ਮੈ ਸ. ਗੁਰਬਖ਼ਸ਼ ਸਿੰਘ ਤੇ ਸ. ਖੁਸ਼ਵੰਤ ਸਿੰਘ ਵਰਗਾ ਕੋਈ ਰਚਨਾਤਮਿਕ ਸਾਹਿਤਕਾਰ ਨਹੀ ਕਿ ਆਪਣੀ ਮਾਂ ਦੀ ਯਾਦ ਨੂੰ ਏਨੀ ਕਲਾਤਮਿਕ ਸ਼ਬਦਾਵਲੀ ਵਿਚ ਅੰਕਤ ਕਰ ਸਕਾਂ ਕਿ ਆਉਂਦੀਆਂ ਪੀਹੜੀਆਂ ਦੇ ਨੌਜਵਾਨ ਵੀ ਪੜ੍ਹ ਕੇ ਅਨੰਦ ਮਾਨਣ ਦੇ ਨਾਲ਼ ਨਾਲ਼ ਮਾਂ ਦੀ ਅਹਿਮੀਅਤ ਦਾ ਅਹਿਸਾਸ ਕਰ ਸਕਣ; ਤੇ ਨਾ ਹੀ ਗੋਰਕੀ ਵਰਗਾ ਕੋਈ ਸੰਸਾਰ ਪ੍ਰਸਿਧ ਸਾਹਿਤਕਾਰ ਹਾਂ ਕਿ ਮਾਂ ਦੀਆਂ ਕੁਰਬਾਨੀਆਂ ਉਪਰ ਨਾਵਲ ਲਿਖ ਦਿਆਂ ਜੋ ਕਿ ਸੰਸਾਰ ਦੀਆਂ ਬਹੁਤ ਸਾਰੀਆਂ ਬੋਲੀਆਂ ਵਿਚ ਤਰਜਮਾ ਹੋ ਕੇ, ਨਾਵਲ ਦੀ ਨਾਇਕਾ, ਮਾਂ, ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣੀ ਰਹੇ। ਫਿਰ ਵੀ ਆਪਣੀਆਂ ਦੋ ਮਾਵਾਂ: ਇਕ ਜਨਮ ਦੇਣ ਵਾਲ਼ੀ ਮਾਂ, 'ਬੀਬੀ ਜੀ', ਤੇ ਦੂਜੀ ਪਾਲਣ ਵਾਲ਼ੀ ਦਾਦੀ ਮਾਂ, 'ਮਾਂ ਜੀ' ਬਾਰੇ ਕੁਝ ਪਾਠਕਾਂ ਨਾਲ਼ ਜ਼ਰੂਰ ਸਾਂਝਾ ਕਰਨ ਦੀ ਇੱਛਾ ਹੈ ਤਾਂ ਕਿ ਉਹਨਾਂ ਸਵਾਰਥ ਰਹਿਤ ਪਰਉਪਕਾਰੀ ਰੂਹਾਂ ਨੂੰ ਸ਼ਰਧਾ ਭਿੰਨੇ ਸ਼ਬਦਾਂ ਨਾਲ਼ ਯਾਦ ਕੀਤਾ ਜਾ ਸਕੇ।
ਮੇਰੀਆਂ ਦੋ ਮਾਂਵਾਂ ਸਨ। ਜਨਮ ਦੇਣ ਵਾਲ਼ੀ ਮਾਂ ਜਿਸ ਨੂੰ ਅਸੀਂ ਸਾਰੇ ਭੈਣ ਭਰਾ 'ਬੀਬੀ ਜੀ' ਆਖਦੇ ਸਾਂ ਤੇ ਪਾਲਣ ਵਾਲ਼ੀ ਮਾਂ ਜਿਸ ਨੂੰ ਅਸੀਂ ਸਾਰੇ, ਭਾਈਆ, ਚਾਚੇ, ਸਕੇ ਤੇ ਚਚੇਰੇ ਭੈਣ ਭਰਾ 'ਮਾਂ ਜੀ' ਆਖਦੇ ਸਾਂ।
ਜਦੋਂ ਮਾਂ ਜੀ ਦੀਆਂ ਇਕਠੇ ਰੱਖਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਂਝਾ ਪਰਵਾਰ ਤਿੰਨੀਂ ਥਾਈਂ ਵੰਡਿਆ ਗਿਆ, ਜਿਸ ਨੂੰ ਅਸੀ ਓਦੋਂ 'ਅੱਡ ਹੋਣਾ' ਆਖਦੇ ਸਾਂ, ਤਾਂ ਸ਼ਾਇਦ ਸਭ ਤੋਂ ਵੱਡਾ ਪੋਤਰਾ ਹੋਣ ਕਰਕੇ, ਮੈ ਮਾਂ ਜੀ ਦੇ ਹਿੱਸੇ ਆਇਆ। ਮਾਂ ਜੀ ਵਾਲ਼ਾ ਪਰਵਾਰਕ ਯੂਨਿਟ, ਗੁਰਦੁਆਰੇ ਦੇ ਸਾਹਮਣੇ, ਸੜਕ ਵੱਲੋਂ ਪਿੰਡ ਵਿਚ ਪ੍ਰਵੇਸ਼ ਕਰਨ ਵਾਲ਼ੇ ਪਹੇ (ਰਾਹ) ਉਪਰ ਸਥਿਤ, ਸਾਡੀ ਹਵੇਲ਼ੀ ਵਿਚ ਆ ਵਸਿਆ ਤੇ ਇਸ ਤਰ੍ਹਾਂ ਇਹ ਪਿੰਡ ਦੇ ਇਸ ਪਾਸੇ ਉਸ ਸਮੇ ਦਾ ਸਭ ਤੋਂ ਪਹਿਲਾ ਘਰ ਬਣ ਗਿਆ। ਬਾਕੀ ਦੇ ਦੋਵੇਂ ਯੂਨਿਟ, ਮੇਰੇ ਭਾਈਆ ਜੀ ਤੇ ਵੱਡੇ ਚਾਚਾ ਜੀ, ਸਮੇਤ ਪਰਵਾਰਾਂ ਦੇ, ਪਿੰਡ ਵਿਚਕਾਰਲੇ ਘਰ ਵਿਚ ਹੀ ਰਹੇ। ਪਿੰਡ ਦੇ ਵਿਚਕਾਰ, ਗਲੀ ਦੇ ਅਖੀਰ ਤੇ ਸਾਡੇ ਵੱਡੇ ਪਰਵਾਰ ਦੇ ਘਰ ਸਨ। ਇਹਨਾਂ ਵਿਚ ਮੇਰੇ ਤਿੰਨਾਂ ਪੜਦਾਦਿਆਂ ਤੇ ਉਹਨਾਂ ਦੇ ਚਚੇਰੇ ਭਰਾਵਾਂ ਦੇ ਘਰ ਵੀ ਸ਼ਾਮਲ ਸਨ। ਇਹਨਾਂ ਘਰਾਂ ਦੇ ਪਿਛਵਾੜੇ ਮਜ਼ਹਬੀਆਂ ਦੇ ਘਰਾਂ ਦੇ ਪਿਛਵਾੜਿਆਂ ਨਾਲ਼ ਲੱਗ ਜਾਂਦੇ ਸਨ। ਚੌਂਕੇ ਓਥੇ ਦੋ ਹੋ ਗਏ ਤੇ ਘਰ ਵੀ ਅਧੋ ਅਧ ਕਰਕੇ, ਮੇਰੇ ਭਾਈਆ ਜੀ ਤੇ ਚਾਚਾ ਜੀ ਦੇ ਟੱਬਰ ਵਰਤਣ ਲੱਗ ਪਏ ਪਰ ਵਿਚਕਾਰ ਕੰਧ ਕੋਈ ਨਾ ਕੀਤੀ। ਕੁਝ ਸਾਲਾਂ ਮਗਰੋਂ ਭਾਈਆ ਜੀ ਵੀ ਹਵੇਲੀ ਵਿਚ ਹੀ ਪਰਵਾਰ ਸਣੇ ਆ ਗਏ ਤੇ ਪਿੰਡ ਵਿਚਕਾਰਲੇ ਘਰ ਦੇ ਆਪਣੇ ਹਿੱਸੇ ਦੇ ਬਰਾਂਡੇ ਦੀ ਛੱਤ ਉਧੇੜ ਕੇ ਲੈ ਆਏ ਤੇ ਹਵੇਲੀ ਵਿਚ ਕੋਠਾ ਛੱਤਣ ਲਈ ਉਹ ਮੈਟੀਰੀਅਲ ਵਰਤਿਆ ਕਿਉਂਕਿ ਨਵਾਂ ਸਭ ਕੁਝ ਖ਼ਰੀਦਣ ਲਈ ਆਰਥਿਕ ਸ਼ਕਤੀ ਨਹੀ ਸੀ। ਮਾਂ ਜੀ ਤੇ ਹੋਰ ਜੀਆਂ ਨੇ ਭਾਵੇਂ ਇਸ ਨੂੰ ਚੰਗਾ ਨਾ ਸਮਝਿਆ ਪਰ ਇਸ ਤੋਂ ਬਿਨਾ ਉਸ ਸਮੇ ਭਾਈਆ ਜੀ ਦੇ ਸਾਹਮਣੇ ਹੋਰ ਕੋਈ ਚਾਰਾ ਨਹੀ ਸੀ।
ਬੀਬੀ ਜੀ ਦੇ ਨਾਲ਼ ਬਚਪਨ ਦੀਆਂ ਸਬੰਧਤ ਯਾਦਾਂ ਬਹੁਤ ਘਟ ਅਤੇ ਮਾਂ ਜੀ ਨਾਲ਼ ਸਬੰਧਤ ਹੀ ਜ਼ਿਆਦਾ ਹਨ ਕਿਉਂਕਿ ਬਚਪਨ ਵਿਚ ਮੇਰੀ ਪਾਲਣਾ ਹੀ ਮਾਂ ਜੀ ਦੁਆਰਾ ਹੋਈ ਸੀ। ਬੀਬੀ ਜੀ ਪਾਸ ਮੇਰੇ ਹੋਰ ਛੋਟੇ ਭੈਣ ਭਰਾ ਸਨ ਤੇ ਬਹੁਤ ਹੀ ਸਾਦੀ ਪੇਂਡੂ ਬੀਬੀ ਹੋਣ ਕਰਕੇ ਉਹ ਵਿਚਾਰੀ ਬੱਚਿਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਫਿਕਰਾਂ ਵਿਚ ਹੀ ਰਹਿੰਦੀ ਸੀ। ਦੂਜੇ ਪਾਸੇ ਮਾਂ ਜੀ ਪਾਸ ਮੈ ਇਕੱਲਾ ਹੋਣ ਕਰਕੇ ਤੇ ਉਂਜ ਵੀ ਇਕ ਪੀਹੜੀ ਦਾ, ਮੇਰੀ ਬੀਬੀ ਜੀ ਨਾਲ਼ੋਂ ਵਧ ਤਜੱਰਬਾ ਤੇ ਕਈ ਹੋਰ ਕਾਰਨਾਂ ਕਰਕੇ, ਜਿਨ੍ਹਾਂ ਵਿਚੋਂ ਸਭ ਤੋਂ ਵਧ ਇਕ ਪੇਂਡੂ ਪੰਜਾਬ ਦੀ ਲੋਕੋਕਤੀ, "ਮੂਲ ਨਾਲ਼ੋਂ ਬਿਆਜ ਪਿਆਰਾ।" ਅਨੁਸਾਰ, ਆਪਣੇ ਬੱਚਿਆਂ ਨਾਲ਼ੋਂ ਆਪਣੇ ਬੱਚਿਆਂ ਦੇ ਬੱਚੇ ਜ਼ਿਆਦਾ ਪਿਆਰੇ ਹੁੰਦੇ ਹਨ; ਮੇਰਾ ਪਾਲਣ ਪੋਸਣ ਬਾਕੀ ਸਕੇ ਤੇ ਚਚੇਰੇ ਭੈਣਾਂ ਭਰਾਵਾਂ ਨਾਲ਼ੋਂ ਕੁਦਰਤੀ ਚੰਗੇਰਾ ਰਿਹਾ। ਮੈ ਕਈ ਸਾਲਾਂ ਤੱਕ ਦਾਦੀ ਜੀ ਨੂੰ ਹੀ ਆਪਣੀ ਅਸਲੀ ਮਾਂ ਸਮਝਦਾ ਰਿਹਾ ਕਿਉਂਕਿ ਮੈਨੂੰ ਪਾਲ਼ ਵੀ ਉਹ ਰਹੇ ਸਨ ਤੇ ਮਾਂ ਜੀ ਵੀ ਅਸੀਂ ਸਾਰੇ ਉਹਨਾਂ ਨੂੰ ਹੀ ਆਖਿਆ ਕਰਦੇ ਸਾਂ। ਕਈ ਵਾਰੀ ਪਿੰਡ ਦੀਆਂ ਭਾਈਚਾਰੇ ਵਿਚੋਂ ਦਾਦੀਆਂ, ਪੜਦਾਦੀਆਂ, ਚਾਚੀਆਂ, ਤਾਈਆਂ ਦੇ ਥਾਂ ਲੱਗਣ ਵਾਲ਼ੀਆਂ ਸਿਆਣੀਆਂ ਇਸਤਰੀਆਂ ਨੇ ਮੇਰੇ ਵੱਲ ਵੇਖ ਕੇ ਇਕ ਦੂਜੀ ਨੂੰ ਜੇ ਕਦੀ ਆਖਣਾ, "ਵੇਖ ਨੀ ਫਲਾਣੀਏ, ਇਹ ਆਪਣੀ ਮਾਂ ਕੋਲ਼ ਨਹੀ ਰਹਿੰਦਾ ਤੇ ਆਪਣੀ ਦਾਦੀ ਕੋਲ਼ ਰਹਿੰਦਾ ਈ!" ਤਾਂ ਮੈ ਓਥੇ ਹੀ ਖਲੋ ਕੇ, ਕੁਝ ਰੋਸੇ ਜਿਹੇ ਨਾਲ਼, ਆਪਣੀ ਜਾਣੇ ਉਹਨਾਂ ਦੀ ਅਣਜਾਣਤਾ ਨੂੰ ਦੂਰ ਕਰਨ ਦੇ ਯਤਨਾਂ ਵਿਚ ਕੁਝ ਇਉਂ ਆਖਣਾ, "ਉਹ ਮੇਰੀ ਮਾਂ ਨਹੀ, ਉਹ ਤੇ ਮੇਰੀ ਬੀਬੀ ਆ; ਮੇਰੀ ਮਾਂ ਤੇ ਮੇਰੀ ਮਾਂ ਜੀ ਆ!" ਬੁਢੀਆਂ ਨੇ ਹੱਸ ਕੇ ਮੇਰੀ ਗੱਲ ਟਾਲ਼ ਦਿਆ ਕਰਨੀ।
ਫਿਰ ਹੌਲ਼ੀ ਹੌਲ਼ੀ ਕਦੀ ਕਦੀ ਸੋਚ ਆਉਣ ਲੱਗ ਪਈ ਦੋ ਗੱਲਾਂ ਦੀ: ਇਕ ਤਾਂ ਇਹ ਕਿ ਮੇਰੇ ਭਾਈਆ ਜੀ ਨਾਲ਼ ਮੈ ਨਹੀ ਰਹਿੰਦਾ ਜਦੋਂ ਕਿ ਮਨੋਹਰ ਸਿੰਘ ਹੋਰੀਂ ਤੇ ਦਲਬੀਰ ਸਿੰਘ ਹੋਰੀਂ ਆਪਣੇ ਆਪਣੇ ਭਾਈਏ ਤੇ ਬੀਬੀ ਜੀ ਹੋਰਾਂ ਨਾਲ਼ ਰਹਿੰਦੇ ਹਨ। ਦੂਜਾ ਮੇਰੇ ਨਾਨਕੇ ਹੋਰ ਥਾਂ ਨੇ ਤੇ ਮਾਮੇ ਹੋਰ ਥਾਂ; ਜਦੋਂ ਕਿ ਮੇਰੇ ਚਚੇਰੇ ਭਰਾ ਮਨੋਹਰ ਸਿੰਘ ਦੇ ਨਾਨਕੇ ਤੇ ਮਾਮੇ ਇਕੋ ਪਿੰਡ ਵਿਚ ਹੀ ਨੇ। ਇਹ ਫਰਕ ਕਿਉਂ! ਇਸ ਦਾ ਕਾਰਨ ਇਹ ਸੀ ਕਿ ਮੇਰਾ ਇਕੋ ਮਾਮਾ ਸੀ ਜੋ ਕਿ ਮੇਰੇ ਜਨਮ ਤੋਂ ਪਹਿਲਾਂ ਹੀ ਜਵਾਨੀ ਵਿਚ ਚਾਲੇ ਪਾ ਗਿਆ ਸੀ ਤੇ ਨਾਨਕੇ ਪਿੰਡ ਉਦੋਕੇ ਵਿਚ ਨਾਨਾ ਜੀ, ਨਾਨੀ ਜੀ ਤੇ ਇਕ ਉਹਨਾਂ ਦਾ ਪੋਤਰਾ, ਮੇਰੇ ਮਾਮੇ ਦਾ ਪੁੱਤ ਪ੍ਰੀਤਮ ਸਿੰਘ ਹੀ ਸੀ ਜਿਸ ਨੂੰ ਅਸੀਂ ਓਦੋਂ 'ਭਾਊ ਪ੍ਰੀਤੂ' ਆਖਿਆ ਕਰਦੇ ਸਾਂ। ਮੇਰੀ ਦਾਦੀ ਜੀ ਦਾ ਪਿੰਡ ਰਿਆਸਤ ਕਪੂਰਥਲੇ ਦਾ ਪਿੰਡ ਸੰਗੋਜਲਾ ਸੀ। ਮਾਂ ਜੀ ਦੇ ਪੇਕਿਆਂ ਦੇ ਘਰ ਕੁਝ ਜੀਆਂ ਦੀਆਂ ਅਤੇ ਮੇਰੇ ਬਾਬਾ ਜੀ ਦੀ ਵੀ ਜਵਾਨੀ ਵਿਚ ਹੀ, ਮੌਤਾਂ ਹੋ ਜਾਣ ਕਾਰਨ, ਮਾਂ ਜੀ ਦਾ ਆਪਣੇ ਪੇਕੇ ਪਿੰਡ ਜਾਣ ਆਉਣ ਜ਼ਿਆਦਾ ਸੀ; ਇਸ ਕਰਕੇ ਮੈ ਵੀ ਮਾਂ ਜੀ ਦੇ ਨਾਲ਼, ਆਪਣੇ ਨਾਨਕਿਆਂ ਨਾਲ਼ੋਂ ਓਥੇ ਵਧ ਜਾਇਆ ਕਰਦਾ ਸਾਂ। ਮਾਂ ਜੀ ਦੇ ਭਰਾ ਜੋ ਕਿ ਤਕਰੀਬਨ ਮੇਰੇ ਭਾਈਆ ਜੀ ਦੇ ਹਾਣੀ ਹੀ ਸਨ, ਉਹਨਾਂ ਨੂੰ ਮੈ ਮਾਮਾ ਜੀ ਹੀ ਆਖਿਆ ਕਰਦਾ ਸਾਂ। ਇਸ ਲਈ ਇਸ ਭੁਲੇਖੇ ਕਾਰਨ ਹੀ ਮੈ ਆਪਣੇ ਨਾਨਕੇ ਤੇ ਮਾਮੇ ਵੱਖੋ ਵਖ ਪਿੰਡਾਂ ਵਿਚ ਸਮਝਦਾ ਸਾਂ।
ਬਾਅਦ ਵਿਚ ਜਦੋਂ ਮੈ ਆਪਣੇ ਮਾਪਿਆਂ, ਭਾਈਆ ਜੀ ਤੇ ਬੀਬੀ ਜੀ, ਨਾਲ਼ ਰਹਿਣ ਲੱਗਾ ਤਾਂ ਅਕਸਰ ਹੀ ਭਾਈਆ ਜੀ ਮੇਰੇ ਖਾਣ ਪੀਣ ਸਮੇ ਦੇ ਰੋਸਿਆਂ ਤੋਂ ਅੱਕ ਕੇ ਆਖਿਆ ਕਰਦੇ ਸਨ, “ਇਸ ਨੂੰ ਮਾਂ ਨੇ ਵਾਧੂ ਲਾਡਾਂ ਨਾਲ਼ ਵਿਗਾੜਿਆ ਹੋਇਆ ਹੈ; ਅਸੀਂ ਨਹੀ ਇਸ ਦੇ ਏਨੇ ਨਾਜ਼ ਨਖ਼ਰੇ ਝੱਲ ਸਕਦੇ ਤੇ ਮਾਂ ਵਾਂਗ ਅਸੀਂ ਇਸ ਨਾਲ਼ 'ਲੋਲੋ ਪੋਪੋ' ਵੀ ਨਹੀ ਕਰ ਸਕਦੇ।“
ਹਮੇਸਾਂ ਹੀ ਮਾਂ ਜੀ ਮੇਰੇ ਨਾਲ਼ ਸਭ ਤੋਂ ਵਧ ਸਨੇਹ ਰੱਖਦੇ ਰਹੇ। ਮੇਰੇ ਛੋਟੇ ਭਰਾ, ਸ. ਦਲਬੀਰ ਸਿੰਘ, ਵੱਲੋਂ ਮੈਨੂੰ ਦੱਸੀ ਗਈ ਜਾਣਕਾਰੀ ਅਨੁਸਾਰ, ਸਾਰੇ ਪਰਵਾਰ ਤੇ ਰਿਸ਼ਤੇਦਾਰਾਂ ਵਿਚੋਂ ਸਿਰਫ ਇਕੋ ਮਾਂ ਜੀ ਹੀ ਸਨ ਜਿਨ੍ਹਾਂ ਨੂੰ ਮੇਰੇ ਬਾਰੇ ਕੋਈ ਸ਼ਿਕਾਇਤ ਨਹੀ ਸੀ। ਬਾਕੀ ਸਾਰੇ ਹੀ ਰਿਸ਼ਤੇਦਾਰ ਮੇਰੇ ਬਾਰੇ ਕੋਈ ਨਾ ਕੋਈ ਸ਼ਿਕਾਇਤ ਸਮੇ ਸਮੇ ਕਰਦੇ ਹੀ ਆ ਰਹੇ ਸਨ/ਹਨ। ਸ਼ਾਇਦ ਇਸ ਦਾ ਇਹ ਵੀ ਮੇਰੀ ਜਾਚੇ ਇਕ ਕਾਰਨ ਹੋਵੇ ਕਿ ਮਾਂ ਜੀ ਨੇ ਨਿਰਸਵਾਰਥ ਭਾਵਨਾ ਨਾਲ਼ ਮੇਰੀ ਪਰਵਰਸ਼ ਕੀਤੀ ਸੀ ਤੇ ਮੈ ਇਸ ਦੇ ਬਦਲੇ ਵਿਚ ਕੋਈ ਵੀ ਉਹਨਾਂ ਦੀ ਵਰਨਣ ਯੋਗ ਸੇਵਾ/ਸਹਾਇਤਾ ਨਹੀ ਸਕਿਆ। ਏਥੋਂ ਤੱਕ ਕਿ ਹੱਥ ਤੰਗ ਹੋਣ ਕਰਕੇ, ਦੋਹਾਂ ਮਾਂਵਾਂ ਦੀ ਮੌਤ ਸਮੇ ਵੀ ਅੰਮ੍ਰਿਤਸਰ ਨਹੀ ਜਾ ਸਕਿਆ। ਇਸ ਵਾਸਤੇ ਹੀ ਸ਼ਾਇਦ ਉਹਨਾਂ ਨੂੰ ਮੇਰੇ ਬਾਰੇ ਕੋਈ ਸ਼ਿਕਾਇਤ ਨਾ ਹੋਵੇ! ਅੱਗੇ ਗੁਰੂ ਦੀਆਂ ਗੁਰੂ ਜਾਣੇ; ਭਾਣੇ ਦਾ ਮਾਲਕ ਉਹ ਆਪ ਹੈ ਜੀ! 6 ਤੇ 7 ਦਸੰਬਰ 2006 ਦੀ ਦਰਮਿਆਨੀ ਰਾਤ ਨੂੰ ਭਾਈਆ ਜੀ ਦੇ ਅਕਾਲ ਚਲਾਣੇ ਸਮੇ ਵੀ, ਅੰਮ੍ਰਿਤਸਰ ਨਾ ਜਾਣ ਦਾ ਹੀ ਪੂਰਾ ਵਿਚਾਰ ਸੀ ਪਰ ਸਮਝਦਾਰ ਨੂੰਹ, ਮਨਦੀਪ ਕੌਰ ਅਤੇ ਪੁੱਤਰ ਸੰਦੀਪ ਸਿੰਘ ਦੇ, "ਇਸ ਸਮੇ ਤੁਹਾਡਾ ਜਾਣਾ ਬਣਦਾ ਹੈ ਤੇ ਤੁਹਾਨੂੰ ਜਾਣਾ ਹੀ ਚਾਹੀਦਾ ਹੈ।" ਪ੍ਰੇਰਨਾਦਾਇਕ ਸ਼ਬਦ ਸੁਣ ਕੇ ਮੈ ਓਥੇ ਹਾਜਰ ਹੋ ਗਿਆ। ਭਾਵੇਂ ਕਿ ਸਤਿਗੁਰਾਂ ਦੀ ਮੇਹਰ ਸਦਕਾ ਇਸ ਸਮੇ ਖ਼ਰਚ ਪੱਠੇ ਵੱਲੋਂ ਵੀ ਕੋਈ ਕਮੀ ਨਹੀ ਸੀ ਪਰ ਫਿਰ ਵੀ, ਇਸ ਮੌਕੇ ਵੀ ਨਾ ਜਾਣ ਦਾ ਹੀ ਵਿਚਾਰ ਸੀ, ਇਹ ਸੋਚ ਕੇ ਕਿ ਮੈ ਕੇਹੜਾ ਗਏ ਨੂੰ ਵਾਪਸ ਮੋੜ ਲਿਆਉਣਾ ਹੈ! ਇਸ ਸਮੇ ਓਥੇ ਰਹਿਣ ਵਾਲ਼ੇ ਤਿੰਨੇ ਭਰਾ ਬਣਦੀਆਂ ਧਾਰਮਿਕ ਤੇ ਭਾਈਚਾਰਕ ਰਸਮਾਂ ਨੂੰ ਸਰੰਜਾਮ ਦੇ ਹੀ ਲੈਣਗੇ!
ਮੈਨੂੰ ਏਨਾ ਯਾਦ ਹੈ ਕਿ ਮਾਂ ਜੀ ਦੇ ਨਾਲ਼ ਸਿਆਲ਼ਾਂ ਦੀਆਂ ਲੰਮੀਆਂ ਰਾਤਾਂ ਨੂੰ ਸੁੱਤਾ ਪਿਆ ਮੰਜੇ ਉਤੇ ਹੀ 'ਬਚਪਨਾ' ਕਰ ਦਿਆ ਕਰਦਾ ਸਾਂ। ਸਵੇਰੇ ਉਠਣ ਤੇ ਬਿਸਤਰਾ ਭਿੱਜੇ ਤੋਂ ਮਾਂ ਜੀ ਨੇ ਤਾੜਨਾ ਵੀ ਕਰਨੀ। ਇਕ ਵਾਰੀਂ ਉਹਨਾਂ ਵੱਲੋਂ ਕੀਤੀ ਗਈ ਸ਼ਬਦੀ ਤਾੜਨਾ ਮੈਨੂੰ ਯਾਦ ਹੈ। ਉਸ ਤੋਂ ਬਾਅਦ ਦੀ ਕੋਈ ਅਜਿਹੀ ਬਚਗਾਨਾ ਘਟਨਾ ਯਾਦ ਨਹੀ। ਹੋ ਸਕਦਾ ਹੈ ਕਿ ਉਸ ਤੋਂ ਪਿੱਛੋਂ ਇਹ ਬੱਚਿਆਂ ਵਾਲ਼ਾ 'ਕਾਰਨਾਮਾ' ਮੈ ਨਾ ਕੀਤਾ ਹੋਵੇ! ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਨਾਲ਼ ਪਏ ਨੂੰ ਮਾਂ ਜੀ ਨੇ ਨਾਲ਼ੇ ਤਾਂ ਬਾਤਾਂ ਸੁਣਾਉਣੀਆਂ ਤੇ ਨਾਲ਼ੇ ਮੇਰੇ ਸਿਰ ਵਿਚ ਉਂਗਲ਼ਾਂ ਨਾਲ਼ ਮੇਰੇ ਵਾਲ਼ਾਂ ਨੂੰ ਸਹਿਲਾਈ ਜਾਣਾ। ਕਦੀ ਕਦੀ ਇਸ ਤਰ੍ਹਾਂ ਕੋਈ ਜੂੰ ਵੀ ਉਹਨਾਂ ਦੇ ਪੋਟਿਆਂ ਹੇਠ ਆ ਕੇ ਮੁਕਤੀ ਪ੍ਰਾਪਤ ਕਰ ਜਾਣੀ। ਇਸ ਦੋਹਰੀ 'ਸੇਵਾ' ਦੌਰਾਨ ਪਤਾ ਨਾ ਲੱਗਣਾ ਕਿ ਕੇਹੜੇ ਸਮੇ ਮੈ ਮਾਂ ਜੀ ਦੀ ਗੋਦ ਵਿਚੋਂ, ਨੀਦ ਦੀ ਗੋਦ ਵਿਚ ਸਮਾ ਜਾਇਆ ਕਰਦਾ ਸਾਂ।
ਮੇਰੇ ਕੇਸ ਬਹੁਤ ਜ਼ਿਆਦਾ ਤੇ ਲੰਮੇ ਹੁੰਦੇ ਸਨ। ਇਹਨਾਂ ਨੂੰ ਧੋਣਾ, ਸੁਕਾਉਣਾ ਤੇ ਵਾਹੁਣਾ ਵੀ ਚੰਗਾ ਜੋਖਮ ਦਾ ਕਾਰਜ ਹੁੰਦਾ ਸੀ। ਖੱਟੀ ਲੱਸੀ ਜਾਂ ਦਹੀਂ ਨਾਲ਼ ਮਾਂ ਜੀ ਮੈਨੂੰ ਕੇਸੀਂ ਨਵ੍ਹਾਇਆ ਕਰਦੇ ਸਨ ਤੇ ਥੰਦੇ ਲਈ ਕੇਸਾਂ ਨੂੰ ਮਖਣੀ ਲਾਇਆ ਕਰਦੇ ਸਨ। ਮਾਂ ਜੀ ਨੇ ਮੈਨੂੰ ਰੋਂਦੇ ਨੂੰ ਨਵ੍ਹਾਉਣਾ ਤੇ ਰੋਂਦੇ ਦੇ ਹੀ ਕੇਸ, ਵਿਝੋੜਨੇ, ਸੁਕਾਉਣੇ, ਅਟਕਾਂ ਕਢਣੀਆਂ ਤੇ ਫਿਰ ਵਾਹੁਣੇ। ਇਸ ਸਾਰੇ ਅਣਚਾਹੇ ਕਾਰਜ ਦੌਰਾਨ ਮੈਨੂੰ ਖਿਝ ਵੀ ਆਉਣੀ ਤੇ ਵਾਹੁਣ ਸਮੇ ਪੀੜ ਵੀ ਹੋਣੀ ਤੇ ਮੈ ਰੋਣ ਦੇ ਰੂਪ ਵਿਚ ਪ੍ਰੋਟੈਸਟ ਕਰਦੇ ਰਹਿਣਾ। ਮੇਰੀ ਇਕ ਖਾਸ ਕਮਜ਼ੋਰੀ ਦਾ ਮੇਰੀ ਮਾਂ ਜੀ ਨੂੰ ਪਤਾ ਸੀ ਕਿ ਮੈਨੂੰ ਗੱਲਾਂ ਸੁਣਨ ਦਾ ਬਚਪਨ ਤੋਂ ਹੀ ਬੜਾ ਭੁਸ ਸੀ। ਉਹਨਾਂ ਨੇ ਕੋਈ ਨਾ ਕੋਈ ਕਹਾਣੀ ਜਾਂ ਬਾਤ ਸ਼ੁਰੂ ਕਰ ਦੇਣੀ ਤੇ ਮੈ ਇਕਾਗਰ ਚਿੱਤ ਹੋ ਕੇ ਹੁੰਗਾਰਾ ਭਰਨਾ ਸ਼ੁਰੂ ਕਰ ਦੇਣਾ। ਫਿਰ ਸਾਰੀਆਂ ਪੀੜਾਂ ਕਿਧਰੇ ਖੰਭ ਲਾ ਕੇ ਉਡ ਪੁਡ ਜਾਣੀਆਂ। ਇਕ ਵਾਰੀ ਦੀ ਮੈਨੂੰ ਯਾਦ ਹੈ ਕਿ ਵੇਹੜੇ ਵਿਚ ਮਾਂ ਜੀ ਮੇਰਾ ਸਿਰ ਵਾਹ ਰਹੇ ਸਨ ਤੇ ਵਾਲ਼ਾਂ ਦੀਆਂ ਅਟਕਾਂ ਨਿਕਲ਼ਣ ਸਮੇ, ਹੋਣ ਵਾਲ਼ੀ ਪੀੜ ਨਾਲ਼ ਮੈ ਰੋ ਵੀ ਰਿਹਾ ਸਾਂ ਤੇ ਚਾਹੁੰਦਾ ਸਾਂ ਕਿ ਇਸ ਕਾਰਜ ਤੋਂ ਛੁਟਕਾਰਾ ਪ੍ਰਾਪਤ ਹੋ ਜਾਵੇ। ਅਚਾਨਕ ਸਾਹਮਣੇ ਗੁਰਦੁਆਰੇ ਦੇ ਬਾਗ ਵਿਚੋਂ ਕੋਈ ਪੰਛੀ ਬੋਲਿਆ। ਉਸ ਪੰਛੀ ਦੀ ਆਵਾਜ਼ ਕੁਝ ਇਸ ਤਰ੍ਹਾਂ ਦਾ ਝਾਉਲ਼ਾ ਜਿਹਾ ਪਾਉਂਦੀ ਸੀ ਕਿ ਜਿਵੇਂ ਆਖ ਰਿਹਾ ਹੋਵੇ, "ਕੋਕੋ ਕੀ, ਕੋਕੋ ਕੀ!" ਇਕ ਦਮ ਮਾਂ ਜੀ ਨੇ ਆਖਿਆ, "ਵੇਖਿਆ, ਉਹ ਚਿੜੀ ਵੀ ਤੇਰੇ ਸਾਂਗ ਲਾ ਰਹੀ ਆ। 'ਸੋਖੋ ਕੀ, ਸੋਖੋ ਕੀ' ਆਖੀ ਜਾਂਦੀ ਏ।" ਇਹ ਸੁਣ ਕੇ ਮੈ ਫਿਰ ਉਸ ਸਮੇ ਸਿਕਾਇਤ ਨਾ ਕੀਤੀ। ਮਾਂ ਜੀ ਦਾ ਮਤਲਬ ਮੇਰੀ ਸਾਂਗ ਲਾ ਕੇ ਇਹ ਦਸਣਾ ਸੀ ਕਿ ਜਿਵੇਂ ਕੋਈ ਗੱਲ ਸੁਣ ਕੇ ਮੈ ਆਖਦਾ ਹਾਂ ਕੀ? ਇਸ ਤਰ੍ਹਾਂ ਹੀ ਇਹ ਪੰਛੀ ਵੀ ਮੇਰੀ ਸਾਂਗ ਲਾ ਕੇ ਆਖ ਰਿਹਾ ਹੈ, "ਸੋਖੋ ਕੀ, ਸੋਖੋ ਕੀ!" ਸੋਖੋ ਵੀ ਮੇਰੇ ਕੁਝ ਛੋਟੇ ਨਾਵਾਂ ਵਿਚੋਂ ਇਕ ਨਾਂ ਹੁੰਦਾ ਸੀ।
ਮੇਰੇ ਮਾਂ ਜੀ ਦੱਸਿਆ ਕਰਦੇ ਸਨ ਕਿ ਦੀਵਾਲ਼ੀ ਵਾਲ਼ੀ ਰਾਤ ਨੂੰ ਜਿਥੇ ਸਾਡੇ ਡੰਗਰਾਂ ਦੀਆਂ ਖੁਰਲੀਆਂ ਅਤੇ ਵੇਹੜੇ ਵਿਚ ਲਹੂ ਦੇ ਛਿੱਟੇ ਪਿਆ ਕਰਦੇ ਸਨ ਓਥੇ ਦੀਵਾਲੀ ਦੀ ਰਾਤ ਨੂੰ ਹੀ ਮੇਰੇ ਸਿਰ ਦੇ ਵਿਚਕਾਰੋਂ ਕੁਝ ਵਾਲ਼ ਕੱਟੇ ਜਾਇਆ ਕਰਦੇ ਸਨ। ਮਾਂ ਜੀ ਦਾ ਵਿਸ਼ਵਾਸ਼ ਸੀ ਕਿ ਪਲੇਠੀ ਦਾ ਪੁੱਤਰ ਹੋਣ ਕਰਕੇ, ਕੋਈ ਟੂਣਾ ਕਰਨ ਵਾਲ਼ੀ ਕਿਸੇ ਤਰ੍ਹਾਂ ਦੀਵਾਲ਼ੀ ਵਾਲ਼ੀ ਰਾਤ ਨੂੰ ਮੇਰੇ ਸਿਰ ਦੇ ਵਾਲ਼ ਕੱਟ ਲੈਂਦੀ ਹੈ। ਇਕ ਵਾਰੀ ਦਾ ਵਾਕਿਆ ਮੈਨੂੰ ਯਾਦ ਹੈ। ਦੀਵਾਲੀ ਤੋਂ ਅਗਲੇ ਦਿਨ ਜਦੋਂ ਸਵੇਰੇ ਸਵੇਰੇ ਮਾਂ ਜੀ ਨੇ ਸਿਰ ਵਾਹੁਣ ਲਈ ਮੇਰਾ ਜੂੜਾ ਖੋਹਲਿਆ ਤਾਂ ਇਕ ਦਮ ਕਿਸੇ ਨੂੰ 'ਬੁਰਾ ਭਲਾ' ਆਖਣ ਲੱਗ ਪਏ। ਉਹਨਾਂ ਦੇ ਮਾੜੇ ਬਚਨਾਂ ਵਿਚੋਂ ਇਕ ਇਹ ਵੀ ਮੇਰੇ ਯਾਦ ਹੈ, "ਅੱਜ ਰਾਤ ਫਿਰ ਕਿਸੇ ਕਰਮਾਂ ਸੜੀ ਦਾ ਭੱਠਾ ਬਹਿ ਗਿਆ! ਕੋਈ ਟੂਣੇਹਾਰੀ ਮੇਰੇ ਪੁੱਤ ਦੇ ਸਿਰ ਤੋਂ ਵਾਲ਼ ਕੱਟ ਕੇ ਲੈ ਗਈ!"
ਪੰਜਾਬ ਦੇ ਪਿੰਡਾਂ ਦੇ ਲੋਕਾਂ ਵਿਚ ਇਹ ਵਿਚਾਰ ਕੀਤਾ ਜਾਂਦਾ ਸੀ ਤੇ ਸ਼ਾਇਦ ਹੁਣ ਵੀ ਕਰਦੇ ਹੋਣ ਕਿ ਪਲੇਠੀ ਦੇ ਪੁੱਤ ਦੇ ਵਾਲ਼ਾਂ ਦੁਆਰਾ ਕੋਈ ਟੂਣਾ ਟਾਮਣ ਦੀਵਾਲ਼ੀ ਵਾਲ਼ੀ ਰਾਤ ਨੂੰ ਕੀਤਾ ਜਾਂਦਾ ਹੈ।
ਮੇਰੇ ਮਾਂ ਜੀ ਰਿਆਸਤ ਕਪੂਰਥਲਾ ਦੇ ਇਕ ਉਸ ਪਰਵਾਰ ਵਿਚੋਂ ਸਨ ਜਿਸ ਨੂੰ ਮੁਕਾਬਲਤਨ ਉਸ ਸਮੇ ਦੇ ਪੇਂਡੂ ਕਿਸਾਨੀ ਪਰਵਾਰਾਂ ਵਿਚ ਕੁਝ ਧਾਰਮਿਕ, ਅੱਖਰੀ ਗਿਆਨ ਵਾਲਾ ਤੇ ਸਮੇ ਦੇ ਨਾਲ਼ ਨਾਲ਼ ਕੁਝ ਮੁਲਕੀ ਤੇ ਸਿਆਸੀ ਜਾਣਕਾਰੀ ਰੱਖਣ ਵਾਲ਼ਾ ਆਖਿਆ ਜਾ ਸਕਦਾ ਸੀ। ਮਾਂ ਜੀ ਦੇ ਭਰਾਵਾਂ ਵਿਚੋਂ ਵਡਾ ਭਰਾ ਰਿਆਸਤੀ ਫੌਜ ਵਿਚ ਨਾਇਕ ਸੀ ਜੋ ਕਿ ਦੂਜੀ ਸੰਸਾਰ ਜੰਗ ਸਮੇ ਸਿੰਘਾਪੁਰ ਵੱਲ ਗੁੰਮ ਹੋ ਗਿਆ ਤੇ ਮੁੜ ਲੱਭਾ ਨਹੀ ਸੀ। ਦੂਜਾ ਭਰਾ ਮਲਾਇਆ ਵਿਚ ਆਜ਼ਾਦ ਹਿੰਦ ਫੌਜ ਵਿਚ ਵੀ ਸਰਗਰਮ ਰਿਹਾ ਸੀ। ਇਸ ਲਈ ਉਸ ਸਮੇ ਦੇ ਸਾਡੇ ਸਮਾਜ ਵਿਚ ਦੂਜਿਆਂ ਨਾਲ਼ੋਂ ਇਹ ਪਰਵਾਰ ਕੁਝ ਅੱਗੇ ਹੀ ਸੀ। ਮਾਂ ਜੀ ਦਾ ਕੱਦ ਮਧਰਾ ਤੇ ਰੰਗ ਕਣਕਵੰਨਾ ਸੀ। ਸਾਰੇ ਪਰਵਾਰ ਉਤੇ ਉਹਨਾਂ ਦਾ ਰੋਹਬ ਹੁੰਦਾ ਸੀ। ਬੀਬੀ ਜੀ ਦੱਸਿਆ ਕਰਦੇ ਸਨ ਕਿ ਮਾਂ ਜੀ ਆਪਣੇ ਵਿਆਹੇ ਹੋਏ ਪੁੱਤਾਂ ਦੀ ਵੀ 'ਮੁਰੰਮਤ' ਕਰ ਦਿਆ ਕਰਦੇ ਸਨ। ਕੋਈ ਉਹਨਾਂ ਅੱਗੇ ਚੂੰ ਨਹੀ ਸੀ ਕਰ ਸਕਦਾ। ਸਾਡੇ ਬਾਬਾ ਜੀ ਜਵਾਨੀ ਵਿਚ ਹੀ ਚਾਲੇ ਪਾ ਗਏ ਸਨ। ਉਹਨਾਂ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ ਸੀ। ਇਸ ਦਾ ਇਲਾਜ ਆਪ੍ਰੇਸ਼ਨ ਹੀ ਹੈ ਤੇ ਓਦੋਂ ਇਸ ਗੱਲ ਦਾ ਕਿਸੇ ਨੂੰ ਗਿਆਨ ਨਹੀ ਸੀ ਹੁੰਦਾ। ਬੇਸਮਝੀ ਕਾਰਨ ਮਰੀਜ਼ ਨੂੰ ਅੰਦਰ ਪਏ ਨੂੰ ਹੀ, ਬਿਨਾ ਪਾਣੀ ਤੋਂ ਹੀ, ਉਸ ਦੀ ਮੌਤ ਤੱਕ ਤੜਫ਼ ਤੜਫ਼ ਕੇ ਮਰ ਜਾਣ ਦਿਆ ਕਰਦੇ ਸਨ। ਕਿਸੇ ਨੂੰ ਸਮਝ ਹੀ ਨਹੀ ਸੀ ਹੁੰਦੀ ਕਿ ਕਿਸੇ ਹਸਪਤਾਲ ਲਿਜਾ ਕੇ ਮਰੀਜ਼ ਦਾ ਇਲਾਜ ਕਰਵਾਇਆ ਜਾਵੇ। ਚਾਰ ਛੋਟੇ ਛੋਟੇ ਬੱਚੇ, ਦੋ ਬਜ਼ੁਰਗ: ਇਕ ਸਹੁਰਾ ਤੇ ਇਕ ਪਤਿਆਹੁਰਾ, ਤਿੰਨ ਪੁੱਤਰ, ਦੋ ਨੋਹਾਂ (ਤੀਜੇ ਪੁੱਤ ਦਾ ਵਿਆਹ ਦੇਰ ਬਾਅਦ ਹੋਇਆ ਸੀ।), ਨਾਲ਼ ਕੋਈ ਨਾ ਕੋਈ ਕਾਮਾ, ਕਾਮੀ, ਸਾਰੇ ਪਰਵਾਰ ਦੀ ਜ਼ੁੰਮੇਵਾਰੀ ਸਾਰੀ ਮਾਂ ਜੀ ਦੀ ਹੀ ਹੁੰਦੀ ਸੀ। ਉਹਨਾਂ ਦੀ ਅਗਵਾਈ ਹੇਠ ਸਾਰੇ ਪਰਵਾਰ ਦੇ ਭੋਜਨ ਤੇ ਬਸਤਰ ਅਜਿਹੇ ਹੁੰਦੇ ਸਨ ਕਿ ਮੇਰੀ ਜਾਣਕਾਰੀ ਅਨੁਸਾਰ, ਪਿੰਡ ਜਾਂ ਰਿਸ਼ਤੇਦਾਰਾਂ ਦੇ ਹੋਰ ਕਿਸੇ ਪਰਵਾਰ ਦੇ ਉਸ ਪਧਰ ਦੇ ਨਹੀ ਸਨ ਹੁੰਦੇ। ਪਰਵਾਰ, ਰਿਸ਼ਤੇਦਾਰੀ, ਸ਼ਰੀਕਾ, ਸਮਾਜ ਆਦਿ ਦਾ ਹਰ ਪ੍ਰਕਾਰ ਦਾ ਵਰਤੋਂ ਵਿਹਾਰ ਉਹ ਰਿਵਾਜ਼ ਅਨੁਸਾਰ, ਪੂਰੀ ਜੁੰਮੇਵਾਰੀ ਨਾਲ਼ ਨਿਭਾਇਆ ਕਰਦੇ ਸਨ।
ਦੂਜੇ ਬੰਨੇ ਮੇਰੇ ਬੀਬੀ ਜੀ ਦਾ ਪਰਵਾਰ ਬਿਲਕੁਲ ਕੋਰਾ ਅਨਪੜ੍ਹ ਤੇ ਬੰਦਿਆਂ ਵੱਲੋਂ ਵੀ ਕਮਜੋਰ ਸੀ। ਨਾਨਕੇ ਮੇਰੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੀ ਹੱਦ ਉਪਰ ਵਸੇ ਪਿੰਡ ਉਦੋਕੇ ਵਿਚ ਸਨ। ਨਾਨਾ, ਸ. ਗੰਡਾ ਸਿੰਘ ਜੀ, ਦਾ ਇਕੋ ਇਕ ਜਵਾਨ ਪੁੱਤਰ ਬਹੁਤ ਸਮਾ ਬਿਮਾਰ ਰਹਿ ਕੇ ਜਵਾਨੀ ਵਿਚ ਹੀ, ਵਿਧਵਾ ਪਤਨੀ, ਛੋਟਾ ਜਿਹਾ ਬੱਚਾ ਤੇ ਬੁਢੇ ਮਾਪੇ ਪਿੱਛੇ ਛੱਡ ਕੇ, ਸੰਸਾਰ ਛੱਡ ਗਿਆ ਸੀ। ਬਜ਼ੁਰਗ ਨਾਨਾ ਜੀ ਨੂੰ ਜਵਾਨ ਪੁੱਤ ਦੇ ਸਦੀਵੀ ਵਿਛੋੜੇ ਦੀ ਸੱਟ ਵੀ ਸਹਿਣੀ ਪਈ। ਇਕ ਰਾਤ ਚੋਰਾਂ ਨਾਲ਼ ਟਾਕਰਾ ਹੋ ਜਾਣ ਤੇ ਇਕ ਗਿੱਟਾ ਸਦਾ ਲਈ ਤਕਲੀਫ ਦਾ ਕਾਰਨ ਬਣ ਗਿਆ। ਫਿਰ ਤਿੰਨ ਧੀਆਂ ਦੇ ਵੀ ਸਾਰੇ ਕਾਰ ਵਿਹਾਰ ਸਨਮਾਨਜਨਕ ਕਿਸਾਨੀ ਪਰਵਾਰਾਂ ਵਾਂਗ ਕਰਨੇ। ਨਾਨਾ ਜੀ ਦਾ ਸੁਭਾ ਵੀ ਬੜਾ ਗਰਮ ਹੁੰਦਾ ਸੀ। ਕੋਰੇ ਅਨਪੜ੍ਹ ਹੋਣ ਦੇ ਬਾਵਜੂਦ ਵੀ, ਸਿੰਘ ਸਭਾ ਦੇ ਅਸਰ ਅਧੀਨ ਰਹੇ ਹੋਣ ਕਰਕੇ, ਪਿੰਡ ਵਿਚ ਕਿਸੇ ਦੇ ਘਰ ਵੀ ਧਾਰਮਿਕ ਸਮਾਗਮ ਲਈ ਪਿੰਡ ਦੇ ਇਤਿਹਾਸਕ ਗੁਰਦੁਅਰੇ, ਥੰਮ ਸਾਹਿਬ ਤੋਂ, ਮਹਾਂਰਾਜ ਦਾ ਸਰੂਪ ਜਦੋਂ ਕਿਸੇ ਦੇ ਘਰ ਲਿਜਾਇਆ ਜਾਂ ਵਾਪਸ ਲਿਆਇਆ ਜਾਂਦਾ ਸੀ ਤਾਂ ਨਾਨਾ ਜੀ ਆਪਣੇ ਗਲ਼ ਵਿਚ ਢੋਲਕੀ ਪਾ ਕੇ, ਮਹਾਰਾਜ ਜੀ ਦੀ ਸਵਾਰੀ ਦੇ ਅੱਗੇ ਅੱਗੇ ਜੋਟੀਆਂ ਵਾਲ਼ੀਆਂ ਧਾਰਨਾਵਾਂ ਗਾਇਆ ਕਰਦੇ ਸਨ। ਉਹਨਾਂ ਵਿਚੋਂ ਇਕ ਧਾਰਨਾ ਮੈਨੂੰ ਅਜੇ ਤੱਕ ਵੀ ਯਾਦ ਹੈ ਜੋ ਕਿ ਇਕ ਪ੍ਰੇਮੀ ਦੇ ਘਰੋਂ ਮਹਾਂਰਾਜ ਜੀ ਦੀ ਸਵਾਰੀ ਗੁਰਦੁਆਰਾ ਸਾਹਿਬ ਵਿਖੇ ਵਾਪਸ ਲਿਜਾਣ ਸਮੇ ਪੜ੍ਹਿਆ ਕਰਦੇ ਸਨ:
ਕਰਕੇ ਕਾਰਜ ਪੂਰੇ, ਸਤਿਗੁਰ ਚੱਲਿਆ ਘਰ ਆਪਣੇ।
ਨਾਨਾ ਬਾਪੂ ਜੀ ਦੀ ਬੋਲ ਬਾਣੀ ਬਹੁਤ ਹੀ ਖੁਲਾਸੀ ਹੁੰਦੀ ਸੀ। ਉਹ ਡੰਗਰਾਂ ਜਾਂ ਵਿਆਕਤੀਆਂ ਨੂੰ ਬਹੁਤ ਹੀ ਖੁਲ੍ਹੇ ਬਚਨ ਬੋਲ ਦਿਆ ਕਰਦੇ ਸਨ। ਮੇਰੇ ਇਸ ਦੁਨੀਆਂ ਉਤੇ ਆਉਣ ਤੋਂ ਪਹਿਲਾਂ ਦੀ ਇਕ ਗੱਲ ਮੈਨੂੰ ਬੀਬੀ ਜੀ ਜਾਂ ਕਿਸੇ ਹੋਰ ਪਰਵਾਰਕ ਜੀ ਨੇ ਦੱਸੀ ਸੀ ਕਿ ਇਕ ਵਾਰੀਂ ਭਾਈਆ ਜੀ ਆਪਣੇ ਸਹੁਰੇ ਤੇ ਮੇਰੇ ਨਾਨਕੇ ਗਏ ਹੋਏ ਸਨ। ਮੇਰੇ ਨਾਨਕਿਆਂ ਦੇ ਘਰ ਅਤੇ ਉਹਨਾਂ ਦੇ ਸ਼ਰੀਕ ਗਵਾਂਢੀਆਂ ਦੇ ਘਰ ਵਿਚਲੀ ਕੰਧ ਵਿਚ ਸਾਂਝੀ ਖੂਹੀ ਹੁੰਦੀ ਸੀ। ਸਿਆਲ ਦੀ ਰਾਤ ਦੇ ਤੜਕੇ ਹੀ ਮੇਰੇ ਭਾਈਆ ਜੀ ਉਸ ਖੂਹੀ 'ਚੋਂ ਬਾਲ਼ਟੀ ਨਾਲ਼ ਪਾਣੀ ਕਢ ਕੇ ਇਸ਼ਨਾਨ ਕਰਨ ਉਪ੍ਰੰਤ, ਜਿਉਂ ਪਾਠ ਕਰਨ ਲੱਗੇ ਕਿ ਨਿਤਨੇਮ ਦੀਆਂ ਪੰਜੇ ਬਾਣੀਆਂ ਪੜ੍ਹਨ ਪਿੱਛੋਂ ਆਸਾ ਦੀ ਵਾਰ, ਸੁਖਮਨੀ ਸਾਹਿਬ ਵਗੈਰਾ; ਪਹੁ ਫੁਟਾਲੇ ਤੱਕ ਉਹ ਨਾਲ਼ੇ ਵੇਹੜੇ ਵਿਚ ਫਿਰੀ ਗਏ ਤੇ ਨਾਲ਼ੇ ਜਬਾਨੀ ਪਾਠ ਕਰੀ ਗਏ। ਨਾਨੀ ਜੀ ਨੇ ਦੁਧ ਰਿੜਕਿਆ ਤੇ ਅਧਰਿੜਕਾ ਪੀਣ ਲਈ ਘਰ ਦੇ ਜੀਆਂ ਨੂੰ ਆਵਾਜ਼ ਮਾਰੀ ਤਾਂ ਨਾਨਾ ਜੀ ਨੇ ਆਪਣੇ ਸੁਭਾ ਅਨੁਸਾਰ ਉਚੀ ਸਾਰੀ ਆਖਿਆ, "ਅਹੁ ਜੇਹੜਾ ਸਵੇਰ ਦਾ ਰੱਬ ਨਾਲ਼ ਪੱਗੋ ਹੱਥੀ ਹੋਣ ਡਿਅ੍ਹਾ ਪਹਿਲਾਂ ਉਹਨੂੰ ਤਾਂ ਦੇ ਦੇ!" ਬਾਪੂ ਜੀ ਦੇ ਕਹਿਣ ਦਾ ਮਤਲਬ ਤਾਂ ਇਹ ਸੀ ਕਿ ਜੇਹੜਾ ਤੜਕੇ ਦਾ ਪਾਠ ਕਰ ਰਿਹਾ ਹੈ ਉਸ ਨੂੰ ਬਾਕੀਆਂ ਨਾਲੋਂ ਕੁਝ ਖਾਣ ਪੀਣ ਦੀ ਵਧ ਲੋੜ ਹੈ ਪਰ ਪਾਠ ਨੂੰ ਉਹ, ਆਪਣੇ ਖੁਲਾਸੇ ਸੁਭਾ ਮੁਤਾਬਿਕ, ਰੱਬ ਨਾਲ਼ ਪੱਗੋ ਹੱਥੀ ਹੋਣਾ ਹੀ ਆਖ ਗਏ। ਯਾਦ ਰਹੇ ਕਿ ਓਹਨੀਂ ਦਿਨੀਂ ਅਜੇ ਚਾਹ ਸਰਬ ਵਿਆਪਕ ਨਹੀ ਸੀ ਹੋਈ ਤੇ ਲੋਕੀਂ ਸਵੇਰੇ ਸਵੇਰੇ ਲੱਸੀ ਜਾਂ ਅਧ ਰਿੜਕਿਆ ਦਹੀਂ ਹੀ ਪੀਆ ਕਰਦੇ ਸਨ। ਦਹੀਂ ਨੂੰ ਪੂਰੀ ਤਰ੍ਹਾਂ ਰਿੜਕ ਕੇ, ਮੱਖਣ ਕਢਣ ਤੋਂ ਪਹਿਲਾਂ ਵਾਲੀ ਅਵੱਸਥਾ ਨੂੰ 'ਅਧਰਿੜਕਾ' ਆਖਿਆ ਜਾਂਦਾ ਹੈ। ਪੇਂਡੂ ਪਰਵਾਰਾਂ ਵਿਚ ਓਦੋਂ ਇਹ ਜਾਂ ਲੱਸੀ ਪੀਤੀ ਜਾਂਦੀ ਸੀ। ਏਸੇ ਕਰਕੇ ਇਸ ਵੇਲ਼ੇ ਨੂੰ 'ਛਾਹ ਵੇਲ਼ਾ' ਆਖਿਆ ਜਾਂਦਾ ਹੈ। ਛਾਹ ਦਾ ਮਤਲਬ ਹੈ ਲੱਸੀ।
ਆਖਰੀ ਵਾਰ ਮੈ ਉਹਨਾਂ ਦੇ ਦਰਸ਼ਨ, 1983 ਦੇ ਸਤੰਬਰ ਮਹੀਨੇ ਵਿਚ, ਆਪਣੀ ਦੇਸ ਯਾਤਰਾ ਦੌਰਾਨ ਉਹਨਾਂ ਦੇ ਪਿੰਡ ਵਿਚ ਕੀਤੇ ਸਨ। ਟਿਊਬਵੈਲ ਤੇ, ਤੂਤ ਦੀ ਛਾਵੇਂ, ਮੰਜੇ ਉਪਰ ਬੈਠਿਆਂ ਹੋਇਆਂ, ਉਹਨਾਂ ਨੇ ਮੇਰਾ ਹੱਥ ਆਪਣੇ ਹੱਥ ਵਿਚ ਲੈ ਕੇ, ਵਾਹਵਾ ਜੋਰ ਨਾਲ਼ ਘੁੱਟ ਕੇ, ਮੈਨੂੰ ਆਪਣੀ ਸਰੀਰਕ ਸ਼ਕਤੀ ਦਾ ਅਹਿਸਾਸ ਕਰਵਾਇਆ ਸੀ।
ਸਾਡੇ ਨਾਨੀ ਮਾਂ, ਭਗਵਾਨ ਕੌਰ ਜੀ, ਬਿਲਕੁਲ ਹੀ ਸਾਦੇ ਤੇ ਸਾਧੂ ਸੁਭਾ ਸਨ। ਸਾਡੇ ਜਾਣ ਤੇ ਉਹਨਾਂ ਨੇ ਕਦੀ ਵੀ ਕੋਈ ਉਚੇਚ ਨਹੀ ਸੀ ਕੀਤਾ। ਸਿਆਲ ਦੇ ਦਿਨਾਂ ਵਿਚ ਆਪਣੇ ਪਿੰਡ ਸੂਰੋ ਪੱਡਿਉਂ ਤੁਰ ਕੇ, ਨਾਨਕੇ ਪਿੰਡ ਉਦੋਕੇ ਪੁੱਜਦਿਆਂ ਲੌਢਾ ਕੁ ਵੇਲ਼ਾ ਹੋ ਜਾਇਆ ਕਰਦਾ ਸੀ। ਸਾਡੇ ਜਾਣ ਤੇ ਉਹਨਾਂ ਨੇ ਘਰ ਵਿਚ ਪਈ ਰੋਟੀ ਹੀ ਖਾਣ ਲਈ ਦੇ ਦੇਣੀ। ਕਾਹੜਨੀ ਵਿਚੋਂ ਕੜ੍ਹਿਆ ਹੋਇਆ ਫਿੱਕਾ ਹੀ ਦੁਧ ਛੰਨੇ ਵਿਚ ਪਾ ਕੇ ਦੇਣਾ। ਜੇ ਗੁੜ ਹੈ ਤਾਂ ਠੀਕ ਨਹੀ ਤਾਂ ਰੋਟੀ ਨਾਲ਼ ਪਈ ਮੂਲ਼ੀ ਹੀ ਚੁੱਕ ਕੇ ਫੜਾ ਦੇਣੀ। ਖਾ ਲੈਣ ਤੋਂ ਪਿੱਛੋਂ ਆਖਣਾ, "ਜਾਓ ਖੂਹ ਤੇ। ਓਥੇ ਤੁਹਾਡਾ ਭਾਊ ਆ। ਗੰਨਾ ਗੁੱਲੀ ਚੂਪੋ ਜਾ ਕੇ।"
ਸਾਡੀ ਬੀਬੀ ਜੀ ਵਿਚ ਨਾਨਾ ਜੀ ਤੇ ਨਾਨੀ ਜੀ, ਦੋਹਾਂ ਦੀਆਂ ਸਿਫਤਾਂ ਦਾ ਸੁਮੇਲ ਸੀ। ਆਪਣੇ ਮਾਤਾ ਪਿਤਾ ਵਾਂਗ ਹੀ ਉਹ ਸਾਂਵਲੇ ਰੰਗ ਦੇ ਤੇ ਲੰਮੇ ਕੱਦ ਦੇ ਸਨ। ਜਿਥੇ ਉਹ ਨਾਨੀ ਜੀ ਵਾਂਗ ਅੰਦਰੋਂ ਬਾਹਰੋਂ ਬਿਲਕੁਲ ਇਕ ਤੇ ਸਾਦੇ ਸਨ ਓਥੇ ਨਾਨਾ ਜੀ ਵਾਂਗ ਉਹਨਾਂ ਦਾ ਸੁਭਾ ਬਹੁਤ ਗਰਮ ਸੀ ਤੇ ਸਾਨੂੰ ਸਾਰਿਆਂ ਨੂੰ ਤਾੜ ਕੇ ਰੱਖਦੇ ਸਨ। ਮੈ ਤਾਂ ਮਾਂ ਜੀ ਦੇ ਲਾਡਾਂ ਕਰਕੇ ਵਿਗੜਿਆ ਹੋਇਆ ਸਾਂ ਤੇ ਬਰਦਾਸ਼ਤ ਨਹੀ ਸਾਂ ਕਰ ਸਕਦਾ ਪਰ ਬਾਕੀ ਭੈਣਾਂ ਭਰਾਵਾਂ ਨੂੰ ਉਹਨਾਂ ਦਾ ਗੁੱਸਾ ਸਹਿਣਾ ਹੀ ਪੈਂਦਾ ਸੀ। ਅੱਡ ਹੋਣ ਉਪ੍ਰੰਤ ਵੱਡਾ ਪਰਵਾਰ ਹੋਣ ਕਰਕੇ, ਪਰਵਾਰਕ ਗੁਜ਼ਾਰਾ ਤੰਗੀਆਂ ਤੁਰਸ਼ੀਆਂ ਨਾਲ਼ ਹੀ ਚਲਾਇਆ ਜਾਂਦਾ ਸੀ। ਸ਼ਾਇਦ ਏਸੇ ਕਰਕੇ ਹੀ ਜਦੋਂ ਰੱਬ ਨੇ ਸੱਬਰਕੱਤਾ ਰਿਜ਼ਕ ਵੀ ਦਿਤਾ ਤਾਂ ਵੀ ਉਹਨਾਂ ਦਾ ਸੁਭਾ ਸੰਜਮ ਵਾਲ਼ਾ ਹੀ ਰਿਹਾ ਜਿਸ ਨੂੰ ਕੰਜੂਸੀ ਵੀ ਆਖਿਆ ਜਾ ਸਕਦਾ ਹੈ। ਜੇ ਉਹਨਾਂ ਨੂੰ ਉਮਰ ਅਨੁਸਾਰ ਢੁਕਵੇਂ ਬਸਤਰ ਖ਼ਰੀਦ ਕੇ ਦੇਣੇ ਤਾਂ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲਾ ਕੇ ਸੰਦੂਕ ਵਿਚ ਰੱਖ ਛੱਡਣੇ ਤੇ ਪਾਉਣੇ ਨਾ। ਪੁਰਾਣਿਆਂ ਨਾਲ਼ ਹੀ ਗੁਜ਼ਾਰਾ ਕਰੀ ਜਾਣਾ। ਸਮਾ ਮਿਲ਼ਨ ਤੇ ਜਾਂ ਫਿਰ ਧੀ ਨੂੰ ਦੇ ਦੇਣੇ। ਕਾਰਨ ਪੁੁੱਛਣ ਤੇ ਇਉਂ ਆਖਣਾ:
ਨਵੇਂ ਕੱਪੜੇ ਮੇਰੇ ਸਰੀਰ ਨੂੰ ਲੜਦੇ ਨੇ ਤੇ ਇਸ ਤਰ੍ਹਾਂ ਖੁਰਕ ਹੋਣ ਲੱਗ ਜਾਂਦੀ ਹੈ। ਅਖੀਰ ਵਿਚ ਇਹ ਵੀ ਦਲੀਲ ਦੇਣ ਲੱਗ ਪਏ ਕਿ ਜਦੋਂ ਮੈ ਚੰਗੇ ਕੱਪੜੇ ਪਾਵਾਂਗੀ ਤੇ ਕਿਸੇ ਦਾ ਮੇਰੇ ਵੱਲ ਧਿਆਨ ਜਾਵੇਗਾ ਤੇ ਇਹ ਪਤਾ ਲੱਗਣ ਤੇ ਕਿ ਇਸ ਦੇ ਤਿੰਨ ਪੁੱਤ ਬਾਹਰ ਹਨ; ਕੋਈ ਲੁਟੇਰਾ ਲੁੱਟਣ ਦਾ ਜਾਂ ਪੈਸੇ ਬਟੋਰਨ ਦਾ ਯਤਨ ਕਰੂਗਾ। ਤੁਹਾਨੂੰ ਪਤਾ ਨਹੀ ਰਾਤ ਦਿਨੇ ਲੁਟੇਰੇ ਹਰਲ ਹਰਲ ਕਰਦੇ ਫਿਰਦੇ ਨੇ! ਦਿਨੇ ਪੁਲਸ ਦੀ ਵਰਦੀ ਵਿਚ ਤੇ ਰਾਤ ਨੂੰ ਚੋਲ਼ੇ ਪਾਈ ਫਿਰਦੇ ਨੇ। ਉਤੋਂ ਦੇਸ ਵਿਚ ਅੱਗ ਵਰ੍ਹਨ ਡਹੀ ਹੋਈ ਏ। ਏਥੇ ਤਾਂ ਮਾਵਾਂ ਪੁੱਤ ਨਹੀ ਸੰਭਾਲ਼ਦੀਆਂ ਤੇ ਤੁਹਾਨੂੰ ਮੇਰੇ ਕੱਪੜਿਆਂ ਦੀ ਪਈ ਹੋਈ ਏ। ਇਹ ਓਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਸਰਕਾਰੀ ਅੱਤਵਾਦ ਦੀ ਭੱਠੀ ਵਿਚ ਝੁਲ਼ਸ ਰਿਹਾ ਸੀ ਅਤੇ ਪੰਜਾਬ ਦੀ ਕਿਸਾਨੀ, ਦਿਨੇ ਬਾਵਰਦੀ ਅਤੇ ਰਾਤ ਨੂੰ ਬੇਵਰਦੀ ਜ਼ੁਲਮ ਦੇ ਪੁੜਾਂ ਹੇਠ ਦਰੜੀ ਜਾ ਰਹੀ ਸੀ। ਯਾਦ ਰਹੇ ਕਿ ਓਹਨੀਂ ਦਿਨੀਂ ਪੰਜਾਬ ਵਿਚ ਜ਼ੁਲਮ ਦੀ ਦੋ ਪੁੜੀ ਚੱਕੀ ਚੱਲ ਰਹੀ ਸੀ। ਦਿਨੇ ਪੁਲਸ ਦਾ ਜ਼ੁਲਮ ਤੇ ਰਾਤ ਨੂੰ ਖਾੜਕੂਆਂ ਦੇ ਭੇਸ ਵਿਚ ਆਮ ਲੁਟੇਰਿਆਂ ਦਾ ਜ਼ੁਲਮ। ਇਹਨਾਂ ਦੋਹਾਂ ਜ਼ਾਲਮ ਗਰੁਪਾਂ ਦੇ ਜ਼ੁਲਮ ਦਾ ਸ਼ਿਕਾਰ ਪੰਜਾਬ ਦੇ ਖਾਂਦੇ ਪੀਂਦੇ ਇਜ਼ਤਦਾਰ ਪੇਂਡੂ ਸਿੱਖ ਪਰਵਾਰ ਹੀ ਹੋਏ।
ਮਾਂ ਜੀ ਅਕਾਲ ਪੁਰਖ ਦੇ ਭਾਣੇ ਅੰਦਰ, ਸ਼ੁਰੂ ਜਨਵਰੀ 1986 ਵਿਚ ਤੇ ਬੀਬੀ ਜੀ 1994 ਦੇ ਮਈ ਮਹੀਨੇ ਵਿਚ ਇਸ ਸੰਸਾਰ ਦੀ ਯਾਤਰਾ ਪੂਰੀ ਕਰਕੇ, ਪਿੱਛੇ ਦੇਸ ਪਰਦੇਸ ਵਿਚ ਸੁਖੀ ਵੱਸਦਾ ਵਿਸਤ੍ਰਿਤ ਪਰਵਾਰ ਛੱਡ ਕੇ, ਪਰਲੋਕ ਸਿਧਾਰ ਗਏ ਸਨ। ਮਗਰੋਂ ਮੈਨੂੰ ਪਛਤਾਵਾ ਹੀ ਰਹਿ ਗਿਆ ਕਿ ਜਿੰਨਾ ਉਹਨਾਂ ਦਾ ਸੇਵਾ/ਸਤਿਕਾਰ ਮੈਨੂੰ ਕਰਨਾ ਚਾਹੀਦਾ ਸੀ, ਓਨਾ ਨਹੀ ਕਰ ਸਕਿਆ। ਮੈ ਦੋਹਾਂ ਦੀ ਮੌਤ ਸਮੇ, ਕਰਾਏ ਲਈ ਮੇਰੇ ਪਾਸ ਪੈਸੇ ਨਾ ਹੋਣ ਕਰਕੇ, ਏਥੋਂ ਸਿਡਨੀ ਤੋਂ ਓਥੇ ਹਾਜਰ ਨਹੀ ਸੀ ਹੋ ਸਕਿਆ। 1975 ਵਿਚ ਮਾਂ ਜੀ ਨੇ ਆਖਿਆ ਸੀ, "ਰੱਬ ਨੇ ਪੁੱਤ ਤੈਨੂੰ ਬੜਾ ਕੁਝ ਦਿਤਾ ਏ ਤੇ ਹੋਰ ਵੀ ਬੜਾ ਕੁਝ ਦਏਗਾ।"
1990 ਦੇ ਮਈ ਮਹੀਨੇ ਵਿਚ ਦੁਨੀਆਂ ਦੇ ਦੁਆਲ਼ੇ ਦਾ ਚੱਕਰ ਕੱਟ ਕੇ, ਜਦੋਂ ਮੈ ਬੀਬੀ ਜੀ ਨੂੰ ਜਾ ਕੇ ਮਿਲ਼ਿਆ ਤੇ ਦੱਸਿਆ ਕਿ ਮੈ ਸਾਰੀ ਦੁਨੀਆਂ ਦੇ ਦੁਆਲ਼ੇ ਦਾ, ਗੇੜਾ ਲਾ ਕੇ ਆਇਆ ਹਾਂ ਤਾਂ ਉਹਨਾਂ ਨੂੰ ਇਕ ਪੁਰਾਣੀ ਗੱਲ ਯਾਦ ਆ ਗਈ ਜੋ ਉਹਨਾਂ ਨੇ ਉਸ ਸਮੇ ਮੈਨੂੰ ਇਸ ਤਰ੍ਹਾਂ ਦੱਸੀ:
ਤੂੰ ਜਦੋਂ ਬਹੁਤ ਛੋਟਾ ਸੀ ਤੇ ਉਦੋਕੇ ਤਕਾਲ਼ਾਂ ਜਿਹੀਆਂ ਨੂੰ ਆਪਣੇ ਘਰ ਮੰਜੇ ਤੇ ਸੁੱਤਾ ਹੋਇਆ ਸੀ। ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਟੋਕਰੀ ਲੈ ਕੇ ਪ੍ਰਸ਼ਾਦਾ ਉਗ੍ਰਾਹੁਣ ਆਏ ਸਨ। ਤੇਰੇ ਮੰਜੇ ਉਤੇ ਪਏ ਉਤੇ ਉਹਨਾਂ ਦੀ ਨਿਗਾਹ ਪਈ ਤੇ ਉਹਨਾਂ ਨੇ ਆਖਿਆ ਸੀ ਕਿ ਇਸ ਕਾਕੇ ਨੇ ਤਾਂ ਦੇਸਾਂ ਪਰਦੇਸਾਂ ਵਿਚ ਹਵਾਈ ਜਹਾਜਾਂ ਤੇ ਘੁੰਮਣਾ ਹੈ! ਇਹ ਉਹਨਾਂ ਦੀ ਗੱਲ ਸੱਚੀ ਹੀ ਹੋ ਗਈ!
ਬੀਬੀ ਜੀ ਦੀ ਇਕ ਖਾਸ ਗੱਲ ਇਹ ਵੀ ਯਾਦ ਰੱਖਣ ਵਾਲ਼ੀ ਹੈ। ਮਾਰਚ, 1973 ਵਿਚ ਮੈ ਮਲਾਵੀ ਨੌਕਰੀ ਵਾਸਤੇ ਜਾਣਾ ਸੀ। ਦੋ ਸਾਲ ਦਾ ਵਰਕ ਪਰਮਿਟ ਤੇ ਹਵਾਈ ਜਹਾਜ ਦੀ ਟਿਕਟ ਤਾਂ ਭਾਵੇਂ ਓਧਰੋਂ ਆ ਗਈ ਸੀ ਪਰ ਜਾਣ ਦੀ ਤਿਆਰੀ ਵਾਸਤੇ ਕੱਪੜੇ, ਕਿਤਾਬਾਂ ਆਦਿ ਨਿਕ ਸੁਕ ਖ਼੍ਰੀਦਣ ਲਈ ਤੇ ਦਿੱਲੀ ਤੱਕ ਜਾਣ ਲਈ ਵੀ ਪੈਸਿਆਂ ਦੀ ਲੋੜ ਸੀ। ਮੇਰੇ ਪਾਸ ਠੁਣ ਠੁਣ ਗੁਪਾਲ ਹੀ ਸੀ। ਬਾਰਾਂ ਤੇਰਾਂ ਸਾਲ ਸ਼੍ਰੋਮਣੀ ਕਮੇਟੀ ਦੀ ਨੌਕਰੀ ਦੌਰਾਨ ਮੇਰੀ ਤਨਖਾਹ ਤਾਂ ਭਾਵੇ ਸਾਥੀਆਂ ਨਾਲ਼ੋਂ ਵਧ ਹੀ ਸੀ ਪਰ 'ਮਨੀ ਨੂੰ ਮੈਨੇਜ' ਕਰਨ ਦੀ ਯੋਗਤਾ ਨਾ ਹੋਣ ਕਰਕੇ, "ਪੱਲੇ ਨਾ ਧੇਲਾ ਤੇ ਕਰਦੀ ਮੇਲਾ ਮੇਲਾ।" ਵਾਲ਼ਾ ਹੀ ਮੇਰਾ ਹਾਲ ਸੀ। ਸਗੋਂ ਸਿਰ ਤੇ ਸੱਤ ਅਠ ਹਜਾਰ ਦਾ ਕਰਜ਼ਾ ਸੀ। ਰਿਸਤੇਦਾਰਾਂ ਤੇ ਮਿੱਤਰਾਂ, ਸਮੇਤ ਭਾਈਆ ਜੀ ਦੇ, ਨੂੰ ਆਪਣੀ ਸਮੱਸਿਆ ਦੱਸਾਂ ਪਰ ਕਿਸੇ ਨੇ ਲੜ ਪੱਲਾ ਨਾ ਫੜਾਇਆ। ਕੋਈ ਮੇਰੀ ਗੱਲ ਤੇ ਇਤਬਾਰ ਕਰਨ ਲਈ ਤਿਆਰ ਹੀ ਨਹੀ ਸੀ। ਉਹਨਾਂ ਦੀ ਸ਼ਾਇਦ ਇਹ ਸੋਚ ਹੋਵੇ ਕਿ ਛੜਾ ਬੰਦਾ, ਏਨਾ ਚਿਰ ਨੌਕਰੀ ਕਰਨ ਮਗਰੋਂ ਵੀ ਨੰਗ ਦਾ ਨੰਗ ਹੀ ਕਿਵੇਂ ਹੋ ਸਕਦਾ ਹੈ! ਹੋਵੇ ਨਾ ਹੋਵੇ, ਇਹ ਇਸ ਬਹਾਨੇ ਸ਼ਾਇਦ ਸਾਡੇ ਨਾਲ਼ ਠੱਗੀ ਹੀ ਮਾਰਨ ਦਾ ਯਤਨ ਕਰ ਰਿਹਾ ਹੋਵੇ! ਉਸ ਸਮੇ ਬੀਬੀ ਜੀ ਨੇ ਮੈਨੂੰ ਇਕ ਹਜਾਰ ਰੁਪਇਆ ਲਿਆ ਕੇ ਦਿਤਾ। ਪਿੱਛੋਂ ਪਤਾ ਲੱਗਾ ਕਿ ਕਿੱਤਿਆਂ ਵਿਚ ਰਹਿਣ ਵਾਲ਼ੀ, ਪਿੱਛਿਉਂ ਆਪਣੇ ਪੇਕੇ ਪਿੰਡ ਦੀ ਆਪਣੀ ਹੀ ਗਲ਼ੀ ਦੀ ਵਸਨੀਕ, ਆਪਣੀ ਸਹੇਲੀ ਤੇ ਸਾਡੀ ਮਾਸੀ ਜੀ ਦੇ ਥਾਂ ਲੱਗਣ ਵਾਲ਼ੀ, ਸਰਦਾਰਨੀ ਪ੍ਰਕਾਸ਼ ਕੌਰ, ਕੋਲ਼ੋਂ ਬਿਆਜੀ ਲਿਆ ਕੇ ਮੈਨੂੰ ਬੀਬੀ ਜੀ ਨੇ ਦਿਤਾ ਸੀ ਜਿਸ ਨਾਲ਼ ਮੈ ਦਿੱਲੀ ਤੋਂ ਹਵਾਈ ਜਹਾਜ ਫੜਨ ਲਈ ਜਾ ਸਕਿਆ।
****