1969 ਵਿਚ, ਜਦੋਂ ਦੂਜੀ ਵਾਰ ਅਕਾਲੀ ਅਗਵਾਈ ਵਾਲ਼ੀ ਸਰਕਾਰ ਪੰਜਾਬ ਵਿਚ ਬਣੀ ਤਾਂ ਇੰਦਰਾ ਵਰਗੀ ਇੱਲ ਦੇ ਜ਼ਾਲਮ ਪੰਜਿਆਂ ਵਿਚੋਂ ਬਚਾਉਣ ਦੇ ਕਮਜ਼ੋਰ ਜਿਹੇ ਯਤਨਾਂ ਵਿਚੋਂ ਇਕ ਯਤਨ ਸੰਤ ਚੰਨਣ ਸਿੰਘ ਜੀ ਦਾ ਇਹ ਵੀ ਹੁੰਦਾ ਸੀ ਕਿ ਹਰੇਕ ਰਾਤ ਨੂੰ ਕਿਸੇ ਨਾ ਕਿਸੇ ਵਜ਼ੀਰ ਦੇ ਘਰ ਰਾਤਰੀ ਭੋਜਨ (ਡਿਨਰ) ਰੱਖ ਲੈਣਾ ਤਾਂ ਕਿ ਪ੍ਰਸ਼ਾਦਾ ਛਕਣ ਦੇ ਬਹਾਨੇ ਐਮ. ਐਲ. ਏਜ਼. ਨੂੰ ਇਕੱਠੇ ਰੱਖਿਆ ਜਾ ਸਕੇ। ਐਮ. ਐਲ. ਏ. ਸਾਹਿਬਾਨ ਕੋਈ ਮਾਮੂਲੀ ਡੇਰਿਆਂ ਦੇ ਕਮਜ਼ੋਰ ਤੇ ਮੰਗ ਖਾਣੇ ਸਾਧ ਤਾਂ ਨਹੀ ਸਨ ਕਿ ਪੰਗਤ ਵਿਚ ਬੈਠ ਕੇ ਸ਼ਾਕਾਹਾਰੀ ਭੋਜਨ, ਗੁਰਬਾਣੀ ਦੇ ਸ਼ਬਦ ਪੜ੍ਹਨ ਉਪ੍ਰੰਤ ਛਕਣ ਅਤੇ ਸਮਾਪਤੀ ਤੇ ਚੁਲ਼ਾ ਪੜ੍ਹਨ; ਅਰਥਾਤ ਅਰਦਾਸਾ ਸੋਧਣ।
ਇਸ ਤੋਂ 1977 ਦੀਆਂ ਸਰਦੀਆਂ ਦੀ ਗੱਲ ਯਾਦ ਆ ਗਈ। ਵਲੈਤੀ ਅਕਾਲੀਆਂ ਨੇ ਅੰਮ੍ਰਿਤਸਰ ਸ਼ਹਿਰ ਦਾ ਚਾਰ ਸੌ ਸਾਲਾ ਸਥਾਪਨਾ ਦਿਵਸ ਲੰਡਨ ਦੇ ਐਲਬਰਟ ਹਾਲ ਵਿਚ, ਧੂੰਮ ਧਾਮ ਨਾਲ਼ ਮਨਾਉਣ ਦਾ ਉਦਮ ਕੀਤਾ। ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਪੰਜਾਬੋਂ ਕੁਝ ਲੀਡਰ ਵੀ ਬੁਲਾ ਲਏ। ਉਹਨਾਂ ਲੀਡਰਾਂ ਦੇ ਆਗੂ ਸ. ਜਗਦੇਵ ਸਿੰਘ ਤਲਵੰਡੀ ਐਮ. ਪੀ. ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਨ। ਉਹਨਾਂ ਦੇ ਨਾਲ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸ. ਗੁਰਚਰਨ ਦਿੰਘ ਟੌਹੜਾ, ਦਲ ਦੇ ਸਕੱਤਰ ਗਿ. ਅਜਮੇਰ ਸਿੰਘ, ਪੀ. ਏ. ਸ. ਅਬਿਨਾਸ਼ੀ ਸਿੰਘ, ਡਾ. ਗੁਰਨਾਮ ਸਿੰਘ ਤੀਰ, ਸਹਿਕਾਰਤਾ ਮੰਤਰੀ ਸ. ਜਸਵਿੰਦਰ ਸਿੰਘ ਬਰਾੜ ਆਦਿ ਵੀ ਸਨ। ਇਹਨਾਂ ਸਾਰਿਆਂ ਨੂੰ, ਲੰਡਨ ਸਥਿਤ ਆਪਣੇ ਆਸ਼੍ਰਮ ਵਿਚ, ਭਾਈ ਸਾਹਿਬ ਹਰਿਭਜਨ ਸਿੰਘ ਖ਼ਾਲਸਾ ਯੋਗੀ ਜੀ ਨੇ ਰਾਤ ਦੇ ਲੰਗਰ ਵਾਸਤੇ ਬੁਲਾ ਲਿਆ। ਪਹਿਲਾਂ ਤਾਂ ਅਕਾਲੀ ਲੀਡਰਾਂ ਦੀ ਅਨਇੱਛਾ ਵਿਚ ਹੀ ਉਹਨਾਂ ਨੂੰ ਸਾਡੇ ਰਾਗੀ ਜਥੇ ਪਾਸੋਂ ਕੀਰਤਨ ਸੁਣਵਾਇਆ ਗਿਆ ਤੇ ਅਸੀਂ ਸ਼ਬਦ ਗਾਵਿਆ "ਰਾਜ ਜੋਗ ਤਖਤ ਦੀਅਨਿ ਗੁਰੂ ਰਾਮਦਾਸ॥" ਸਾਡੇ ਜਥੇ ਦੇ ਆਗੂ ਭਾਈ ਸਾਹਿਬ ਭਗਵੰਤ ਸਿੰਘ ਜੀ ਲੰਡਨ ਵਾਸੀ ਸਨ। ਫਿਰ ਸਾਰਿਆਂ ਨੂੰ ਭੁੰਜੇ ਪੰਗਤ ਲਗਾ ਕੇ ਪੱਛਮੀ ਢੰਗ ਦਾ ਸ਼ਾਕਾਹਾਰੀ ਸਾਦਾ ਭੋਜਨ ਛਕਾਇਆ ਗਿਆ ਜੋ ਮੇਰੇ ਵਾਸਤੇ ਵੀ ਬਹੁਤ ਫਿੱਕਾ ਜਿਹਾ ਹੀ ਸੀ। ਭੋਜਨ ਦੀ ਸਮਾਪਤੀ ਤੇ ਸ. ਜਗਦੇਵ ਸਿੰਘ ਤਲਵੰਡੀ ਨੇ ਆਪਣੇ ਖੁਲਾਸੇ ਜਿਹੇ ਸੁਭਾ ਕਰਕੇ ਅਠਾਰਵੀਂ ਸਦੀ ਦੇ ਸਿੰਘਾਂ ਦੇ ਬਹਾਦਰੀ ਭਰੇ ਕਾਰਨਾਮੇ ਸੁਣਾਉਂਦਿਆਂ, ਚੰਗਾ ਟਿਕਾ ਕੇ ਆਖਿਆ, "ਆਹ, ਜਿਸ ਤਰ੍ਹਾਂ ਦਾ ਯੋਗੀ ਜੀ ਨੇ ਸਾਨੂੰ 'ਗ੍ਹਾਸ ਫੂਸ' ਛਕਾਇਆ ਹੈ ਇਹੋ ਜਿਹਾ ਹੀ ਉਹ ਸਿੰਘ ਛਕ ਕੇ ਜ਼ਾਲਮਾਂ ਨੂੰ ਸੋਧਿਆ ਕਰਦੇ ਸਨ।" ਗੱਲ ਤਾਂ ਗਿੱਟੇ ਲੱਗੀ ਪਰ ਸਮੇਤ ਯੋਗੀ ਜੀ ਦੇ ਹੱਸਣ ਤੋਂ ਬਿਨਾ ਕਿਸੇ ਪਾਸ ਚਾਰਾ ਕੋਈ ਨਹੀ ਸੀ। ਪ੍ਰਧਾਨ ਸਾਹਿਬ ਤਾਂ 'ਸਿੰਘ ਭੋਜਨ' ਛਕਣ ਦੇ ਸ਼ੌਕੀਨ ਸਨ। ਇਕ ਹੋਰ ਗੱਲ ਉਹਨਾਂ ਨੇ ਆਖੀ, "ਸਾਨੂੰ ਤੁਹਾਡਾ ਗੁਰੂ ਰਾਮਦਾਸ ਜੀ ਨਾਲ਼ ਲੋੜੋਂ ਵਧ ਹੇਜ ਜਤਾਉਣਾ ਮਾੜਾ ਨਹੀ ਲੱਗਦਾ ਪਰ ਸਾਨੂੰ ਡਰ ਹੈ ਕਿ ਕਿਤੇ ਤੁਸੀਂ ਉਹਨਾਂ ਨੂੰ ਦਸਾਂ ਵਿਚੋਂ ਕਢ ਕੇ ਲਾਂਭੇ ਨਾ ਭੱਜ ਜਾਓ। ਫਿਰ ਸਾਡੇ ਕੋਲ਼ ਨੌ ਹੀ ਨਾ ਕਿਤੇ ਰਹਿ ਜਾਣ!" ਹਾਸੇ ਦੀਆਂ ਫੁਹਾਰਾਂ ਤਾਂ ਛੁੱਟਣੀਆਂ ਹੀ ਸਨ।
ਗੱਲ ਚੱਲੀ ਸੀ ਅਕਾਲ਼ੀਆਂ ਦੀ 'ਡਿਨਰ ਡਿਪਲੋਮੇਸੀ' ਦੀ। ਲੀਡਰ, ਵਜ਼ੀਰ, ਐਮ. ਪੀ., ਐਮ. ਐਲ. ਏ. ਆਦਿ ਤਾਂ ਓਹੀ ਲੋਕ ਬਣਦੇ ਹਨ ਜੋ ਘਰੋਂ ਰੱਜੇ ਪੁੱਜੇ ਤੇ ਖਾਨਦਾਨੀ ਸਰਦਾਰ ਹੁੰਦੇ ਹਨ। ਅਜਿਹੇ ਸਰਦਾਰਾਂ ਦਾ ਭੋਜਨ ਵੀ ਸਰਦਾਰੀ ਟਾਈਪ ਦਾ ਹੀ ਹੁੰਦਾ ਹੈ। ਇਹਨਾਂ ਰਾਤਰੀ ਭੋਜਨਾਂ ਵਿਚ ਹਰ ਰਾਤ, ਪਾਰਟੀ ਆਗੂ ਹੋਣ ਕਰਕੇ, ਸੰਤ ਚੰਨਣ ਸਿੰਘ ਜੀ ਵੀ ਸ਼ਾਮਲ ਹੋਇਆ ਕਰਦੇ ਸਨ ਬਲਕਿ ਉਹਨਾਂ ਦੀ ਪੁਜ਼ੀਸ਼ਨ 'ਚੀਫ਼ ਗੈਸਟ' ਵਾਲ਼ੀ ਹੀ ਹੁੰਦੀ ਸੀ ਤੇ ਇਹ ਸਕੀਮ ਹੀ ਉਹਨਾਂ ਦੀ ਸੀ। ਕਦੇ ਕਦੇ ਦਲ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਜੀ ਵੀ ਅਜਿਹੇ ਸਮੇ ਸ਼ਾਮਲ ਹੋ ਜਾਇਆ ਕਰਦੇ ਸਨ ਪਰ ਹਰ ਵਾਰੀਂ ਨਹੀ। ਸੰਤ ਜੀ ਦੀ ਮੌਜੂਦਗੀ ਵਿਚ, ਖਾਣੇ ਤੋਂ ਪਹਿਲਾਂ 'ਦੰਦ ਤਿੱਖੇ ਕਰਨੇ' ਮੁਸ਼ਕਲ ਸਮਝੇ ਜਾਂਦੇ ਸਨ। ਵੈਸੇ ਤਾਂ ਹਰੇਕ ਗੁਰਸਿੱਖ ਨੂੰ ਅੰਮ੍ਰਿਤ ਛਕਣ ਸਮੇ, ਸਮੇਤ ਤਮਾਕੂ ਦੇ, ਹਰੇਕ ਪ੍ਰਕਾਰ ਦਾ ਨਸ਼ਾ ਨਾ ਵਰਤਣ ਦਾ ਹੁਕਮ ਦਿਤਾ ਜਾਂਦਾ ਹੈ ਤੇ ਅਕਾਲੀ ਦਲ ਦਾ ਮੁਢਲਾ ਮੈਬਰ ਬਣਨ ਵਾਲੇ ਫਾਰਮ ਉਪਰ ਵੀ, ਜਿਥੋਂ ਤੱਕ ਮੈਨੂੰ ਯਾਦ ਹੈ, ਇਹ ਲਿਖਿਆ ਹੁੰਦਾ ਸੀ ਕਿ ਹਰੇਕ ਮੈਬਰ ਬਣਨ ਵਾਲ਼ੇ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਏਥੇ ਤਾਂ ਮਹਿਫਲ ਹੀ ਸਰਦਾਰਾਂ ਦੀ ਹੁੰਦੀ ਸੀ। ਸੰਤ ਜੀ ਤੇ ਉਹਨਾਂ ਨਾਲ਼ ਮੇਰੇ ਵਰਗੇ 'ਲਾਂਗੜ ਭੀਂਗੜ' ਤਾਂ ਅਣਚਾਹੇ ਪ੍ਰਾਹੁਣੇ ਹੀ ਹੁੰਦੇ ਸਨ। ਇਸ ਲਈ ਖਾਣੇ ਵਾਸਤੇ ਦੰਦ ਤਿੱਖੇ ਕਰਨ ਦਾ ਅਮਲ ਇਉਂ ਕੀਤਾ ਜਾਂਦਾ ਸੀ ਕਿ ਸੰਤ ਜੀ ਦੇ ਕੋਲ਼ ਜਾਂ ਨੇੜੇ ਬੈਠੇ ਸੱਜਣਾਂ ਨੂੰ ਵਾਰੀ ਵਾਰੀ ਆਖਿਆ ਜਾਂਦਾ ਸੀ, "ਤੇਰੀ ਟਰੰਕ ਕਾਲ ਆਈ ਹੈ।" ਉਹ ਉਠ ਕੇ ਅੰਦਰ ਚਲਿਆ ਜਾਇਆ ਕਰਦਾ ਸੀ ਤੇ ਫਿਰ ਸੰਤ ਜੀ ਦੇ ਨੇੜੇ ਨਹੀ ਸੀ ਆਉਂਦਾ। ਕਿਸੇ ਤਰ੍ਹਾਂ ਕਿਸੇ ਅਖ਼ਬਾਰ ਵਾਲੇ ਨੂੰ ਇਸ ਗੱਲ ਦੀ ਭਿਣਕ ਪੈ ਗਈ ਤੇ ਉਸ ਨੇ, "ਟਰੰਕ ਕਾਲ ਕਿ ਪੈਗ ਕਾਲ?" ਦੇ ਸਿਰਲੇਖ ਹੇਠ ਇਹ ਖ਼ਬਰ ਅਖ਼ਬਾਰ ਵਿਚ ਛਾਪ ਦਿਤੀ।
ਇਸ ਤੋਂ ਕੁਝ ਸਮਾ ਬਾਅਦ ਦੀ ਇਕ ਘਟਨਾ ਵੀ ਚੇਤੇ ਆ ਗਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਸਲੇ ਤੇ ਜਨਸੰਘ ਦੇ ਅੱਠ ਐਮ. ਐਲ. ਏ. ਸਰਕਾਰ 'ਚੋਂ ਨਿਕਲ਼ ਗਏ ਤੇ ਇਸ ਮੌਕੇ ਤੋਂ ਲਾਭ ਉਠਾ ਕੇ, ਪਾਰਟੀ ਮੁਖੀ ਤੇ ਪ੍ਰੈਸ਼ਰ ਪਾ ਕੇ ਆਪਣੀ ਮਰਜੀ ਮੰਨਵਾਉਣ ਲਈ, ਸ. ਸੁਰਿੰਦਰ ਸਿੰਘ ਕੈਰੋਂ ਵੀ ਆਪਣੇ ਸਮੇਤ ਛੇ ਐਮ. ਐਲ. ਏ. ਲ਼ੈ ਕੇ ਫਰਾਰ ਹੋ ਗਿਆ ਤੇ ਲਭਾ ਹੀ ਨਾ। ਇਸ ਤਰ੍ਹਾਂ ਅਕਾਲੀ ਸਰਕਾਰ ਘੱਟ ਗਿਣਤੀ ਵਿਚ ਰਹਿ ਗਈ। ਖੈਰ, ਇਹ ਵੱਖਰੀ ਗੱਲ ਹੈ ਕਿ ਸੰਤ ਚੰਨਣ ਸਿੰਘ ਜੀ ਨੇ ਸ. ਸਵਰਨ ਸਿੰਘ ਰਾਹੀਂ ਤੇ ਅੱਗੋਂ ਸ੍ਰੀ ਚਵਾਨ ਗ੍ਰਿਹ ਮੰਤਰੀ ਰਾਹੀਂ, ਪ੍ਰਧਾਨ ਮੰਤਰੀ ਨਾਲ਼ ਗਾਂਢਾ ਸਾਂਢਾ ਕਰਕੇ, ਵਕਤੀ ਤੌਰ ਤੇ ਸਰਕਾਰ ਬਚਾ ਲਈ ਸੀ। ਇਸ ਤੋਂ ਪਹਿਲਾਂ ਸੰਤ ਜੀ ਨੇ ਤੇ ਮੁਖ ਮੰਤਰੀ ਸਰਦਾਰ ਬਾਦਲ ਜੀ ਨੇ ਜਿਉਂ ਸਵੇਰ ਤੋਂ ਤੁਰਨਾ ਮੈਬਰਾਂ ਨੂੰ ਲਭਣ ਤੇ ਹਨੇਰੇ ਹੋਏ ਖਾਲੀ ਹੱਥ ਹੀ ਵਾਪਸ ਮੁੜਨਾ। ਅਜਿਹੀ ਇਕ ਸ਼ਾਮ ਨੂੰ ਇਕ ਮੁਖੀ ਅਕਾਲੀ ਆਗੂ ਦੇ ਘਰ ਅੰਦਰ ਕੁਝ ਆਗੂ ਨਿਰਾਸਤਾ ਜਿਹੀ ਵਿਚ ਬੈਠੇ ਹੋਏ ਸਨ ਕਿ ਨੌਕਰ ਟਰੇ ਵਿਚ ਰੱਖੇ ਹੋਏ ਗਲਾਸ ਪੀਣ ਵਾਸਤੇ ਲੈ ਆਇਆ। ਉਹਨਾਂ ਗਲਾਸਾਂ ਵਿਚ ਕੋਕਾ ਕੋਲਾ ਦਿਖਾਈ ਦੇ ਰਿਹਾ ਸੀ ਪਰ ਮੈ ਸਮਝ ਗਿਆ ਕਿ ਇਹ ਸੰਤ ਜੀ ਤੋਂ ਪਰਦਾ ਰੱਖਣ ਵਾਸਤੇ, ਕੋਕੇ ਕੋਲੇ ਵਿਚ 'ਸੋਮਰਸ' ਵੀ ਰਲ਼ਾਇਆ ਹੋਇਆ ਸੀ। ਘਰ ਦੇ ਮੁਖੀ ਨੇ ਸੁਭਾਵਕ ਹੀ ਸੰਤ ਜੀ ਨੂੰ ਸੁਲਾਹ ਮਾਰ ਲਈ। ਸੰਤ ਜੀ ਨੇ ਗਲਾਸ ਚੁੱਕਣ ਲਈ ਹੱਥ ਅੱਗੇ ਵਧਾ ਦਿਤਾ। ਉਸ ਆਗੂ ਦੇ ਚੇਹਰੇ ਦਾ ਇਕ ਦਮ ਰੰਗ ਬਦਲ਼ ਗਿਆ ਤੇ ਉਸ ਨੇ ਮੇਰੇ ਵੱਲ ਵੇਖਿਆ। ਮੈਨੂੰ "ਅੰਧੇ ਕੋ ਅੰਧੇਰੇ ਮੇ ਦੂਰ ਕੀ ਸੂਝੀ।" ਵਾਂਗ ਇਕ ਦਮ ਮੌਕਾ ਸੰਭਾਲਣ ਦਾ ਖਿਆਲ ਆ ਗਿਆ ਤੇ ਮੈ ਆਖ ਦਿਤਾ. "ਬਾਬਾ ਜੀ, ਇਹਨਾਂ ਨੂੰ ਜੂਠੇ ਹੱਥ ਲਗੇ ਹੋਏ ਨੇ। ਤੁਹਾਡੇ ਲਈ ਥੱਲਿਓਂ ਹੋਰ ਗਲਾਸ ਆਉਂਦਾ ਏ।" ਸੰਤ ਜੀ ਨੇ ਆਪਣਾ ਹੱਥ ਓਥੋਂ ਹੀ ਪਿੱਛੇ ਖਿੱਚ ਲਿਆ ਤੇ ਉਸ ਆਗੂ ਨੇ ਮੇਰੇ ਵੱਲ ਪ੍ਰਸੰਸਕ ਨਜਰ ਨਾਲ਼ ਤੱਕਿਆ।
ਵੈਸੇ ਜੇ ਪਤਾ ਲੱਗ ਵੀ ਜਾਂਦਾ ਤਾਂ ਸੰਤ ਜੀ ਨੇ ਕੇਹੜੀ ਉਹਨਾਂ ਨੂੰ ਗੋਲ਼ੀ ਮਾਰ ਦੇਣੀ ਸੀ ਜਾਂ ਉਹਨਾਂ ਦੀ ਲੀਡਰੀ ਖੋਹ ਲੈਣੀ ਸੀ! ਇਹ ਤਾਂ ਇਕ ਅੱਖ ਦੀ ਸ਼ਰਮ ਹੀ ਹੁੰਦੀ ਹੈ। ਅਜਿਹਾ ਭਉ, ਜਿਸ ਨੂੰ ਗੁਰਬਾਣੀ ਵਿਚ 'ਨਿਰਮਲ ਭਉ' ਆਖ ਕੇ ਵਡਿਆਇਆ ਗਿਆ ਹੈ, ਹੀ ਪਰਵਾਰ, ਸਮਾਜ, ਜਥੇਬੰਦੀ, ਦੇਸ਼ ਨੂੰ ਕਾਇਮ ਰੱਖਦਾ ਹੈ। ਇਹ ਅੱਖ ਦੀ ਸ਼ਰਮ ਆਖ ਲਵੋ ਜਾਂ ਵਡਿਆਂ ਦਾ ਆਦਰ ਕਾਇਮ ਰੱਖਣ ਦਾ ਇਕ ਚੰਗਾ ਤਰੀਕਾ ਹੈ। ਕੋਈ ਧੀ ਮਾਪਿਆਂ ਦੀ ਸ਼ਰਮ ਨਾ ਰੱਖੇ, ਕੋਈ ਨੂੰਹ ਸਹੁਰੇ ਘਰ ਦਾ ਨਿਰਮਲ ਭਉ ਤਿਆਗ ਦੇਵੇ। ਨੌਜਵਾਨ ਬਜ਼ੁਰਗਾਂ ਦਾ ਸਤਿਕਾਰ ਕਾਇਮ ਨਾ ਰੱਖਣ, ਇਸ ਨਾਲ਼ ਵਡੇਰੇ ਉਹਨਾਂ ਦੇ ਟਾਂਡੇ ਤਾਂ ਨਹੀ ਮਿਧ ਦੇਣ ਲੱਗੇ ਤੇ ਨਾ ਹੀ ਲੱਗਦੀ ਵਾਹ, ਸਹੀ ਸੋਚ ਵਾਲ਼ੇ ਬਜ਼ੁਰਗ, ਉਹਨਾਂ ਦੀ ਕਿਸੇ ਤਰ੍ਹਾਂ ਦੀ ਹਾਨੀ ਬਾਰੇ ਵਿਚਾਰ ਆਪਣੀ ਸੋਚ ਵਿਚ ਲਿਆ ਸਕਦੇ ਹਨ। ਇਹ ਤਾਂ ਇਕ ਮਾਣ ਰੱਖਣ ਵਾਲ਼ੀ ਚੰਗੀ ਗੱਲ ਹੀ ਹੈ ਜਿਸ ਕਰਕੇ ਆਰੰਭ ਤੋਂ ਹੀ ਸਮਾਜ ਚੱਲਦਾ ਆ ਰਿਹਾ ਹੈ। ਸਿਆਣੇ ਆਖਦੇ ਨੇ ਕਿ ਜਦੋਂ ਅੱਖ ਦੀ ਸ਼ਰਮ ਨਾ ਰਹੇ ਤਾਂ ਫਿਰ ਪਰਵਾਰ ਦੇ ਖੇਰੂੰ ਖੇਰੂੰ ਹੋ ਜਾਣ ਦਾ ਵਧੇਰੇ ਭੈ ਹੋ ਜਾਂਦਾ ਹੈ।
ਏਥੇ ਇਕ ਗੱਲ ਹੋਰ ਚੇਤੇ ਆ ਗਈ। ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸੰਸਾਰ ਵਿਚ ਛਾਏ ਜਾ ਰਹੇ ਸਿਰ ਨੰਗੇ ਵਾਲੇ ਕਲਚਰ ਕਰਕੇ ਸਿੱਖ ਭੈਣਾਂ, ਨੂਹਾਂ, ਧੀਆਂ, ਏਥੋਂ ਤੱਕ ਕਿ ਸਿਆਣੀ ਉਮਰ ਦੀਆਂ ਬੀਬੀਆਂ ਵੀ ਸਿਰ ਉਪਰ ਲੀੜਾ ਰੱਖਣਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੀਆਂ ਹਨ। ਮੇਰੇ ਖਿਆਲ ਵਿਚ ਤਾਂ ਸ਼ਾਇਦ ਇਸ ਨਵੀਨਤਾ ਦਾ ਅਸਰ ਸਿੱਖ ਬੀਬੀਆਂ ਉਪਰ ਬਾਕੀਆਂ ਨਾਲ਼ੋਂ ਵਧ ਹੀ ਹੋਇਆ ਲੱਗਦਾ ਹੈ। ਆਸਟ੍ਰੇਲੀਆ ਦੇ ਇਕ ਸ਼ਹਿਰ ਵਿਖੇ, ਓਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸੱਦੇ ਉਪਰ ਮੈ ਗਿਆ। ਇਕ ਦੁਪਹਿਰ ਨੂੰ ਇਕ ਨੌਜਵਾਨ ਸਿੱਖ ਡਾਕਟਰ ਜੀ ਪਹਿਲਾਂ ਬਣਾਏ ਪ੍ਰੋਗਰਾਮ ਅਨੁਸਾਰ ਪ੍ਰਸ਼ਾਦਾ ਛਕਾਉਣ ਲਈ, ਮੈਨੂੰ ਕਾਰ ਵਿਚ ਆਪਣੇ ਘਰ ਲੈ ਗਏ। ਨਾਲ਼ ਹੀ ਉਹਨਾਂ ਦੇ ਪਿਤਾ ਜੀ ਵੀ ਸਨ ਜੋ ਕਿ ਮੇਰੀ ਪੀਹੜੀ ਦੇ ਸਨ। ਡਾਕਟਰ ਸਾਹਿਬ ਦੀ ਪਤਨੀ ਜੀ ਤਾਂ ਆਪਣੀ ਡਿਊਟੀ ਉਪਰ ਗਏ ਹੋਏ ਸਨ ਤੇ ਘਰ ਵਿਚ ਉਹਨਾਂ ਦੇ ਮਾਤਾ ਜੀ ਸਨ ਜਿਨ੍ਹਾਂ ਨੇ ਸਾਡੇ ਘਰ ਵਿਚ ਗਿਆਂ ਤੇ ਬੜੇ ਪ੍ਰੇਮ ਅਤੇ ਸ਼ਰਧਾ ਸਹਿਤ ਪ੍ਰਸ਼ਾਦਾ ਤਿਆਰ ਕੀਤਾ। ਇਹ ਸਾਰਾ ਕੁਝ ਕਰਦੇ ਸਮੇ ਉਹਨਾਂ ਨੇ ਆਪਣੇ ਸਿਰ ਤੋਂ ਲੀੜਾ ਨਹੀ ਉਤਰਨ ਦਿਤਾ ਤੇ ਸਾਰਾ ਸਮਾ ਆਪਣਾ ਸਿਰ ਢੱਕੀ ਹੀ ਰੱਖਿਆ। ਉਂਜ ਪਤਾ ਲੱਗਦਾ ਸੀ ਕਿ ਸਮੇ ਦੇ ਰਿਵਾਜ਼ ਅਨੁਸਾਰ ਉਹ ਹਰ ਸਮੇ ਸਿਰ ਨਾ ਢੱਕ ਕੇ ਰੱਖਦੇ ਹੋਣ ਪਰ ਮੇਰੀ ਹਾਜਰੀ ਵਿਚ ਉਹਨਾਂ ਨੇ ਉਚੇਚਾ ਇਸ ਕਾਰਜ ਦਾ ਧਿਆਨ ਰੱਖਿਆ। ਜੇਕਰ ਉਹ ਸੁਚੱਜੇ ਬੀਬੀ ਜੀ ਅਜਿਹਾ ਨਾ ਵੀ ਕਰਦੇ ਤਾਂ ਮੈ ਕੇਹੜਾ ਪ੍ਰਸ਼ਾਦਾ ਬਿਨਾ ਛਕਿਆਂ ਮੁੜ ਆਉਣਾ ਸੀ! ਇਹ ਕੁਝ ਵੇਖ ਕੇ ਮੇਰੇ ਦਿਲ ਵਿਚ ਉਸ ਸੁਲਝੀ ਹੋਈ ਭੈਣ ਪ੍ਰਤੀ ਉਚੇਚਾ ਸਤਿਕਾਰ ਪ੍ਰਗਟਿਆ। ਉਸ ਨੇ ਇਕ ਧਾਰਮਿਕ ਦਿੱਖ ਵਾਲ਼ੇ ਬਾਹਰੋਂ ਆਏ ਵਿਅਕਤੀ ਦੇ ਸਤਿਕਾਰ ਵਜੋਂ ਆਪਣਾ ਸਿਰ ਕੱਜ ਕੇ ਰੱਖਿਆ। ਹੋਰ ਕੁਝ ਨਹੀ, ਇਹ ਇਕ ਸਤਿਕਾਰ ਦਾ ਪ੍ਰਗਟਾਵਾ ਹੀ ਸੀ। ਜਿਸ ਤਰ੍ਹਾਂ ਅਸੀਂ ਗੁਰੂ ਘਰ ਵਿਚ ਸਤਿਕਾਰ ਵਜੋਂ ਸਿਰ ਕੱਜ ਕੇ ਜਾਂਦੇ ਹਾਂ। ਨੰਗੇ ਸਿਰ ਵਾਲ਼ਿਆਂ ਨੂੰ ਮਹਾਂਰਾਜ ਕਿਤੇ ਬਾਂਹੋਂ ਫੜ ਕੇ ਬਾਹਰ ਤਾਂ ਨਹੀ ਕਢ ਦਿੰਦੇ! ਅਸੀਂ ਆਪਣੇ ਇਸ਼ਟ ਪ੍ਰਤੀ ਆਪਣੀ ਸ਼ਰਧਾ ਵੱਸ ਸਤਿਕਾਰ ਪ੍ਰਗਟਾਉਣ ਲਈ ਹੀ ਅਜਿਹਾ ਕਰਦੇ ਹਾਂ।
****
****
No comments:
Post a Comment