ਜਦੋਂ ਮੈ ਜੁੱਤੀ ਚੋਰ ਬਣਨੋ ਬਚ ਗਿਆ

ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਆਮ ਤੌਰ ਤੇ ਸਿੱਖਾਂ ਦੇ ਦੀਵਾਨਾਂ ਵਿਚ ਜੋੜੇ ਗਵਾਚ ਹੀ ਜਾਂਦੇ ਹਨ। ਕਈ ਵਾਰੀਂ ਤਾਂ ਏਧਰ ਓਧਰ ਹੋ ਜਾਣ ਕਰਕੇ ਲਭਦੇ ਨਹੀ ਤੇ ਕਈ ਵਾਰੀਂ ਕੋਈ ਗ਼ਲਤੀ ਨਾਲ਼ ਆਪਣੇ ਦੀ ਥਾਂ ਦੂਜੇ ਦੇ ਜੋੜੇ ਪਾ ਕੇ ਚਲਿਆ ਜਾਂਦਾ ਹੈ। ਕੁਝ ਸੱਜਣ ਜਾਣ ਬੁਝ ਕੇ ਆਪਣੇ ਪੁਰਾਣੇ ਛੱਡ ਕੇ ਕਿਸੇ ਦੇ ਨਵੇ ਪਾ ਕੇ ਚਲੇ ਜਾਣ ਦੀ 'ਸੇਵਾ' ਵੀ ਕਰ ਜਾਂਦੇ ਹਨ। ਫਿਰ ਜਾਣ ਬੁਝ ਕੇ ਜਾਂ ਭੁਲੇਖੇ ਨਾਲ਼ ਦੂਜੇ ਦੇ ਜੋੜੇ ਪਾ ਕੇ ਚਲੇ ਜਾਣ ਵਾਲ਼ਿਆਂ ਦੇ ਆਪਣੇ ਜੋੜੇ ਗੁਰਦੁਆਰੇ ਵਿਚ ਹੀ ਪਏ ਰਹਿੰਦੇ ਹਨ ਤੇ ਪ੍ਰਬੰਧਕਾਂ ਲਈ ਉਹਨਾਂ ਰਹਿ ਗਿਆਂ ਨੂੰ ਲੇਖੇ ਲਾਉਣਾ ਵੀ ਇਕ ਸਮੱਸਿਆ ਬਣ ਜਾਦੀ ਹੈ।

ਦਿੱਲੀ ਤੋਂ ਆਏ ਇਕ ਗੁਰਮਤਿ ਦੇ ਵਿਦਵਾਨ ਕਥਾਕਾਰ ਜੀ ਨੇ ਇਕ ਘਟਨਾ ਨੂੰ ਇਉਂ ਸੁਣਾਇਆ:
ਇਕ ਨਾਨ ਪੰਜਾਬੀ ਨਵਾਂ ਨਵਾਂ ਸਿੱਖ ਪ੍ਰਚਾਰਕ ਜਦੋਂ ਰਾਤ ਦੇ ਦੀਵਾਨ ਵਿਚੋਂ ਕਥਾ ਕਰਕੇ ਬਾਹਰ ਨਿਕਲ਼ਿਆ ਤਾਂ ਉਸ ਨੂੰ ਆਪਣਾ ਜੋੜਾ ਨਾ ਲਭਿਆ। ਏਧਰ ਓਧਰ ਵੇਖਣ ਮਗਰੋਂ ਗੁਰਦੁਆਰੇ ਦੇ ਸੈਕਟਰੀ ਨੂੰ ਸੰਬੋਧਨ ਹੋ ਕੇ ਉਸ ਨੇ ਅਰਧ ਪੰਜਾਬੀ ਵਿਚ ਪੁਛਿਆ, "ਏ ਸਕੱਤਰੀ ਸਾਹਬ, ਮ੍ਹਾਰੇ ਜੂਤੇ ਕਹਾਂ ਪੜੇ?" ਸਕੱਤਰ ਜੋ ਕਿ ਉਸ ਪ੍ਰਚਾਰਕ ਦੇ ਰਵੱਈਏ ਤੋਂ ਕੁਝ ਨਾ ਖ਼ੁਸ਼ ਜਿਹਾ ਸੀ, ਬਲਕਿ ਧਰਮ ਪ੍ਰਚਾਰਕਾਂ ਨਾਲ਼ ਮੁੜ ਮੁੜ ਵਾਹ ਪੈਣ ਕਰਕੇ, ਅਜਿਹੇ ਸੱਜਣ ਪੁਰਸ਼ਾਂ ਤੋਂ ਕੁਝ ਅੱਕਿਆ ਜਿਹਾ ਵੀ ਸੀ; ਉਸ ਦੀ ਪੂਰੀ ਗੱਲ ਸਮਝਣ ਤੋਂ ਬਿਨਾ ਹੀ ਬੋਲ ਪਿਆ, "ਭਾਈ ਸਾਹਿਬ, ਆਪ ਨੇ ਜਹਾਂ ਜੂਤੇ ਖਾਨੇ ਵਾਲੀ ਗ਼ਲਤੀ ਕੀ ਹੋਗੀ ਵਹਾਂ ਹੀ ਪੜੇ ਹੋਂਗੇ! ਹਮੇ ਕਿਆ ਪਤਾ ਕਿ ਆਪ ਕੋ ਜੂਤੇ ਕਹਾਂ ਪੜੇ!"
ਪਿੰਡ ਵਿਚ ਰਹਿੰਦਿਆਂ ਮੇਰੇ ਬਹੁਤੇ ਹਾਣੀਆਂ ਨੂੰ ਕਦੀ ਘੱਟ ਹੀ ਜੁੱਤੀ ਨਸੀਬ ਹੁੰਦੀ ਸੀ। ਮੇਰੇ ਹਾਲਾਤ ਦਾਦੀ ਮਾਂ ਜੀ ਕੋਲ਼ ਰਹਿੰਦੇ ਹੋਣ ਕਰਕੇ ਕੁਝ ਵੱਖਰੇ ਸਨ ਤੇ ਇਸ ਲਈ ਮੈਨੂੰ ਜੁੱਤੀ ਮਿਲ਼ ਜਾਂਦੀ ਸੀ ਪਰ ਉਸ ਨੂੰ ਪੈਰੀਂ ਪਾਉਣ ਤੋਂ ਮੈ ਬਹੁਤਾ ਗੁਰੇਜ਼ ਹੀ ਕਰਿਆ ਕਰਦਾ ਸਾਂ। ਇਕ ਤਾਂ ਕਾਰਨ ਇਹ ਹੁੰਦਾ ਸੀ ਕਿ ਧੌੜੀ ਦੀ ਮੋਟੀ ਜੁੱਤੀ ਨਵੀਂ ਪੈਰਾਂ ਨੂੰ ਲੱਗ ਕੇ ਅੱਡੀਆਂ ਤੋਂ ਕੁਝ ਉਪਰਲੇ ਥਾਂਵਾਂ ਤੇ ਜ਼ਖ਼ਮ ਕਰ ਦਿੰਦੀ ਸੀ ਅਤੇ ਦੂਜਾ ਕਾਰਨ ਇਹ ਸੀ ਕਿ ਬਾਕੀ ਕਿਸੇ ਹਾਣੀ ਦੇ ਪੈਰ ਵਿਚ ਜੁੱਤੀ ਪਾਈ ਨਾ ਹੋਣ ਕਰਕੇ ਮੈ ਵੀ ਉਹਨਾਂ ਵਰਗਾ ਲੱਗਣ ਲਈ ਨਹੀ ਸਾਂ ਪਾਉਂਦਾ। ਲਿਬਾਸ ਵੀ ਸਾਡਾ, ਮੁੰਡਿਆਂ ਦੇ ਗੱਲ ਝੱਗਾ ਤੇ ਬਹੁਤਿਆਂ ਦੇ ਤੇੜ ਸੂਤਨਾ ਹੁੰਦਾ ਸੀ। ਕਿਸੇ ਵਿਰਲੇ ਵਿਰਲੇ ਦੇ ਤੇੜ ਕੱਛਾ ਵੀ ਹੁੰਦਾ ਸੀ। ਕਛਹਿਰਾ ਸਿਰਫ ਮੇਰੇ ਹੀ ਤੇੜ ਹੁੰਦਾ ਸੀ ਤੇ ਪੱਗ ਵੀ ਪੂਰੀ ਮੇਰੇ ਸਿਰ ਤੇ ਹੀ ਹੁੰਦੀ ਸੀ। ਬਹੁਤੇ ਸਿਰੋਂ ਮੋਨੇ ਹੀ ਹੁੰਦੇ ਸਨ ਜਾਂ ਕਿਸੇ ਦੇ ਸਿਰ ਉਪਰ ਲੀਰਾਂ ਜਿਹੀਆਂ ਵਰਗੀ ਪੱਗ ਹੁੰਦੀ ਸੀ ਜਾਂ ਛੋਟਾ ਜਿਹਾ ਪਰਨਾ। ਨੰਗੇ ਪੈਰੀਂ ਫਸਲਾਂ ਦੇ ਵਢਾਂ ਵਿਚ, ਬੁੱਥਿਆਂ ਉਪਰ ਦੀ, ਕੰਡਿਆਂ ਵਿਚ ਦੀ, ਦੱਭ ਦੀਆਂ ਸੂਲ਼ਾਂ ਵਿਚ ਦੀ, ਨੰਗੇ ਪੈਰੀਂ ਹੀ ਡੰਗਰਾਂ ਮਗਰ ਭੱਜੇ ਫਿਰਦੇ ਸਾਂ। ਇਹ ਹਾਲਤ ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਦੀ ਹੈ। ਅੱਜ ਦੇ ਮੁੰਡਿਆਂ ਨੂੰ ਸ਼ਾਇਦ ਹੀ ਇਹ ਗੱਲ ਮੰਨਣ ਵਿਚ ਆਵੇ! ਜੇ ਜੁੱਤੀ ਪੈਰੀਂ ਪਾ ਕੇ ਚਲੇ ਜਾਣਾ ਤਾਂ ਕਦੀ ਬਾਹਰ ਭੁੱਲ ਆਉਣੀ ਜਾਂ ਗਵਾ ਆਉਣੀ। ਦਾਦੀ ਮਾਂ ਜੀ ਦੀਆਂ ਝਿੜਕਾਂ ਦਾ ਗੱਫਾ ਝੁੰਗੇ ਵਿਚ ਮਿਲ਼ ਜਾਣਾ। ਇਕ ਵਾਰੀ ਦੀ ਯਾਦ ਹੈ ਕਿ ਸਾਡੇ ਗਵਾਢੀ ਪਿੰਡ ਨਵਾਬਪੁਰੇ ਦੇ ਟਿੱਬਿਆਂ ਵਿਚ ਮੈ ਆਪਣੀ ਜੁੱਤੀ ਭੁੱਲ ਆਇਆ। ਇਹਨਾਂ ਟਿੱਬਿਆਂ ਦੇ ਵਿਚਕਾਰੋਂ ਅਰਥਾਤ ਸਾਡੇ ਪਿੰਡ ਸੂਰੋ ਪੱਡਾ ਤੇ ਨਵਾਬਪੁਰੇ ਦੇ ਦਰਮਿਆਨੋ ਇਕ ਛੋਟੀ ਨਹਿਰ, ਜਿਸ ਨੂੰ ਮਾਝੇ ਵਿਚ ਸੂਆ ਆਖਦੇ ਹਨ, ਲੰਘਦੀ ਸੀ/ਹੈ। ਇਹ ਸੂਆ ਮੇਰੀ ਸੰਭਾਲ਼ ਦੇ ਸਮੇ ਦੌਰਾਨ ਹੀ ਕਢਿਆ ਗਿਆ ਸੀ। ਨਵਾਬਪੁਰੇ ਦੇ ਵਿਸ਼ਾਲ ਟਿੱਬਿਆਂ ਨੂੰ ਇਸ ਸੂਏ ਨੇ ਵਿਚਾਰੋਂ ਚੀਰ ਕੇ ਦੋਫਾੜ ਕਰ ਦਿਤਾ ਸੀ। ਅਸੀਂ ਡੰਗਰ ਚਾਰਨ ਸਮੇ ਇਸ ਵਿਚ ਨਹਾਇਆ ਕਰਦੇ ਸਾਂ। ਉਹਨਾਂ ਦਿਨਾਂ ਦੀਆਂ ਯਾਦਾਂ ਵਿਚੋਂ ਕੁਝ ਯਾਦਾਂ ਅਜੇ ਵੀ ਯਾਦ ਦੀ ਕਿਸੇ ਨੁੱਕਰ ਵਿਚ ਪਈਆਂ ਹੋਈਆਂ ਹਨ। ਇਕ ਦਿਨ ਇਸ ਵਿਚ ਮੈ ਇਕੱਲਾ ਹੀ ਨਹਾ ਰਿਹਾ ਸਾਂ। ਸ਼ਾਮ ਜਿਹੀ ਪੈ ਗਈ ਸੀ ਤੇ ਮੇਰੇ ਸਿਰ ਉਤੋਂ ਦੀ ਕਾਂ ਉਡ ਕੇ ਲੰਘਿਆ। ਮੈ ਅੰਦਰੋਂ ਕੁਝ ਡਰ ਜਿਹਾ ਗਿਆ ਤੇ ਛੇਤੀ ਛੇਤੀ ਸੂਏ ਵਿਚੋਂ ਨਿਕਲ ਕੇ, ਝੱਗਾ ਪਾ ਕੇ ਘਰ ਨੂੰ ਛੂਟ ਵੱਟ ਆਇਆ। ਘਰ ਆ ਕੇ ਰਾਤ ਨੂੰ ਪਤਾ ਲੱਗਾ ਕਿ ਇਸ ਭਜੌੜ ਵਿਚ ਜੁੱਤੀ ਤਾਂ ਮੇਰੀ ਓਥੇ ਹੀ ਰਹਿ ਗਈ। ਸਵੇਰੇ ਜਾ ਕੇ ਵੇਖਿਆ ਤਾ ਗਿੱਟੇ ਗਿੱਟੇ ਜਿਡੀ ਦੱਭ ਵਿਚ ਜੁੱਤੀ ਓਥੇ ਹੀ ਪਈ ਹੋਈ ਸੀ।

ਓਦੋਂ ਤਾਂ ਬਿਨਾ ਜੁੱਤੀ ਏਦਾਂ ਫਿਰਿਆ ਕਰਦੇ ਸਾਂ ਪਰ ਹੁਣ ਜੇ ਕਿਤੇ ਗੁਰਦੁਆਰਾ ਸਾਹਿਬ ਦੀਆਂ ਪਉੜੀਆਂ ਤੋਂ ਉਤਰ ਕੇ ਕਾਰ ਦੀ ਬਾਰੀ ਤੱਕ ਨੰਗੇ ਪੈਰੀਂ ਜਾਣ ਦੀ ਗ਼ਲਤੀ ਕਰਨ ਦਾ ਹੌਸਲਾ ਹੋ ਜਾਵੇ ਤਾਂ ਤੋਬਾ ਹੋ ਜਾਂਦੀ ਹੈ ਤੇ ਅੱਗੇ ਤੋਂ ਅਜਿਹੀ 'ਦਲੇਰੀ' ਨਾ ਕਰਨ ਦਾ ਪ੍ਰਣ ਮਨ ਹੀ ਮਨ ਦੁਹਾਰਾਇਆ ਜਾਂਦਾ ਹੈ।

ਦੋ ਵਾਰ ਇਹ ਕੁਝ ਮੇਰੇ ਨਾਲ ਵੀ ਵਾਪਰ ਗਿਆ। ਅਪ੍ਰੈਲ, 1990 ਵਾਲੀ ਆਪਣੀ ਦੁਨੀਆਂ ਦੇ ਦੁਆਲ਼ੇ ਦੀ ਯਾਤਰਾ ਦੌਰਾਨ ਮੈ ਬਰਮਿੰਘਮ ਦੇ ਗੁਰਦੁਆਰਾ, ਸ੍ਰੀ ਗੁਰੂ ਹਰਿ ਰਾਇ ਸਾਹਿਬ ਵਿਚੋਂ, ਜਦੋਂ ਸਾਊਥਾਲ ਨੂੰ ਤੁਰਨ ਲੱਗਾ ਤਾਂ ਮੇਰੀ ਗੁਰਗਾਬੀ ਨਾ ਮੈਨੂੰ ਲਭੀ। ਏਧਰ ਓਧਰ ਵੇਖਣ ਪਿੱਛੋਂ ਮੈ ਸੜਕ ਉਪਰ ਬਿਨਾ ਜੁੱਤੀ ਦੇ ਹੀ ਜਰਾਬਾਂ ਸਣੇ ਬੱਸ ਦੀ ਉਡੀਕ ਕਰ ਰਿਹਾ ਸਾਂ। ਇਸ ਸਮੇ ਇਕ ਪ੍ਰਬੰਧਕ ਨੇ ਮੇਰੇ ਜੁੱਤੀ ਵਿਹੂਣੇ ਪੈਰ ਵੇਖ ਕੇ ਕਾਰਨ ਪੁੱਛਿਆ ਤਾਂ ਮੇਰੇ ਦੱਸਣ ਤੇ ਉਸ ਨੇ ਦੱਸਿਆ, "ਓਥੇ ਤਾਂ ਜੁੱਤੀਆਂ ਦੇ ਢੇਰ ਲੱਗੇ ਪਏ ਹਨ। ਮੇਰੇ ਨਾਲ਼ ਆਓ ਤੇ ਜੇਹੜਾ ਜੋੜਾ ਤੁਹਾਡੇ ਪੈਰਾਂ ਦੇ ਮੇਚ ਆਉਂਦਾ ਹੈ ਉਹ ਪਾ ਲਵੋ।" ਅਣਮੰਨੇ ਜਿਹੇ ਮਨ ਨਾਲ਼ ਉਸ ਦੇ ਜੋਰ ਦੇਣ ਤੇ ਮੈ ਉਸ ਦੇ ਪਿੱਛੇ ਲੱਗ ਕੇ ਤੁਰ ਪਿਆ। ਅਣਮੰਨਿਆਂ ਇਸ ਕਰਕੇ ਕਿ ਸ਼ੁਰੂ ਤੋਂ ਹੀ ਮੈਨੂੰ ਕਿਸੇ ਹੋਰ ਦਾ ਕੱਪੜਾ ਜਾਂ ਜੁੱਤੀ ਪਾਉਣ ਤੋਂ ਨਾ ਪਸੰਦਗੀ ਜਿਹੀ ਰਹੀ ਹੈ। ਜਾਂ ਜਾ ਕੇ ਵੇਖਿਆ ਤਾਂ ਕਮਰੇ ਵਿਚ ਢੇਰ ਲੱਗੇ ਹੋਏ ਸਨ ਛਿੱਤਰਾਂ ਦੇ। ਆਪਣੀ ਗੁਰਗਾਬੀ ਨਾਲ਼ ਰਲ਼ਦੀ ਮਿਲ਼ਦੀ ਜਿਹੀ ਮੇਚ ਆਉਂਦੀ ਇਕ ਗੁਰਗਾਬੀ ਮੈ ਪਾ ਲਈ, ਇਹ ਸੋਚ ਕੇ ਕਿ ਅੰਮ੍ਰਿਤਸਰ ਜਾਂਦਿਆਂ ਹੀ ਬਾਟਾ ਦੀ ਮਨ ਪਸੰਦ ਗੁਰਗਾਬੀ ਲੈ ਕੇ ਇਸ ਨੂੰ ਸੁੱਟ ਦਿਆਂਗਾ। ਇਹ ਵੱਖਰੀ ਗੱਲ ਹੈ ਕਿ ਅੰਮ੍ਰਿਤਸਰੋਂ ਵੀ ਮੈਨੂੰ ਕੋਈ ਜੁੱਤੀ ਨਾ ਪਸੰਦ ਆਈ ਤੇ ਇਸ ਜੁੱਤੀ ਨਾਲ਼ ਹੀ ਮੈਨੂੰ ਸਿਡਨੀ ਤੱਕ ਆਉਣਾ ਪਿਆ। ਏਥੇ ਆ ਕੇ ਹੋਰ ਜੁੱਤੀ ਲੈ ਕੇ ਪਾਈ ਤੇ ਇਸ ਨੂੰ ਬਿਨ ਵਿਚ ਸੁੱਟਿਆ।
ਇਸ ਤੋਂ ਬਹੁਤ ਸਮਾ ਪਹਿਲਾਂ ਦੀ ਵੀ ਇਕ ਖਾਸ ਘਟਨਾ ਯਾਦ ਆ ਗਈ। ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਜੀ, ਦੀ ਅਗਵਾਈ ਵਾਲ਼ੇ ਜਥੇ ਦੇ ਟਿਕਾ ਵਾਲੇ ਸਥਾਨ ਤੇ ਜਦੋਂ ਵੀ ਮੈ ਜਾਂਦਾ ਸਾਂ, ਤਾਂ ਉਹ ਉਚੇਚਾ ਮੇਰਾ ਭਾਸ਼ਨ ਜਥੇ ਦੇ ਸਿੰਘਾਂ ਨੂੰ ਸੁਣਵਾਇਆ ਕਰਦੇ ਸਨ। ਦਸੰਬਰ 1971 ਜਾਂ ਜਨਵਰੀ 1972 ਦੇ ਆਰੰਭਲੇ ਦਿਨਾਂ ਵਿਚ, ਭਰ ਸਿਆਲ ਦੀ ਰੁਤ ਦਾ ਇਹ ਵਾਕਿਆ ਹੈ। ਮੈਨੂੰ ਪਤਾ ਲੱਗਾ ਕਿ ਉਸ ਦਿਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ ਦੀਵਾਨ ਹਾਲ ਦਾ ਲੈਂਟਰ ਪੈਣਾ ਸੀ ਤੇ ਇਸ ਲਈ ਵਧ ਤੋਂ ਵਧ ਸੰਗਤਾਂ ਦੀ ਹਾਜਰੀ ਦੀ ਲੋੜ ਸੀ। ਮੈ ਵੀ ਅੰਮ੍ਰਿਤਸਰੋਂ ਉਚੇਚਾ ਇਸ ਸੇਵਾ ਵਿਚ ਹਿੱਸਾ ਪਾਉਣ ਹਿਤ ਗਿਆ। ਸਿਰਫ ਲਿਖਣ, ਪੜ੍ਹਨ, ਬੋਲਣ ਆਦਿ ਦੇ ਕਾਰਜ ਹੀ ਕਰਦੇ ਰਹਿਣ ਸਦਕਾ, ਭਾਵੇਂ ਮੈ ਹੱਥੀਂ ਕਾਰਜ ਕਰਨ ਦੇ ਬਹੁਤਾ ਸਮਰਥ ਤਾਂ ਨਹੀ ਸਾਂ ਪਰ ਫਿਰ ਵੀ ਸੰਗਤਾਂ ਦੇ ਨਾਲ਼ ਮੈ ਵੀ ਸਾਰਾ ਦਿਨ ਸੀਮੈਂਟ ਦੇ ਬਾਲਟੇ ਛੱਤ ਉਪਰ ਪਾਈ ਹੀ ਗਿਆ। ਤਕਾਲ਼ਾਂ ਨੂੰ ਸੇਵਾ ਦੀ ਸਮਾਪਤੀ ਪਿਛੋਂ ਮੈ ਇਕ ਝੋਨੇ ਦੀ ਪਰਾਲ਼ੀ ਵਾਲ਼ੇ ਕਮਰੇ ਅੰਦਰ ਜਾ ਕੇ ਲੇਟ ਗਿਆ ਤੇ ਥੱਕਿਆ ਹੋਣ ਕਰਕੇ ਮੈਨੂੰ ਨੀਦ ਵੀ ਆ ਗਈ। ਹਨੇਰੇ ਹੋਏ ਦੋ ਕੁ ਨੌਜਵਾਨ ਸਿੰਘਾਂ ਨੇ ਮੈਨੂੰ ਆ ਉਠਾਇਆ ਤੇ ਕਿਹਾ ਕਿ ਮੈਨੂੰ ਮਹਾਂਪੁਰਸ਼ ਦੀਵਾਨ ਵਿਚ ਸੱਦ ਰਹੇ ਹਨ। ਸ਼ਾਮ ਦੇ ਦੀਵਾਨ ਉਪ੍ਰੰਤ ਸੰਤ ਜੀ ਸੂਰਜ ਪ੍ਰਕਾਸ਼ ਦੀ ਕਥਾ ਕਰਿਆ ਕਰਦੇ ਸਨ। ਕਥਾ ਦੀ ਸਮਾਪਤੀ ਤੇ ਮੇਰੇ ਪਾਸੋਂ ਲੈਕਚਰ ਸੁਣਨਾ ਚਾਹੁੰਦੇ ਸਨ। ਮੈ ਗਿਆ ਤਾਂ ਕਥਾ ਸਮਾਪਤ ਹੋ ਚੁੱਕੀ ਸੀ। ਸੰਗਤ ਜੁੜੀ ਹੋਈ ਸੀ। ਉਹਨਾਂ ਨੇ ਆਖਿਆ, "ਸੰਤੋਖ ਸਿੰਘ, ਦੱਸ ਮੋਰਚੇ ਦੀ ਬਾਤ ਸੰਗਤਾਂ ਨੂੰ।" ਓਹਨੀਂ ਦਿਨੀਂ ਦਿੱਲੀ ਵਿਚ ਅਕਾਲੀਆਂ ਨੇ ਸਰਕਾਰ ਦੇ ਖ਼ਿਲਾਫ਼ ਮੋਰਚਾ ਲਾਇਆ ਹੋਇਆ ਸੀ। ਸਰਕਾਰ ਨੇ ਬੀਬੀ ਨਿਰਲੇਪ ਕੌਰ ਨੂੰ ਅੱਗੇ ਲਾ ਕੇ ਦਿੱਲੀ ਦੇ ਗੁਰਦੁਆਰਿਆਂ ਉਪਰ ਕਬਜ਼ਾ ਕਰ ਲਿਆ ਸੀ ਤੇ ਸਰਕਾਰੀ ਸਿੱਖਾਂ ਦਾ ਟਰੱਸਟ ਬਣਾ ਕੇ, ਉਸ ਦਾ ਚੇਅਰਮੈਨ ਬੀਬੀ ਜੀ ਦੇ ਸਹੁਰਾ ਸਾਹਿਬ, ਸਰਦਾਰ ਬਹਾਦਰ ਰਣਜੀਤ ਸਿੰਘ, ਨੂੰ ਥਾਪ ਦਿਤਾ ਸੀ। ਸਾਰੇ ਕੁਝ ਦਾ ਪ੍ਰਬੰਧਕ ਇਕ ਆਈ. ਏ. ਐਸ. ਅਫ਼ਸਰ, ਪੰਜਾਬੀ ਦੇ ਪ੍ਰਸਿਧ ਕਹਾਣੀਕਾਰ, ਸ. ਕੁਲਵੰਤ ਸਿੰਘ ਵਿਰਕ ਨੂੰ ਲਾ ਦਿਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਸਰਕਾਰੀ ਧੱਕੇਸ਼ਾਹੀ ਦੇ ਖ਼ਿਲਾਫ਼, ਸਦਾ ਵਾਂਗ ਸਾਂਤਮਈ ਮੋਰਚਾ ਲਾਇਆ ਹੋਇਆ ਸੀ। ਹਰ ਰੋਜ ਅੰਮ੍ਰਿਤਸਰੋਂ ਸੱਤਿਆਗ੍ਰਹਿੀਆਂ ਦਾ ਜਥਾ ਤੁਰ ਕੇ, ਗੱਡੀ ਰਾਹੀਂ ਦਿੱਲੀ ਜਾ ਕੇ ਗ੍ਰਿਫ਼ਤਾਰੀ ਦਿਆ ਕਰਦਾ ਸੀ। ਮੇਰੀ ਤੇ ਇਕ ਮੇਰੇ ਸਾਥੀ ਭਾਈ ਅਜੀਤ ਸਿੰਘ ਮੌਲਵੀ ਦੀ ਇਸ ਮੋਰਚੇ ਬਾਰੇ ਦਿੱਲੀ ਵਿਚ ਉਚੇਚੀ ਡਿਊਟੀ ਲੱਗੀ ਹੋਈ ਸੀ। ਇਹ ਕੁਝ ਕਰਦਿਆਂ ਇਕ ਵਾਰੀਂ ਅਸੀਂ ਦੋਵੇਂ ਪੁਲਸ ਦੇ ਹੱਥ ਵੀ ਚੜ੍ਹ ਗਏ। ਮੈ ਤੇ ਪਾਰਲੀਮੈਂਟ ਹਾਊਸ ਵਾਲ਼ੇ ਠਾਣੇ ਵਿਚੋਂ ਹੀ ਪੁਲਸ ਨੂੰ ਝਕਾਨੀ ਦੇ ਕੇ ਖਿਸਕ ਆਇਆ ਸਾਂ ਪਰ ਮੌਲਵੀ ਜੀ ਵਾਹਵਾ ਸਮਾ ਜੇਹਲ ਦੇ ਪ੍ਰਸ਼ਾਦਿਆਂ ਨੂੰ 'ਭੋਗ' ਲਾਉਂਦੇ ਰਹੇ।

ਸੰਤ ਜੀ ਦੇ ਉਤਸ਼ਾਹ ਅਤੇ ਅਸ਼ੀਰਵਾਦ ਦਾ ਸਦਕਾ ਲੈਕਚਰ ਮੇਰਾ ਵਾਹਵਾ ਪ੍ਰਭਾਵਸ਼ਾਲੀ ਰਿਹਾ ਜਿਸ ਦਾ ਪਰਤੱਖ ਅਸਰ ਸੰਤ ਜੀ ਦੇ ਚੇਹਰੇ ਅਤੇ ਮੇਰੇ ਲੈਕਚਰ ਬਾਰੇ ਕੀਤੇ ਬਚਨਾਂ ਤੋਂ ਪਰਗਟ ਹੋ ਰਿਹਾ ਸੀ। ਦੀਵਾਨ ਦੀ ਸਮਾਪਤੀ ਉਪ੍ਰੰਤ ਵਾਹਵਾ ਰਾਤ ਗਈ ਜਦੋਂ ਮੈ ਦੀਵਾਨ ਹਾਲ 'ਚੋਂ ਬਾਹਰ ਆਇਆ ਤਾਂ ਮੇਰੀ ਗੁਰਗਾਬੀ ਗਾਇਬ ਪਾਈ ਗਈ। ਬਥੇਰਾ ਆਲ਼ੇ ਦੁਆਲ਼ੇ ਝਾਕਿਆ ਪਰ ਉਸ ਦੇ ਦਰਸ਼ਨ ਨਾ ਹੀ ਹੋਏ। ਅਧੀ ਰਾਤ ਦੇ ਨੇੜੇ ਸਮਾ ਢੁਕਣ ਵਾਲ਼ਾ ਸੀ ਤੇ ਮੈ ਦੋ ਮੀਲ ਤੋਂ ਵਧ ਦਾ ਪੈਂਡਾ ਕਰਕੇ, ਆਪਣੇ ਪਿੰਡ ਸੂਰੋ ਪੱਡੇ ਵਿਚ, ਦਾਦੀ ਮਾਂ ਜੀ ਕੋਲ਼ ਆ ਕੇ ਰਾਤ ਰਹਿਣਾ ਸੀ। ਸਿਆਲ਼ੀ ਰਾਤ ਨੂੰ ਨੰਗੇ ਪੈਰੀਂ ਤੁਰ ਕੇ ਪਿੰਡ ਜਾਣ ਦੇ ਖਿਆਲ ਤੋਂ ਕੁਝ ਝਿਜਕ ਜਿਹੀ ਵੀ ਮਹਿਸੂਸ ਹੋਵੇ। ਫਿਰ ਖਿਆਲ ਆਇਆ ਕਿ ਜੇਹੜੀ ਮੇਰੇ ਮੇਚ ਆਉਂਦੀ ਹੈ ਉਹ ਜੁੱਤੀ ਮੈ ਪਾ ਕੇ ਪਿੰਡ ਦੇ ਰਾਹ ਪਵਾਂ। ਦੂਜੇ ਹੀ ਪਲ ਖਿਆਲ ਆਇਆ ਕਿ ਜੇ ਕਿਸੇ ਹੋਰ ਦੀ ਜੁੱਤੀ ਪੈਰੀਂ ਪਾਉਂਦਾ ਫੜਿਆ ਗਿਆ ਤਾਂ ਮੇਰੇ ਤੇ ਕੀ ਬੀਤੇਗੀ! ਸਿੰਘ ਆਖਣਗੇ ਕਿ ਏਹੋ ਈ ਆ ਜੇਹੜਾ ਏਡਾ ਵੱਡਾ ਭਾਸ਼ਨ ਝਾੜਦਾ ਸੀ! ਸੰਤ ਜੀ ਵੀ ਮੇਰੇ ਬਾਰੇ ਕੀ ਸੋਚਣਗੇ ਕਿ ਅਸੀਂ ਤਾਂ ਇਸ ਦਾ ਏਨਾ ਮਾਣ ਕਰਦੇ ਕਰਵਾਉਂਦੇ ਹਾਂ ਪਰ ਇਹ ਤਾਂ ਜੁੱਤੀ ਚੋਰ ਹੀ ਨਿਕਲ਼ਿਆ! ਹੋ ਸਕਦਾ ਹੈ ਕਿ ਜੇ ਮੈ ਓਦੋਂ ਓਥੇ ਲੈਕਚਰ ਨਾ ਕੀਤਾ ਹੁੰਦਾ ਤਾਂ ਕਿਸੇ ਹੋਰ ਦੀ ਜੁੱਤੀ ਪਾ ਹੀ ਆਉਂਦਾ ਪਰ ਅਜਿਹਾ ਕੰਮ ਕਰਨ ਤੋਂ ਮੇਰੇ ਲੈਕਚਰ ਨੇ ਮੈਨੂੰ ਰੋਕ ਲਿਆ। ਇਸ ਤਰ੍ਹਾਂ ਮੈ 'ਜੁੱਤੀ ਚੋਰ' ਬਣਨੋ ਬਚ ਗਿਆ। ਇਹ ਸਾਰਾ ਕੁਝ ਸੋਚ ਕੇ ਰਾਤ ਸਮੇ ਨੰਗੇ ਪੈਰੀਂ ਹੀ ਤੁਰ ਕੇ ਆਪਣੇ ਪਿੰਡ ਪਹੁੰਚਿਆ। ਹਾਲਾਂ ਕਿ ਜੇ ਸੰਤ ਜੀ ਨੂੰ ਦੱਸਦਾ ਤਾਂ ਉਹਨਾਂ ਨੇ ਜੁੱਤੀ ਦਾ ਜਾਂ ਮੇਰੇ ਪਿੰਡ ਪਹੁੰਚਣ ਦਾ ਕੋਈ ਜੁਗਾੜ ਬਣਾ ਹੀ ਦੇਣਾ ਸੀ।

****

1 comment:

  1. giani ji main tuhada pathak ha hmesha hi sarthiq ate man tumben valia rachnava hundia han tuhadia khas karke akali siasat bare. joginder batth holland

    ReplyDelete