ ਕੀਤਾ ਗਿਆ ਜਿਸ ਵਿਚ ਲਿਖਿਆ ਸੀ ਕਿ ਮੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹਜ਼ੂਰ, ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਪ੍ਰਣ ਕਰਦਾ ਹਾਂ ਕਿ ਐਮ. ਐਲ. ਏ. ਬਣ ਕੇ, ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਰਹਾਂਗਾ ਤੇ ਕਦੀ ਵੀ ਇਸ ਨਾਲ਼ ਗ਼ਦਾਰੀ ਕਰਕੇ ਕਿਸੇ ਹੋਰ ਪਾਰਟੀ ਵਿਚ ਨਹੀਂ ਜਾਵਾਂਗਾ! ਇਸ ਲਿਖਤ ਨੂੰ ਵੇਖ ਕੇ ਮੈ ਸੰਤ ਚੰਨਣ ਸਿੰਘ ਜੀ ਨੂੰ ਇਹ ਸੁਝਾ ਦਿਤਾ ਕਿ ਕਦੀ ਵੀ ਕੋਈ ਵਿਅਕਤੀ ਇਕ ਹੋਰ ਅਕਾਲੀ ਦਲ ਬਣਾ ਕੇ, ਇਸ ਬਹਾਨੇ ਉਸ ਦੀ ਵਫ਼ਾਦਾਰੀ ਦਾ ਦਮ ਭਰਦਿਆਂ ਹੋਇਆਂ ਗ਼ਦਾਰੀ ਦਾ ਰਾਹ ਲਭ ਸਕਦਾ ਹੈ। ਇਸ ਲਈ ਇਸ ਪ੍ਰਣ ਪੱਤਰ ਵਿਚ ਇਹ ਸ਼ਬਦ ਸ਼ਾਮਲ ਕਰੋ ਕਿ ਜਿਸ ਦੇ ਪ੍ਰਧਾਨ ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਹਨ, ਉਸ ਅਕਾਲੀ ਦਲ ਦਾ ਵਫ਼ਾਦਾਰ ਰਹਾਂਗਾ। ਮੇਰੇ ਇਸ ਸੁਝਾ ਉਪਰ ਓਸੇ ਸਮੇ ਹੀ ਅਮਲ ਹੋ ਗਿਆ।
ਇਸ ਸਮੇ ਸੰਤ ਫ਼ਤਿਹ ਸਿੰਘ ਜੀ ਨੇ ਹਾਜ਼ਰ ਸੱਜਣਾਂ ਨੂੰ ਸੰਬੋਧਨ ਕਰਦਿਆਂ ਹੋਇਆਂ, ਇਸ ਪ੍ਰਣ ਪੱਤਰ ਦੀ ਲੋੜ ਨੂੰ ਦਰਸਾਉਣ ਲਈ, ਆਪਣੀ ਠਰ੍ਹੰਮੇ ਭਰੀ ਬੋਲਣ ਸ਼ੈਲੀ ਵਿਚ ਕੁਝ ਇਸ ਤਰ੍ਹਾਂ ਦੇ ਬਚਨ ਕਹੇ:
ਭਾਈ, ਕਿਸੇ ਮਾਤਾ ਦਾ ਜੇ ਇਕ ਪੁੱਤ ਵੀ ਮਰ ਜਾਵੇ ਜਾਂ ਬੀਮਾਰ ਹੋ ਜਾਵੇ ਜਾਂ ਐਵੇਂ ਖਿਆਲ ਮਾਤਰ ਹੀ ਆ ਜਾਵੇ ਕਿ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਕਸਰ ਹੋ ਗਈ ਹੈ ਤਾਂ ਉਹ ਮਾਤਾ ਕੋਈ ਹਕੀਮ, ਵੈਦ, ਡਾਕਟਰ, ਸਿਆਣਾ ਨਹੀ ਛੱਡਦੀ; ਜਿਸ ਦੀ ਦੱਸ ਪਵੇ ਕਿ ਉਸ ਤੋਂ ਉਸ ਦੇ ਬੱਚੇ ਨੂੰ ਆਰਾਮ ਆ ਸਕਦਾ ਹੈ। ਜਾਦੂ ਮੰਤਰ ਕਰਨ ਵਾਲ਼ੇ, ਸਾਧ, ਜੋਤਸ਼ੀ, ਫ਼ਕੀਰ, ਕਬਰਾਂ, ਮੜ੍ਹੀਆਂ, ਡੇਰੇਦਾਰਾਂ ਦੇ ਦੁਆਰਿਆਂ ਤੇ ਵੀ ਮੱਥੇ ਰਗੜਨ ਵਾਸਤੇ ਜਾਂਦੀ ਹੈ। ਫਿਰ ਮੇਰੇ ਤਾਂ ਪਲ਼ੇ ਪਲ਼ਾਏ 17 ਪੁੱਤ ਮਰ ਗਏ ਸਨ। (ਇਸ ਤੇ ਬਹੁਤ ਹਾਸਾ ਪਿਆ) ਇਸ ਲਈ ਭਾਈਓ, ਮੈ ਇਹ ਸਾਰੇ ਟੂਣੇ ਟਾਮਣ ਇਸ ਲਈ ਕਰ ਰਿਹਾ ਹਾਂ ਤਾਂ ਕਿ ਫਿਰ ਤੋਂ ਮੇਰਾ ਕੋਈ ਪੁੱਤ ਨਾ ਮਰ ਜਾਵੇ!
ਇਹ ਵੱਖਰੀ ਗੱਲ ਹੈ ਕਿ 25 ਮਾਰਚ 1970 ਵਾਲ਼ੇ ਦਿਨ ਫਿਰ ਸਭ ਤੋਂ ਵੱਡੇ, ਸਿਆਣੇ ਤੇ ਸਭ ਤੋਂ ਵਧ ਪੜ੍ਹੇ ਹੋਏ, ਸ. ਗੁਰਨਾਮ ਸਿੰਘ ਦੀ ਬਗ਼ਾਵਤ ਪਰਗਟ ਹੋਈ ਤਾਂ ਉਸ ਨਾਲ਼ ਵੀ 17 ਮੈਬਰ ਹੀ ਗਏ। ਆਸ ਅਨੁਸਾਰ ਜਦੋਂ ਇੰਦਰਾ ਵੱਲੋਂ ਖ਼ੈਰ ਨਾ ਪਈ ਤਾਂ ਹਾਰ ਕੇ ਕੁਝ ਮਹੀਨਿਆਂ ਪਿਛੋਂ ਸਾਥੀਆਂ ਸਣੇ ਵਾਪਸ ਮੁੜ ਆਇਆ। ਕੁਝ ਸਮੇ ਬਾਅਦ ਇੰਦਰਾ ਦੀ ਸ਼ਹਿ ਤੇ ਫਿਰ ਬਾਗ਼ੀ ਹੋ ਕੇ ਸਰਕਾਰ ਤੋੜਨ ਲਈ ਗਵਰਨਰ ਹਾਊਸ ਵੱਲ ਗਿਆ ਤਾਂ ਉਸ ਸਮੇ ਵੀ ਉਸ ਨਾਲ਼ ਸਤਾਰਾਂ ਮੈਬਰ ਹੀ ਗਏ। ਸ਼ਾਇਦ ਇਹ 17 ਦਾ ਨੰਬਰ ਹੀ ਹਰੇਕ ਵਾਰ ਅਕਾਲੀ ਸਰਕਾਰ ਦੀ 'ਸਤਾਰਵੀਂ' ਕਰ ਦਿੰਦਾ ਸੀ! ਸ਼ਾਇਦ ਇਹ ਮੌਕਾ ਮੇਲ਼ ਹੀ ਹੋਵੇ ਜਾਂ ਕੁਝ ਹੋਰ!
ਇਹ ਸਾਰਾ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਾਲ਼ੀ ਡਿਉੜ੍ਹੀ ਦੇ ਵਿਚਕਾਰਲੇ ਦਾਲਾਨ ਵਿਚ ਸੀ। ਇਸ ਸਮੇ ਇਕ ਹੋਰ ਵੀ ਦਿਲਚਸਪ ਵਾਰਤਾ ਹੋਈ। ਤਖ਼ਤ ਸਾਹਿਬ ਦੇ ਸਾਹਮਣੇ ਛੱਜੇ ਉਪਰ ਹੋਰ ਕੁਝ ਵਿਅਕਤੀਆਂ ਨਾਲ਼, ਉਸ ਸਮੇ ਤਖ਼ਤ ਦੇ ਜਥੇਦਾਰ ਗਿ. ਸਾਧੂ ਸਿੰਘ ਭੌਰਾ ਜੀ ਵੀ, ਸਜੇ ਹੋਏ ਸਨ। ਇਸ ਸਾਰੇ ਸਮਾਗਮ ਦੀ ਸਮਾਪਤੀ ਸਮੇ ਉਹਨਾਂ ਨੇ ਆਵਾਜ਼ ਮਾਰ ਕੇ ਸ. ਸੁਰਿੰਦਰ ਸਿੰਘ ਕੈਰੋਂ ਨੂੰ ਸੱਦਿਆ। ਸਰਦਾਰ ਕੈਰੋਂ ਥੱਲਿਉਂ ਹੀ ਅੱਡੀਆਂ ਚੁੱਕ ਕੇ ਉਚੇ ਹੋਏ ਤੇ ਜਥੇਦਾਰ ਭੌਰਾ ਜੀ ਨੇ ਝੁਕ ਕੇ ਉਹਨਾਂ ਦੇ ਕੰਨ ਵਿਚ ਕੁਝ ਆਖਿਆ। ਸੁਣਿਆ ਤਾਂ ਕਿਸੇ ਨੇ ਕੁਝ ਨਾ ਕਿਉਂਕਿ ਦੋਹਾਂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਸੀ ਪਤਾ ਲੱਗਾ ਕਿ ਕੀ "ਕੰਨਾ ਮੰਨਾ ਕੁਰਰ" ਹੋਈ। ਕੁਝ ਦਿਨਾਂ ਬਾਅਦ ਸਰਦਾਰ ਕੈਰੋਂ ਦੇ ਚੇਹਰੇ ਨੇ ਦੱਸ ਦਿੱਤਾ ਕਿ ਕੀ ਗੱਲ ਹੋਈ ਸੀ। ਉਹ ਗੱਲ ਇਹ ਸੀ ਕਿ ਸਰਦਾਰ ਕੈਰੋਂ ਦੇ ਚੇਹਰੇ ਦੀ ਦਾਹੜੀ ਪਹਿਲਾਂ ਨਾਲ਼ੋਂ ਵੱਡੀ ਹੋ ਗਈ ਸੀ। ਅਰਥਾਤ ਉਹ ਦਾਹੜੀ ਤ੍ਰਾਸ਼ਣੋ ਹਟ ਗਏ ਸਨ। ਇਸ ਦਾ ਮਤਲਬ ਮੈ ਏਹੀ ਲਿਆ ਕਿ ਜਥੇਦਾਰ ਜੀ ਨੇ ਜ਼ਰੂਰ ਉਹਨਾਂ ਨੂੰ ਦਾਹੜੀ ਦੀ 'ਮੁਰੰਮਤ' ਕਰਨੋ ਵਰਜਿਆ ਹੋਵੇਗਾ। ਯਾਦ ਰਹੇ ਕਿ ਸ. ਸੁਰਿੰਦਰ ਸਿੰਘ ਦਾ ਪਿਤਾ, ਸ. ਪ੍ਰਤਾਪ ਸਿੰਘ ਕੈਰੋਂ, ਸਭ ਤੋਂ ਵਧ ਅਕਾਲੀਆਂ ਦੀ 'ਛਿੱਤਰ ਪਰੇਡ' ਕਰਨ ਲਈ, ਪੰਡਤ ਨਹਿਰੂ ਦੇ ਹੱਥ ਵਿਚ ਸਭ ਤੋਂ ਮਜ਼ਬੂਤ ਡੰਡਾ ਸਾਬਤ ਹੋਇਆ ਸੀ। ਪੰਡਤ ਨਹਿਰੂ ਦੀ ਥਾਪੀ ਨਾਲ਼ ਉਸ ਨੇ ਸਾਢੇ ਅੱਠ ਸਾਲ ਪੰਜਾਬ ਵਿਚ ਚੰਮ ਦੀਆਂ ਚਲਾਈਆਂ। ਕਿਸੇ ਨੂੰ ਕੁਸਕਣ ਨਹੀਂ ਸੀ ਦਿੱਤਾ। ਜਿਸ ਨੇ ਵੀ 'ਚੂੰ ਚਾਂ' ਕੀਤੀ, ਕੁਚਲ਼ ਕੇ ਰੱਖ ਦਿੱਤਾ। ਇਕ ਮਹਾਸ਼ਾ ਅਖ਼ਬਾਰ ਨੇ ਤਾਂ ਇਕ ਕਾਰਟੂਨ ਅਜਿਹਾ ਵੀ ਛਾਪਿਆ ਸੀ ਜਿਸ ਵਿਚ ਤਵਿਆਂ ਵਾਲ਼ੇ ਵਾਜੇ ਦੇ ਰੀਕਾਰਡ ਵਾਲੇ ਥਾਂ, ਸਿਰ ਕੈਰੋਂ ਦਾ ਤੇ ਮੋਹਰੇ ਹਾਰਨ ਦੇ ਥਾਂ ਉਸ ਸਮੇ ਦੇ ਗ੍ਰਿਹ ਮੰਤਰੀ, ਪੰਡਤ ਮੋਹਨ ਲਾਲ ਦਾ ਸਿਰ ਲਾ ਕੇ, ਵਿਚੋਂ, "ਕੁਚਲ਼ ਦੂੰ, ਕੁਚਲ਼ ਦੂੰ" ਦੀ ਆਵਾਜ਼ ਆਉਂਦੀ ਵਿਖਾਈ ਗਈ ਸੀ। ਮੇਰਾ ਵਿਚਾਰ ਹੈ ਕਿ ਜੇ ਅਕਾਲੀਆਂ ਤੇ ਭਾਰਤ ਸਰਕਾਰ ਦੇ ਵਿਚਾਲ਼ੇ ਸ. ਪ੍ਰਤਾਪ ਸਿੰਘ ਕੈਰੋਂ ਨਾ ਹੁੰਦਾ ਤਾਂ ਪੰਜਾਬੀ ਸੂਬਾ ਦਸ ਸਾਲ ਪਹਿਲਾਂ ਬਣ ਜਾਣਾ ਸੀ ਤੇ ਇਸ ਦੀ ਪ੍ਰਾਪਤੀ ਲਈ ਕੁਰਬਾਨੀਆਂ ਵੀ ਅਕਾਲੀਆਂ ਨੂੰ ਕਿਤੇ ਘਟ ਕਰਨੀਆਂ ਪੈਣੀਆਂ ਸਨ। ਫਿਰ ਇਸ ਤੋਂ ਵਧ ਕੇ ਇਕ ਹੋਰ ਗੱਲ ਇਹ ਵੀ ਹੋਣੀ ਸੀ ਕਿ ਇਸ ਦੀ ਬਣਤਰ ਹੁਣ ਨਾਲ਼ੋਂ ਕਿਤੇ ਬੇਹਤਰ ਹੋਣੀ ਸੀ। ਇਹ ਕੇਵਲ ਮੇਰਾ ਹੀ ਵਿਚਾਰ ਹੈ; ਜਰੂਰੀ ਨਹੀ ਪਾਠਕ ਵੀ ਇਸ ਨਾਲ਼ ਸਹਿਮਤ ਹੋਵੇ!
ਗਿੱਲ ਸਰਕਾਰ ਦੇ ਖ਼ਾਤਮੇ ਪਿੱਛੋ ਜਦੋਂ ਚੋਣਾਂ ਦਾ ਸਮਾ ਨੇੜੇ ਆਇਆ ਤਾਂ, ਜਥੇਦਾਰ ਜੀਵਨ ਸਿੰਘ ਉਮਰਾਨੰਗਲ਼ ਦੇ ਯਤਨਾਂ ਤੇ ਵਿਚੋਲਗਿਰੀ ਰਾਹੀਂ, ਸੰਤ ਚੰਨਣ ਸਿੰਘ ਜੀ ਨੇ, ਸ. ਸੁਰਿੰਦਰ ਸਿੰਘ ਕੈਰੋਂ ਨੂੰ, ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰ ਲਿਆ। ਜਿਉਂ ਹੀ ਇਹ ਖ਼ਬਰ ਉਸ ਇਲਾਕੇ ਦੇ ਅਕਾਲੀ ਲੀਡਰਾਂ, ਵਰਕਰਾਂ ਦੇ ਕੰਨਾਂ ਤੱਕ ਪੁੱਜੀ, ਉਹਨਾਂ ਦੇ ਪੈਰਾਂ ਹੇਠੋਂ ਤਾਂ ਜ਼ਮੀਨ ਖਿਸਕ ਗਈ। ਇਕ ਦੂਜੇ ਦੇ ਅੱਗੇ ਹੋ ਹੋ ਭੱਜੇ ਆਉਣ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਸੰਤ ਚੰਨਣ ਸਿੰਘ ਹੋਰਾਂ ਦੇ ਦਰਬਾਰ ਵਿਚ, "ਮਾਰੇ ਗਏ, ਲੁੱਟੇ ਗਏ" ਦੀ ਦੁਹਾਈ ਪਾਉਂਦੇ ਆਖਣ, "ਸੰਤ ਜੀ, ਸਾਡੀਆਂ ਵੱਖੀਆਂ ਵਿਚੋਂ ਤਾਂ ਅਜੇ ਤੱਕ ਚੀਸਾਂ ਨਿਕਲ਼ਦੀਆਂ ਨੇ ਜੇਹੜੀਆਂ ਇਸ ਦੇ ਪਿਓ ਨੇ ਭੰਨੀਆਂ ਹੋਈਆਂ ਨੇ! ਤੁਸੀਂ ਇਹ ਕੀ ਲੋਹੜਾ ਮਾਰਿਆ? ਕਿਉਂ ਇਸ ਨੂੰ ਦਲ ਵਿਚ ਸ਼ਾਮਲ ਕਰ ਲਿਆ?" ਇਹਨਾਂ ਵਿਚੋਂ ਕੁਝ ਦੇ ਨਾਂ ਇਸ ਪ੍ਰਕਾਰ ਸਨ: ਸ. ਮੇਜਰ ਸਿੰਘ ਉਬੋਕੇ, ਜ. ਨਿਰੰਜਨ ਸਿੰਘ ਪੱਟੀ, ਪ੍ਰੋ. ਜਾਗੀਰ ਸਿੰਘ ਵਰਨਾਲ਼ਾ, ਡਾ. ਭਗਵਾਨ ਸਿੰਘ ਭਗੂਪੁਰ ਆਦਿ। ਹੋਰ ਹੁਣ ਬਹੁਤਿਆਂ ਦੇ ਨਾਂ ਯਾਦ ਨਹੀਂ ਪਰ ਏਨਾ ਪਤਾ ਹੈ ਕਿ ਕਈ ਦਿਨ ਭੀੜਾਂ ਦੀਆਂ ਭੀੜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਉਂਦੀਆਂ ਰਹੀਆਂ। ਪਰ ਹੈਰਾਨੀ ਵਾਲ਼ੀ ਗੱਲ ਇਹ ਸੀ ਕਿ ਜੇਹੜਾ ਪ੍ਰਮੁੱਖ ਵਿਅਕਤੀ ਸਭ ਤੋਂ ਵਧ ਕੈਰੋਂ ਦੇ ਜ਼ੁਲਮ ਤੇ ਸਖ਼ਤੀਆਂ ਦਾ ਸ਼ਿਕਾਰ ਹੋਇਆ ਸੀ, ਉਹ ਇਸ ਸ਼ਿਕਾਇਤੀ ਭੀੜ ਵਿਚ ਨਹੀਂ ਸੀ। ਉਹ ਸੀ ਜਥੇਦਾਰ ਮੋਹਨ ਸਿੰਘ ਤੁੜ। ਇਸ ਨੂੰ ਸਾਲਾਂ ਬਧੀ ਜੇਹਲ ਵਿਚ ਰੱਖਿਆ ਸੀ ਸਰਦਾਰ ਕੈਰੋਂ ਨੇ। 52 ਮੁਕੱਦਮੇ ਇਹਦੇ ਉਪਰ ਬਣਾਏ ਸਨ। ਜਥੇਦਾਰ ਜੀ ਨੇ ਕੈਰੋਂ ਦੇ ਮੁਕਾਬਲੇ ਜੇਹਲ ਵਿਚੋਂ ਹੀ 1962 ਵਾਲ਼ੀ ਇਲੈਕਸ਼ਨ ਲੜ ਕੇ ਉਸ ਨੂੰ ਹਰਾ ਦਿੱਤਾ ਸੀ ਪਰ ਕੈਰੋਂ ਧੱਕੇ ਨਾਲ਼ ਆਪਣੀ ਜਿੱਤ ਦਾ ਐਲਾਨ ਕਰਵਾ ਕੇ ਮੁਖ ਮੰਤਰੀ ਬਣਿਆ ਰਿਹਾ ਸੀ। ਸ਼ਾਇਦ ਜਥੇਦਾਰ ਤੁੜ ਜੀ ਨੂੰ ਸੰਤ ਜੀ ਨੇ ਪਹਿਲਾਂ ਪੜਦੇ ਨਾਲ਼ ਭਰੋਸੇ ਵਿਚ ਲੈ ਲਿਆ ਹੋਵੇ! ਕਦੋਂ ਤੇ ਕਿਵੇਂ ਭਰੋਸੇ ਵਿਚ ਲਿਆ, ਇਹ ਅਜੇ ਮੈਨੂੰ ਯਾਦ ਨਹੀਂ ਆ ਰਿਹਾ। ਸ਼ਾਇਦ ਮੈ ਉਸ ਸਮੇ ਓਥੇ ਨਾ ਹਾਜ਼ਰ ਹੋਵਾਂ! ਸੰਤ ਚੰਨਣ ਸਿੰਘ ਜੀ ਬਹੁਤ ਦੂਰ ਦ੍ਰਿਸ਼ਟੀ ਵਾਲ਼ੇ ਵਿਅਕਤੀ ਸਨ ਤੇ ਹਰੇਕ ਦੀ ਗੱਲ ਬੜੇ ਠਰ੍ਹੰਮੇ ਨਾਲ਼ ਪੂਰੀ ਸੁਣਿਆ ਕਰਦੇ ਸਨ ਤੇ ਜੇ ਲੋੜ ਹੋਵੇ ਤਾਂ ਬਹੁਤ ਹੀ ਥੋਹੜੇ ਤੇ ਢੁਕਵੇਂ ਸ਼ਬਦਾਂ ਵਿਚ ਬੜੀ ਹੀ ਹਲੀਮੀ ਨਾਲ਼ ਜਵਾਬ ਦਿਆ ਕਰਦੇ ਸਨ; ਉਹ ਵੀ ਤਾਂ ਜੇ ਲੋੜ ਸਮਝਣ। ਬਹੁਤੀ ਵਾਰੀ ਕੰਨਾਂ ਘੇਸਣ ਹੀ ਮਾਰ ਛੱਡਦੇ ਸਨ। ਇਸ ਸਾਰੇ ਕੁਝ ਦੇ ਜਵਾਬ ਵਿਚ ਉਹਨਾਂ ਨੇ ਸਾਰੇ ਪੱਖਾਂ ਨੂੰ ਸਨਮੁਖ ਰੱਖਦਿਆਂ ਜਵਾਬ ਦਿੱਤਾ ਤਾਂ ਕੁਝ ਸੱਜਣ ਬੜੇ ਰੋਹ ਵਿਚ ਕੁਝ ਇਸ ਤਰ੍ਹਾਂ ਬੋਲੇ:
ਸੰਤ ਜੀ, ਅਸੀਂ ਸਹੇ ਨੂੰ ਨਹੀਂ ਪਹੇ ਨੂੰ ਰੋਨੇ ਆਂ! ਅੱਜ ਉਸ ਨੂੰ ਤੁਸੀਂ ਦਲ ਵਿਚ ਵਾੜ ਲਿਆ ਹੈ; ਭਲ਼ਕੇ ਉਸ ਨੇ ਟਿਕਟ ਮੰਗ ਲੈਣੀ ਏਂ ਤੇ ਫਿਰ ਉਸ ਨੇ ਜਿੱਤ ਵੀ ਜਾਣਾ ਏਂ। ਫਿਰ ਉਸ ਨੇ ਐਮ. ਐਲ. ਏ. ਬਣ ਕੇ ਹੀ ਥੋਹੜਾ ਬਹਿ ਰਹਿਣਾ ਏਂ! ਫਿਰ ਮੰਤਰੀ, ਤੇ ਮੰਤਰੀ ਤੋਂ ਵਧ ਕੇ ਮੁਖ ਮੰਤਰੀ ਬਣ ਜਾਣਾ ਏਂ ਤੇ ਫਿਰ ਆਪਣੇ ਪਿਓ ਵਾਂਗ ਸਾਡੀਆਂ ਮੌਰਾਂ ਸੇਕੂਗਾ! ਸਾਡੀਆਂ ਤੇ ਉਸ ਦੇ ਪਿਓ ਦੁਆਰਾ ਝੰਬੀਆਂ ਮੌਰਾਂ ਅਜੇ ਤੱਕ ਪੀੜ ਕਰਨੋ ਨਹੀਂ ਹਟੀਆਂ!
ਇਹ ਡਰ ਉਹਨਾਂ ਦਾ ਸੱਚਾ ਸਾਬਤ ਹੋਣਾ ਹੀ ਸੀ ਤੇ ਕੁਝ ਹੱਦ ਤੱਕ ਹੋਇਆ ਵੀ। ਅਕਾਲੀ ਵਰਕਰਾਂ ਦਾ ਬਹੁਤਾ ਹੀ 'ਵਾ ਵੇਲ਼ਾ' ਵੇਖ ਕੇ ਸੰਤ ਚੰਨਣ ਸਿੰਘ ਜੀ ਨੇ ਸ. ਸੁਰਿੰਦਰ ਸਿੰਘ ਦੇ ਛੋਟੇ ਭਰਾ ਸ. ਗੁਰਿੰਦਰ ਸਿੰਘ ਨੂੰ ਆਖਿਆ ਕਿ ਆਪਣੇ ਭਰਾ ਦੇ ਥਾਂ ਉਹ ਚੋਣ ਲੜ ਲਵੇ ਪਰ ਉਸ ਨੇ ਪਰਵਾਰ ਵਿਚ ਬੇਇਤਫ਼ਾਕੀ ਪੈ ਜਾਣ ਦਾ ਡਰ ਦੱਸ ਕੇ ਚੋਣ ਲੜਨੋ ਨਾਂਹ ਕਰ ਦਿੱਤੀ। ਸਰਦਾਰ ਸੁਰਿੰਦਰ ਸਿੰਘ ਕੈਰੋਂ ਨੇ ਆ ਰਹੀਆਂ ਚੋਣਾਂ ਵਿਚ ਦਲ ਦੀ ਟਿਕਟ ਵੀ ਪ੍ਰਾਪਤ ਕੀਤੀ, ਜਿਸ ਵਾਸਤੇ ਹੀ ਉਹ ਦਲ ਵਿਚ ਆਇਆ ਸੀ, ਤੇ ਇਲੈਕਸ਼ਨ ਲੜ ਕੇ ਉਸ ਨੇ ਆਪਣੀ ਸੀਟ ਜਿੱਤ ਵੀ ਲਈ।
ਫਿਰ ਉਸ ਵੱਲੋਂ ਵਜ਼ੀਰੀ ਦੀ ਪ੍ਰਾਪਤੀ ਲਈ ਪਾਰਟੀ ਤੇ ਦਬਾ ਪਾਉਣ ਵਾਲ਼ਾ ਸਮਾ ਵੀ ਆ ਪਹੁੰਚਿਆ। 25 ਮਾਰਚ, 1970 ਨੂੰ ਗੁਰਨਾਮ ਸਿੰਘ ਨੂੰ ਪਾਰਟੀ ਨੇ ਗੱਦੀ ਤੋਂ ਲਾਹ ਦਿੱਤਾ ਤੇ 27 ਮਾਰਚ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਸ ਦੇ ਥਾਂ ਸਹੁੰ ਚੁੱਕ ਲਈ। ਗੁਰਨਾਮ ਸਿੰਘ ਦੇ ਨਾਲ਼ ਸਤਾਰਾਂ ਮੈਬਰ ਚਲੇ ਗਏ। ਜਨਸੰਘੀਆਂ ਦੇ ਅੱਠ ਅਕਾਲੀਆਂ ਦੇ ਨਾਲ਼ ਹੀ ਰਹੇ ਤੇ ਸਰਕਾਰ ਲੋੜੀਂਦੀ ਬਹੁਸੰਮਤੀ ਸਦਕਾ ਚੱਲਦੀ ਰਹੀ। ਏਸੇ ਸਾਲ਼ ਦੀਆਂ ਗਰਮੀਆਂ ਵਿਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ਼ ਜਲੰਧਰ ਡਵੀਯਨ ਦੇ ਕਾਲਜ ਜੋੜਨ ਦੇ ਮਸਲੇ ਉਪਰ, ਆਰੀਆ ਸਮਾਜੀ ਵਿੱਦਿਅਕ ਸੰਸਥਾਵਾਂ ਨੇ ਏਨਾ ਵਿਰੋਧ ਕੀਤਾ ਕਿ ਹਿੰਦੂ ਵੋਟਰਾਂ ਦੀ ਹਮਦਰਦੀ ਗਵਾਚ ਜਾਣ ਦੇ ਡਰੋਂ, ਜਨਸੰਘੀ 8 ਮੈਬਰ ਸਰਕਾਰ ਵਿਚੋਂ ਨਿਕਲ਼ ਗਏ। ਉਹਨਾਂ ਦੇ ਦੋ ਵਜ਼ੀਰਾਂ, ਇਕ ਡਾ. ਬਲਦੇਵ ਪ੍ਰਕਾਸ਼ ਤੇ ਦੂਜਾ ਸ੍ਰੀ ਬਲਰਾਮ ਜੀ ਦਾਸ ਟੰਡਨ, ਨੇ ਵੀ ਸਰਕਾਰ ਵਿਚੋਂ ਅਸਤੀਫ਼ੇ ਦੇ ਦਿੱਤੇ। ਇਸ ਸਾਰੇ ਵਿਰੋਧ ਦਾ ਵੱਡਾ ਕਾਰਨ ਇਕ ਇਹ ਸੀ ਕਿ ਜਲੰਧਰ ਡਵੀਯਨ ਦੀਆਂ ਆਰੀਆ ਸਮਾਜੀ ਸੰਸਥਾਵਾਂ ਵਿਚ ਇਕ ਬਹੁਤ ਭਾਰੀ ਸ਼ਖ਼ਸੀਅਤ, ਪ੍ਰਿੰਸੀਪਲ ਬਹਿਲ ਜੀ ਸਨ ਜੋ ਕਿ ਕੱਟੜ ਆਰੀਆ ਸਮਾਜੀ ਹੋਣ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਤੇ ਤਤਕਾਲੀ ਵੀ. ਸੀ., ਸ. ਬਿਸ਼ਨ ਸਿੰਘ ਸਮੁੰਦਰੀ, ਦੇ ਨਿਜੀ ਵਿਰੋਧੀ ਵੀ ਸਨ। ਪ੍ਰਿੰਸੀਪਲ ਬਹਿਲ ਜੀ ਸ਼ਹਿਰੀ ਵਿੱਦਿਅਕ ਪਿਛੋਕੜ ਵਾਲ਼ੇ, ਪੰਜਾਬੀ ਵਿਰੋਧੀ ਆਰੀਆ ਸਮਾਜੀ ਸਨ ਜਦੋਂ ਕਿ ਸ. ਬਿਸ਼ਨ ਸਿੰਘ ਸਮੁੰਦਰੀ ਜੀ ਇਕ ਪੇਂਡੂ ਕਿਸਾਨੀ ਤੇ ਕੱਟੜ ਪੰਥਕ ਪਰਵਾਰ ਵਿਚੋਂ ਸਨ। ਸ. ਬਿਸ਼ਨ ਸਿੰਘ ਜੀ, ਅਕਾਲੀ ਮੂਵਮੈਂਟ ਦੌਰਾਨ ਪੰਥ ਦੇ ਉਘੇ ਆਗੂ, ਸ. ਤੇਜਾ ਸਿੰਘ ਸਮੁੰਦਰੀ ਜੀ, ਜੋ ਕਿ ਕਿਸੇ ਸਮਝੌਤੇ ਉਪਰ ਦਸਤਖ਼ਤ ਕਰਕੇ ਰਿਹਾ ਹੋਣ ਦੀ ਬਜਾਇ, ਲਾਹੌਰ ਜੇਹਲ ਵਿਚ ਹੀ ਸ਼ਹੀਦੀ ਪਾ ਗਏ ਸਨ, ਦੇ ਸੁਯੋਗ ਸਪੁੱਤਰ ਸਨ। ਉਹਨਾਂ ਦੀ ਯਾਦ ਵਿਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਦਫ਼ਤਰ, 'ਤੇਜਾ ਸਿੰਘ ਸਮੁੰਦਰੀ ਹਾਲ' ਉਸਾਰਿਆ ਗਿਆ ਸੀ ਜੋ ਕਿ ਅੱਜ ਵੀ ਧੁਆਂਖੀਆਂ ਕੰਧਾਂ, ਝੁਲ਼ਸੇ ਹੋਏ ਬੂਹੇ, ਬਾਰੀਆਂ, ਰੋਸ਼ਨਦਾਨਾਂ ਸਮੇਤ ਖਲੋਤਾ, 1984 ਦੇ ਜ਼ੁਲਮੀ ਕਾਰਿਆਂ ਦੀ ਯਾਦ ਦਿਵਾ ਰਿਹਾ ਹੈ। ਪ੍ਰਿੰਸੀਪਲ ਬਹਿਲ ਤੇ ਸ. ਬਿਸ਼ਨ ਸਿੰਘ ਸਮੁੰਦਰੀ ਵਿਚਕਾਰ, ਦੱਸਦੇ ਨੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿਆਸਤ ਵਿਚ ਵੀ 'ਨੋਂਕ ਝੋਂਕ' ਹੋਇਆ ਕਰਦੀ ਸੀ, ਜਿਥੇ ਕੱਟੜ ਐਂਟੀ ਪੰਜਾਬੀ ਤੇ ਐਂਟੀ ਸਿੱਖ ਲਾਬੀ ਦਾ ਜ਼ੋਰ ਹੋਣ ਕਰਕੇ, ਬਹਿਲ ਜੀ ਦਾ ਹੱਥ ਉਤੇ ਰਹਿੰਦਾ ਸੀ। ਜੇਕਰ ਇਹ ਸਾਰੇ ਵਿੱਦਿਅਕ ਅਦਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ਼ ਜੁੜ ਜਾਣ ਤਾਂ ਸ. ਬਿਸ਼ਨ ਸਿੰਘ ਜੀ ਇਸ ਸਾਰੇ ਕੁਝ ਦੇ 'ਬੌਸ' ਬਣ ਜਾਂਦੇ ਸਨ ਤੇ ਬਹਿਲ ਜੀ ਇਕ ਕਾਲਜ ਦੇ ਪ੍ਰਿੰਸੀਪਲ ਹੀ ਰਹਿ ਜਾਂਦੇ ਸਨ। ਅਜਿਹੇ ਹਾਲਾਤ ਬਹਿਲ ਸਾਹਿਬ ਨੂੰ ਮਨਜ਼ੂਰ ਨਹੀਂ ਸਨ।
ਇਸ ਮੌਕੇ ਨੂੰ ਢੁਕਵਾਂ ਜਾਣ ਕੇ ਫਿਰ ਸਰਦਾਰ ਸੁਰਿੰਦਰ ਸਿੰਘ ਕੈਰੋਂ ਆਪਣੀ ਆਈ ਤੇ ਆ ਗਿਆ ਤੇ ਛੇ ਅਕਾਲੀ ਮੈਬਰ ਲੈ ਕੇ ਪਤਾ ਨਹੀਂ ਕਿਥੇ ਭੱਜ ਗਿਆ ਤੇ ਉਹ ਮੈਬਰ ਲਭਣ ਨਾ ਕਿ ਉਸ ਨੇ ਕਿਥੇ ਜਾ ਲੁਕਾਏ। ਉਸ ਤੋਂ ਇਲਾਵਾ ਪੰਜ ਹੋਰ; ਜਥੇਦਾਰ ਪ੍ਰੀਤਮ ਸਿੰਘ ਭੀਖੋਵਾਲ਼ੀ, ਸ. ਪਰਤਾਪ ਸਿੰਘ ਕਾਦੀਆਂ, ਸ. ਹਰੀ ਸਿੰਘ ਬਿਆਸ, ਨਵਾਬ ਮਾਲੇਰ ਕੋਟਲਾ ਤੇ ਸ. ਤਾਰਾ ਸਿੰਘ ਲਾਇਲਪੁਰੀ ਸਨ। ਜ. ਪ੍ਰੀਤਮ ਸਿੰਘ ਭੀਖੋਵਾਲ਼ੀ ਬਹੁਤ ਹੀ ਬਲਕਿ ਹੱਦੋਂ ਵੀ ਵਧ ਸ਼ਰੀਫ਼ ਵਿਅਕਤੀ ਕਰਕੇ ਜਾਣੇ ਜਾਂਦੇ ਸਨ। ਇਹ ਲੰਮੇ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਵੀ ਚਲੇ ਆ ਰਹੇ ਸਨ। ਜਦੋਂ ਸੰਤ ਚੰਨਣ ਸਿੰਘ ਜੀ ਨੂੰ ਇਹਨਾਂ ਦੇ ਵੀ ਸਰਦਾਰ ਕੈਰੋਂ ਦੇ ਨਾਲ਼ ਚਲੇ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਦਾ ਇਕ ਦਮ ਰੀਐਕਸ਼ਨ ਸੀ, "ਸ਼ਰਾਫ਼ਤ ਕਮਜ਼ੋਰੀ ਦਾ ਹੀ ਨਾਂ ਹੈ। ਜਿੰਨਾ ਚਿਰ ਦਾ ਨਾ ਲਗੇ ਓਨਾ ਚਿਰ ਹੀ ਬੰਦਾ ਸ਼ਰੀਫ਼ ਹੁੰਦਾ ਹੈ; ਦਾ ਲਗਣ ਤੇ ਹੀ ਸ਼ਰਾਫ਼ਤ ਦਾ ਪਤਾ ਲੱਗਦਾ ਹੈ।" ਯਾਦ ਰਹੇ ਕਿ ਸੰਤ ਚੰਨਣ ਸਿੰਘ ਜੀ ਬਹੁਤ ਹੀ ਧੀਰਜ ਵਾਲ਼ੀ ਤਬੀਅਤ ਦੇ ਮਾਲਕ ਸਨ। ਮੈ ਕਈ ਸਾਲ ਉਹਨਾਂ ਦੀ ਸੇਵਾ ਵਿਚ ਰਿਹਾ। ਇਸ ਦੌਰਾਨ ਕਦੀ ਵੀ ਉਹਨਾਂ ਨੂੰ ਗ਼ੁੱਸੇ ਵਾਲ਼ੀ ਹਾਲਤ ਵਿਚ ਨਹੀਂ ਸੀ ਵੇਖਿਆ। ਸਮਝ ਲਵੋ ਕਿ ਇਹ ਸ਼ਬਦ ਹੀ ਉਹਨਾਂ ਦੇ ਗ਼ੁੱਸੇ ਦਾ ਸਿਖਰਲਾ ਰੂਪ ਸਨ।
ਇਹਨਾਂ ਸਾਰੇ ਮੈਬਰਾਂ ਨੂੰ ਲਭਣ ਲਈ ਸਰਕਾਰੀ ਵਸੀਲੇ ਝੋਕ ਦਿੱਤੇ ਗਏ ਪਰ ਪਤਾ ਨਹੀਂ ਇਹਨਾਂ ਨੂੰ ਕਿਸ ਭੋਰੇ ਵਿਚ ਲੁਕਾਇਆ ਗਿਆ ਸੀ; ਲਭੇ ਹੀ ਨਾ। ਆਪ ਖ਼ੁਦ ਸਰਦਾਰ ਸੁਰਿੰਦਰ ਸਿੰਘ ਕੈਰੋਂ ਰਾਤ ਬਰਾਤੇ ਲੁਕ ਛਿਪ ਕੇ ਹੋਰ ਮੈਬਰਾਂ ਦੀ ਭਾਲ ਵਿਚ ਫਿਰਿਆ ਕਰਦਾ ਸੀ ਤਾਂ ਕਿ ਉਹਨਾਂ ਨੂੰ ਵੀ ਚੁੱਕਿਆ ਜਾ ਸਕੇ। ਦਲੇਰ ਤਾਂ ਇਹ ਪਰਵਾਰ ਸ਼ੁਰੂ ਤੋਂ ਹੀ ਸੀ; ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀ। ਅਜਿਹੀ ਹੀ ਇਕ ਰਾਤ ਨੂੰ ਇਹ ਕਾਰ ਵਿਚ, ਇਕ ਵਜ਼ੀਰ, ਜਿਥੇ ਚੰਡੀਗੜ੍ਹ ਦੀ ਫੇਰੀ ਸਮੇ ਸੰਤ ਚੰਨਣ ਸਿੰਘ ਜੀ ਠਹਿਰਿਆ ਕਰਦੇ ਸਨ, ਸ. ਸੋਹਣ ਬਾਸੀ, ਦੀ ਕੋਠੀ ਦਾ ਵੀ ਚੱਕਰ ਲਾ ਗਿਆ। ਪਹਿਰੇ ਵਾਲ਼ੇ ਪੁਲਸੀਆਂ ਨੂੰ ਜੁਰਅਤ ਹੀ ਨਾ ਪਈ ਕਿ ਇਸ ਨੂੰ ਅੰਦਰ ਆਉਣੋ ਰੋਕ ਸਕਣ। ਮੈ ਕੋਠੀ ਦੇ ਦਾਲਾਨ ਵਿਚ ਸਾਂ ਤੇ ਜਦੋਂ ਵਾਪਸ ਮੁੜਦੀ ਕਾਰ ਉਪਰ ਗੇਟ ਕੋਲ਼ ਲੱਗੇ ਲਾਟੂ ਦਾ ਚਾਨਣ ਪਿਆ ਤਾਂ ਮੈ ਡਰਾਈਵਰ ਦੇ ਨਾਲ਼ ਮੋਹਰਲੀ ਸੀਟ ਉਪਰ ਬੈਠੇ ਨੂੰ ਪਛਾਣ ਲਿਆ।
****
No comments:
Post a Comment