ਪੰਜਾਬ ਵਿਧਾਨ ਪ੍ਰੀਸ਼ਦ ਆਖਰੀ ਸਾਹਾ ‘ਤੇ


ਗੱਲ ਇਹ 1970 ਦੀਆਂ ਗਰਮੀਆਂ ਦੀ ਹੈ। ਇਕ ਦਿਨ ਮੈ ਪੰਜਾਬ ਅਸੈਂਬਲੀ ਦੇ ਅੰਦਰ ਸਪੀਕਰ ਵਾਲ਼ੇ ਦਰਵਾਜੇ ਤੋਂ ਹਮੇਸ਼ਾਂ ਦੀ ਤਰ੍ਹਾਂ ਜਾਣ ਲੱਗਾ ਤਾਂ ਪਹਿਰੇਦਾਰ ਨੇ ਮੈਨੂੰ ਰੋਕਿਆ। ਮੇਰੇ ਵਾਸਤੇ ਇਹ ਹੈਰਾਨੀ ਵਾਲ਼ੀ ਗੱਲ ਸੀ ਕਿ ਇਸ ਨੇ ਮੈਨੂੰ ਕਿਉਂ ਰੋਕਿਆ! ਕੀ ਇਹ ਮੈਨੂੰ ਪਛਾਣਦਾ ਨਹੀ! ਕੁਝ ਗੁੱਸਾ ਜਿਹਾ ਵਿਖਾ ਕੇ ਮੈ ਬਿਨਾ ਰੁਕਿਉਂ ਹਾਲ ਦਾ ਬੂਹਾ ਖੋਹਲ ਕੇ ਅੰਦਰ ਲੰਘ ਗਿਆ। ਬਾਹੋਂ ਫੜ ਕੇ ਰੋਕਣ ਦੀ ਉਸ ਨੇ ਵੀ ਜੁਰਅਤ ਨਾ ਕੀਤੀ। ਗਵਰਨਰ ਦੀ ਗੈਲਰੀ ਵਿਚ ਸਜੀਆਂ ਕੁਰਸੀਆਂ ‘ਚੋਂ ਇਕ ਉਪਰ ਮੈ ਬੈਠ ਗਿਆ। ਜਦੋਂ ਥੱਲੇ ਹਾਲ ਵਿਚ ਗਹੁ ਨਾਲ਼ ਤੱਕਿਆ ਤਾਂ ਸਦਾ ਤੋਂ ਉਲ਼ਟ ਮਾਹੌਲ ਬਿਲਕੁਲ ਹੋਰ ਹੀ ਤਰ੍ਹਾਂ ਦਾ ਦਿਸਿਆ। ਸਪੀਕਰ ਦੀ ਕੁਰਸੀ ਉਪਰ, ਸ. ਦਰਬਾਰਾ ਸਿੰਘ ਨਕੋਦਰ ਦੀ ਥਾਂ ਤੇ ਇਕ ਬਜ਼ੁਰਗ ਤੇ ਵਡੇਰੀ ਉਮਰ ਦੇ ਮੋਨੇ ਸੱਜਣ ਸੁਸ਼ੋਭਤ ਸਨ ਤੇ ਉਹਨਾਂ ਦੇ ਨਾਲ਼ ਖੱਬੇ ਹੱਥ ਸਪੈਸ਼ਲ ਰੱਖੀ ਹੋਈ ਮਾਰਸ਼ਲ ਦੀ ਕੁਰਸੀ ਉਪਰ ਵੀ ਸਰਦਾਰ ਡੀ. ਐਸ. ਪੀ. ਦੀ ਥਾਂ ਤੇ ਇਕ ਚੰਗੇ ਸੇਹਤਮੰਦ ਡੀ. ਐਸ. ਪੀ. ਰੈਂਕ ਦੇ ਮੋਨੇ ਅਫ਼ਸਰ ਬਿਰਾਜਮਾਨ ਸਨ। ਮਾਰਸ਼ਲ ਨੇ ਮੇਰੇ ਵੱਲ ਤੱਕਿਆ ਤਾਂ ਸਹੀ ਪਰ ਕੀਤਾ ਕੁਝ ਨਾ। ਥੱਲੇ ਹਾਲ ਵੱਲ ਨਿਗਾਹ ਮਾਰੀ ਤਾਂ ਮੈਬਰ ਵੀ ਆਮ ਨਾਲ਼ੋਂ ਥੋਹੜੇ ਤੇ ਮੁਕਾਬਲਤਨ ਕੁਝ ਵਡੇਰੀ ਉਮਰ ਦੇ ਤੇ ਜ਼ਿਆਦਾ ਕਲੀਨਸ਼ੇਵਨ ਹੀ ਦਿਸੇ। ਸਾਰਾ ਵਾਤਾਵਰਣ ਹੀ ਆਮ ਨਾਲ਼ੋਂ ਫਿੱਕਾ ਫਿੱਕਾ ਤੇ ਨਿਰਸ ਜਿਹਾ ਲੱਗਾ। ਫੇਰ ਸਮਝ ਆਈ ਕਿ ਦਰਵਾਜੇ ਤੇ ਮੈਨੂੰ ਰੋਕਣ ਦਾ ਕਾਰਨ ਕੀ ਸੀ।

ਜਸਟਿਸ ਗੁਰਨਾਮ ਸਿੰਘ ਨੂੰ ਦੂਸਰੀ ਵਾਰ ਮੁਖ ਮੰਤਰੀ ਥਾਪਿਆ ਗਿਆ ਸੀ। ਅਕਾਲੀ ਤੇ ਜਨਸੰਘ ਦੀ ਸਾਂਝੀ ਸਰਕਾਰ ਸੀ। ਅਕਾਲੀ ਪਾਰਟੀ ਦੀਆਂ ਕਰਵਾਈਆਂ ਨੂੰ ਚਲਾਉਣ ਵਾਲ਼ੇ ਸੰਤ ਚੰਨਣ ਸਿੰਘ ਜੀ ਸਨ। ਉਹ ਖਾਸਾ ਸਮਾ ਚੰਡੀਗੜ੍ਹ ਬਿਤਾਉਂਦੇ ਸਨ ਤੇ ਉਸ ਵਿਚੋਂ ਵੀ ਉਹਨਾਂ ਦਾ ਦਿਨ ਦਾ ਬਹੁਤਾ ਸਮਾ ਅਸੈਂਬਲੀ ਕੰਪਲੈਕਸ ਵਿਚ ਹੀ ਬੀਤਦਾ ਸੀ ਤਾਂ ਕਿ ਸਾਰੇ ਹਾਲਾਤ ਉਪਰ ਨਿਗਾਹਬਾਨੀ ਕੀਤੀ ਜਾ ਸਕੇ ਤੇ ਲੋੜ ਪੈਣ ਤੇ ਫੌਰਨ ਹੀ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਉਹਨਾਂ ਦਾ ਪੀ. ਏ. ਹੋਣ ਕਰਕੇ ਮੈ ਵੀ ਨਾਲ ਹੀ ਹੁੰਦਾ ਸਾਂ। ਸਾਰਾ ਸਟਾਫ਼ ਮੈਨੂੰ ਪਛਾਣਦਾ ਹੋਣ ਕਰਕੇ, ਅਸੈਂਬਲੀ ਕੰਪਲੈਕਸ ਵਿਚ ਕਿਤੇ ਵੀ ਆਉਣ ਜਾਣ ਸਮੇ ਮੈਨੂੰ ਕੋਈ ਪੁੱਛ ਦੱਸ ਨਹੀ ਸੀ ਕਰਦਾ। ਮੈਨੂੰ ਜਰਾ ਵੀ ਜਦੋਂ ਵੇਹਲ ਮਿਲਣਾ ਤਾਂ ਮੈ ਫੱਟ ਅਸੈਂਬਲੀ ਹਾਲ ਵਿਚ, ਗਵਰਨਰ ਦੀ ਗੈਲਰੀ ਵਿਚ ਬੈਠ ਕੇ ਕਾਰਵਾਈ ਦੀ ਚਹਿਲ ਪਹਿਲ ਵੇਖਣ ਚਲਾ ਜਾਇਆ ਕਰਦਾ ਸਾਂ। ਉਸ ਦਿਨ ਕੀ ਹੋਇਆ ਕਿ ਅਸੈਂਬਲੀ ਦੇ ਸੈਸ਼ਨ ਦੀ ਜਗਾਹ ਓਸੇ ਹਾਲ ਵਿਚ ਪੰਜਾਬ ਵਿਧਾਨ ਪ੍ਰੀਸ਼ਦ ਦਾ ਸੈਸ਼ਨ ਹੋ ਰਿਹਾ ਸੀ ਤੇ ਇਸ ਨੂੰ ਪ੍ਰੀਜ਼ਾਈਡ, ਇਸ ਦੇ ਚੇਅਰਮੈਨ ਸ੍ਰੀ ਡੀ. ਡੀ. ਪੁਰੀ, ਕਰ ਰਹੇ ਸਨ। ਯਾਦ ਰਹੇ ਕਿ ਵਿਧਾਨ ਪ੍ਰੀਸ਼ਦ ਦਾ ਆਪਣਾ ਹਾਲ ਹਰਿਆਣਾ ਦੀ ਅਸੈਂਬਲੀ ਨੂੰ ਦੇ ਦਿਤਾ ਗਿਆ ਸੀ ਤੇ ਹੁਣ ਇਸ ਦੇ ਸੈਸ਼ਨ ਪੰਜਾਬ ਵਿਧਾਨ ਸਭਾ ਦੇ ਹਾਲ਼ ਵਿਚ, ਉਹਨਾਂ ਦਿਨਾਂ ਵਿਚ ਹੁੰਦੇ ਸਨ ਜਦੋਂ ਕਿ ਉਹ ਖਾਲੀ ਹੋਵੇ। ਪ੍ਰੀਸ਼ਦ ਵੀ ਆਪਣੇ ਦਿਨ ਹੀ ਗਿਣ ਰਹੀ ਸੀ ਕਿਉਂਕਿ ਅਕਾਲੀਆਂ ਦੇ ਮੈਨੀਫੈਸਟੋ ਵਿਚ ਸ਼ਾਮਲ ਸੀ ਕਿ ਉਹ ਚੋਣ ਜਿੱਤ ਕੇ ਪ੍ਰੀਸ਼ਦ ਤੋੜ ਦੇਣਗੇ ਅਤੇ ਸ. ਗੁਰਨਾਮ ਸਿੰਘ ਵੀ ਜਥੇਦਾਰ ਜੀਵਨ ਸਿੰਘ ਉਪਰਨੰਗਲ ਨੂੰ ਵਜ਼ਾਰਤ ਵਿਚੋਂ ਕਢਣਾ ਚਾਹੁੰਦਾ ਸੀ ਜੋ ਕਿ ਇਸ ਦੇ ਮੈਬਰ ਹੋਣ ਕਰਕੇ ਵਜ਼ਾਰਤ ਵਿਚ ਸਨ। ਇਸ ਤੋਂ ਇਲਾਵਾ ਉਹ ਹੋਰ ਉਹਨਾਂ ਲੀਡਰਾਂ ਦਾ ਵੀ ਇਸ ਸਦਨ ਰਾਹੀਂ ਵਿਧਾਇਕਾ ਵਿਚ ਵੜਨ ਦਾ ਰਾਹ ਬੰਦ ਕਰਨਾ ਚਾਹੁੰਦਾ ਸੀ ਜਿਨ੍ਹਾਂ ਤੋਂ ਉਸ ਨੂੰ ਆਪਣੀ ਗੱਦੀ ਵਾਸਤੇ ਕਦੀ ਖ਼ਤਰਾ ਪੈਦਾ ਹੋ ਸਕਣ ਦੀ ਸੰਭਵਾਨਾ ਹੋ ਸਕਦੀ ਹੋਵੇ। ਇਸ ਲਈ ਇਹ ਵਿਚਾਰੀ ਹੁਣ ਕੁਝ ਦਿਨਾਂ ਦੀ ਹੀ ਪ੍ਰਾਹੁਣੀ ਸੀ। ਅਜਿਹਾ ਢਹਿੰਦੀਕਲਾ ਦਾ ਆਭਾਸ ਚੇਅਰਮੈਨ ਦੀ ਟਿਪਣੀ ਤੋਂ ਵੀ ਪਰਗਟ ਹੋਇਆ, ਜੋ ਉਹਨਾਂ ਨੇ ਸਰਕਾਰੀ ਮੈਬਰ ਦੀ ਕਿਸੇ ਗੱਲ ਦੇ ਰੀਐਕਸ਼ਨ ਵਜੋਂ, ਕੁਝ ਨਿਰਾਸਤਾ ਭਰੀ ਨਾਰਾਜ਼ਗੀ ਜਿਹੀ ਨਾਲ਼ ਕੀਤੀ ਸੀ। 

ਗੱਲ ਇਉਂ ਹੋਈ ਕਿ ਪ੍ਰੀਸ਼ਦ ਦਾ ਸਾਰਾ ਅਮਲਾ ਫੈਲਾ ਮੇਰੀ ਸ਼ਕਲ ਤੋਂ ਜਾਣੂ ਨਾ ਹੋਣ ਕਰਕੇ, ਸੈਕਿਉਰਟੀ ਵਾਲ਼ੇ ਨੇ ਸਪੀਕਰ ਵਾਲ਼ੇ ਦਰਵਾਜੇ ਥਾਣੀ ਮੈਨੂੰ ਅੰਦਰ ਜਾਣ ਤੋਂ ਰੋਕਿਆ। ਅੰਦਰ ਪਰਵੇਸ਼ ਕਰਨ ਸਮੇ ਮਾਰਸ਼ਲ ਨੇ ਵੀ ਮੇਰੀ ਵੱਲ ਹੈਰਾਨੀ ਜਿਹੀ ਨਾਲ ਤੱਕਿਆ; ਪਰ ਮੇਰਾ ਬਿਨਾ ਕਿਸੇ ਦੀ ਪਰਵਾਹ ਕੀਤੇ ਦੇ, ਗਵਰਨਰ ਦੀ ਗੈਲਰੀ ਵਿਚ ਡਠੀਆਂ ਕੁਰਸੀਆਂ ਵਿਚੋਂ ਇਕ ਤੇ ਬੇਝਿਜਕ ਬੈਠ ਜਾਣਾ, ਸ਼ਾਇਦ ਉਸ ਨੂੰ ਕੁਝ ਬੋਲਣ ਤੋਂ ਰੋਕ ਗਿਆ।
ਉਸ ਦਿਨ ਚੰਡੀਗੜ੍ਹ, ਭਾਖੜਾ ਆਦਿ ਦੇ ਮਸਲੇ ਤੇ ਪ੍ਰੀਸ਼ਦ ਵਿਚ ਬਹਿਸ ਹੋ ਰਹੀ ਸੀ। ਕਾਂਗਰਸੀ ਮੈਬਰ ਸੇਠ ਰਾਮ ਨਾਥ ਜੀ ਜੈਤੋ ਵਾਲ਼ੇ ਇਸ ਮਸਲੇ ਤੇ ਬੋਲ ਰਹੇ ਸਨ। ਉਹਨਾਂ ਦੇ ਭਾਸ਼ਨ ਦਾ ਸਾਰ ਇਹ ਸੀ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਆਪਣਾ ਸਾਲਸੀ ਫੈਸਲਾ ਚੰਡੀਗੜ੍ਹ ਬਾਰੇ ਦਿਤਾ ਜਾਵੇਗਾ, ਤੇ ਇਹ ਛੇਤੀ ਹੀ ਦਿਤਾ ਜਾਵੇਗਾ। ਇਸ ਸਾਰੇ ਕੁਝ ਤੇ ਪੰਜਾਬ ਦਾ ਹੱਕ ਹੈ ਤੇ ਇਹ ਪੰਜਾਬ ਨੂੰ ਹੀ ਮਿਲਣਗੇ। ਸਾਨੂੰ ਪ੍ਰਧਾਨ ਮੰਤਰੀ ਜੀ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਮੈ ਪਹਿਲੀ ਵਾਰ ਤੇ ਆਖਰੀ ਵਾਰ, ਕੇਵਲ ਸੇਠ ਰਾਮ ਨਾਥ ਜੀ ਦੇ ਮੂਹੋਂ ਹੀ ਸੁਣਿਆ ਕਿ ਇਕ ਇਸਤਰੀ ਨੂੰ 'ਜੀਆਂ' ਕਰਕੇ ਸੰਬੋਧਨ ਕੀਤਾ ਜਾ ਸਕਦਾ ਹੈ। ਜਦੋਂ ਉਹ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਨ ਤਾਂ ਉਸ ਦੇ ਇਸਤਰੀ ਹੋਣ ਕਰਕੇ "ਪ੍ਰਧਾਨ ਮੰਤਰੀ ਜੀਆਂ ਸਾਲਸੀ ਫੈਸਲਾ ਦੇਣਗੀਆਂ।" ਆਖਣ। ਨਾ ਉਸ ਤੋਂ ਪਹਿਲਾਂ ਤੇ ਨਾ ਹੀ ਉਸ ਤੋਂ ਪਿਛੋਂ ਕਦੀ ਮੈ ਇਕ ਇਸਤਰੀ ਲਈ ਇਸ ਤਰ੍ਹਾਂ ਦਾ ਸੰਬੋਧਨ ਸੁਣਿਆ ਹੈ।
ਭਾਵੇਂ ਕਿ ਸੇਠ ਜੀ ਬਹੁਤ ਹੀ ਸੁਹਿਰਦ ਸੱਜਣ ਸਨ ਪਰ ਕਾਂਗਰਸੀ ਮੈਬਰ ਹੋਣ ਕਰਕੇ ਉਹ ਆਪਣੇ ਲੀਡਰ, ਪ੍ਰਧਾਨ ਮੰਤਰੀ, ਨੂੰ ਡੀਫੈਂਡ ਕਰ ਰਹੇ ਸਨ ਤੇ ਇਹ ਕਾਰਜ ਉਹ ਬੜੀ ਯੋਗਤਾ ਨਾਲ਼ ਕਰ ਰਹੇ ਸਨ। ਵਾਤਾਵਰਣ ਤੋਂ ਇਉਂ ਲੱਗਦਾ ਸੀ ਕਿ ਜਿਵੇਂ ਕਿਸੇ ਦੀ ਇਸ ਮਸਲੇ ਬਾਰੇ ਦਿਲਚਸਪੀ ਨਾ ਹੋਵੇ। ਵਜੀਰ ਵਜੋਂ ਸੀਨੀਅਰ ਅਕਾਲੀ ਆਗੂ, ਜਥੇਦਾਰ ਜੀਵਨ ਸਿੰਘ ਜੀ ਉਮਰਾਨੰਗਲ ਵੀ ਸਦਨ ਵਿਚ ਹਾਜਰ ਸਨ। ਯਾਦ ਰਹੇ ਕਿ ਜਥੇਦਾਰ ਜੀ ਜਿਥੇ ਉਚੇ ਲੰਮੇ ਕੱਦ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਨਿਧੜਕ ਅਕਾਲੀ ਆਗੂ ਸਨ ਓਥੇ ਉਹਨਾਂ ਵਿਚ ਦਲੇਰੀ ਵੀ ਉਚ ਪਾਏ ਦੀ ਸੀ। ਜਿਸ ਪਾਸੇ ਵੀ ਪੈਣ ਬੀਂਡੀ ਜੁੱਪ ਕੇ ਪੈਂਦੇ ਸਨ ਤੇ ਕਿਸੇ ਤਰ੍ਹਾਂ ਦਾ 'ਅਗਰਚਿ ਮਗ਼ਰਚਿ' ਲਾਉਣ ਦੇ ਆਦੀ ਨਹੀ ਸਨ। ਗੱਲ ਸਿਧੀ ਤੇ ਸਾਫ਼ ਕਰਦੇ ਸਨ। ਜਥੇਦਾਰ ਜੀ ਵੱਲ਼ ਵੇਖਦਿਆਂ ਹੋਇਆਂ ਇਸ਼ਾਰਾ ਕਰਕੇ ਸੇਠ ਜੀ ਬੋਲੇ, "ਆਪਾਂ ਉਮਰਾਨੰਗਲ਼ ਦੇ ਦੇਈਏ ਤੇ ਭਾਖੜਾ ਨੰਗਲ਼ ਲੈ ਲਈਏ।" ਇਸ ਟਿਪਣੀ ਤੇ ਹਾਲ਼ ਵਿਚ ਘੜੀ ਦੀ ਘੜੀ ਕੁਝ ਹਾਸੇ ਭਰੀ ਹਿੱਲ-ਜੁੱਲ ਜਿਹੀ ਦਾ ਝਲਕਾਰਾ ਜਿਹਾ ਪਿਆ ਪਰ ਪਰਨਾਲਾ ਫੇਰ ਓਥੇ ਦਾ ਓਥੇ ਹੀ। ਸੱਚ ਹੈ, ਜਿਸ ਮਰੀਜ਼ ਨੂੰ ਪਤਾ ਹੋਵੇ ਕਿ ਉਸ ਦੀ ਜ਼ਿੰਦਗੀ ਦੇ ਗਿਣੇ ਮਿਣੇ ਦਿਨ ਹੀ ਬਾਕੀ ਰਹਿ ਗਏ ਹਨ ਉਸ ਨੂੰ ਕਾਹਦੀ ਖੁਸ਼ੀ! ਮੈ ਵੀ ਇਸ ਤੋਂ ਬਾਅਦ ਗਵਰਨਰ ਦੀ ਗੈਲਰੀ ਵਿਚੋਂ ਛੇਤੀ ਹੀ ਉਠ ਕੇ ਬਾਹਰ ਆ ਗਿਆ।
ਥੋਹੜੇ ਹੀ ਦਿਨਾਂ ਪਿਛੋਂ ਇਸ ਵਿਚਾਰੀ ਪ੍ਰੀਸ਼ਦ ਦਾ ਅਕਾਲੀਆਂ ਨੇ ਕੀਰਤਨ ਸੋਹਿਲਾ ਪੜ੍ਹ ਦਿਤਾ। ਹੁਣ ਫੇਰ ਇਸ ਦਾ 'ਪੁਨਰ ਅਵਤਾਰ' ਕਰਨ ਲਈ ਘੁਸਰ ਫੁਸਰ ਹੋ ਰਹੀ ਸੁਣੀਂਦੀ ਹੈ।

****

No comments:

Post a Comment